Coronavirus: ਚੀਨ 6 ਦਿਨਾਂ ਵਿੱਚ 1,000 ਬੈੱਡ ਦਾ ਹਸਪਤਾਲ ਕਿਵੇਂ ਬਣਾ ਸਕਦਾ ਹੈ

ਵੁਹਾਨ ਵਿੱਚ ਉਸਾਰੀ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਉਸਾਰੀ 6 ਦਿਨਾ ਵਿੱਚ ਪੂਰੀ ਹੋ ਜਾਵੇਗੀ Image copyright Getty Images
ਫੋਟੋ ਕੈਪਸ਼ਨ ਵੁਹਾਨ ਵਿੱਚ ਉਸਾਰੀ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਉਸਾਰੀ 6 ਦਿਨਾ ਵਿੱਚ ਪੂਰੀ ਹੋ ਜਾਵੇਗੀ

ਕੋਰੋਨਾਵਾਇਰਸ ਤੋਂ ਪੀੜਤ ਮਰੀਜ਼ਾਂ ਦੇ ਇਲਾਜ ਲਈ ਚੀਨ ਦੇ ਸ਼ਹਿਰ ਵੁਹਾਨ ਵਿੱਚ 6 ਦਿਨਾਂ ਦੇ ਅੰਦਰ ਇੱਕ ਹਸਪਤਾਲ ਬਣਾਇਆ ਜਾ ਰਿਹਾ ਹੈ।

ਚੀਨ ਵਿੱਚ ਵਾਇਰਸ ਦੇ 830 ਕੇਸਾਂ ਦੀ ਪੁਸ਼ਟੀ ਹੋਈ ਹੈ ਜਿਨ੍ਹਾਂ ਵਿੱਚੋਂ 41 ਜਣਿਆਂ ਦੀ ਮੌਤ ਹੋ ਚੁੱਕੀ ਹੈ।

ਵਾਇਰਸ ਵੁਹਾਨ ਸ਼ਹਿਰ ਦੀ ਮੱਛੀ ਮੰਡੀ, ਜਿੱਥੇ ਸਮੁੰਦਰੀ ਜੀਵਾਂ ਦਾ ਵੱਡੇ ਪੱਧਰ 'ਤੇ ਗੈਰਕਾਨੂੰਨੀ ਕਾਰੋਬਾਰ ਹੁੰਦਾ ਹੈ, ਤੋਂ ਹੀ ਫੈਲਿਆ ਸੀ।

ਇਹ ਵੀ ਪੜ੍ਹੋ:

ਸ਼ਹਿਰ ਦੀ ਲਗਭਗ ਇੱਕ ਕਰੋੜ ਅਬਾਦੀ ਹੈ ਤੇ ਹਸਪਤਾਲ ਆਪਣੀ ਸਮਰੱਥਾ ਤੋਂ ਵਧੇਰੇ ਮਰੀਜ਼ਾਂ ਨਾਲ ਨਜਿੱਠ ਰਹੇ ਹਨ।

ਵੁਹਾਨ ਸ਼ਹਿਰ ਵਿੱਚ ਦਵਾਈਆਂ ਦੀ ਵੀ ਕਮੀ ਹੋ ਗਈ ਹੈ।

ਇਸ ਵੇਲੇ ਚੀਨ ਵਿੱਚ ਨਵੇਂ ਸਾਲ ਦੀ ਆਮਦ ਹੁੰਦੀ ਹੈ ਅਤੇ ਇਹ ਚੀਨੀ ਕੈਲੈਂਡਰ ਦੀ ਬੇਹੱਦ ਮਹੱਤਵਪੂਰਨ ਤਰੀਕ ਹੁੰਦੀ ਹੈ, ਜਿਸ ਦੌਰਾਨ ਲੱਖਾਂ ਲੋਕ ਆਪਣੇ ਘਰ ਆਉਣ ਲਈ ਯਾਤਰਾ ਕਰਦੇ ਹਨ।

ਸਾਵਧਾਨੀ ਪੱਖੋਂ ਚੀਨ ਵਿੱਚ ਪਬਲਿਕ ਇਵੈਂਟ ਰੱਦ ਕਰ ਦਿੱਤੇ ਗਏ ਹਨ ਅਤੇ ਲੋਕਾਂ ਨੂੰ ਸਫ਼ਰ ਕਰਨ ਦੀ ਮਨਾਹੀ ਕੀਤੀ ਗਈ ਹੈ ਤੇ ਪਬਲਿਕ ਟਰਾਂਸਪੋਰਟ ਬੰਦ ਹੈ।

ਚੀਨ ਦੇ ਸਰਕਾਰੀ ਚੈਨਲ 'ਤੇ ਨਸ਼ਰ ਕੀਤੀ ਗਈਆਂ ਤਸਵੀਰਾਂ ਮੁਤਾਬਕ ਲਗਭਗ 25000 ਵਰਗ ਮੀਟਰ ਦੇ ਖੇਤਰ ਵਿੱਚ ਜੰਗੀ ਪੱਧਰ 'ਤੇ ਉਸਾਰੀ ਦਾ ਕੰਮ ਚੱਲ ਰਿਹਾ ਹੈ।

ਇਹ ਹਸਪਤਾਲ ਬੀਜਿੰਗ ਵਿੱਚ ਸਾਲ 2003 ਦੇ ਸਾਰਸ ਵਾਇਰਸ ਦੇ ਟਾਕਰੇ ਲਈ ਬਣਾਏ ਗਏ ਮਾਡਲ 'ਤੇ ਹੀ ਅਧਾਰਤ ਹੈ।

ਹਾਰਵਰਡ ਮੈਡੀਕਲ ਸਕੂਲ ਦੇ ਗਲੋਬਲ ਹੈਲਥ ਐਂਡ ਮੈਡੀਸਨ ਦੇ ਅਸਿਟੈਂਟ ਪ੍ਰੋਫੈਸਰ ਜੋਆਨ ਕੌਫ਼ਮੈਨ ਮੁਤਾਬਕ, "ਬੁਨਿਆਦੀ ਤੌਰ 'ਤੇ ਇਹ ਹਸਪਤਾਲ ਪੀੜਤਾਂ ਨੂੰ ਵੱਖਰਿਆਂ ਰੱਖਣ ਲਈ ਹੈ।"

Image copyright Getty Images
ਫੋਟੋ ਕੈਪਸ਼ਨ 2003 ਵਿੱਚ 7 ਦਿਨਾਂ' ਚ ਬੀਜਿੰਗ ਵਿੱਚ ਬਣਾਏ ਹਸਪਤਾਲ ਵਿੱਚ ਸਾਰਸ ਦੇ ਇਲਾਜ ਤੋਂ ਬਾਅਦ ਬਾਹਰ ਆਉਣ ਵਾਲੇ ਆਖ਼ਰੀ ਮਰੀਜ਼ਾਂ ਵਿੱਚ ਇਹ ਔਰਤ ਸੀ

ਚੀਨ 6 ਦਿਨਾਂ ਵਿੱਚ 1000 ਬਿਸਤਰਿਆਂ ਦਾ ਹਸਪਤਾਲ ਕਿਵੇਂ ਬਣਾ ਸਕਦਾ ਹੈ?

ਕਾਊਂਸਲ ਔਨ ਫਾਰਨ ਰਿਲੇਸ਼ਨਜ਼ ਵਿੱਚ ਗਲੋਬਲ ਹੈਲਥ ਦੇ ਇੱਕ ਸੀਨੀਅਰ ਫੈਲੋ ਯਾਜ਼ੌਂਗ ਹੁਆਂਗ ਮੁਤਾਬਕ, "ਚੀਨ ਦਾ ਅਜਿਹੇ ਵੱਡੇ ਕੰਮਾਂ ਨੂੰ ਵੀ ਤੇਜ਼ੀ ਨਾਲ ਕਰਨ ਦਾ ਰਿਕਾਰਡ ਹੈ।"

ਉਨ੍ਹਾਂ ਦੱਸਿਆ ਕਿ ਸਾਲ 2003 ਵਿੱਚ ਬੇਇਜਿੰਗ ਵਿੱਚ ਬਣਾਇਆ ਗਿਆ ਗਿਆ ਹਸਪਤਾਲ 7 ਦਿਨਾਂ ਵਿੱਚ ਬਣਾਇਆ ਗਿਆ ਸੀ।

ਸ਼ਾਇਦ ਨਿਰਮਾਨ ਦਲ ਆਪਣਾ ਰਿਕਾਰਡ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਬੀਜਿੰਗ ਦੇ ਹਸਪਤਾਲ ਵਾਂਗ ਹੀ ਵੁਹਾਨ ਦਾ ਹਸਪਤਾਲ ਵੀ ਪਹਿਲਾਂ ਤੋਂ ਤਿਆਰ ਇਮਾਰਤਾਂ ਰਾਹੀਂ ਬਣਾਇਆ ਜਾਵੇਗਾ।

"ਦੇਸ਼ ਟੌਪ-ਡਾਊਨ ਮੋਬਲਾਈਜ਼ੇਸ਼ਨ ਤੇ ਨਿਰਭਰ ਕਰਦਾ ਹੈ। ਉਹ ਨੌਕਰਸ਼ਾਹੀ ਅਤੇ ਵਿੱਤੀ ਦੀਆਂ ਰੁਕਾਵਟਾਂ ਤੇ ਕਾਬੂ ਪਾ ਸਕਦੇ ਹਨ।"

Image copyright Getty Images
ਫੋਟੋ ਕੈਪਸ਼ਨ ਉਮੀਦ ਕੀਤੀ ਜਾ ਰਹੀ ਹੈ ਕਿ ਹਸਪਤਾਲ 3 ਫਰਵਰੀ ਤੋਂ ਕੰਮ ਕਰਨਾ ਸ਼ੁਰੂ ਕਰ ਦੇਵੇਗਾ।

ਉਨ੍ਹਾਂ ਦੱਸਿਆ ਕਿ ਇਸ ਕਾਰਜ ਨੂੰ ਰਿਕਾਰਡ ਸਮੇਂ ਵਿੱਚ ਪੂਰਾ ਕਰਨ ਲਈ ਪੂਰੇ ਦੇਸ਼ ਵਿੱਚੋਂ ਇੰਜੀਨੀਅਰ ਸੱਦੇ ਗਏ ਹੋਣਗੇ।

"ਇੰਜੀਨੀਅਰਿੰਗ ਵਿੱਚ ਚੀਨ ਕੁਸ਼ਲ ਹੈ। ਉਨ੍ਹਾਂ ਦੇ ਨਾਂ ਗਗਨਚੁੰਭੀ ਇਮਾਰਤਾਂ ਵੀ ਤੇਜ਼ੀ ਨਾਲ ਤਿਆਰ ਕਰਨ ਦੇ ਰਿਕਾਰਡ ਹਨ। ਪੱਛਮੀ ਲੋਕਾਂ ਲਈ ਇਸ ਦੀ ਕਲਪਨਾ ਕਰਨਾ ਮੁਸ਼ਕਲ ਹੈ। ਇਹ ਹੋ ਸਕਦਾ ਹੈ।"

ਇਹ ਹਸਪਤਾਲ ਸ਼ਹਿਰ ਦੇ ਹੋਰ ਹਸਪਤਾਲਾਂ ਤੋਂ ਦਵਾਈਆਂ ਲੈ ਲਵੇਗਾ ਜਾਂ ਫੈਕਟਰੀਆਂ ਤੋਂ ਸਿੱਧੀਆਂ ਵੀ ਮੰਗ ਸਕਦਾ ਹੈ।

ਸ਼ੁਕਰਵਾਰ ਨੂੰ ਗਲੋਬਲ ਟਾਈਮਜ਼ ਨੇ ਪੁਸ਼ਟੀ ਕੀਤੀ ਸੀ ਕਿ ਚੀਨੀ ਫੌਜ ਦੇ ਮੈਡੀਕਲ ਵਿੰਗ ਦੇ 150 ਕਰਮੀ ਵੁਹਾਨ ਪਹੁੰਚੇ ਹਨ। ਹਾਲਾਂਕਿ ਖ਼ਬਰ ਵਿੱਚ ਉਨ੍ਹਾਂ ਦੇ ਨਵੇਂ ਬਣਾਏ ਜਾ ਰਹੇ ਹਸਪਤਾਲ ਵਿੱਚ ਕੰਮ ਕਰਨ ਬਾਰੇ ਪੁਸ਼ਟੀ ਨਹੀਂ ਕੀਤੀ।

ਬੀਜਿੰਗ ਵਿੱਚ ਕੀ ਹੋਇਆ ਸੀ?

ਸਾਲ 2003 ਵਿੱਚ ਰਾਜਧਾਨੀ ਬੀਜਿੰਗ ਵਿੱਚ ਸਾਰਸ ਤੋਂ ਪੀੜਤ ਮਰੀਜ਼ਾਂ ਨੂੰ ਸਾਂਭਣ ਲਈ Xiaotangshan ਹਸਪਤਾਲ ਬਣਾਇਆ ਗਿਆ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਕੋਰੋਨਾਵਾਇਰਸ ਬਾਰੇ ਇਹ ਜਾਨਣਾ ਤੁਹਾਡੇ ਲਈ ਜ਼ਰੂਰੀ

ਸੱਤ ਦਿਨਾਂ ਵਿੱਚ ਖੜ੍ਹੇ ਕੀਤੇ ਗਏ ਇਸ ਹਸਪਤਾਲ ਬਾਰੇ ਦਾਅਵਾ ਕੀਤਾ ਗਿਆ ਸੀ ਕਿ ਇਸ ਨਾਲ ਹਸਪਤਾਲ ਬਣਾਉਣ ਦਾ ਵਿਸ਼ਵ ਰਿਕਾਰਡ ਤੋੜਿਆ ਗਿਆ ਹੈ।

ਵੈਬਸਾਈਟ ਮੁਤਾਬਕ 4 ਹਜ਼ਾਰ ਲੋਕਾਂ ਨੇ ਸਮੇਂ ਸਿਰ ਕੰਮ ਪੂਰਾ ਕਰਨ ਲਈ ਦਿਨ ਰਾਤ ਮਿਹਨਤ ਕੀਤੀ।

ਖੁੱਲ੍ਹਣ ਦੇ ਦੋ ਮਹੀਨਿਆਂ ਦੇ ਅੰਦਰ ਹੀ ਇਸ ਵਿੱਚ ਸਾਰਸ ਦੇ ਮਰੀਜ਼ਾਂ ਦਾ ਸੱਤਵਾਂ ਹਿੱਸਾ ਭਰਤੀ ਕਰ ਲਿਆ ਗਿਆ ਸੀ।

ਚੀਨੀ ਮੀਡੀਆ ਵਿੱਚ ਇਸ ਨੂੰ 'ਮੈਡੀਸਨ ਦੇ ਇਤਿਹਾਸ ਵਿੱਚ ਕਰਿਸ਼ਮਾ' ਦੱਸ ਕੇ ਸਲਾਹਿਆ ਗਿਆ ਸੀ।

"ਮਹਾਂਮਾਰੀ ਮੁੱਕਣ ਤੋਂ ਬਾਅਦ ਹਸਪਤਾਲ ਨੂੰ ਚੁੱਪਚਪੀਤਿਆਂ ਛੱਡ ਦਿੱਤਾ ਗਿਆ ਸੀ।"

ਇਹ ਵੀ ਪੜ੍ਹੋ:

ਵੀਡੀਓ: ਸਮੋਗ ਨਾਲ ਲੜੇਗੀ ਚੰਡੀਗੜ੍ਹ ਵਿੱਚ ਬਣੀ ਇਹ ਤੋਪ

ਵੀਡੀਓ: ਬਰਨਾਲੇ ਦੀ ਇਸ ਕੁੜੀ ਨੇ ਵੀਡੀਓ ਕਾਲ ਕਰਕੇ ਆਪਣੀ ਜਾਨ ਲਈ

ਵੀਡੀਓ: ਬਿੱਗਬਾਸ ਵਰਗੇ ਪ੍ਰੋਗਰਾਮਾਂ ਦਾ ਬੱਚਿਆਂ ਤੇ ’ਅਸਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)