ਮਹਿਲਾ ਕੈਦੀ ਅਤੇ ਗਾਰਡ ਦੇ ਜੇਲ੍ਹ ਤੋਂ ਫਰਾਰ ਹੋਣ ਦੀ ਕਹਾਣੀ

  • ਹਯੂੰਗ ਇਉਨ ਕਿਮ
  • ਬੀਬੀਸੀ ਨਿਊਜ਼ ਕੋਰੀਆ

ਉਸਨੇ ਸਭ ਕੁਝ ਸੋਚਿਆ ਹੋਇਆ ਸੀ। ਉਸਨੇ ਨਿਗਰਾਨੀ ਲਈ ਲਾਏ ਕੈਮਰਿਆਂ ਦੀਆਂ ਤਾਰਾਂ ਕੱਟ ਦਿੱਤੀਆਂ। ਆਪਣੀ ਮਰਜ਼ੀ ਨਾਲ ਉਸਨੇ ਪੂਰੀ ਰਾਤ ਕੰਮ ਕੀਤਾ। ਉਸਨੇ ਪਿਛਲੇ ਦਰਵਾਜ਼ੇ 'ਤੇ ਉਸ ਲਈ ਜੁੱਤੇ ਵੀ ਰੱਖ ਦਿੱਤੇ।

ਜਿਓਨ ਨੇ ਅੱਧੀ ਰਾਤ ਨੂੰ ਕਿਮ ਨੂੰ ਜਗਾਇਆ ਅਤੇ ਉਹ ਉਸਨੂੰ ਉਸ ਰਸਤੇ 'ਤੇ ਲੈ ਗਿਆ ਜਿਸਦੀ ਉਸਨੇ ਯੋਜਨਾ ਬਣਾਈ ਹੋਈ ਸੀ।

ਉਸਨੇ ਆਪਣੇ ਲਈ ਰਾਤ ਹੋਣ ਤੋਂ ਪਹਿਲਾਂ ਦੋ ਬੈਗ ਪੈਕ ਕੀਤੇ ਜਿਨ੍ਹਾਂ ਵਿੱਚ ਖਾਣ ਦੀਆਂ ਵਸਤਾਂ, ਕੱਪੜੇ, ਚਾਕੂ ਅਤੇ ਜ਼ਹਿਰ ਸੀ।

ਉਹ ਕੋਈ ਚਾਂਸ ਨਹੀਂ ਲੈਣਾ ਚਾਹੁੰਦਾ ਸੀ ਅਤੇ ਉਸਨੇ ਆਪਣੇ ਨਾਲ ਬੰਦੂਕ ਵੀ ਲੈ ਲਈ। ਕਿਮ ਨੇ ਉਸਨੂੰ ਬੰਦੂਕ ਇੱਥੇ ਹੀ ਛੱਡਣ ਲਈ ਕਿਹਾ, ਪਰ ਜਿਓਨ ਇਸ 'ਤੇ ਅੜ ਗਿਆ ਸੀ।

ਬਚਣਾ ਜਾਂ ਫੜਿਆ ਜਾਣਾ ਕੋਈ ਵਿਕਲਪ ਨਹੀਂ ਸੀ ਕਿਉਂਕਿ ਇਨ੍ਹਾਂ ਦੋਵੇਂ ਸਥਿਤੀਆਂ ਵਿੱਚ ਸਜ਼ਾ ਜ਼ਰੂਰ ਸੀ।

26 ਸਾਲਾ ਜਿਓਨ ਗਵਾਂਗ-ਜਿਨ ਨੇ ਦੱਸਿਆ, ''ਮੈਨੂੰ ਪਤਾ ਸੀ ਕਿ ਮੇਰੇ ਕੋਲ ਸਿਰਫ਼ ਉਹ ਰਾਤ ਹੀ ਸੀ। ਜੇਕਰ ਮੈਂ ਉਸ ਰਾਤ ਨੂੰ ਇਹ ਨਹੀਂ ਕਰ ਸਕਿਆ ਤਾਂ ਮੈਨੂੰ ਫੜ ਲਿਆ ਜਾਵੇਗਾ ਅਤੇ ਮਾਰ ਦਿੱਤਾ ਜਾਵੇਗਾ।''

ਵਿਸ਼ੇਸ਼ ਰੂਪ ਨਾਲ ਉਦੋਂ ਜਦੋਂ ਉਹ ਇੱਕ ਕੈਦੀ ਨਾਲ ਫਰਾਰ ਹੋ ਗਿਆ ਸੀ।

''ਜੇਕਰ ਉਨ੍ਹਾਂ ਨੇ ਮੈਨੂੰ ਰੋਕਿਆ ਤਾਂ ਉਨ੍ਹਾਂ ਨੂੰ ਗੋਲੀ ਮਾਰ ਕੇ ਭੱਜਣ ਵਾਲਾ ਸੀ। ਜੇਕਰ ਮੈਂ ਭੱਜ ਨਾ ਸਕਿਆ ਤਾਂ ਮੈਂ ਖੁਦ ਨੂੰ ਗੋਲੀ ਮਾਰ ਕੇ ਮਾਰ ਦੇਣਾ ਸੀ।''

ਤਸਵੀਰ ਕੈਪਸ਼ਨ,

ਜਿਓਨ ਗਵਾਂਗ-ਜਿਨ

ਜੇਕਰ ਇਹ ਸਭ ਕੁਝ ਕੰਮ ਨਹੀਂ ਕਰਦਾ ਤਾਂ ਉਹ ਖੁਦ ਨੂੰ ਚਾਕੂ ਨਾਲ ਮਾਰਦਾ ਅਤੇ ਜ਼ਹਿਰ ਖਾ ਲੈਂਦਾ।

ਜਿਓਨ ਕਹਿੰਦਾ ਹੈ, ''ਜਦੋਂ ਮੈਂ ਇੱਕ ਵਾਰ ਮਰਨ ਲਈ ਤਿਆਰ ਹੋ ਗਿਆ ਸੀ ਤਾਂ ਮੈਨੂੰ ਕੁਝ ਵੀ ਡਰਾ ਨਹੀਂ ਸਕਦਾ ਸੀ।''

ਉਨ੍ਹਾਂ ਦੋਵਾਂ ਨੇ ਇਕੱਠਿਆਂ ਖਿੜਕੀ ਤੋਂ ਛਾਲ ਮਾਰੀ ਅਤੇ ਨਜ਼ਰਬੰਦੀ ਕੇਂਦਰ ਤੋਂ ਹੁੰਦੇ ਹੋਏ ਕਸਰਤ ਕਰਨ ਵਾਲੇ ਮੈਦਾਨ ਤੋਂ ਹੁੰਦੇ ਹੋਏ ਚਲੇ ਗਏ।

ਉਸਤੋਂ ਅੱਗੇ ਉੱਚੀਆਂ ਤਾਰਾਂ ਦੀ ਵਾੜ ਸੀ ਜਿਸਨੂੰ ਉਨ੍ਹਾਂ ਨੇ ਪਾਰ ਕਰਨਾ ਸੀ, ਪਰ ਉਨ੍ਹਾਂ ਨੂੰ ਡਰ ਸੀ ਕਿ ਅੱਗੇ ਕੁੱਤੇ ਹਨ ਜਿਹੜੇ ਭੌਂਕ ਸਕਦੇ ਸਨ।

ਜੇਕਰ ਇੱਥੇ ਕੋਈ ਨਹੀਂ ਆਇਆ, ਜੇਕਰ ਉਨ੍ਹਾਂ ਨੂੰ ਵਾੜ ਪਾਰ ਕਰਦਿਆਂ ਕਿਸੇ ਨੇ ਨਹੀਂ ਦੇਖਿਆ ਅਤੇ ਉਹ ਅਜਿਹਾ ਕਰਨ ਵਿੱਚ ਕਾਮਯਾਬ ਹੋ ਗਏ ਤਾਂ ਉਨ੍ਹਾਂ ਨੂੰ ਟੁਮੈਨ ਨਦੀ ਪਾਰ ਕਰਨ ਦੀ ਲੋੜ ਸੀ ਜਿੱਥੇ ਸਰਹੱਦੀ ਦਸਤੇ ਗਸ਼ਤ ਕਰਦੇ ਹਨ। ਜੋ ਇੱਕ ਵੱਡਾ ਖ਼ਤਰਾ ਸੀ।

ਕਿਮ ਦਾ ਸੈਂਟਰ ਤੋਂ ਜੇਲ੍ਹ ਵਿੱਚ ਆਉਣਾ ਅਟੱਲ ਸੀ। ਉਹ ਦੋਵੇਂ ਜਾਣਦੇ ਸਨ ਕਿ ਉੱਥੋਂ ਦੇ ਭਿਆਨਕ ਹਾਲਾਤ ਵਿੱਚ ਉਹ ਜ਼ਿੰਦਾ ਨਹੀਂ ਰਹਿ ਸਕਦੀ।

ਜੇਲ੍ਹ ਗਾਰਡ ਦੀ ਇੱਕ ਕੈਦੀ ਨਾਲ ਇਹ ਅਸੰਭਵ ਜਿਹੀ ਦੋਸਤੀ ਸੀ।

ਉਹ ਸਿਰਫ਼ ਦੋ ਮਹੀਨੇ ਪਹਿਲਾਂ ਮਈ 2019 ਵਿੱਚ ਮਿਲੇ ਸਨ। ਉੱਤਰੀ ਕੋਰੀਆ ਦੇ ਦੂਰ ਦੁਰਾਡੇ ਦੇ ਉੱਤਰੀ ਖੇਤਰ ਵਿੱਚ ਓਨਸਾਂਗ ਨਜ਼ਰਬੰਦੀ ਕੇਂਦਰ ਵਿੱਚ ਤਾਇਨਾਤ ਗਾਰਡਾਂ ਵਿੱਚੋਂ ਜਿਓਨ ਇੱਕ ਸੀ।

ਉਹ ਅਤੇ ਉਸਦੇ ਸਹਿਕਰਮੀਆਂ ਨੇ ਕਿਮ ਅਤੇ ਦਰਜਨ ਭਰ ਹੋਰ ਕੈਦੀਆਂ ਨੂੰ ਟਰਾਇਲ ਦੇ ਇੰਤਜ਼ਾਰ ਦੌਰਾਨ 24 ਘੰਟਿਆਂ ਦੀ ਨਿਗਰਾਨੀ ਵਿੱਚ ਰੱਖਿਆ ਹੋਇਆ ਸੀ।

ਕਿਮ ਨੇ ਆਪਣੇ ਚੰਗੇ ਕੱਪੜਿਆਂ ਅਤੇ ਵਰਤਾਓ ਨਾਲ ਉਸਦਾ ਆਪਣੇ ਵੱਲ ਧਿਆਨ ਖਿੱਚਿਆ।

ਉਹ ਜਾਣਦਾ ਸੀ ਕਿ ਉਹ ਆਪਣੇ ਸਾਥੀ ਦੇਸ਼ਵਾਸੀਆਂ ਜੋ ਪਹਿਲਾਂ ਹੀ ਉੱਤਰੀ ਕੋਰੀਆ ਵਿੱਚ ਨਿਰਾਸ਼ਾ ਦੀ ਜ਼ਿੰਦਗੀ ਤੋਂ ਹਤਾਸ਼ ਹੋ ਕੇ ਭੱਜ ਚੁੱਕੇ ਸਨ, ਉਨ੍ਹਾਂ ਦੀ ਮਦਦ ਕਰਨ ਵਿੱਚ ਭੂਮਿਕਾ ਨਿਭਾਉਣ ਕਾਰਨ ਇੱਥੇ ਹੈ।

ਕਿਮ ਉਹ ਸੀ ਜਿਸਨੂੰ ਇੱਕ ਦਲਾਲ ਦੇ ਤੌਰ 'ਤੇ ਜਾਣਿਆ ਜਾਂਦਾ ਸੀ। ਉਸਨੇ ਉਨ੍ਹਾਂ ਲੋਕਾਂ ਦਰਮਿਆਨ ਰਸਤਾ ਖੁੱਲ੍ਹਾ ਰੱਖਣ ਵਿੱਚ ਮਦਦ ਕੀਤੀ ਜੋ ਦੇਸ ਛੱਡ ਕੇ ਭੱਜ ਗਏ ਸਨ ਅਤੇ ਉਨ੍ਹਾਂ ਦੇ ਪਰਿਵਾਰ ਪਿੱਛੇ ਰਹਿ ਗਏ ਸਨ। ਇਸਦਾ ਮਤਲਬ ਹੈ ਕਿ ਦੇਸ ਛੱਡ ਚੁੱਕੇ ਵਿਅਕਤੀਆਂ ਨੂੰ ਮਨੀ ਟਰਾਂਸਫਰ ਜਾਂ ਫੋਨ ਕਰਨ ਵਿੱਚ ਸਮਰੱਥ ਕਰਨ ਲਈ ਉਹ ਉਨ੍ਹਾਂ ਦੀ ਮਦਦ ਕਰਦੀ ਸੀ।

ਇੱਕ ਔਸਤ ਦੱਖਣੀ ਕੋਰੀਆਈ ਵਿਅਕਤੀ ਲਈ ਇਹ ਕੰਮ ਲਾਹੇਵੰਦ ਸੀ।

ਇਹ ਵੀ ਪੜ੍ਹੋ:

ਪੜਤਾਲ ਤੋਂ ਪਤਾ ਲੱਗਿਆ ਕਿ ਕਿਮ ਨੂੰ ਕਮਿਸ਼ਨ ਵਜੋਂ 30% ਨਕਦੀ ਦਾ ਭੁਗਤਾਨ ਕੀਤਾ ਗਿਆ ਸੀ ਅਤੇ ਇੱਕ ਔਸਤ ਮਨੀ ਟਰਾਂਸਫਰ 'ਤੇ ਉਸਨੂੰ ਲਗਭਗ 2.8 ਐੱਮ ਵਨ (1,798 ਯੂਰੋ) ਮਿਲਦੇ ਸਨ।

ਇਸ ਪੱਖੋਂ ਕਿਮ ਅਤੇ ਜਿਓਨ ਵੱਖੋ ਵੱਖਰੇ ਨਹੀਂ ਹੋ ਸਕਦੇ ਸਨ।

ਜਦੋਂਕਿ ਕਿਮ ਨੇ ਆਪਣਾ ਪੈਸਾ ਗੈਰ ਕਾਨੂੰਨੀ ਢੰਗ ਨਾਲ ਕਮਾਇਆ ਜਿਵੇਂ ਕਿ ਉਸਨੇ ਉੱਤਰੀ ਕੋਰੀਆ ਦੇ ਸਖ਼ਤ ਕਮਿਊਨਿਸਟ ਸ਼ਾਸਨ ਦੇ ਬਾਹਰ ਦੀ ਦੁਨੀਆ ਬਾਰੇ ਜਾਣਿਆ।

ਜਿਓਨ ਨੇ ਪਿਛਲੇ 10 ਸਾਲ ਫ਼ੌਜ ਵਿੱਚ ਸੈਨਿਕ ਦੇ ਰੂਪ ਵਿੱਚ ਕੰਮ ਕੀਤਾ। ਉਹ ਉੱਤਰੀ ਕੋਰੀਆ ਦੇ ਤਾਨਾਸ਼ਾਹੀ ਸ਼ਾਸਨ ਵਿੱਚ ਕਮਿਊਨਿਸਟ ਵਿਚਾਰਧਾਰਾ ਵਿੱਚ ਡੁੱਬਿਆ ਹੋਇਆ ਸੀ।

ਉਨ੍ਹਾਂ ਨੂੰ ਅਹਿਸਾਸ ਹੀ ਨਹੀਂ ਹੋਇਆ ਕਿ ਉਨ੍ਹਾਂ ਵਿੱਚ ਕਿੰਨਾ ਕੁਝ ਸਾਂਝਾ ਸੀ। ਦੋਵੇਂ ਆਪਣੇ ਜੀਵਨ ਤੋਂ ਬਹੁਤ ਨਿਰਾਸ਼ ਸਨ।

ਕਿਮ ਲਈ ਜੇਲ੍ਹ ਦੀ ਸਜ਼ਾ ਇੱਕ ਨਵਾਂ ਮੋੜ ਸੀ। ਇਹ ਉਸਦੀ ਪਹਿਲੀ ਜੇਲ੍ਹ ਦੀ ਸਜ਼ਾ ਨਹੀਂ ਸੀ ਅਤੇ ਉਹ ਜਾਣਦੀ ਸੀ ਕਿ ਦੂਜੀ ਵਾਰ ਅਪਰਾਧੀ ਦੇ ਰੂਪ ਵਿੱਚ ਉਸ ਨਾਲ ਇਸ ਤੋਂ ਵੀ ਜ਼ਿਆਦਾ ਸਖ਼ਤ ਵਿਵਹਾਰ ਕੀਤਾ ਜਾਵੇਗਾ।

ਜੇਕਰ ਉਹ ਜੇਲ੍ਹ ਤੋਂ ਜ਼ਿੰਦਾ ਬਾਹਰ ਚਲੀ ਜਾਂਦੀ ਤਾਂ ਉਹ ਦਲਾਲੀ ਦੀ ਦੁਨੀਆਂ ਵਿੱਚ ਵਾਪਸ ਚਲੀ ਜਾਂਦੀ ਅਤੇ ਦੁਬਾਰਾ ਤੋਂ ਗ੍ਰਿਫ਼ਤਾਰੀ ਸੰਭਵ ਸੀ-ਉਸ ਲਈ ਇਹ ਬੇਹੱਦ ਜੋਖਮ ਭਰਿਆ ਕੰਮ ਹੁੰਦਾ।

ਫਿਰ ਵੀ ਉਸਨੇ ਮਹਿਸੂਸ ਕੀਤਾ ਕਿ ਉਸ ਕੋਲ ਜ਼ਿੰਦਾ ਰਹਿਣ ਦਾ ਇਹ ਹੀ ਇਕੱਲਾ ਵਿਕਲਪ ਸੀ।

ਕਿਮ ਦੀ ਪਹਿਲੀ ਗ੍ਰਿਫ਼ਤਾਰੀ ਵਿਸ਼ੇਸ਼ ਰੂਪ ਨਾਲ ਬਹੁਤ ਖ਼ਤਰਨਾਕ ਪ੍ਰਕਾਰ ਦੀ ਦਲਾਲੀ ਕਰਨ ਲਈ ਹੋਈ ਸੀ।

ਉਹ ਸੀ ਉੱਤਰੀ ਕੋਰੀਆਈ ਲੋਕਾਂ ਨੂੰ ਚੀਨ ਦੀ ਸੀਮਾ ਤੋਂ ਭਜਾਉਣ ਵਿੱਚ ਮਦਦ ਕਰਨਾ। ਇਹ ਉਹ ਹੀ ਰਸਤਾ ਹੈ ਜਿੱਥੋਂ ਕਿਮ ਅਤੇ ਜਿਓਨ ਖੁਦ ਵੀ ਜਾਣਗੇ।

ਇਹ ਵੀ ਦੇਖੋ:

ਉਹ ਦੱਸਦੀ ਹੈ, ''ਤੁਸੀਂ ਮਿਲਟਰੀ ਨਾਲ ਸੰਪਰਕ ਤੋਂ ਬਿਨਾਂ ਇਹ ਕੰਮ ਨਹੀਂ ਕਰ ਸਕਦੇ।''

ਉਹ ਉਨ੍ਹਾਂ ਨੂੰ ਇਸ ਕੰਮ ਬਦਲੇ ਰਿਸ਼ਵਤ ਦਿੰਦੀ ਸੀ, ਉਹ ਛੇ ਸਾਲ ਇਸ ਕੰਮ ਵਿੱਚ ਸਫ਼ਲ ਰਹੀ। ਇਸ ਪ੍ਰਕਿਰਿਆ ਵਿੱਚ ਉਸਨੇ ਚੰਗਾ ਪੈਸਾ ਕਮਾਇਆ।

ਪ੍ਰਤੀ ਵਿਅਕਤੀ ਪਾਰ ਕਰਾਉਣ ਵਿੱਚ ਮਦਦ ਕਰਨ ਲਈ ਉਸਨੂੰ 1,433 ਤੋਂ 2,149 ਅਮਰੀਕੀ ਡਾਲਰ ਮਿਲੇ। ਇਸਦਾ ਮਤਲਬ ਹੈ ਕਿ ਸਿਰਫ਼ ਇੱਕ ਵਿਅਕਤੀ ਨੂੰ ਪਾਰ ਕਰਾਉਣਾ ਉਸ ਲਈ ਇੱਕ ਔਸਤ ਉੱਤਰੀ ਕੋਰੀਆਈ ਦੀ ਸਾਲ ਦੀ ਆਮਦਨ ਦੇ ਬਰਾਬਰ ਸੀ।

ਪਰ ਆਖ਼ਰਕਾਰ ਸੈਨਾ ਵਿੱਚ ਉਸਦੇ ਬਹੁਤ ਸੰਪਰਕ ਜੋ ਉਸਦੀ ਮਦਦ ਕਰਦੇ ਸਨ,ਉਨ੍ਹਾਂ ਨੇ ਉਸਨੂੰ ਧੋਖਾ ਦਿੱਤਾ।

ਉਸਨੂੰ ਪੰਜ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ। ਜਦੋਂ ਉਹ ਰਿਹਾਅ ਹੋਈ ਤਾਂ ਉਸਨੇ ਦਲਾਲੀ ਛੱਡਣ ਦਾ ਇਰਾਦਾ ਬਣਾ ਲਿਆ ਸੀ ਕਿਉਂਕਿ ਇਹ ਬਹੁਤ ਜੋਖਮ ਨਾਲ ਭਰਪੂਰ ਸੀ।

ਉਸਦੇ ਜੇਲ੍ਹ ਵਿੱਚ ਰਹਿਣ ਦੌਰਾਨ ਉਸਦੇ ਪਤੀ ਨੇ ਦੂਜਾ ਵਿਆਹ ਕਰਵਾ ਲਿਆ ਸੀ, ਉਹ ਆਪਣੀਆਂ ਦੋ ਬੇਟੀਆਂ ਨੂੰ ਆਪਣੇ ਨਾਲ ਲੈ ਗਿਆ। ਅਜਿਹੇ ਵਿੱਚ ਉਸਨੂੰ ਜ਼ਿੰਦਾ ਰਹਿਣ ਲਈ ਨਵਾਂ ਰਸਤਾ ਲੱਭਣ ਦੀ ਜ਼ਰੂਰਤ ਸੀ।

ਉਸਨੇ ਫੈਸਲਾ ਕੀਤਾ ਕਿ ਬੇਸ਼ੱਕ ਉਹ ਹੁਣ ਲੋਕਾਂ ਨੂੰ ਭਜਾਉਣ ਵਿੱਚ ਮਦਦ ਕਰਨ ਦੀ ਹਿੰਮਤ ਨਹੀਂ ਰੱਖਦੀ, ਪਰ ਫਿਰ ਵੀ ਉਹ ਆਪਣੇ ਸੰਪਰਕਾਂ ਦਾ ਉਪਯੋਗ ਕਰਕੇ ਇੱਕ ਅਲੱਗ ਅਤੇ ਥੋੜ੍ਹਾ ਘੱਟ ਜੋਖਮ ਵਾਲਾ ਦਲਾਲੀ ਵਾਲਾ ਕੰਮ ਕਰ ਸਕਦੀ ਹੈ।

ਉਹ ਦੱਖਣੀ ਕੋਰੀਆ ਦੇ ਦੇਸ ਛੱਡ ਚੁੱਕੇ ਵਿਅਕਤੀਆਂ ਨੂੰ ਮਨੀ ਟਰਾਂਸਫਰ ਦੀ ਸੁਵਿਧਾ ਪ੍ਰਦਾਨ ਕਰੇਗੀ ਅਤੇ ਉਨ੍ਹਾਂ ਦੀਆਂ ਗੈਰ ਕਾਨੂੰਨੀ ਫੋਨ ਕਾਲਾਂ ਕਰਾਵੇਗੀ।

ਉੱਤਰੀ ਕੋਰੀਆਈ ਮੋਬਾਇਲਾਂ ਵਿੱਚ ਅੰਤਰਰਾਸ਼ਟਰੀ ਫੋਨ ਕਰਨ ਜਾਂ ਸੁਣਨ 'ਤੇ ਰੋਕ ਲਗਾਈ ਹੋਈ ਹੈ, ਇਸ ਲਈ ਕਿਮ ਆਪਣੇ ਤਸਕਰੀ ਕੀਤੇ ਚੀਨ ਵਾਲੇ ਫੋਨਾਂ 'ਤੇ ਫੋਨ ਸੁਣਨ ਲਈ ਫੀਸ ਵਸੂਲਦੀ।

ਪਰ ਉਸਨੂੰ ਮੁੜ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਜਿਵੇਂ ਹੀ ਉਹ ਆਪਣੇ ਪਿੰਡ ਦੇ ਇੱਕ ਲੜਕੇ ਨੂੰ ਉਸਦੀ ਮਾਂ ਜੋ ਦੱਖਣੀ ਕੋਰੀਆ ਚਲੀ ਗਈ ਸੀ, ਨਾਲ ਫੋਨ 'ਤੇ ਗੱਲ ਕਰਾਉਣ ਲਈ ਪਹਾੜਾਂ 'ਤੇ ਲੈ ਕੇ ਗਈ ਤਾਂ ਸੂਹੀਆ ਪੁਲਿਸ ਨੇ ਉਸਦਾ ਪਿੱਛਾ ਕੀਤਾ।

''ਮੈਂ ਉਸਨੂੰ ਕਿਹਾ ਕਿ ਮੈਂ ਉਸਨੂੰ ਉਨ੍ਹਾਂ ਹੀ ਭੁਗਤਾਨ ਕਰਾਂਗੀ ਜਿਨ੍ਹਾਂ ਉਹ ਮੇਰੇ ਤੋਂ ਚਾਹੁੰਦੀ ਹੈ ਅਤੇ ਮੈਂ ਉਸਨੂੰ ਬਾਰ ਬਾਰ ਬੇਨਤੀ ਕੀਤੀ। ਪਰ ਏਜੰਟ ਨੇ ਕਿਹਾ ਕਿ ਬੇਟਾ ਪਹਿਲਾਂ ਤੋਂ ਹੀ ਸਭ ਕੁਝ ਜਾਣਦਾ ਹੈ, ਉਹ ਮੇਰੇ ਅਪਰਾਧ ਨੂੰ ਛਿਪਾ ਨਹੀਂ ਸਕਦੇ ਅਤੇ ਮੈਨੂੰ ਬਚਾ ਨਹੀਂ ਸਕਦੇ ਹਨ।''

ਇਹ ਵੀ ਦੇਖੋ:

ਉੱਤਰੀ ਕੋਰੀਆ ਵਿੱਚ ਅਜਿਹੀਆਂ ਗਤੀਵਿਧੀਆਂ ਜੋ 'ਦੁਸ਼ਮਣ ਦੇਸ਼ਾਂ'- ਦੱਖਣੀ ਕੋਰੀਆ, ਜਪਾਨ ਜਾਂ ਅਮਰੀਕਾ ਨਾਲ ਕੀਤੀਆਂ ਜਾਣ, ਉਨ੍ਹਾਂ ਨੂੰ ਉੱਤਰੀ ਕੋਰੀਆ ਹੱਤਿਆ ਕਰਨ ਤੋਂ ਜ਼ਿਆਦਾ ਸਖ਼ਤ ਸਜ਼ਾ ਦੇ ਸਕਦਾ ਹੈ।

ਕਿਮ ਨੂੰ ਅਹਿਸਾਸ ਹੋਇਆ ਕਿ ਉਸਦੀ ਜ਼ਿੰਦਗੀ ਹੁਣ ਖਤਮ ਹੋ ਚੁੱਕੀ ਹੈ। ਜਦੋਂ ਉਹ ਪਹਿਲੀ ਵਾਰ ਜਿਓਨ ਨੂੰ ਮਿਲੀ ਤਾਂ ਉਦੋਂ ਉਹ ਅਜੇ ਵੀ ਟਰਾਇਲ ਦਾ ਇੰਤਜ਼ਾਰ ਕਰ ਰਹੀ ਸੀ, ਪਰ ਉਹ ਜਾਣਦੀ ਸੀ ਕਿ ਉਸਦੇ ਦੂਜੀ ਵਾਰ ਅਪਰਾਧੀ ਹੋਣ ਕਾਰਨ ਉਸਦਾ ਅਗਲਾ ਸਮਾਂ ਮੁਸ਼ਕਿਲਾਂ ਭਰਿਆ ਹੋਣ ਵਾਲਾ ਹੈ।

ਜਿਓਨ, ਜੇਕਰ ਆਪਣੀ ਜ਼ਿੰਦਗੀ ਤੋਂ ਨਹੀਂ ਡਰ ਰਿਹਾ ਸੀ ਤਾਂ ਵੀ ਉਹ ਬਹੁਤ ਨਿਰਾਸ਼ ਹੋ ਰਿਹਾ ਸੀ।

ਉਸਨੇ ਆਪਣੀ ਲਾਜ਼ਮੀ ਮਿਲਟਰੀ ਸੇਵਾ ਸ਼ੁਰੂ ਕਰ ਦਿੱਤੀ ਸੀ-ਉੱਤਰੀ ਕੋਰੀਆ ਦੇ ਸੰਸਥਾਪਕ ਦੀ ਮੂਰਤੀ ਦੀ ਰਾਖੀ ਕਰਨੀ ਅਤੇ ਪਸ਼ੂਆਂ ਲਈ ਚਾਰਾ ਉਗਾਉਣ ਵਰਗੇ ਉਹ ਨਿਯਮਤ ਕੰਮ ਕਰਦਾ ਸੀ। ਪਰ ਇੱਕ ਪੁਲਿਸ ਅਧਿਕਾਰੀ ਬਣਨਾ ਉਸਦੇ ਬਚਪਨ ਦਾ ਸੁਪਨਾ ਸੀ।

ਪਰ ਉਸਦੇ ਪਿਤਾ ਨੇ ਹੁਣ ਉਸਦੇ ਭਵਿੱਖ ਦੇ ਸੁਪਨੇ ਨੂੰ ਤੋੜ ਦਿੱਤਾ ਸੀ।

ਉਹ ਦੱਸਦਾ ਹੈ, ''ਇੱਕ ਦਿਨ ਮੇਰੇ ਪਿਤਾ ਨੇ ਮੈਨੂੰ ਬਿਠਾਇਆ ਅਤੇ ਦੱਸਿਆ ਕਿ ਸੱਚਾਈ ਇਹ ਹੈ ਕਿ ਮੇਰੇ ਪਿਛੋਕੜ ਵਾਲਾ ਵਿਅਕਤੀ ਕਦੇ ਵੀ ਅਜਿਹਾ ਨਹੀਂ ਬਣ ਸਕਦਾ।''

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਜਿਓਨ ਦੇ ਮਾਤਾ-ਪਿਤਾ ਵਰਗੇ ਕਈ ਕਿਸਾਨਾਂ ਦਾ ਗੁਜ਼ਾਰਾ ਬਹੁਤ ਔਖਾ ਹੁੰਦਾ ਹੈ

ਜਿਓਨ ਦੇ ਮਾਤਾ-ਪਿਤਾ ਉਸਦੇ ਦਾਦਾ-ਦਾਦੀ ਵਾਂਗ ਕਿਸਾਨ ਹੀ ਹਨ।

ਜਿਓਨ ਨੇ ਕਿਹਾ, ''ਤੁਹਾਨੂੰ ਉੱਤਰੀ ਕੋਰੀਆ ਨੂੰ ਅੱਗੇ ਲੈ ਕੇ ਜਾਣ ਲਈ ਪੈਸੇ ਦੀ ਲੋੜ ਹੈ...ਇਹ ਖਰਾਬ ਅਤੇ ਬਦਤਰ ਹੋ ਰਿਹਾ ਹੈ...ਇੱਥੋਂ ਤੱਕ ਕਿ ਤੁਸੀਂ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰਨ ਲਈ ਜੋ ਪ੍ਰੀਖਿਆ ਦਿੰਦੇ ਹੋ, ਇਸਨੂੰ ਹੁਣ ਇਹ ਮੰਨ ਲਿਆ ਜਾਂਦਾ ਹੈ ਕਿ ਚੰਗੇ ਪ੍ਰੀਖਿਆ ਨਤੀਜਿਆਂ ਲਈ ਤੁਸੀਂ ਪ੍ਰੋਫੈਸਰਾਂ ਨੂੰ ਰਿਸ਼ਵਤ ਦਿੰਦੇ ਹੋ।''

ਇੱਥੋਂ ਤੱਕ ਕਿ ਜਿਹੜੇ ਚੋਟੀ ਦੇ ਕਾਲਜਾਂ ਵਿੱਚ ਗ੍ਰੈਜੂਏਸ਼ਨ ਕਰਨ ਲਈ ਜਾਂਦੇ ਹਨ ਜਾਂ ਚੰਗੇ ਨੰਬਰਾਂ ਨਾਲ ਗ੍ਰੈਜੂਏਸ਼ਨ ਕਰਦੇ ਹਨ, ਫਿਰ ਵੀ ਉਨ੍ਹਾਂ ਲਈ ਇਹ ਉੱਜਵਲ ਭਵਿੱਖ ਦੀ ਗਰੰਟੀ ਨਹੀਂ ਹੈ ਜਦੋਂ ਤੱਕ ਕਿ ਉਸ ਵਿਅਕਤੀ ਕੋਲ ਪੈਸਾ ਨਹੀਂ ਹੈ।

ਉਹ ਦੱਸਦਾ ਹੈ, ''ਮੈਂ ਇੱਕ ਅਜਿਹੇ ਵਿਅਕਤੀ ਨੂੰ ਜਾਣਦਾ ਹਾਂ ਜਿਸਨੇ ਮੰਨੀ-ਪ੍ਰਮੰਨੀ ਯੂਨੀਵਰਸਿਟੀ 'ਕਿਮ ਇਲ-ਸੁੰਗ ਯੂਨੀਵਰਸਿਟੀ' ਤੋਂ ਗ੍ਰੈਜੂਏਸ਼ਨ ਕੀਤੀ ਹੈ, ਪਰ ਫਿਰ ਵੀ ਉਹ ਬਾਜ਼ਾਰ ਵਿੱਚ ਨਕਲੀ ਮੀਟ ਵੇਚ ਰਿਹਾ ਹੈ।''

ਇਹ ਵੀ ਪੜ੍ਹੋ:

ਇੱਥੇ ਜ਼ਿਆਦਾਤਰ ਆਬਾਦੀ ਲਈ ਜ਼ਿੰਦਾ ਰਹਿਣਾ ਇੱਕ ਸੰਘਰਸ਼ ਹੈ।

ਜਦੋਂ ਜਿਓਨ ਛੋਟਾ ਸੀ ਉਦੋਂ ਇੱਥੇ ਸਥਿਤੀ ਬਿਹਤਰ ਹੋ ਸਕਦੀ ਸੀ, ਪਰ ਉਦੋਂ ਦੇਸ ਵਿੱਚ ਚਾਰ ਸਾਲ ਤਬਾਹੀ ਵਾਲੇ ਰਹੇ ਸਨ ਜਿਸਨੂੰ 'ਦਿ ਅਡੋਰਸ ਮਾਰਚ' ਨਾਲ ਜਾਣਿਆ ਜਾਂਦਾ ਹੈ।

ਪਰ ਉੱਥੇ ਅਜੇ ਵੀ ਹਾਲਾਤ ਬਦਤਰ ਹਨ।

ਇਸ ਲਈ ਇੱਕ ਪੁਲਿਸ ਅਫ਼ਸਰ ਬਣਨ ਦੀ ਉਸਦੀ ਇੱਛਾ ਅਸੰਭਵ ਬਣ ਗਈ ਸੀ, ਜਿਓਨ ਨੇ ਆਪਣਾ ਜੀਵਨ ਬਦਲਣ ਲਈ ਇੱਕ ਹੋਰ ਤਰੀਕਾ ਸੋਚਣਾ ਸ਼ੁਰੂ ਕਰ ਦਿੱਤਾ ਸੀ।

ਜਦੋਂ ਉਹ ਕਿਮ ਨੂੰ ਮਿਲਿਆ ਤਾਂ ਉਦੋਂ ਉਸਦੇ ਮਨ ਵਿੱਚ ਇੱਕ ਵਿਚਾਰ ਸੀ, ਪਰ ਜਿਵੇਂ ਹੀ ਉਨ੍ਹਾਂ ਨੇ ਗੱਲਬਾਤ ਕੀਤੀ ਤਾਂ ਇਸ ਵਿਚਾਰ ਨੇ ਜ਼ੋਰ ਫੜ ਲਿਆ।

ਉਨ੍ਹਾਂ ਦਾ ਇਹ ਰਿਸ਼ਤਾ ਆਸਾਧਾਰਨ ਸੀ ਅਤੇ ਨਿਸ਼ਚਤ ਰੂਪ ਨਾਲ ਇਹ ਇੱਕ ਕੈਦੀ ਅਤੇ ਗਾਰਡ ਵਾਲਾ ਨਹੀਂ ਸੀ।

ਜਿਓਨ ਕਹਿੰਦਾ ਹੈ, ''ਕੈਦੀਆਂ ਨੂੰ ਸਿੱਧੇ ਗਾਰਡ ਨੂੰ ਦੇਖਣ ਦੀ ਵੀ ਆਗਿਆ ਨਹੀਂ ਹੈ। ਇਹ 'ਆਕਾਸ਼ ਅਤੇ ਧਰਤੀ ਦੀ ਤਰ੍ਹਾਂ' ਹੈ।''

ਪਰ ਉਹ ਉਸਦੇ ਸੈੱਲ ਦੇ ਲੋਹੇ ਦੀਆਂ ਸਲਾਖਾਂ ਵਾਲੇ ਦਰਵਾਜ਼ੇ ਰਾਹੀਂ ਉਸਨੂੰ ਇਸ਼ਾਰਿਆਂ ਨਾਲ ਗੱਲਬਾਤ ਕਰਨ ਲਈ ਕਹਿੰਦਾ ਸੀ।

ਉੱਥੇ ਇੱਕ ਕੈਮਰਾ ਹੈ, ਪਰ ਜਦੋਂ ਬਿਜਲੀ ਨਹੀਂ ਹੁੰਦੀ ਤਾਂ ਤੁਸੀਂ ਇਸਦੀ ਫੁਟੇਜ਼ ਨਹੀਂ ਦੇਖ ਸਕਦੇ ਸੀ। ਕਦੇ ਕਦੇ ਤਾਂ ਉਹ ਕੈਮਰੇ ਨੂੰ ਥੋੜ੍ਹਾ ਹਿਲਾ ਵੀ ਦਿੰਦਾ ਸੀ।

''ਸਾਰੇ ਕੈਦੀ ਜਾਣਦੇ ਹਨ ਕਿ ਕੌਣ ਕਿਸਦੇ ਨਜ਼ਦੀਕ ਹੈ, ਪਰ ਗਾਰਡਾਂ ਨੇ ਜੇਲ੍ਹ ਵਿੱਚ ਆਪਣਾ ਦਬਦਬਾ ਰੱਖਿਆ ਹੋਇਆ ਹੈ।''

ਉਹ ਦੱਸਦਾ ਹੈ ਕਿ ਉਸਨੇ ਉਸਦੀ ਲੋੜ ਤੋਂ ਜ਼ਿਆਦਾ ਦੇਖਭਾਲ ਕੀਤੀ। ਉਸਨੇ ਕਿਹਾ, ''ਮੈਨੂੰ ਲੱਗਦਾ ਸੀ ਕਿ ਅਸੀਂ ਆਪਸ ਵਿੱਚ ਜੁੜੇ ਹੋਏ ਹਾਂ।''

ਅਤੇ ਫਿਰ ਪਹਿਲੀ ਵਾਰ ਮਿਲਣ ਤੋਂ ਲਗਭਗ ਦੋ ਮਹੀਨੇ ਬਾਅਦ ਉਨ੍ਹਾਂ ਦੀ ਦੋਸਤੀ ਨੇ ਅਹਿਮ ਸਥਾਨ ਲੈ ਲਿਆ।

ਕਿਮ ਨੂੰ ਟਰਾਇਲ ਅਤੇ ਚਾਰ ਸਾਲ, ਤਿੰਨ ਮਹੀਨੇ ਦੀ ਸਜ਼ਾ ਲਈ ਚੁੰਗੋਰੀ ਜੇਲ੍ਹ ਕੈਂਪ ਵਿੱਚ ਭੇਜਣ ਦੇ ਆਦੇਸ਼ ਹੋਏ।

ਉਹ ਜਾਣਦੀ ਸੀ ਕਿ ਉਹ ਚੁੰਗੋਰੀ ਤੋਂ ਕਦੇ ਜਿਉਂਦੀ ਵਾਪਸ ਨਹੀਂ ਆ ਸਕਦੀ। ਉੱਤਰੀ ਕੋਰੀਆ ਦੀਆਂ ਜੇਲ੍ਹਾਂ ਵਿੱਚੋਂ ਆਏ ਸਾਬਕਾ ਨਜ਼ਰਬੰਦੀਆਂ ਨਾਲ ਕੀਤੀਆਂ ਗਈਆਂ ਇੰਟਰਵਿਊਜ਼ ਤੋਂ ਇੱਥੇ ਹੁੰਦੇ ਦੁਰਵਿਵਹਾਰ ਬਾਰੇ ਪਤਾ ਲੱਗਿਆ ਸੀ।

ਤਸਵੀਰ ਸਰੋਤ, DigitalGlobe/ScapeWare3d

ਤਸਵੀਰ ਕੈਪਸ਼ਨ,

ਚੁੰਗੋਰੀ ਜੇਲ੍ਹ ਕੈਂਪ

ਉਹ ਦੱਸਦੀ ਹੈ, ''ਮੈਂ ਬਹੁਤ ਨਿਰਾਸ਼ ਸੀ...ਮੈਂ ਦਰਜਨ ਵਾਰ ਖੁਦ ਨੂੰ ਮਾਰਨ ਬਾਰੇ ਸੋਚਿਆ। ਮੈਂ ਰੋਈ, ਬਹੁਤ ਰੋਈ।''

ਜਿਓਨ ਦੱਸਦਾ ਹੈ, ''ਜਦੋਂ ਤੁਸੀਂ ਕਾਹੋਵਾਸੋ (ਜੇਲ੍ਹ ਕੈਂਪ) ਜਾਂਦੇ ਹੋ ਤਾਂ ਤੁਸੀਂ ਨਾਗਰਿਕਤਾ ਤੋਂ ਵਾਂਝੇ ਹੋ ਜਾਂਦੇ ਹੋ। ''ਹੁਣ ਤੁਸੀਂ ਇਨਸਾਨ ਨਹੀਂ ਹੋ। ਤੁਸੀਂ ਕਿਸੇ ਜਾਨਵਰ ਤੋਂ ਅਲੱਗ ਨਹੀਂ ਹੋ।''

ਇੱਕ ਦਿਨ ਉਸਨੇ ਕਿਮ ਨੂੰ ਗੱਲਬਾਤ ਦੌਰਾਨ ਅਜਿਹੇ ਸ਼ਬਦ ਕਹੇ, ਜਿਹੜੇ ਉਨ੍ਹਾਂ ਦੀ ਹਮੇਸ਼ਾ ਲਈ ਜ਼ਿੰਦਗੀ ਬਦਲਣ ਵਾਲੇ ਸਨ।

ਉਸਨੇ ਕਿਹਾ, ''ਮੈਂ ਤੁਹਾਡੀ ਮਦਦ ਕਰਨੀ ਚਾਹੁੰਦਾ ਹਾਂ। ਤੁਸੀਂ ਜੇਲ੍ਹ ਕੈਂਪ ਵਿੱਚ ਮਰ ਸਕਦੇ ਹੋ, ਪਰ ਮੈਂ ਇੱਥੋਂ ਬਾਹਰ ਕੱਢਣ ਲਈ ਤੁਹਾਡੀ ਮਦਦ ਕਰ ਸਕਦਾ ਹਾਂ।''

ਪਰ ਜ਼ਿਆਦਾਤਰ ਕੋਰੀਆਈ ਲੋਕਾਂ ਦੀ ਤਰ੍ਹਾਂ ਕਿਮ ਨੇ ਦੂਜਿਆਂ 'ਤੇ ਵਿਸ਼ਵਾਸ ਨਾ ਕਰਨਾ ਸਿੱਖਿਆ ਸੀ। ਉਸਨੇ ਸੋਚਿਆ ਕਿ ਇਹ ਇੱਕ ਚਾਲ ਹੋ ਸਕਦੀ ਹੈ।

''ਇਸ ਲਈ ਮੈਂ ਉਸਨੂੰ ਉਲਟਾ ਕਿਹਾ, ''ਕੀ ਤੁਸੀਂ ਜਾਸੂਸ ਹੋ?'' ਤੁਹਾਨੂੰ ਮੇਰੀ ਜਾਸੂਸੀ ਕਰਕੇ ਅਤੇ ਮੈਨੂੰ ਤਬਾਹ ਕਰਕੇ ਕੀ ਫਾਇਦਾ ਹੋਵੇਗਾ?'' ਪਰ ਉਹ ਕਹਿੰਦਾ ਰਿਹਾ ਕਿ ਉਹ, ਉਹ ਨਹੀਂ ਹੈ।''

ਜਿਓਨ ਨੇ ਆਖਰ ਉਸਨੂੰ ਦੱਸਿਆ ਕਿ ਉਸਨੂੰ ਲੱਗਦਾ ਹੈ ਕਿ ਉਹ ਨਾ ਸਿਰਫ਼ ਉਸਨੂੰ ਦੱਖਣੀ ਕੋਰੀਆ ਭਜਾਉਣ ਵਿੱਚ ਉਸਦੀ ਮਦਦ ਕਰਨੀ ਚਾਹੁੰਦਾ ਹੈ, ਬਲਕਿ ਉਹ ਖੁਦ ਵੀ ਉਸ ਨਾਲ ਜਾਣਾ ਚਾਹੁੰਦਾ ਹੈ।

ਉਸਨੂੰ ਇਹ ਵੀ ਚਾਨਣ ਹੋਇਆ ਕਿ ਦੱਖਣੀ ਕੋਰੀਆ ਵਿੱਚ ਉਸਦੇ ਰਿਸ਼ਤੇਦਾਰ ਹੋਣ ਦੇ ਨਤੀਜੇ ਵਜੋਂ ਉਸਦਾ ਭਵਿੱਖ ਉਸਦੇ ਨੀਵੀਂ ਜਾਤ ਦੇ ਹੋਣ ਕਾਰਨ ਵੀ ਪ੍ਰਭਾਵਿਤ ਹੋਇਆ ਹੈ।

ਪਰ ਇਨ੍ਹਾਂ ਰਿਸ਼ਤੇਦਾਰ ਨੇ ਉਸਨੂੰ ਇੱਕ ਅਲੱਗ ਤਰ੍ਹਾਂ ਦੇ ਭਵਿੱਖ ਦੀ ਉਮੀਦ ਵੀ ਜਗਾ ਦਿੱਤੀ ਸੀ।

ਉਸਨੇ ਕਿਮ ਨੂੰ ਆਪਣੇ ਰਿਸ਼ਤੇਦਾਰਾਂ ਦੀਆਂ ਫੋਟੋਆਂ ਵੀ ਦਿਖਾਈਆਂ ਜੋ ਪਿਛਲੀ ਵਾਰ ਜਦੋਂ ਉਹ ਘਰ ਗਿਆ ਸੀ ਤਾਂ ਉਹ ਆਪਣੇ ਮਾਤਾ-ਪਿਤਾ ਤੋਂ ਖੋਹ ਕੇ ਲਿਆਇਆ ਸੀ। ਉਨ੍ਹਾਂ ਦੇ ਪਿੱਛੇ ਛੋਟੇ ਅੱਖਰਾਂ ਵਿੱਚ ਉਨ੍ਹਾਂ ਦੇ ਪਤੇ ਵੀ ਲਿਖੇ ਹੋਏ ਸਨ।

ਕਿਮ ਨੇ ਉਸ 'ਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੱਤਾ।

ਪਰ ਉਹ ਵੀ ਬਹੁਤ ਡਰੀ ਹੋਈ ਸੀ।

ਕਿਮ ਕਹਿੰਦੀ ਹੈ, ''ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ। ਉੱਤਰੀ ਕੋਰੀਆ ਦੇ ਇਤਿਹਾਸ ਵਿੱਚ ਕਦੇ ਵੀ ਕੋਈ ਕੈਦੀ ਅਤੇ ਗਾਰਡ ਇਕੱਠੇ ਨਹੀਂ ਭੱਜੇ ਸਨ।''

ਪਿਛਲੇ ਸਾਲ 12 ਜੁਲਾਈ ਨੂੰ ਜਿਓਨ ਜਾਣਦਾ ਸੀ ਕਿ ਉਹ ਪਲ ਹੁਣ ਆ ਗਿਆ ਹੈ। ਕਿਮ ਦਾ ਲੇਬਰ ਕੈਂਪ ਵਿੱਚ ਜਾਣਾ ਅਟੱਲ ਸੀ ਅਤੇ ਉਸਦਾ ਬੌਸ ਇੱਕ ਰਾਤ ਲਈ ਘਰ ਚਲਾ ਗਿਆ ਸੀ।

ਹਨੇਰੇ ਦੀ ਆੜ ਵਿੱਚ ਉਨ੍ਹਾਂ ਨੇ ਇੱਕ ਖਿੜਕੀ ਤੋਂ ਛਾਲ ਮਾਰੀ, ਤਾਰਾਂ ਦੀ ਵਾੜ ਨੂੰ ਟੱਪਿਆ ਅਤੇ ਖੇਤਾਂ ਨੂੰ ਪਾਰ ਕਰਦੇ ਹੋਏ ਨਦੀ ਕੋਲ ਪਹੁੰਚੇ।

ਕਿਮ ਕਹਿੰਦੀ ਹੈ, ''ਮੈਂ ਡਿੱਗਦੀ ਰਹੀ ਅਤੇ ਫਿਸਲਦੀ ਰਹੀ।'' ਮਹੀਨਿਆਂ ਦੀ ਨਜ਼ਰਬੰਦੀ ਕਾਰਨ ਉਸਦਾ ਸਰੀਰ ਕਮਜ਼ੋਰ ਹੋ ਗਿਆ ਸੀ।

ਪਰ ਉਹ ਸੁਰੱਖਿਅਤ ਰੂਪ ਨਾਲ ਨਦੀ ਦੇ ਕਿਨਾਰੇ 'ਤੇ ਪਹੁੰਚ ਗਏ। ਅਤੇ ਫਿਰ ਲਗਭਗ 50 ਮੀਟਰ ਤੋਂ ਰੋਸ਼ਨੀ ਆਈ। ਇਹ ਸਰਹੱਦੀ ਚੌਕੀ ਗੈਰੀਸਨ ਦੀ ਗਾਰਡ ਪੋਸਟ ਤੋਂ ਆ ਰਹੀ ਸੀ।

ਜਿਓਨ ਕਹਿੰਦਾ ਹੈ, ''ਅਸੀਂ ਸੋਚਿਆ ਕਿ ਗੈਰੀਸਨ ਸਰਹੱਦ ਦੀ ਸੁਰੱਖਿਆ 'ਤੇ ਬਹੁਤ ਸਖ਼ਤ ਹੋ ਸਕਦੀ ਹੈ, ਜਦੋਂ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਨਜ਼ਰਬੰਦੀ ਕੇਂਦਰ ਤੋਂ ਫਰਾਰ ਹੋ ਕੇ ਆਏ ਹਾਂ।'' ''ਪਰ ਅਸੀਂ ਛੁਪ ਰਹੇ ਸੀ ਅਤੇ ਦੇਖ ਰਹੇ ਸੀ ਕਿ ਉਹ ਸਿਰਫ਼ ਗਾਰਡ ਬਦਲ ਰਹੇ ਹਨ...ਅਸੀਂ ਗਾਰਡਾਂ ਨੂੰ ਗੱਲਬਾਤ ਕਰਦੇ ਸੁਣ ਸਕਦੇ ਸੀ ਕਿ ਉਹ ਗਾਰਡ ਸ਼ਿਫਟ ਕਰ ਰਹੇ ਹਨ।''

''ਅਸੀਂ ਇਸਦਾ ਇੰਤਜ਼ਾਰ ਕੀਤਾ...30 ਮਿੰਟ ਬਾਅਦ ਇਹ ਸਭ ਸ਼ਾਂਤ ਹੋ ਗਿਆ।

''ਤਾਂ ਫਿਰ ਅਸੀਂ ਨਦੀ ਵਿੱਚ ਚਲੇ ਗਏ। ਮੈਂ ਕਈ ਵਾਰ ਨਦੀ ਦੇ ਤਟ 'ਤੇ ਗਿਆ ਹਾਂ ਅਤੇ ਪਾਣੀ ਦਾ ਪੱਧਰ ਹਮੇਸ਼ਾ ਕਾਫ਼ੀ ਘੱਟ ਹੁੰਦਾ ਸੀ...ਮੈਨੂੰ ਕਦੇ ਨਹੀਂ ਪਤਾ ਸੀ ਕਿ ਇਹ ਇੰਨਾ ਗਹਿਰਾ ਵੀ ਹੋ ਸਕਦਾ ਹੈ।''

''ਜੇਕਰ ਮੈਂ ਇਕੱਲਾ ਹੁੰਦਾ ਤਾਂ ਮੈਂ ਇਸਨੂੰ ਤੈਰ ਕੇ ਪਾਰ ਕਰ ਜਾਂਦਾ, ਪਰ ਮੇਰੇ ਪਿੱਠੂ ਬੈਗ ਪਾਇਆ ਹੋਇਆ ਸੀ...ਮੇਰੇ ਕੋਲ ਇੱਕ ਬੰਦੂਕ ਸੀ ਅਤੇ ਜੇਕਰ ਬੰਦੂਕ ਗਿੱਲੀ ਹੋ ਜਾਂਦੀ ਤਾਂ ਇਹ ਬੇਕਾਰ ਹੋ ਜਾਂਦੀ। ਇਸ ਲਈ ਮੈਂ ਇਸਨੂੰ ਆਪਣੇ ਹੱਥ ਵਿੱਚ ਫੜ ਕੇ ਰੱਖਿਆ। ਪਰ ਪਾਣੀ ਗਹਿਰਾ ਅਤੇ ਹੋਰ ਗਹਿਰਾ ਹੁੰਦਾ ਗਿਆ।''

ਫਿਰ ਜਿਓਨ ਨੇ ਤੈਰਨਾ ਸ਼ੁਰੂ ਕਰ ਦਿੱਤਾ, ਪਰ ਕਿਮ ਨੂੰ ਤੈਰਨਾ ਨਹੀਂ ਆਉਂਦਾ ਸੀ।

ਇਹ ਵੀ ਪੜ੍ਹੋ:

ਜਿਓਨ ਨੇ ਇੱਕ ਹੱਥ ਨਾਲ ਆਪਣੀ ਬੰਦੂਕ ਫੜੀ ਅਤੇ ਦੂਜੇ ਹੱਥ ਨਾਲ ਕਿਮ ਨੂੰ ਖਿੱਚ ਲਿਆ।

ਕਿਮ ਨੇ ਦੱਸਿਆ, ''ਜਦੋਂ ਅਸੀਂ ਨਦੀ ਦੇ ਅੱਧ ਵਿੱਚ ਆ ਗਏ ਤਾਂ ਪਾਣੀ ਮੇਰੇ ਸਿਰ ਦੇ ਉੱਪਰ ਸੀ। ਮੇਰਾ ਸਾਹ ਘੁੱਟ ਰਿਹਾ ਸੀ ਅਤੇ ਮੈਂ ਆਪਣੀਆਂ ਅੱਖਾਂ ਖੋਲ੍ਹਣ ਤੋਂ ਅਸਮਰੱਥ ਸੀ।''

ਉਸਨੇ ਜਿਓਨ ਨੂੰ ਵਾਪਸ ਜਾਣ ਦੀ ਮਿੰਨਤ ਕੀਤੀ।

ਜਿਓਨ ਨੇ ਉਸਨੂੰ ਕਿਹਾ, ''ਜੇਕਰ ਅਸੀਂ ਵਾਪਸ ਗਏ ਤਾਂ ਅਸੀਂ ਦੋਵੇਂ ਮਰ ਜਾਵਾਂਗੇ। ਅਸੀਂ ਇੱਥੇ ਮਰਦੇ ਹਾਂ, ਉੱਥੇ ਨਹੀਂ। ਪਰ ਮੈਂ...ਥੱਕ ਗਿਆ ਸੀ ਅਤੇ ਸੋਚ ਰਿਹਾ ਸੀ, ''ਕੀ ਮੈਂ ਇਸ ਤਰ੍ਹਾਂ ਮਰਾਂਗਾ, ਕੀ ਇੱਥੇ ਹੀ ਸਭ ਕੁਝ ਖਤਮ ਹੋ ਜਾਵੇਗਾ?''

ਆਖਿਰ ਜਿਓਨ ਦੇ ਪੈਰ ਜ਼ਮੀਨ ਨੂੰ ਛੂਹ ਗਏ।

ਆਖਿਰ ਉਹ ਲੜਖੜਾਉਂਦੇ ਹੋਏ ਤਾਰ ਦੇ ਆਖਰੀ ਕਿਨਾਰੇ ਤੱਕ ਜ਼ਮੀਨ ਦੇ ਉਸ ਪਾਰ ਪਹੁੰਚ ਗਏ ਜਿਸ 'ਤੇ ਚੀਨ ਦੀ ਸੀਮਾ ਸੀ।

ਪਰ ਉਦੋਂ ਵੀ ਉਹ ਸੁਰੱਖਿਅਤ ਨਹੀਂ ਸਨ।

ਜਦੋਂ ਤੱਕ ਉਸ ਸਥਾਨਕ ਵਿਅਕਤੀ ਨੂੰ ਨਹੀਂ ਮਿਲੇ ਜਿਸਨੇ ਉਨ੍ਹਾਂ ਨੂੰ ਆਪਣਾ ਫੋਨ ਦਿੱਤਾ ਸੀ, ਉਹ ਤਿੰਨ ਦਿਨਾਂ ਤੱਕ ਪਹਾੜਾਂ ਵਿੱਚ ਛੁਪੇ ਰਹੇ। ਕਿਮ ਨੇ ਇੱਕ ਦਲਾਲ ਨੂੰ ਫੋਨ ਕੀਤਾ, ਜਿਸਨੂੰ ਉਹ ਮਦਦ ਲਈ ਜਾਣਦੀ ਸੀ। ਦਲਾਲ ਨੇ ਕਿਹਾ ਕਿ ਉੱਤਰੀ ਕੋਰੀਆਈ ਅਧਿਕਾਰੀ ਹਾਈ ਅਲਰਟ 'ਤੇ ਹਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਉਨ੍ਹਾਂ ਨੇ ਇੱਕ ਟੀਮ ਭੇਜੀ ਹੈ ਜੋ ਚੀਨ ਦੀ ਪੁਲਿਸ ਨਾਲ ਮਿਲ ਕੇ ਇਸ ਖੇਤਰ ਦੀ ਛਾਣ-ਬੀਣ ਕਰ ਰਹੇ ਹਨ।

ਪਰ ਕਿਮ ਦੇ ਸੰਪਰਕਾਂ ਦੀ ਮਦਦ ਨਾਲ ਉਹ ਇੱਕ ਸੁਰੱਖਿਅਤ ਘਰ ਤੋਂ ਦੂਜੇ ਸੁਰੱਖਿਅਤ ਘਰਾਂ ਵਿੱਚ ਉਦੋਂ ਤੱਕ ਜਾਂਦੇ ਰਹੇ, ਜਦੋਂ ਤੱਕ ਕਿ ਉਹ ਚੀਨ ਤੋਂ ਬਾਹਰ ਅਤੇ ਕਿਸੇ ਤੀਜੇ ਦੇਸ਼ ਵਿੱਚ ਨਹੀਂ ਚਲੇ ਗਏ।

ਆਪਣੇ ਸਫਰ ਦੇ ਅੰਤਿਮ ਪੜਾਅ ਨੂੰ ਪੂਰਾ ਕਰਨ ਤੋਂ ਪਹਿਲਾਂ ਉਹ ਵਿਲੱਖਣ ਢੰਗ ਨਾਲ ਬਚ ਕੇ ਆਉਣ ਅਤੇ ਇਸ ਦੀਆਂ ਉਲਝਣਾਂ ਬਾਰੇ ਦੱਸਣ ਲਈ ਸਾਨੂੰ ਇੱਕ ਗੁਪਤ ਸਥਾਨ 'ਤੇ ਮਿਲੇ।

ਇਹ ਬਹੁਤ ਜ਼ਿਆਦਾ ਸੰਭਾਵਨਾ ਹੈ ਕਿ ਕਿਮ ਅਤੇ ਜਿਓਨ ਵੱਲੋਂ ਇਸ ਤਰ੍ਹਾਂ ਕਰਨਾ ਉੱਤਰੀ ਕੋਰੀਆ ਵਿੱਚ ਜਾਤੀ ਵਿਵਸਥਾ ਅੰਦਰ ਉਨ੍ਹਾਂ ਦੇ ਪਰਿਵਾਰ ਦੀ ਸਮਾਜਿਕ ਸਥਿਤੀ ਨੂੰ ਨੁਕਸਾਨ ਪਹੁੰਚਾਵੇਗਾ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਅਤੇ ਉਨ੍ਹਾਂ 'ਤੇ ਨਿਗਰਾਨੀ ਰੱਖੀ ਜਾਵੇਗੀ।

ਇਹ ਵੀ ਦੇਖੋ:

ਪਰ ਦੋਵਾਂ ਨੂੰ ਉਮੀਦ ਹੈ ਕਿ ਜਿਓਨ ਦੀ ਉਸ ਸਮੇਂ ਰਿਸ਼ਤੇਦਾਰਾਂ ਅਤੇ ਫ਼ੌਜ ਤੋਂ ਦੂਰੀ, ਕਿਮ ਦੀ ਆਪਣੇ ਪਤੀ ਅਤੇ ਬੱਚਿਆਂ ਤੋਂ ਅਲੱਗ ਹੋਣ ਕਾਰਨ-ਉਨ੍ਹਾਂ ਦੇ ਪਰਿਵਾਰਾਂ ਕੋਲ ਇਹ ਤਰਕ ਹੋਵੇਗਾ ਕਿ ਉਹ ਉਨ੍ਹਾਂ ਦੀਆਂ ਯੋਜਨਾਵਾਂ ਬਾਰੇ ਨਹੀਂ ਜਾਣਦੇ ਸਨ।

ਕਿਮ ਕਹਿੰਦੀ ਹੈ, ''ਮੈਂ ਖੁਦ ਨੂੰ ਗੁਨਾਹਗਾਰ ਮਹਿਸੂਸ ਕਰਦੀ ਹਾਂ ਕਿਉਂਕਿ ਮੈਂ ਫਰਾਰ ਹੋਈ ਤਾਂ ਕਿ ਮੈਂ ਜ਼ਿੰਦਾ ਰਹਿ ਸਕਾਂ। ਸੱਚ ਵਿੱਚ ਇਸਨੇ ਮੇਰਾ ਦਿਲ ਤੋੜਿਆ ਹੈ।''

ਜਿਓਨ ਵੀ ਇਸ ਤਰ੍ਹਾਂ ਹੀ ਮਹਿਸੂਸ ਕਰਦਾ ਹੈ। ਉਹ ਆਪਣੇ ਸਿਰ ਨੂੰ ਆਪਣੇ ਹੱਥਾਂ 'ਤੇ ਰੱਖਣ ਤੋਂ ਪਹਿਲਾਂ ਇੱਕ ਲੋਕ ਗੀਤ 'ਸਿਪਰਿੰਗ ਐਟ ਹੋਮ' ਨੂੰ ਹੌਲੀ ਹੌਲੀ ਗੁਣਗੁਣਾਉਂਦਾ ਹੈ।

ਉਹ ਇਸ ਗੱਲੋਂ ਦੁਖੀ ਹੈ ਕਿ ਉਹ ਹੁਣ ਉਸ ਔਰਤ ਜਿਸ ਕਾਰਨ ਉਹ ਉਸ ਨਾਲ ਆਈ ਹੈ, ਦੀ ਬਜਾਏ ਹੁਣ ਕਿਸੇ ਅਲੱਗ ਮੰਜ਼ਿਲ ਵੱਲ ਵਧ ਰਿਹਾ ਹੈ। ਹੁਣ ਉਸਨੇ ਆਪਣੀਆਂ ਯੋਜਨਾਵਾਂ ਨੂੰ ਬਦਲ ਦਿੱਤਾ ਹੈ ਅਤੇ ਉਹ ਦੱਖਣੀ ਕੋਰੀਆ ਦੀ ਥਾਂ ਅਮਰੀਕਾ ਜਾਣਾ ਚਾਹੁੰਦਾ ਹੈ।

ਉਹ ਕਿਮ ਦੇ ਤਰਲੇ ਕਰਦਾ ਹੈ, ''ਮੇਰੇ ਨਾਲ ਅਮਰੀਕਾ ਚੱਲ।'' ਉਹ ਆਪਣਾ ਸਿਰ ਹਿਲਾਉਂਦੀ ਹੈ। ''ਮੈਂ ਪੱਕਾ ਨਹੀਂ ਕਹਿ ਸਕਦੀ। ਮੈਂ ਅੰਗਰੇਜ਼ੀ ਨਹੀਂ ਜਾਣਦੀ। ਮੈਨੂੰ ਡਰ ਲੱਗਦਾ ਹੈ।''

ਜਿਓਨ ਉਸਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਹੈ, ਉਹ ਕਹਿੰਦਾ ਹੈ ਕਿ ਜੇਕਰ ਆਪਾਂ ਇਕੱਠੇ ਚੱਲਦੇ ਹਾਂ ਤਾਂ ਅੰਗਰੇਜ਼ੀ ਸਿੱਖ ਸਕਦੇ ਹਾਂ।

ਤਸਵੀਰ ਕੈਪਸ਼ਨ,

ਜਿਓਨ ਦੀ ਅੰਗਰੇਜ਼ੀ ਸਿਖਣ ਦੀ ਕੋਸ਼ਿਸ਼

ਕਿਮ ਉਸਨੂੰ ਹੌਲੀ ਜਿਹੇ ਕਹਿੰਦੀ ਹੈ, ''ਤੁਸੀਂ ਜਿੱਥੇ ਵੀ ਜਾਓ, ਮੈਨੂੰ ਕਦੇ ਨਾ ਭੁੱਲਣਾ।''

ਪਰ ਉਹ ਦੋਵੇਂ ਉੱਤਰੀ ਕੋਰੀਆ ਦੇ ਦਮਨਕਾਰੀ ਸ਼ਾਸਨ ਤੋਂ ਪਿੱਛਾ ਛੁਡਵਾ ਕੇ ਖੁਸ਼ ਹਨ।

ਕਿਮ ਕਹਿੰਦੀ ਹੈ ਕਿ ਉਸਨੂੰ ਕਦੇ ਵੀ ਰਾਜਧਾਨੀ ਪਿਓਂਗਯਾਂਗ ਜਾਣ ਦੀ ਆਗਿਆ ਨਹੀਂ ਦਿੱਤੀ ਗਈ ਸੀ।

''ਪਿੱਛੇ ਮੁੜ ਕੇ ਦੇਖਦੇ ਹਾਂ ਤਾਂ ਅਸੀਂ ਸਾਰੇ ਇੱਕ ਜੇਲ੍ਹ ਵਿੱਚ ਰਹਿੰਦੇ ਸੀ। ਅਸੀਂ ਜਿੱਥੇ ਜਾਣਾ ਚਾਹੁੰਦੇ ਸੀ, ਉੱਥੇ ਕਦੇ ਨਹੀਂ ਜਾ ਸਕੇ।''

ਜਿਓਨ ਕਹਿੰਦਾ ਹੈ, ''ਉੱਤਰੀ ਕੋਰੀਆਈ ਲੋਕਾਂ ਦੀਆਂ ਅੱਖਾਂ ਕਦੇ ਕੁਝ ਦੇਖ ਨਹੀਂ ਸਕਦੀਆਂ, ਕੰਨ ਕਦੇ ਕੁਝ ਸੁਣ ਨਹੀਂ ਸਕਦੇ, ਮੂੰਹ ਕਦੇ ਕੁਝ ਬੋਲ ਨਹੀਂ ਸਕਦੇ।''

(ਕੈਦੀ ਦੀ ਪਛਾਣ ਨੂੰ ਸੁਰੱਖਿਅਤ ਰੱਖਣ ਲਈ ਉਸਦਾ ਨਾਂ ਬਦਲਿਆ ਗਿਆ ਹੈ।)

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ

ਵੀਡਿਓ:ਪੰਜਾਬੀ ਸੱਚਿਆ ਤੇ ਉੱਚਿਆ ਲੋਕਾਂ ਦਾ ਜ਼ੁਬਾਨ ਹੈ

ਵੀਡਿਓ: ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਭਾਰਤ ਦੌਰੇ ਦਾ ਅਸਰ ਪੇਂਡੂ ਖੇਤਰਾਂ ਵਿੱਚ ਕੀ ਹੋਵੇਗਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)