'ਮੈਨੂੰ ਲੱਗਾ ਉਹ ਮਰ ਚੁੱਕੀ ਹੈ': 47 ਸਾਲਾ ਬਾਅਦ ਮਿਲੀਆਂ ਦੋ ਭੈਣਾਂ ਦੀ ਕਹਾਣੀ

ਬਨ ਸੇਨ ਤੇ ਬਨ ਚਿਆ

ਤਸਵੀਰ ਸਰੋਤ, CCF

ਤਸਵੀਰ ਕੈਪਸ਼ਨ,

ਬਨ ਸੇਨ (ਖੱਬੇ) ਤੇ ਬਨ ਚਿਆ ਨੇ ਇੱਕ-ਦੂਜੇ ਨੂੰ ਆਖਰੀ ਵਾਰ 1973 ਵਿੱਚ ਦੇਖਿਆ ਸੀ

98 ਅਤੇ 101 ਸਾਲ ਦੀਆਂ ਕੰਬੋਡੀਆ ਵਿੱਚ ਰਹਿਣ ਵਾਲੀਆਂ ਦੋ ਭੈਣਾਂ 47 ਸਾਲਾਂ ਬਾਅਦ ਪਹਿਲੀ ਵਾਰ ਮੁੜ ਇਕੱਠੀਆਂ ਹੋਈਆਂ ਹਨ।

ਦੋਵਾਂ ਨੇ ਇੱਕ ਦੂਜੇ ਬਾਰੇ ਸੋਚ ਲਿਆ ਸੀ ਕਿ ਉਹ 1970 ਦੇ ਦਹਾਕੇ ਵਿੱਚ ਖ਼ਮੇਰ ਰੂਜ ਦੌਰਾਨ ਹੋਈ ਨਸਲਕੁਸ਼ੀ ਦਾ ਸ਼ਿਕਾਰ ਹੋ ਗਈਆਂ।

ਇੱਕ ਸਥਾਨਕ ਗੈਰ-ਸਰਕਾਰੀ ਸੰਸਥਾ ਅਨੁਸਾਰ, 98 ਸਾਲਾ ਦੀ ਬਨ ਸੇਨ ਆਪਣੇ 92 ਸਾਲਾ ਦੇ ਭਰਾ ਨੂੰ ਵੀ ਮਿਲੀ, ਜਿਸ ਬਾਰੇ ਉਸ ਨੇ ਸੋਚਿਆ ਸੀ ਕਿ ਉਹ ਵੀ ਮਰ ਚੁੱਕਾ ਹੋਵੇਗਾ।

ਦੋਹਾਂ ਭੈਣਾਂ ਨੇ ਇੱਕ-ਦੂਜੇ ਨੂੰ ਆਖਰੀ ਵਾਰ 1973 ਵਿੱਚ ਵੇਖਿਆ ਸੀ। ਇਸ ਦੇ ਦੋ ਸਾਲ ਬਾਅਦ ਹੀ ਸਿਆਸੀ ਨੇਤਾ ਪੋਲ ਪੋਟ ਦੀ ਅਗਵਾਈ ਹੇਠ ਕਮਿਊਨਿਸਟਾਂ ਨੇ ਕੰਬੋਡੀਆ 'ਤੇ ਕਬਜ਼ਾ ਕਰ ਲਿਆ ਸੀ।

ਇੱਕ ਅੰਦਾਜ਼ੇ ਮੁਤਾਬਕ ਖ਼ਮੇਰ ਰੂਜ ਦੇ ਰਾਜ ਦੌਰਾਨ ਲਗਭਗ 20 ਲੱਖ ਲੋਕਾਂ ਦੀ ਮੌਤ ਹੋਈ।

ਇਸ ਸਮੇਂ ਦੌਰਾਨ ਬਹੁਤ ਸਾਰੇ ਪਰਿਵਾਰ ਟੁੱਟ ਗਏ ਸਨ। ਬੱਚਿਆਂ ਨੂੰ ਅਕਸਰ ਉਨ੍ਹਾਂ ਦੇ ਮਾਪਿਆਂ ਤੋਂ ਦੂਰ ਕਰ ਦਿੱਤਾ ਜਾਂਦਾ ਸੀ ਤਾਂ ਕਿ ਸ਼ਾਸਕ ਦੇਸ 'ਤੇ ਪੂਰੀ ਤਰ੍ਹਾਂ ਕੰਟਰੋਲ ਕਰ ਸਕੇ।

ਇਹ ਵੀ ਪੜ੍ਹੋ:

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਪੋਲ ਪੋਟ ਦੁਨੀਆਂ ਅੱਗੇ ਦਰਸ਼ਾਉਂਦਾ ਸੀ ਕਿ ਕੰਬੋਡੀਆ ਦੇ ਲੋਕ ਉਸ ਦੇ ਕੱਟੜਵਾਦੀ ਸ਼ਾਸਨ ਹੇਠਾਂ ਹਨ

ਤਸਵੀਰ ਸਰੋਤ, CCF

ਤਸਵੀਰ ਕੈਪਸ਼ਨ,

ਬਨ ਸੇਨ ਆਪਣੇ 92 ਸਾਲਾ ਦੇ ਭਰਾ ਨੂੰ ਵੀ ਮਿਲੇ

ਬਨ ਸੇਨ ਦਾ ਪਤੀ ਵੀ ਪੋਲ ਪੋਟ ਦੇ ਸ਼ਾਸਨ ਹੇਠ ਮਾਰਿਆ ਗਿਆ ਸੀ।

ਹਲਾਂਕਿ, ਪੋਲ ਪੋਟ ਸ਼ਾਸਨ ਦਾ 1979 ਵਿੱਚ ਤਖ਼ਤਾ ਪਲਟਾ ਦਿੱਤਾ ਗਿਆ ਸੀ। ਪਰ ਬਨ ਸੇਨ ਆਪਣੇ ਪਤੀ ਦੀ ਮੌਤ ਮਗਰੋਂ ਕੰਬੋਡੀਆ ਦੀ ਰਾਜਧਾਨੀ, ਫੋਮਮ ਪੇਨਹ ਵਿੱਚ ਸਟੁੰਗ ਮਿਨਚੇਅ ਵਿਖੇ ਕੂੜੇ ਦੀ ਸਾਈਟ ਦੇ ਕੋਲ ਰਹਿਣ ਲੱਗੀ।

ਲੰਮੇ ਸਮੇਂ ਲਈ ਉਸ ਨੇ ਕੂੜਾ ਚੁਗ ਕੇ ਰੀ-ਸਾਈਕਲ ਹੋਣ ਵਾਲੀਆਂ ਵਸਤੂਆਂ ਵੇਚ ਕੇ ਪੈਸੇ ਕਮਾਏ। ਉਸ ਨੇ ਬਹੁਤ ਹੀ ਮਾੜੇ ਹਾਲਾਤਾਂ ਵਿੱਚ ਆਪਣੇ ਬੱਚਿਆਂ ਦੀ ਦੇਖਭਾਲ ਕੀਤੀ।

ਇਹ ਵੀ ਪੜ੍ਹੋ:

ਉਹ ਹਮੇਸ਼ਾਂ ਕੰਪੋਂਗ ਚਮ ਪ੍ਰਾਂਤ ਵਿੱਚ ਪੈਣ ਵਾਲੇ ਆਪਣੇ ਜੱਦੀ ਪਿੰਡ ਜਾਣ ਦੀ ਗੱਲ ਕਰਦੀ ਸੀ। ਇਹ ਥਾਂ ਰਾਜਧਾਨੀ ਫੋਮਮ ਪੇਨਹ ਤੋਂ 90 ਕਿਲੋਮੀਟਰ ਪੂਰਬੀ ਦਿਸ਼ਾ ਵਿੱਚ ਹੈ।

ਪਰ ਉਸਦੀ ਉਮਰ ਅਤੇ ਤੁਰਨ ਦੀ ਅਸਮਰਥਾ ਸਮੇਤ ਕਈ ਕਾਰਨਾਂ ਕਰਕੇ ਉਸ ਲਈ ਇਹ ਸਫ਼ਰ ਕਰਨਾ ਬਹੁਤ ਮੁਸ਼ਕਲ ਸੀ।

ਖ਼ਮੇਰ ਰੂਜ ਕੌਣ ਸਨ?

  • 1975-1979 ਤੱਕ ਸੱਤਾ ਵਿੱਚ ਰਹੇ ਖ਼ਮੇਰ ਰੂਜ ਦੇ ਸ਼ਾਸਨ ਵਿੱਚ ਲਗਭਗ 20 ਲੱਖ ਲੋਕਾਂ ਦੀਆਂ ਜਾਨਾਂ ਲਈਆਂ ਗਈਆਂ।
  • ਖ਼ਮੇਰ ਰੂਜ ਨਾਮ ਕਮਿਊਨਿਸਟ ਪਾਰਟੀ ਆਫ ਕੰਪੁਚੀਆ(CPK) ਦੇ ਮੈਂਬਰਾਂ ਨੂੰ ਦਿੱਤਾ ਗਿਆ ਸੀ ਜਿਸਨੇ ਕੰਬੋਡੀਆ 'ਤੇ 1975-79 ਤੱਕ ਰਾਜ ਕੀਤਾ।
  • ਪੋਲ ਪੋਟ ਦੀ ਅਗਵਾਈ ਹੇਠ ਸਰਕਾਰ ਨੇ ਕੰਬੋਡੀਆ ਨੂੰ ਵਾਪਸ ਮੱਧ-ਯੁੱਗ ਵਿੱਚ ਲਿਜਾਣ ਦੀ ਕੋਸ਼ਿਸ਼ ਕੀਤੀ। ਸ਼ਹਿਰਾਂ ਦੇ ਲੱਖਾਂ ਲੋਕਾਂ ਨੂੰ ਪੇਂਡੂ ਖੇਤਰਾਂ 'ਚ ਖੇਤਾਂ ਵਿੱਚ ਕੰਮ ਕਰਨ ਲਈ ਮਜ਼ਬੂਰ ਕੀਤਾ ਗਿਆ।
  • ਸੰਯੁਕਤ ਰਾਸ਼ਟਰ ਨੇ ਖ਼ਮੇਰ ਰੂਜ ਦੇ ਨੇਤਾਵਾਂ ਨੂੰ ਬਚਾਉਣ ਲਈ 2009 ਵਿੱਚ ਇੱਕ ਟ੍ਰਿਬਿਊਨਲ ਸਥਾਪਤ ਕੀਤਾ ਸੀ।
  • ਸਿਰਫ ਤਿੰਨ ਸਾਬਕਾ ਖ਼ਮੇਰ ਰੂਜ ਦੇ ਲੋਕਾਂ ਨੂੰ ਹੁਣ ਤੱਕ ਸਜ਼ਾ ਸੁਣਾਈ ਗਈ ਹੈ - ਕਯਿੰਗ ਗੂਏਕ ਈਵ, ਜੋ ਟਿਓਲ ਸਲੈਗਨ ਜੇਲ ਚਲਾਉਂਦਾ ਸੀ, ਸ਼ਾਸਨ ਦਾ ਮੁੱਖੀ ਖੀਯੂ ਸੰਪਨ ਅਤੇ ਪੋਲ ਪੋਟ ਤੋਂ ਇੱਕ ਪਦ ਛੋਟੇ, ਨੂਨ ਚਿਆ।

ਸਥਾਨਕ ਐਨਜੀਓ 'ਕੰਬੋਡੀਅਨ ਚਿਲਡਰਨ ਫੰਡ' 2004 ਤੋਂ ਬਨ ਸੇਨ ਦਾ ਸਮਰਥਨ ਕਰ ਰਿਹਾ ਸੀ । ਉਨ੍ਹਾਂ ਨੇ ਬਨ ਸੇਨ ਦਾ ਪਿੰਡ ਜਾਣ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰਨੀ ਸ਼ੁਰੂ ਕੀਤੀ।

ਉਦੋਂ ਹੀ ਉਨ੍ਹਾਂ ਨੂੰ ਪਤਾ ਲੱਗਿਆ ਕਿ ਬਨ ਸੇਨ ਦੇ ਭੈਣ ਅਤੇ ਭਰਾ ਅਜੇ ਵੀ ਜ਼ਿੰਦਾ ਹਨ ਅਤੇ ਪਿੰਡ ਵਿੱਚ ਹੀ ਰਹਿ ਰਹੇ ਹਨ।

ਤਸਵੀਰ ਸਰੋਤ, Satoshi Takahashi/Getty Images

ਤਸਵੀਰ ਕੈਪਸ਼ਨ,

ਬਨ ਸੇਨ ਇੱਕ ਕੂੜੇ ਦੇ ਢੇਰ ਕੋਲ ਰਹਿੰਦੀ ਸੀ

ਲਗਭਗ 50 ਸਾਲਾ ਬਾਅਦ, ਬਨ ਸੇਨ ਨੂੰ ਪਿਛਲੇ ਹਫ਼ਤੇ ਆਪਣੀ ਵੱਡੀ ਭੈਣ ਬਨ ਚਿਆ ਅਤੇ ਛੋਟੇ ਭਰਾ ਨੂੰ ਮਿਲਣ ਦਾ ਮੌਕਾ ਮਿਲਿਆ।

ਬਨ ਸੇਨ ਨੇ ਕਿਹਾ, "ਮੈਂ ਬਹੁਤ ਲੰਮੇ ਸਮੇਂ ਪਹਿਲਾਂ ਆਪਣਾ ਪਿੰਡ ਛੱਡਿਆ ਸੀ ਅਤੇ ਕਦੇ ਵਾਪਸ ਨਹੀਂ ਗਈ। ਮੈਂ ਹਮੇਸ਼ਾਂ ਸੋਚਿਆ ਕਿ ਮੇਰੀਆਂ ਭੈਣਾਂ ਅਤੇ ਭਰਾ ਮਰ ਗਏ ਹਨ।"

"ਮੇਰੇ ਲਈ ਆਪਣੀ ਵੱਡੀ ਭੈਣ ਨੂੰ ਛੁਹਣਾ ਬਹੁਤ ਵੱਡੀ ਗੱਲ ਸੀ। ਜਦੋਂ ਮੇਰੇ ਛੋਟੇ ਭਰਾ ਨੇ ਮੇਰੇ ਹੱਥ ਨੂੰ ਛੋਹਿਆ, ਮੈਂ ਰੋਣਾ ਸ਼ੁਰੂ ਕਰ ਦਿੱਤਾ।"

ਤਸਵੀਰ ਸਰੋਤ, CCF

ਤਸਵੀਰ ਕੈਪਸ਼ਨ,

ਦੋਵੇਂ ਭੈਣਾਂ ਇੱਕਠੀਆਂ ਦੇਸ ਦੀ ਰਾਜਧਾਨੀ ਫੋਮਮ ਪੇਨਹ ਵਿੱਚ ਘੁੰਮ ਰਹੀਆਂ ਹਨ

ਤਸਵੀਰ ਸਰੋਤ, CCF

ਤਸਵੀਰ ਕੈਪਸ਼ਨ,

ਦੋਵੇਂ ਭੈਣਾਂ ਟੋਨਲੇ ਸੈਪ ਨਦੀ ਦੇ ਨੇੜੇ ਘੁੰਮਣ ਗਈਆਂ

ਬਨ ਚਿਆ ਦੇ ਪਤੀ ਨੂੰ ਵੀ ਖ਼ਮੇਰ ਰੂਜ ਦੁਆਰਾ ਮਾਰਿਆ ਗਿਆ ਸੀ। ਪਤੀ ਦੀ ਮੌਤ ਮਗਰੋਂ ਬਨ ਚਿਆ 'ਤੇ ਆਪਣੇ 12 ਬੱਚਿਆਂ ਦੀ ਦੇਖ-ਭਾਲ ਦੀ ਜ਼ਿੰਮੇਵਾਰੀ ਆ ਗਈ।

ਉਸਨੇ ਕਿਹਾ ਕਿ ਉਸਨੂੰ ਵੀ ਲੱਗਾ ਕਿ ਉਸਦੀ ਛੋਟੀ ਭੈਣ ਮਰ ਗਈ ਸੀ।

ਉਸਨੇ ਕਿਹਾ, "ਸਾਡੇ 13 ਰਿਸ਼ਤੇਦਾਰ ਪੋਲ ਪੋਟ ਦੁਆਰਾ ਮਾਰੇ ਗਏ ਸਨ ਅਤੇ ਅਸੀਂ ਸੋਚਿਆ ਸੀ ਕਿ ਉਹ ਵੀ ਮਰ ਗਈ ਹੋਵੇਗੀ। ਬਹੁਤ ਲੰਮਾ ਸਮਾਂ ਨਿਕਲ ਗਿਆ।"

ਹੁਣ ਦੋਵੇਂ ਭੈਣਾਂ ਗੁੰਮ-ਫਿਰ ਕੇ ਬੀਤੇ ਹੋਏ ਸਮੇਂ ਦੀ ਕਮੀ ਪੂਰੀ ਕਰ ਰਹੀਆਂ ਹਨ। ਇਸ ਹਫ਼ਤੇ ਦੋਵੇਂ ਇਕੱਠੇ ਰਾਜਧਾਨੀ ਫੋਮਮ ਪੇਨਹ ਘੁੰਮਣ ਵੀ ਗਈਆਂ।

ਬਨ ਚਿਆ ਨੇ ਕਿਹਾ, "ਅਸੀਂ ਉਸਦੇ ਬਾਰੇ ਗੱਲ ਕਰਦੇ ਸੀ, ਪਰ ਮੈਂ ਕਦੇ ਨਹੀਂ ਸੋਚਿਆ ਸੀ ਕਿ ਅਸੀਂ ਉਸ ਨੂੰ ਦੁਬਾਰਾ ਦੇਖ ਵੀ ਸਕਾਂਗੇ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ

ਵੀਡਿਓ: ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਭਾਰਤ ਦੌਰੇ 'ਤੇ ਆ ਰਹੇ ਹਨ, ਇਸ ਨਾਲ ਦੋਵੇਂ ਦੇਸਾਂ ਦੇ ਸੰਬੰਧਾਂ 'ਤੇ ਕੀ ਅਸਰ ਪਵੇਗਾ

ਵੀਡਿਓ: ਜਦੋਂ ਆਜ਼ਾਦੀ ਲਈ ਜੇਲ੍ਹ ਦਾ ਗਾਰਡ ਕੈਦੀ ਨਾਲ ਭੱਜਿਆ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)