ਇਸ ਦੇਸ ਵਿੱਚ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੇ ਜਾ ਰਹੇ ਹਨ 10,000 ਡਾਲਰ

ਹਾਂਗ-ਕਾਂਗ Image copyright Getty Images
ਫੋਟੋ ਕੈਪਸ਼ਨ ਸਰਕਾਰੀ ਘਰਾਂ ਦੇ ਕਿਰਾਏ ਵਿੱਚ ਕਮੀ ਕੀਤੀ ਜਾਵੇਗੀ ਤੇ ਤਨਖ਼ਾਹਾਂ ਤੇ ਜਾਇਦਾਦ ਟੈਕਸ ਵਿੱਚ ਵੀ ਛੋਟ ਦਿੱਤੀ ਜਾਵੇਗੀ

ਹਾਂਗ-ਕਾਂਗ ਦੀ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ ਉਹ ਹਰੇਕ ਸਥਾਈ ਬਾਲਗ ਨਾਗਰਿਕ ਨੂੰ ਖਰਚਣ ਲਈ 10 ਹਜ਼ਾਰ ਹਾਂਗ-ਕਾਂਗ ਡਾਲਰ (ਲਗਭਗ 1200 ਅਮਰੀਕੀ ਡਾਲਰ) ਦੇਵੇਗੀ।

ਸਲਾਨਾ ਬਜਟ ਵਿੱਚ ਰੱਖੀ ਗਈ ਤਜਵੀਜ਼ ਮੁਤਾਬਕ ਇਹ ਪੈਸੇ 18 ਸਾਲ ਤੋਂ ਉੱਪਰ ਦੇ 70 ਲੱਖ ਲੋਕਾਂ ਨੂੰ ਦਿੱਤੇ ਜਾਣਗੇ।

ਹਾਂਗ-ਕਾਂਗ ਦੀ ਆਰਥਿਕਤਾ ਪਿਛਲੇ ਕਈ ਮਹੀਨਿਆਂ ਤੋਂ ਹੋ ਰਹੇ ਲੋਕਤੰਤਰ ਪੱਖੀ ਮੁਜ਼ਾਹਰਿਆਂ ਤੇ ਫਿਰ ਹਾਲ ਹੀ ਵਿੱਚ ਫ਼ੈਲੇ ਕੋਰੋਨਾਵਾਇਰਸ ਦੀ ਮਾਰ ਝੱਲ ਰਹੀ ਹੈ।

ਹਾਂਗ-ਕਾਂਗ ਸ਼ਹਿਰ ਵਿੱਚ ਵਾਇਰਸ ਦੇ 12 ਮਾਮਲਿਆਂ ਦੀ ਪੁਸ਼ਟੀ ਹੋਈ ਹੈ।

ਇਹ ਵੀ ਪੜ੍ਹੋ:

ਦੇਸ਼ ਦੇ ਵਿੱਤ ਮੰਤਰੀ ਪੌਲ ਸ਼ੈਨ ਨੇ ਕਿਹਾ, "ਹਾਂਗ-ਕਾਂਗ ਦਾ ਅਰਥਚਾਰਾ ਇਸ ਸਾਲ ਬਹੁਤ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ।"

"ਸੋਚ-ਵਿਚਾਰ ਤੋਂ ਬਾਅਦ ਮੈਂ ਹਾਂਗ-ਕਾਂਗ ਦੇ ਸਥਾਈ ਤੇ 18 ਸਾਲ ਤੋਂ ਵੱਡੇ ਨਾਗਰਿਕਾਂ ਨੂੰ 10,000 ਹਾਂਗ-ਕਾਂਗ ਡਾਲਰ ਦੇਣ ਦਾ ਫ਼ੈਸਲਾ ਲਿਆ ਹੈ। ਇਸ ਨਾਲ ਇੱਕ ਪਾਸੇ ਸਥਾਨਕ ਉਪਭੋਗ ਵਿੱਚ ਵਾਧਾ ਹੋਵੇਗਾ ਤੇ ਦੂਜਾ ਲੋਕਾਂ ਦਾ ਆਰਥਿਕ ਬੋਝ ਵੰਡਿਆ ਜਾਵੇਗਾ।"

ਲੋਕਾਂ ਨੂੰ ਮਿਲਣ ਵਾਲਾ ਇਹ ਪੈਸਾ 120 ਅਰਬ ਹਾਂਗ-ਕਾਂਗ ਡਾਲਰ ਦੇ ਰਾਹਤ ਪੈਕਜ ਦਾ ਹਿੱਸਾ ਹੈ ਤਾਂ ਜੋ ਆਰਥਿਕਤਾ 'ਤੇ ਮੁਜ਼ਾਹਰਿਆਂ ਤੇ ਕੋਰੋਨਾਵਾਇਰਸ ਦੇ ਪਏ ਅਸਰ ਨੂੰ ਠੱਲ੍ਹ ਪਾਈ ਜਾ ਸਕੇ।

ਇਸ ਤੋਂ ਇਲਾਵਾ ਸਰਕਾਰੀ ਘਰਾਂ ਦੇ ਕਿਰਾਏ ਵਿੱਚ ਕਮੀ ਕੀਤੀ ਜਾਵੇਗੀ ਤੇ ਤਨਖ਼ਾਹਾਂ ਤੇ ਜਾਇਦਾਦ ਟੈਕਸ ਵਿੱਚ ਵੀ ਛੋਟ ਦਿੱਤੀ ਜਾਵੇਗੀ।

2021 ਤੱਕ ਦੇਸ਼ ਦਾ ਬਜਟੀ ਘਾਟਾ 18 ਅਰਬ ਡਾਲਰ ਤੱਕ ਪਹੁੰਚਣ ਦੀ ਉਮੀਦ ਹੈ ਜੋ ਕਿ ਹੁਣ ਤੱਕ ਦਾ ਸਭ ਤੋਂ ਵਧੇਰੇ ਹੋਵੇਗਾ।

Image copyright AFP
ਫੋਟੋ ਕੈਪਸ਼ਨ ਹਾਂਗ-ਕਾਂਗ ਵਿੱਚ ਲੰਬੇ ਸਮੇਂ ਤੋਂ ਲੋਕਤੰਤਰ ਪੱਖੀ ਮੁਜ਼ਾਹਰੇ ਹੋ ਰਹੇ ਹਨ ਤੇ ਪੁਲਿਸ ਨਾਲ ਹਿੰਸਕ ਝੜਪਾਂ ਵੀ ਹੋ ਜਾਂਦੀਆਂ ਹਨ

ਇਸ ਤੋਂ ਪਹਿਲਾਂ ਹਾਂਗ-ਕਾਂਗ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਰੈਸਟੋਰੈਂਟ ਤੇ ਸੈਰ-ਸਪਾਟਾ ਖੇਤਰਾਂ ਨੂੰ ਨਕਦ ਰਾਹਤ ਦੇਣ ਦਾ ਐਲਾਨ ਕਰ ਚੁੱਕਿਆ ਹੈ।

ਹਾਂਗ-ਕਾਂਗ ਵਿੱਚ ਲੋਕਤੰਤਰ ਪੱਖੀ ਮੁਜ਼ਾਹਰਾਕਾਰੀਆਂ ਦੀਆਂ ਅਕਸਰ ਪੁਲਿਸ ਨਾਲ ਹਿੰਸਕ ਝੜਪਾਂ ਹੋ ਜਾਂਦੀਆਂ ਹਨ। ਇਸ ਅਸ਼ਾਂਤ ਮਹੌਲ ਦਾ ਦੇਸ਼ ਦੀ ਆਰਥਿਕਤਾ 'ਤੇ ਬਹੁਤ ਬੁਰਾ ਅਸਰ ਪਿਆ ਹੈ।

ਪਿਛਲੇ ਹਫ਼ਤਿਆਂ ਦੌਰਾਨ ਕੋਰੋਨਾਵਾਇਰਸ ਦੇ ਖ਼ਤਰੇ ਕਾਰਨ ਵੀ ਜ਼ਿੰਦਗੀ ਦੀ ਰਫ਼ਤਾਰ ਮੱਠੀ ਹੋਈ ਹੈ। ਇਸ ਸਭ ਦੀ ਦੇਸ਼ ਦੇ ਸੈਰ-ਸਪਾਟਾ ਖੇਤਰ 'ਤੇ ਮਾਰ ਪਈ ਹੈ।

ਇਸ ਤੋਂ ਇਲਵਾ ਦੇਸ਼ ਚੀਨ ਤੇ ਅਮਰੀਕੀ ਦਰਮਿਆਨ ਟਰੇਡ ਵਾਰ ਦਾ ਵੀ ਸ਼ਿਕਾਰ ਹੋਇਆ ਹੈ।

ਇਹ ਵੀ ਪੜ੍ਹੋ:

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ

ਵੀਡੀਓ: 'ਨਹਿਰੂ ਦੀ ਲੀਡਰਸ਼ਿੱਪ 'ਚ ਅਜਿਹਾ ਭਾਰਤ ਕਦੇ ਨਾ ਹੁੰਦਾ ਜੋ ਅੱਜ ਨਜ਼ਰ ਆਉਂਦਾ ਹੈ'

ਵੀਡੀਓ: ਪੰਜਾਬੀ ਦੀ ਬੇਇਜ਼ਤੀ, ਪੰਜਾਬੀ ਆਪ ਈ ਕਰਦੇ ਨੇ‘ ਪਰ ਕਿਵੇਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)