ਦਿੱਲੀ ਹਿੰਸਾ: ਬੱਚਿਆਂ ਲਈ ਦੁੱਧ ਲੈਣ ਗਏ ਇਰਫ਼ਾਨ ਆਪ ਹੀ ਲਾਸ਼ ਬਣੇ ਆਏ

  • ਚਿੰਕੀ ਸਿਨਹਾ
  • ਬੀਬੀਸੀ ਪੱਤਰਕਾਰ
ਇਰਫ਼ਾਨ ਦੇ ਘਰ ਦਾ ਮਾਹੌਲ

ਦਿੱਲੀ ਵਿੱਚ ਜਾਫ਼ਰਾਬਾਦ ਇਲਾਕੇ ਦੀ ਗਲੀ ਨੰਬਰ 37 ਵਿੱਚ ਔਰਤਾਂ ਤੇ ਮਰਦ ਇੱਕ ਨੌਜਵਾਨ ਦੀ ਅੰਤਮ ਯਾਤਰਾ ਵਿੱਚ ਸ਼ਾਮਲ ਹੋਣ ਲਈ ਇਕੱਠੇ ਹੋਏ ਹਨ। ਨੌਜਵਾਨ ਦੀ ਲਾਸ਼ ਕਮਰੇ ਵਿੱਚ ਰੱਖੀ ਹੈ।

ਬੱਚਿਆਂ ਲਈ ਦੁੱਧ ਲੈਣ ਘਰ ਤੋਂ ਬਾਹਰ ਨਿਕਲੇ ਮੁਹੰਮਦ ਇਰਫ਼ਾਨ ਦੀ ਮੌਤ ਦੇ ਤਿੰਨ ਦਿਨ ਬਾਅਦ ਉਨ੍ਹਾਂ ਦੀ ਲਾਸ਼ ਜਾਫ਼ਰਾਬਾਦ ਲਿਆਂਦੀ ਗਈ। ਪੁਲਿਸ ਨੇ ਪਰਿਵਾਰ ਨੂੰ ਕਿਹਾ ਸੀ ਕਿ ਜੇ ਇਰਫ਼ਾਨ ਦੀ ਲਾਸ਼ ਕਰਤਾਰ ਨਗਰ ਉਸਦੇ ਘਰ ਲਿਆਉਂਦੀ ਗਈ ਤਾਂ ਉੱਥੇ ਹਿੰਸਾ ਭੜਕ ਜਾਵੇਗਾ।

ਇੱਕ ਔਰਤ ਦੱਸਦੀ ਹੈ,"ਉਸ ਦਾ ਚਿਹਰਾ ਦੇਖੋ, ਇੰਝ ਲੱਗ ਰਿਹਾ ਹੈ ਜਿਵੇਂ ਕੁਝ ਚਮਕ ਰਿਹਾ ਹੋਵੇ।"

ਮੌਤ ਦੇ ਮਾਤਮ ਵਿੱਚ ਲੋਕ ਚੁੱਪ ਹੋ ਜਾਂਦੇ ਹਨ। ਇੱਕ ਵਿਅਕਤੀ ਨੇ ਮੈਨੂੰ ਉਸ ਦੀ ਫੋਟੋ ਪਿਛਲੇ ਪਾਸੇ ਤੋਂ ਲੈਣ ਨੂੰ ਕਿਹਾ।

ਉਹ ਕਹਿੰਦੇ ਹਨ, " ਦੇਖੋ ਉਨ੍ਹਾਂ ਇਸ ਨਾਲ ਕੀ ਕੀਤਾ ਹੈ। ਉਨ੍ਹਾਂ ਨੇ ਇਸ ਉੱਤੇ ਤਲਵਾਰ ਨਾਲ ਹਮਲਾ ਕੀਤਾ ਹੈ।"

ਉਹ ਚਿੱਟੇ ਰੰਗ ਦੀ ਚਾਦਰ ਵਿੱਚ ਲਿਪਟੇ ਹੋਏ ਸੀ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਚਿੱਟਾ ਕੋਈ ਰੰਗ ਨਹੀਂ ਹੈ। ਇਹ ਰੰਗਾਂ ਦੀ ਕਮੀ ਹੈ। ਇਹ ਉਹ ਰੰਗ ਹੈ, ਜੋ ਤੁਹਾਡੀਆਂ ਸਾਰੀਆਂ ਉਮੀਦਾਂ ਦੂਰ ਲੈ ਜਾਂਦਾ ਹੈ।

ਭੈਣ ਦੇ ਵਿਆਹ ਲਈ ਲਿਆ ਸੀ ਲੋਨ

ਜਿਸ ਕਮਰੇ ਵਿੱਚ ਲਾਸ਼ ਰੱਖੀ ਗਈ ਹੈ, ਉਹ ਸਟੋਰ ਰੂਮ ਵਾਂਗ ਤੰਗ ਹੈ । ਉਸ ਵਿੱਚ ਲੋਹੇ ਦੇ ਦਰਵਾਜੇ ਲੱਗੇ ਹੋਏ ਹਨ। ਇਹ ਸ਼ਾਇਦ ਪਹਿਲਾਂ ਲਗਵਾਏ ਗਏ ਹੋਣਗੇ। ਕਿਨਾਰੇ ਤੋਂ ਪਾਣੀ ਵਹਿ ਰਿਹਾ ਹੈ। ਉਨ੍ਹਾਂ ਨੇ ਹਾਲ ਹੀ ਵਿੱਚ ਇਰਫ਼ਾਨ ਦਾ ਸਰੀਰ ਸਾਫ਼ ਕੀਤਾ ਹੈ। ਹਰ ਪਾਸਿਓ ਧੂਪ ਦੀ ਖੁਸ਼ਬੂ ਆ ਰਹੀ ਹੈ।

ਇਹ ਵੀ ਪੜ੍ਹੋ:

ਇਸ ਕਮਰੇ ਵਿੱਚ ਇੱਕ ਟਿਊਬ ਲਾਈਟ ਹੈ, ਰੋਂਦੀਆਂ ਹੋਈਆਂ, ਔਰਤਾਂ ਤੇ ਮਰਦ ਹਨ ਅਤੇ ਇੱਕ ਲਾਸ਼ ਜਿਸ ਦੇ ਸਿਰ ਉੱਤੇ ਡੂੰਘੇ ਜ਼ਖਮਾਂ ਦੇ ਨਿਸ਼ਾਨ ਹਨ।

ਮੈਂ ਬਸ ਇੰਨਾ ਹੀ ਦੇਖਣਾ ਬਰਦਾਸ਼ਤ ਕਰ ਸਕੀ। ਪੱਤਰਕਾਰੀ ਆਸਾਨ ਕੰਮ ਨਹੀਂ ਹੈ। ਸੋਗ ਮਨਾਉਣ ਨੂੰ ਤੁਸੀਂ ਕੀ ਕਹੋਗੇ? ਬਿਆਨ. ਵਿਚਾਰ ਜਾਂ ਪ੍ਰਤਿਕਿਰਿਆ।

ਵੀਡੀਓ: ਦੰਗਾਈਆਂ ਨੇ ਜਦੋਂ ਕੁੜੀਆਂ ਨੂੰ ਬਣਾਇਆ ਨਿਸ਼ਾਨਾ

ਇੱਕ ਔਰਤ ਦੱਸਦੀ ਹੈ, "26 ਜਨਵਰੀ ਦੀ ਸ਼ਾਮ ਉਹ ਆਪਣੇ ਬੱਚਿਆਂ ਲਈ ਦੁੱਧ ਲੈਣ ਗਿਆ ਸੀ। ਉਹ ਕਹਿੰਦੇ ਹਨ ਕਿ ਹਾਲਾਤ ਕਾਬੂ ਵਿੱਚ ਹਨ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਇੱਥੇ ਆਏ ਸੀ ਤੇ ਉਨ੍ਹਾਂ ਨੇ ਕਿਹਾ ਸੀ ਕਿ ਡਰਨ ਦੀ ਲੋੜ ਨਹੀਂ ਹੈ।"

ਹਿੰਸਾ ਵਿੱਚ ਮਾਰੇ ਗਏ ਮੁਹੰਮਦ ਇਰਫ਼ਾਨ ਸਿਰਫ਼ 27 ਸਾਲਾ ਦੇ ਸੀ। ਉਹ ਮਜ਼ਦੂਰੀ ਕਰਦੇ ਸਨ ਤੇ ਸਕੂਲ ਬੈਗ ਬਣਾਉਣ ਲਈ ਕੱਪੜਾ ਕੱਟਣ ਦਾ ਕੰਮ ਕਰਦੇ ਸੀ।

6 ਮਹੀਨੇ ਪਹਿਲਾਂ ਉਨ੍ਹਾਂ ਨੇ ਆਪਣੀ ਛੋਟੀ ਭੈਣ ਦੇ ਵਿਆਹ ਲਈ ਕਾਫ਼ੀ ਕਰਜ਼ਾ ਲਿਆ ਸੀ। ਉਹ ਆਪਣੀ ਪਤਨੀ, ਦੋ ਬੱਚਿਆਂ ਤੇ ਬੁੱਢੇ ਮਾਤਾ-ਪਿਤਾ ਦੇ ਨਾਲ ਰਹਿੰਦੇ ਸੀ। ਉਹ ਉਸਮਾਨਪੁਰ ਇਲਾਕੇ ਵਿੱਚ ਇੱਕ ਕਮਰੇ ਵਿੱਚ ਕਰਾਏ 'ਤੇ ਰਹਿੰਦੇ ਸੀ।

ਤਸਵੀਰ ਕੈਪਸ਼ਨ,

ਇਰਫ਼ਾਨ ਦੇ ਆਖਰੀ ਸਫ਼ਰ ਦੀ ਤਿਆਰੀ

ਗੁਆਂਢ ਵਿੱਚ ਰਹਿਣ ਵਾਲੇ ਜ਼ਾਕਿਰ ਨਭੀ ਮਿਰਾਜ਼ ਦੱਸਦੇ ਹਨ, "ਬੁੱਧਵਾਰ ਸ਼ਾਮ ਘਰ ਤੋਂ ਲਗਭਗ 300 ਮੀਟਰ ਦੀ ਦੂਰੀ 'ਤੇ ਉਨ੍ਹਾਂ ਦੀ ਲਾਸ਼ ਮਿਲੀ ਸੀ। ਸਰੀਰ ਨੂੰ ਬੁਰੀ ਤਰ੍ਹਾਂ ਕੱਟਿਆ ਤੇ ਕੁਚਲਿਆ ਗਿਆ ਸੀ। ਉਨ੍ਹਾਂ ਦਾ ਸਿਰ ਫਟਿਆ ਹੋਇਆ ਸੀ।"

ਇਰਫ਼ਾਨ ਨੂੰ ਨਜ਼ਦੀਕੀ ਜਗ ਪਰਵੇਸ਼ ਹਸਪਤਾਲ ਲਿਜਾਇਆ ਗਿਆ ਅਤੇ ਫਿਰ ਜੀਟੀਬੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸੇ ਦਿਨ ਉਨ੍ਹਾਂ ਦੀ ਮੌਤ ਹੋ ਗਈ।

ਨਕਾਬ ਪਾਏ ਇੱਕ ਔਰਤ ਦੇ ਨਾਲ ਦੋ ਹੋਰ ਔਰਤਾਂ ਇੱਕ ਕਮਰੇ ਵਿੱਚ ਦਾਖਲ ਹੁੰਦੀਆਂ ਹਨ। ਉਹ ਕੰਬ ਰਹੀਆਂ ਹਨ। ਇਹ ਇਰਫ਼ਾਨ ਦੀ ਪਤਨੀ ਗੁਲਿਸਤਾਨ ਹੈ। ਉਹ ਆਖ਼ਰੀ ਵਾਰ ਆਪਣੇ ਪਤੀ ਨੂੰ ਦੇਖ ਰਹੀ ਹੈ, ਜੋ ਹੁਣ ਖੂਨ ਨਾਲ ਭਰੀ ਲਾਸ਼ ਬਣ ਚੁੱਕਿਆ ਹੈ।

ਵੀਡੀਓ: ਦਿੱਲੀ ਹਿੰਸਾ: ਇਸ ਫੋਟੋ ਵਾਲੇ ਮੁਹੰਮਦ ਜ਼ੁਬੈਰ ਦੀ ਹੱਡਬੀਤੀ

ਉਨ੍ਹਾਂ ਦੇ 37 ਸਾਲਾ ਚਚੇਰੇ ਭਰਾ ਗੁਲਜ਼ਾਰ ਅਹਿਮਦ ਦਾ ਕਹਿਣਾ ਹੈ ਕਿ ਉਹ ਤਿੰਨ ਦਿਨਾਂ ਤੋਂ ਲਾਸ਼ ਮਿਲਣ ਦਾ ਇੰਤਜ਼ਾਰ ਕਰ ਰਹੇ ਸੀ।

ਸ਼ਨੀਵਾਰ ਦੁਪਹਿਰ ਇੱਕ ਵਜੇ ਪੁਲਿਸ ਨਾਲ ਕਾਫ਼ੀ ਬਹਿਸ ਤੋਂ ਬਾਅਦ ਉਹ ਲਾਸ਼ ਲੈ ਕੇ ਚਾਚੀ ਦੇ ਘਰ ਆਏ। ਪੁਲਿਸ ਦਾ ਕਹਿਣਾ ਸੀ ਕਿ ਕਰਤਾਰ ਨਗਰ ਵਿੱਚ ਇਰਫ਼ਾਨ ਦੀ ਲਾਸ਼ ਲੈ ਜਾਣ ਨਾਲ ਹਿੰਸਾ ਭੜਕ ਸਕਦੀ ਹੈ।

ਬਾਹਰ ਦੰਗਾ ਕੰਟਰੋਲ ਕਰਨ ਵਾਲੀ ਗੱਡੀ ਖੜ੍ਹੀ ਹੈ। ਖਾਕੀ ਵਰਦੀਆਂ ਵਿੱਚ ਪੁਲਿਸ ਅਤੇ ਅਰਧ ਸੈਨਿਕ ਕਰਮਚਾਰੀ ਦੰਗੇ ਨੂੰ ਰੋਕਣ ਲਈ ਵਰਤੇ ਜਾਂਦੇ ਹਥਿਆਰਾਂ ਨਾਲ ਲੈਸ ਹੋਏ ਹਰ ਥਾਂ 'ਤੇ ਖੜ੍ਹੇ ਦਿਖਦੇ ਹਨ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਸਥਿਤੀ ਹੁਣ ਆਮ ਵਾਂਗ ਹੋ ਗਈ ਹੈ।

ਪਰ ਜਿਸ ਤਰ੍ਹਾਂ ਪੁਲਿਸ ਅਤੇ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ, ਅਜਿਹਾ ਲੱਗਦਾ ਹੈ ਕਿ ਇਹ ਸਧਾਰਨ ਹਾਲਾਤ ਨਹੀਂ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਹਿੰਸਾ ਦੇ ਖੇਤਰਾਂ ਵਿੱਚ ਤੈਨਾਤ ਸੁਰੱਖਿਆ ਬਲ

ਸ਼ਾਮ ਪੰਜ ਵਜੇ ਤਿੰਨ ਔਰਤਾਂ ਗਲੀ ਨੰਬਰ 37 ਦੇ ਬਾਹਰ ਖੜ੍ਹੀਆਂ ਨਜ਼ਰ ਆਉਂਦੀਆਂ ਹਨ। ਉਨ੍ਹਾਂ ਵਿੱਚੋਂ ਇੱਕ ਰੋ ਰਹੀ ਹੈ।

ਉਹ ਕਹਿੰਦੇ ਹਨ, "ਉਹ ਲੋਕ ਉਸਨੂੰ ਦੂਰ ਲੈ ਗਏ। ਤੁਸੀਂ ਜਾਣਦੇ ਹੋ ਕਿ ਅਸੀਂ ਇਸ ਤਰ੍ਹਾਂ ਦੀ ਹਿੰਸਾ ਕਦੇ ਨਹੀਂ ਦੇਖੀ। ਇੱਥੇ ਅਸੀਂ ਦੀਵਾਲੀ ਵੀ ਈਦ ਵਾਂਗ ਹੀ ਮਨਾਉਂਦੇ ਸੀ। ਉਹ ਬਾਹਰੋਂ ਆਏ ਸਨ। ਉਨ੍ਹਾਂ ਨੇ ਬਹੁਤ ਸਾਰੇ ਲੋਕਾਂ ਨੂੰ ਮਾਰ ਦਿੱਤਾ।''

ਵੈਲਕਮ ਕਬਰਸਤਾਨ ਵਿੱਚ ਲਾਸ਼ ਨੂੰ ਦਫ਼ਨਾਇਆ। ਕੁਝ ਮਿੰਟਾਂ ਵਿੱਚ ਹੀ ਇੱਕ ਨਵੀਂ ਕਬਰ ਤਿਆਰ ਹੋ ਗਈ।

ਇਹ ਵੀ ਪੜ੍ਹੋ:

ਇੱਕ ਆਦਮੀ ਨੇ ਕਿਹਾ, "ਔਰਤਾਂ ਕਬਰਸਤਾਨ ਨਹੀਂ ਆਉਂਦੀਆਂ।"

ਇਸ ਸਭ ਦੇ ਵਿੱਚ, ਇਰਫ਼ਾਨ ਦੀ ਮਾਂ ਕੁਰੇਸ਼ਾ ਦੇ ਚਿਹਰੇ 'ਤੇ ਖਾਲੀਪਨ ਸਾਫ਼ ਦਿਖਾਈ ਦੇ ਰਿਹਾ ਹੈ।

ਇਰਫ਼ਾਨ ਦੀ ਮਾਂ ਇਕ ਹੋਰ ਛੋਟੇ ਹਾਲ ਵਿੱਚ ਔਰਤਾਂ ਨਾਲ ਬੈਠੀ ਹੈ।ਇਰਫ਼ਾਨ ਦੇ ਦੋਵੇਂ ਬੱਚੇ ਦਰਵਾਜ਼ੇ ਦੇ ਕੋਲ ਖੜੇ ਹਨ।

ਵੱਡਾ ਬੱਚਾ ਮੋਬਾਇਲ 'ਤੇ ਕੁਝ ਖੇਡ ਰਿਹਾ ਹੈ। ਦੋਵੇਂ ਪੰਜ ਅਤੇ ਤਿੰਨ ਸਾਲ ਦੇ ਹਨ। ਉਨ੍ਹਾਂ ਨੂੰ ਮੌਤ ਦਾ ਕੋਈ ਅੰਦਾਜ਼ਾ ਨਹੀਂ ਹੈ। ਉਨ੍ਹਾਂ ਨੂੰ ਅਜਿਹੀ ਮੌਤ ਬਾਰੇ ਬਿਲਕੁਲ ਅੰਦਾਜ਼ਾ ਨਹੀਂ ਹੈ।

ਉਹ ਕਹਿੰਦੀ ਹੈ, "ਅਸੀਂ ਦੰਗੇ ਨਹੀਂ ਚਾਹੁੰਦੇ, ਸਾਨੂੰ ਨਿਆਂ ਚਾਹੀਦਾ ਹੈ।"

ਸ਼ੁੱਕਰਵਾਰ ਨੂੰ, ਪਰਿਵਾਰ ਨੇ ਉੁਸਮਾਨਪੁਰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ। ਪਰ ਉਨ੍ਹਾਂ ਨੂੰ ਕੋਈ ਉਮੀਦ ਨਹੀਂ ਹੈ।

ਕੁਰੇਸ਼ਾ ਦੇ ਪੰਜ ਪੁੱਤਰ ਅਤੇ ਦੋ ਧੀਆਂ ਹਨ। ਪਰ ਆਵਾਜ਼ਾਂ ਦਬ ਗਈਆਂ। ਹੁਣ ਇੱਥੇ ਸਿਰਫ਼ ਰੋਣ ਦੀਆਂ ਆਵਾਜ਼ਾਂ ਹਨ।

ਕੁਰੇਸ਼ਾ ਕਹਿੰਦੀ ਹਨ,"ਉਨ੍ਹਾਂ ਨੇ ਉਸ ਦਾ ਸਿਰ ਕੁਚਲ ਦਿੱਤਾ, ਉਸਦੀ ਕੀ ਗਲਤੀ ਸੀ?"

ਵੀਡੀਓ: ਦਿੱਲੀ ਦੇ ਦੰਗਿਆਂ ਵਿੱਚ ਬਿਤਾਏ ਉਹ 5 ਖੌਫ਼ਨਾਕ ਘੰਟੇ

ਭੈਣ ਸਲਮਾ ਲਗਾਤਾਰ ਰੋ ਰਹੀ ਹੈ। ਇਰਫ਼ਾਨ ਦੀ ਪਤਨੀ ਉਨ੍ਹਾਂ ਦੇ ਨਾਲ ਬੈਠੀ ਹੈ। ਉਹ ਕਿਧਰੇ ਖੋਈ ਹੋਈ ਹੈ। ਇੰਝ ਜਾਪਦਾ ਹੈ ਕਿ ਉਨ੍ਹਾਂ ਦੀਆਂ ਅੱਖਾਂ ਪੱਥਰ ਹੋ ਚੁੱਕੀਆਂ ਹਨ।

ਇਕ ਆਦਮੀ ਕਮਰੇ ਵਿੱਚ ਆਇਆ ਅਤੇ ਇੱਕ ਔਰਤ ਨੂੰ ਹਨੇਰਾ ਹੋਣ ਤੋਂ ਪਹਿਲਾਂ, ਸਮੇਂ ਸਿਰ ਘਰ ਜਾਣ ਲਈ ਕਿਹਾ।

ਉਹ ਕਹਿੰਦੇ ਹਨ, "ਹਾਲਾਤ ਠੀਕ ਨਹੀਂ ਹਨ। ਹੁਣ ਜਾਓ, ਕਿਉਂਕਿ ਸਾਨੂੰ ਨਹੀਂ ਪਤਾ ਕਿ ਕੀ ਹੋਣ ਵਾਲਾ ਹੈ।''

ਔਰਤਾਂ ਬੈਠੀਆਂ ਰਹਿੰਦੀਆਂ ਹਨ ਅਤੇ ਮੌਤ ਦੇ ਦੁਖ ਵਿੱਚ ਗੁਆਚੀਆਂ ਹੋਈਆਂ ਹਨ।

ਉਹ ਉਸ ਰਾਤ ਨੂੰ ਡਰ ਨਾਲ ਵਾਰ-ਵਾਰ ਯਾਦ ਕਰਦੀਆਂ ਹਨ। ਸ਼ਾਮ ਦੇ ਸਾਢੇ ਸੱਤ ਵਜੇ ਸਨ, ਜਦੋਂ ਉਹ ਦੁੱਧ ਲੈਣ ਗਏ ਸੀ।

ਭੀੜ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਪਰਿਵਾਰ ਨੇ ਬਾਹਰ ਰੌਲਾ ਸੁਣਿਆ ਅਤੇ ਜਦੋਂ ਤੱਕ ਉਹ ਕੁਝ ਕਰ ਪਾਉਂਦੇ,ਇਰਫ਼ਾਨ ਸੜਕ 'ਤੇ ਪਏ ਹੋਏ ਸਨ। ਭੀੜ ਉਥੋਂ ਭੱਜ ਚੁੱਕੀ ਸੀ।

ਉਹ ਉਸ ਸ਼ਾਮ ਦੀ ਘਟਨਾ ਨੂੰ ਵਾਰ-ਵਾਰ ਦੁਹਰਾਉਂਦੇ ਹਨ। ਉਹ ਕਹਿੰਦੇ ਹਨ, "ਸੱਚ ਲਿਖਣਾ। ਲਿਖਣਾ ਕਿ ਇੱਕ ਨਿਰਦੋਸ਼ ਨੂੰ ਮਾਰਿਆ ਗਿਆ। ਇਰਫ਼ਾਨ ਦੇ ਪਿਤਾ ਦਿਲ ਦੇ ਮਰੀਜ਼ ਹਨ।"

ਇਰਫ਼ਾਨ ਆਪਣੇ ਪਰਿਵਾਰ ਲਈ ਰੋਜ਼ੀ-ਰੋਟੀ ਕਮਾਉਣ ਵਾਲਾ ਇਕਲੌਤਾ ਵਿਅਕਤੀ ਸੀ।

ਕੁਰੇਸ਼ਾ ਕਹਿੰਦੀ ਹਨ, "ਹੁਣ ਅਸੀਂ ਕੀ ਕਰਾਂਗੇ।"

ਬਾਹਰ ਹਨੇਰਾ ਹੋ ਰਿਹਾ ਹੈ। ਸੂਰਜ ਡੁੱਬ ਚੁੱਕਿਆ ਹੈ। ਇੱਕ ਆਦਮੀ ਮੈਨੂੰ ਕਾਰ ਤੱਕ ਛੱਡਣ ਆਇਆ।

ਉਹ ਕਹਿੰਦੇ ਹਨ, "ਵਾਪਸ ਜਾਓ। ਇਹ ਸਮਾਂ ਸੜਕਾਂ 'ਤੇ ਇਕੱਲੇ ਘੁੰਮਣ ਦਾ ਨਹੀਂ। ਨੇੜੇ ਦੇ ਕੁਝ ਇਲਾਕਿਆਂ ਵਿੱਚ ਹਾਲਾਤ ਬਹੁਤ ਮਾੜੇ ਹਨ।"

ਇੱਕ ਔਰਤ ਮੋਢੇ 'ਤੇ ਆਪਣਾ ਹੱਥ ਰੱਖਦੀ ਹੈ। ਉਹ ਆਉਣ ਲਈ ਧੰਨਵਾਦ ਕਰਦੀ ਹੈ। ਉਨ੍ਹਾਂ ਦੀਆਂ ਅੱਖਾਂ ਨਮ ਹਨ।

ਉਹ ਬਸ ਇਨ੍ਹਾਂ ਹੀ ਕਹਿ ਪਾਉਂਦੀ ਹੈ ਤੇ ਰੋਣ ਲੱਗ ਪੈਂਦੀ ਹੈ।

ਉਨ੍ਹਾਂ ਨੇ ਬਸ ਇਹੋ ਕਹਿਣਾ ਸੀ। ਮਾਸੂਮਾਂ ਦਾ ਲਹੂ ਵਹਾਇਆ ਗਿਆ ਹੈ ਅਤੇ ਰੱਬ ਅੱਜ ਰਾਤ ਰੋ ਰਿਹਾ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ

ਵੀਡੀਓ:Delhi Violence: ਲੰਗਰ ਵਰਤਾ ਕੇ ਦਿੱਲੀ ਦੇ ਸ਼ਿਵ ਵਿਹਾਰ ਇਲਾਕੇ ਵਿੱਚ ਪੀੜਤਾਂ ਦੀ ਮਦਦ ਕਰਨ ਵਾਲਿਆਂ ਨੂੰ ਮਿਲੋ

ਵੀਡੀਓ: ਪਾਕਿਸਤਾਨ: 72 ਸਾਲ ਬਾਅਦ ਖੁੱਲ੍ਹੇ ਸ਼ਿਵ ਮੰਦਰ ਦੇ ਬੂਹੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)