ਕੋਰੋਨਾਵਾਇਰਸ: ਕੀ ਕੋਵਿਡ-19 ਮੁੜ ਤੁਹਾਨੂੰ ਬਿਮਾਰ ਕਰ ਸਕਦਾ ਹੈ

  • ਜੇਮਜ਼ ਗੈਲਾਘਰ
  • ਬੀਬੀਸੀ ਸਿਹਤ ਪੱਤਰਕਾਰ
ਖੋਜਕਾਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਦੁਨੀਆਂ ਭਰ ਵਿੱਚ ਵਿਗਿਆਨੀ ਕੋਰੋਨਾਵਾਇਰਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ

ਕੋਰੋਨਾਵਾਇਰਸ ਮਨੁੱਖਤਾ ਲਈ ਬਿਲਕੁਲ ਨਵੀਂ ਲਾਗ ਹੈ।

ਜਦੋਂ ਮਹਾਮਾਰੀ ਸ਼ੁਰੂ ਹੋਈ ਤਾਂ ਕਿਸੇ ਦੇ ਵੀ ਸਰੀਰ ਵਿੱਚ ਇਸ ਨਾਲ ਲੜਨ ਦੀ ਸਮਰੱਥਾ ਨਹੀਂ ਸੀ। ਹੁਣ ਇਸ ਦੀ ਵੈਕਸੀਨ ਬਣ ਚੁੱਕੀ ਹੈ ਅਤੇ ਭਾਰਤ ਸਮੇਤ ਦੁਨੀਆਂ ਦੇ ਕਈ ਦੇਸ਼ਾਂ ਵਿੱਚ ਲਗਾਈ ਜਾ ਰਹੀ ਹੈ।

ਕੋਰੋਨਾਵਾਇਰਸ ਦੇ ਇਸ ਦੌਰ ਵਿੱਚ ਜਦੋਂ ਭਾਰਤ ਇਸ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ ਤਾਂ ਸਰੀਰ ਦੀ ਉਸ ਸ਼ਕਤੀ ਬਾਰੇ ਜਾਣਨਾ ਲਾਹੇਵੰਦ ਹੋਵੇਗਾ ਜੋ ਸਾਨੂੰ ਬੀਮਾਰੀਆਂ ਤੋਂ ਬਚਾਉਂਦੀ ਹੈ ਅਤੇ ਉਨ੍ਹਾਂ ਨਾਲ ਲੜਾਈ ਕਰ ਕੇ ਸਿਹਤ ਨੂੰ ਬਾਹਲ ਕਰਦੀ ਹੈ।

ਤੁਸੀਂ ਕੋਰੋਨਾਵਾਇਰਸ ਤੋਂ ਕਿਵੇਂ ਸੁਰੱਖਿਅਤ ਹੁੰਦੇ ਹੋ?

ਸਰੀਰ ਦੀ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਦੇ ਦੋ ਹਿੱਸੇ ਹਨ।

ਪਹਿਲਾ ਹਿੱਸਾ ਹੈ ਜੋ ਹਮੇਸ਼ਾ ਬੀਮਾਰੀਆਂ ਨਾਲ ਲੜਨ ਲਈ ਤਿਆਰ ਰਹਿੰਦਾ ਹੈ ਅਤੇ ਕਿਸੇ ਬਾਹਰਲੇ ਤੱਤ ਦੇ ਸਰੀਰ ਵਿੱਚ ਆਉਂਦਿਆਂ ਹੀ ਕਾਰਜਸ਼ੀਲ ਹੋ ਕੇ ਉਸ ਦਾ ਮੁਕਾਬਲਾ ਕਰਦਾ ਹੈ। ਸਰੀਰ ਅਜਿਹਾ ਰਸਾਇਣਆਂ ਦੇ ਰਿਸਾਵ, ਸੋਜਿਸ਼ ਅਤੇ ਖੂਨ ਦੇ ਚਿੱਟੇ ਸੈਲਾਂ ਦੀ ਮਦਦ ਨਾਲ ਕਰਦਾ ਹੈ। ਇਹ ਸ਼ਕਤੀ ਜਮਾਂਦਰੂ ਹੁੰਦੀ ਹੈ।

ਇਹ ਵੀ ਪੜ੍ਹੋ:

ਇਹ ਪ੍ਰਣਾਲੀ ਕੋਰੋਨਾਵਾਇਰਸ ਲਈ ਖ਼ਾਸ ਨਹੀਂ ਹੈ। ਇਸ ਲਈ ਇਹ ਕੋਰੋਨਾਵਾਇਰਸ ਨਾਲ ਲੜਾਈ ਨਹੀਂ ਕਰ ਸਕਦੀ ਅਤੇ ਨਾ ਹੀ ਤੁਹਾਨੂੰ ਉਸ ਤੋਂ ਬਚਾਏਗੀ।

ਕੋਰੋਨਾਵਾਇਰਸ ਲਈ ਤੁਹਾਨੂੰ ਢਲ ਸਕਣ ਵਾਲੀ ਸ਼ਕਤੀ ਦੀ ਲੋੜ ਹੈ। ਇਸ ਵਿੱਚ ਉਹ ਸੈਲ ਸ਼ਾਮਲ ਹੁੰਦੇ ਹਨ ਜੋ ਕੋਰੋਨਾਵਾਇਰਸ ਲਈ ਖ਼ਾਸ ਐਂਟੀਬਾਡੀਜ਼ ਬਣਾਉਂਦੇ ਹਨ ਤਾਂ ਜੋ ਉਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਐਂਟੀ ਬਾਡੀਜ਼ ਤੋਂ ਇਲਾਵਾ ਇਸ ਵਿੱਚ ਟੀ-ਸੈਲ ਹੁੰਦੇ ਹਨ ਜੋ ਕਿ ਵਾਇਰਸ ਤੋਂ ਪ੍ਰਭਾਵਿਤ ਸੈੱਲਾਂ ਉੱਪਰ ਹਮਲਾ ਕਰ ਕੇ ਉਨ੍ਹਾਂ ਨੂੰ ਖ਼ਤਮ ਕਰਦੇ ਹਨ। ਇਸ ਨੂੰ ਸੈਲਾਂ ਦੀ ਪ੍ਰਤੀਕਿਰਿਆ ਵੀ ਕਿਹਾ ਜਾਂਦਾ ਹੈ।

ਇਸ ਵਿੱਚ ਸਮਾਂ ਲਗਦਾ ਹੈ। ਅਧਿਐਨ ਦਰਸਾਉਂਦੇ ਹਨ ਕਿ ਸਰੀਰ ਨੂੰ ਕੋਰੋਨਾਵਾਇਰਸ ਉੱਪਰ ਹਮਲਾ ਕਰ ਸਕਣ ਵਾਲੀਆਂ ਐਂਟੀਬਾਡੀਜ਼ ਬਣਾਉਣਾ ਸ਼ੁਰੂ ਕਰਨ ਵਿੱਚ ਦਸ ਦਿਨਾਂ ਤੱਕ ਦਾ ਸਮਾਂ ਲੱਗ ਜਾਂਦਾ ਹੈ। ਦਿਲਚਸਪ ਗੱਲ ਇਹ ਹੈ ਕਿ ਸਭ ਤੋਂ ਜ਼ਿਆਦਾ ਬੀਮਾਰ ਮਰੀਜ਼ ਸਭ ਤੋਂ ਤਕੜੀਆਂ ਐਂਟੀਬਾਡੀਜ਼ ਬਣਾਉਂਦੇ ਹਨ।

ਤਸਵੀਰ ਸਰੋਤ, Getty Images

ਜੇ ਇਹ ਸੁਰੱਖਿਆ ਪ੍ਰਣਾਲੀ ਮਜ਼ਬੂਤ ਬਣ ਜਾਵੇ ਤਾਂ ਇਹ ਲੰਬੇ ਸਮੇਂ ਤੱਕ ਤੁਹਾਨੂੰ ਕੋਰੋਨਾਵਾਇਰਸ ਤੋਂ ਬਚਾਅ ਕੇ ਰੱਖ ਸਕਦੀ ਹੈ।

ਕੋਰੋਨਾਵਾਇਰਸ ਦੇ ਮੱਧਮ ਜਾਂ ਬਿਨਾਂ ਲੱਛਣਾਂ ਵਾਲੇ ਮਰੀਜ਼ ਇਹ ਕੋਰੋਨਾ ਵਿਰੋਧੀ ਐਂਟੀਬਾਡੀਜ਼ ਬਣਾਉਂਦੇ ਹਨ ਜਾਂ ਨਹੀਂ ਇਸ ਬਾਰੇ ਹਾਲੇ ਜਾਣਕਾਰੀ ਦੀ ਕਮੀ ਹੈ।

ਟੀ-ਸੈਲਾਂ ਬਾਰੇ ਵੀ ਸਮਝ ਵਿਕਾਸ ਕਰ ਰਹੀ ਹੈ। (ਪਰ) ਇੱਕ ਤਾਜ਼ਾ ਅਧਿਐਨ ਵਿੱਚ ਦੇਖਿਆ ਗਿਆ ਕਿ ਕੋਰੋਨਾਵਾਇਰਸ ਨੈਗਿਟੀਵ ਮਰੀਜ਼ਾਂ ਵਿੱਚ ਵੀ ਕੁਝ ਨਾ ਕੁਝ ਇਮੀਊਨਿਟੀ ਹੁੰਦੀ ਹੈ।

ਹਰ ਵਿਅਕਤੀ ਜਿਸ ਵਿੱਚ ਇਹ ਐਂਟੀਬਾਡੀਜ਼ ਮਿਲੀਆਂਉਨ੍ਹਾਂ ਵਿੱਚ ਲਾਗ ਤੋਂ ਪ੍ਰਭਾਵਿਤ ਸੈੱਲਾਂ ਨੂੰ ਖ਼ਤਮ ਕਰਨ ਵਾਲੇ ਟੀ-ਸੈੱਲ ਵੀ ਪਾਏ ਸਨ।

ਇੰਪੀਰੀਅਲ ਕਾਲਜ ਲੰਡਨ ਦੇ ਪ੍ਰੋਫ਼ੈਸਰ ਡੈਨੀ ਅਲਟਮੈਨ ਦਾ ਕਹਿਣਾ ਹੈ, "ਉਹ ਕਾਫ਼ੀ ਹੰਢਣਸਾਰ ਲਗਦੇ ਹਨ ਅਤੇ ਲਗਭਗ ਹਰ ਲਾਗ ਪ੍ਰਭਾਵਿਤ ਵਿਅਕਤੀ ਵਿੱਚ ਬਣਾਏ ਜਾਂਦੇ ਹਨ।"

ਵੀਡੀਓ ਕੈਪਸ਼ਨ,

ਕੋਰੋਨਾਵਾਇਰਸ: ਤੁਹਾਡੇ ਸਰੀਰ ਨਾਲ ਕੀ ਕਰਦਾ ਹੈ ਕੋਵਿਡ-19?

ਇਮੀਉਨਿਟੀ ਕਿੰਨੀ ਦੇਰ ਰਹਿੰਦੀ ਹੈ?

ਇਮੀਊਨ ਸਿਸਟਮ ਦੀ ਵੀ ਆਪਣੀ ਯਾਦਾਸ਼ਤ ਹੁੰਦੀ ਹੈ। ਇਸ ਨੂੰ ਕੁਝ ਲਾਗਾਂ ਬਾਰੇ ਯਾਦ ਰਹਿੰਦਾ ਹੈ ਜਦਕਿ ਕਈ ਲਾਗਾਂ ਬਾਰੇ ਇਹ ਭੁੱਲ ਜਾਂਦਾ ਹੈ।

ਕੁਝ ਵਾਇਰਸ ਅਜਿਹੇ ਹੁੰਦੇ ਹਨ ਜੋ ਇਮੀਉਨਿਟੀ ਸਿਸਟਮ ਨੂੰ ਹਮੇਸ਼ਾ ਯਾਦ ਰਹਿੰਦੇ ਹਨ ਜਦਕਿ ਕੁਝ ਅਜਿਹੇ ਹੁੰਦੇ ਹਨ ਜਿਸ ਬਾਰੇ ਇਮੀਊਨ ਸਿਸਟਮ ਭੁੱਲ ਜਾਂਦਾ ਹੈ।

ਨਵੇਂ ਕੋਰੋਨਾਵਾਇਰਸ ਸਾਰਸ-ਕੋਵ-2 ਦੀ ਇਮੀਊਨਿਟੀ ਨੂੰ ਸਮਝਣ ਲਈ ਅਜੇ ਸਮਾਂ ਲੱਗੇਗਾ ਕਿਉਂ ਇਸ ਲਾਗ ਨੂੰ ਅਜੇ ਵਧੇਰਾ ਸਮਾਂ ਨਹੀਂ ਹੋਇਆ ਹੈ।

ਪਰ ਪਬਲਿਕ ਹੈਲਥ ਇੰਗਲੈਂਡ ਦੀ ਇੱਕ ਨਵੀਂ ਸਟਡੀ ਦੱਸਦੀ ਹੈ ਕਿ ਜਿੰਨਾਂ ਨੂੰ ਕੋਰੋਨਾ ਦੀ ਲਾਗ ਲੱਗਦੀ ਹੈ, ਉਹ ਘੱਟੋ-ਘੱਟ 5 ਮਹੀਨਿਆਂ ਲਈ ਦੁਬਾਰਾ ਲਾਗ ਲੱਗਣ ਤੋਂ ਬੱਚ ਸਕਦੇ ਹਨ।

ਕਈ ਲੋਕਾਂ ਨੂੰ ਦੁਬਾਰਾ ਲਾਗ ਲੱਗਦੀ ਹੈ ਅਤੇ ਕਈਆਂ ਵਿੱਚ ਬਾਅਦ ਵਿੱਚ ਬਹੁਤ ਹਲਕੇ ਲੱਛਣ ਹੁੰਦੇ ਹਨ। ਪਰ ਇਹ ਹਲਕੇ ਲੱਛਣਾਂ ਵਾਲੇ ਲੋਕ ਦੂਜਿਆਂ ਨੂੰ ਜ਼ਰੂਰ ਪ੍ਰਭਾਵਿਤ ਕਰ ਸਕਦੇ ਹਨ।

ਪਬਲਿਕ ਹੈਲਥ ਇੰਗਲੈਂਡ ਆਪਣੀ ਸਟਡੀ ਨੂੰ ਇਸ ਬਾਬਤ ਜਾਰੀ ਰੱਖੇਗਾ। ਖ਼ਾਸਕਰ ਇਹ ਜਾਂਚਿਆ ਜਾਵੇਗਾ ਕਿ ਹੈਲਥਕੇਅਰ ਵਰਕਰਾਂ 'ਚ ਇਮੀਊਨਿਟੀ ਕਿੰਨੀ ਰਹਿੰਦੀ ਹੈ।

ਲੰਡਨ ਦੇ ਕਿੰਗ ਕਾਲਜ ਦੀ ਰਿਸਰਚ ਕਹਿੰਦੀ ਹੈ ਕਿ ਕੋਰੋਨਾਵਾਇਰਸ ਨੂੰ ਖਤਮ ਕਰਨ ਵਾਲੀ ਐੰਟੀਬਾਡੀਜ਼ ਸਰੀਰ ਵਿੱਚ ਤਿੰਨ ਮਹੀਨਿਆਂ ਲਈ ਹੀ ਰਹਿੰਦੀ ਹੈ।

ਪਰ ਜੇਕਰ ਐਂਟੀਬਾਡੀ ਖਤਮ ਹੋ ਜਾਂਦੀਆਂ ਹਨ ਤਾਂ ਵੀ ਉਨ੍ਹਾਂ ਨੂੰ ਬਣਾਉਣ ਵਾਲੇ ਸੈੱਲ, ਜਿੰਨਾਂ ਨੂੰ ਬੀ ਸੈੱਲ ਕਹਿੰਦੇ ਹਨ, ਉਹ ਸਰੀਰ ਦੇ ਅੰਦਰ ਹੀ ਰਹਿੰਦੇ ਹਨ। ਸਪੈਨਿਸ਼ ਫਲੂ ਦੇ ਬੀ ਸੈੱਲ ਤਾਂ ਮਹਾਮਾਰੀ ਦੇ 90 ਸਾਲ ਵੀ ਲੋਕਾਂ 'ਚ ਪਾਏ ਗਏ ਸਨ।

ਜੇਕਰ ਕੋਵਿਡ ਲਈ ਵੀ ਅਜਿਹਾ ਸਹੀ ਹੋਵੇ ਤਾਂ ਦੂਸਰੀ ਲਾਗ ਪਹਿਲੀ ਲਾਗ ਨਾਲੋਂ ਕਮਜ਼ੋਰ ਹੋਵੇਗੀ

ਤਸਵੀਰ ਸਰੋਤ, Getty Images

ਪਰ ਟੀ ਸੈੱਲਾਂ ਨਾਲ ਕੀ ਹੁੰਦਾ ਹੈ, ਇਸ ਬਾਰੇ ਹਾਲੇ ਪਤਾ ਨਹੀਂ ਚਲ ਸਕਿਆ।

ਕੀ ਆਮ ਜ਼ੁਖ਼ਾਮ ਨਾਲ ਲੜਨ ਦੀ ਸ਼ਕਤੀ ਕੋਰੋਨਾਵਾਇਰਸ ਤੋਂ ਮੇਰਾ ਬਚਾਅ ਕਰੇਗੀ?

ਹੋ ਸਕਦਾ ਹੈ।

ਹੋ ਸਕਦਾ ਹੈ ਕਿ ਲਾਗ ਦੀਆਂ ਕੁਝ ਕਿਸਮਾਂ ਜਿਨ੍ਹਾਂ ਦੇ ਵਾਇਰਸ ਕੋਰੋਨਾਵਾਇਰਸ ਨਾਲ ਮਿਲਦੇ-ਜੁਲਦੇ ਹੋਣ ਉਨ੍ਹਾਂ ਵਿੱਚ ਸਹਾਈ ਸਾਡੀ ਸਰੀਰਕ ਰੱਖਿਆ ਪ੍ਰਣਾਲੀ ਹੋ ਸਕਦਾ ਹੈ ਕੋਵਿਡ-19 ਨਾਲ ਮੁਕਾਬਲਾ ਕਰਨ ਵਿੱਚ ਵੀ ਮਦਦਗਾਰ ਹੋਵੇ।

ਪ੍ਰਯੋਗਸ਼ਾਲਾ ਵਿੱਚ ਦੇਖਿਆ ਗਿਆ ਹੈ ਕਿ ਜਿਨ੍ਹਾਂ ਲੋਕਾਂ ਦੇ ਸਰੀਰ ਵਿੱਚ ਸਾਰਸ ਜਾਂ ਆਮ ਜੁਖ਼ਾਮ ਨਾਲ ਲੜਨ ਵਾਲੇ ਟੀ-ਸੈੱਲ ਸਨ ਉਨ੍ਹਾਂ ਦੇ ਸਰੀਰ ਨੇ ਕੋਰੋਨਾਵਾਇਰਸ ਦਾ ਵੀ ਮੁਕਾਬਲਾ ਕੀਤਾ।

ਕੀ ਵਾਇਰਸ ਦੀ ਲਾਗ ਦੁਬਾਰਾ ਹੋ ਸਕਦੀ ਹੈ

ਸ਼ੁਰੂਆਤੀ ਸਮੇਂ ਵਿੱਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੇ ਠੀਕ ਹੋਣ ਤੋਂ ਕੁਝ ਸਮੇਂ ਬਾਅਦ ਦੁਬਾਰਾ ਲਾਗ ਦੇ ਮਾਮਲੇ ਸਾਹਮਣੇ ਆਏ ਸਨ।

ਬੀਬੀਸੀ ਪੰਜਾਬੀ ਨੂੰ ਆਪਣੇ ਹੋਮ ਸਕ੍ਰੀ'ਤੇ ਇੰਝ ਦੇਖੋ:

ਪਰ ਵਿਗਿਆਨੀ ਮੰਨਦੇ ਹਨ ਕਿ ਟੈਸਟਿੰਗ ਇਸ ਦਾ ਕਾਰਨ ਸੀ। ਮਰੀਜ਼ਾਂ ਨੂੰ ਗਲਤ ਦੱਸਿਆ ਗਿਆ ਸੀ ਕਿ ਉਹ ਠੀਕ ਹੋ ਗਏ ਹਨ।

ਹਾਂਗ ਕਾਂਗ ਦੇ ਵਿਗਿਆਨੀਆਂ ਨੇ ਹਾਲ ਹੀ ਵਿੱਚ ਇੱਕ ਸਿਹਤਮੰਦ ਨੌਜਵਾਨ ਦੇ ਮਾਮਲੇ ਬਾਰੇ ਦੱਸਿਆ ਹੈ ਜੋ ਕੋਵਿਡ -19 ਤੋਂ ਠੀਕ ਹੋਣ ਤੋਂ ਚਾਰ ਮਹੀਨਿਆਂ ਬਾਅਦ ਮੁੜ ਸੰਕਰਮਿਤ ਹੋਇਆ ਸੀ। ਜੀਵਾਣੂ ਦੇ ਜੀਨੋਮ ਕ੍ਰਮ ਦੀ ਵਰਤੋਂ ਕਰਦਿਆਂ, ਉਨ੍ਹਾਂ ਨੂੰ ਪਤਾ ਲੱਗਿਆ ਕਿ ਉਸ ਨੂੰ ਦੋ ਵਾਰ ਤਾਂ ਹੋਇਆ ਕਿਉਂਕਿ ਵਾਇਰਸ ਦੇ ਸਟ੍ਰੇਨ ਵੱਖਰੇ ਸਨ।

ਮਾਹਿਰਾਂ ਦਾ ਮੰਨਣਾ ਹੈ ਕਿ ਦੁਬਾਰਾ ਲਾਗ ਲੱਗਣਾ ਹੈਰਾਨ ਕਰਨ ਵਾਲੀ ਗੱਲ ਨਹੀਂ ਹੈ ਪਰ ਇਹ ਵਿਰਲਾ ਹੀ ਹੈ। ਇਸ ਨੂੰ ਸਮਝਣ ਲਈ ਵੱਡੇ ਪੱਧਰ 'ਤੇ ਅਧਿਐਨ ਦੀ ਲੋੜ ਹੈ।

Sorry, your browser cannot display this map

ਕੋਈ ਵੀ ਵਿਅਕਤੀ ਜਾਣਬੁੱਝ ਕੇ ਲਾਗ ਨਹੀਂ ਲੁਆਉਣਾ ਚਾਹੇਗਾ ਕਿ ਉਹ ਆਪਣੀ ਸਰੀਰਕ ਰੋਧਕ ਸ਼ਕਤੀ ਨੂੰ ਪਰਖ਼ ਸਕੇ ,ਪਰ ਕੁਝ ਬਾਂਦਰਾਂ ਵਿਚ ਇਹ ਹੋਇਆ ਹੈ।

ਉਹ ਇੱਕ ਵਾਰ ਠੀਕ ਹੋ ਗਏ ਸਨ ਅਤੇ ਹਫ਼ਤੇ ਬਾਅਦ ਮੁੜ ਲਾਗ ਦੇ ਸ਼ਿਕਾਰ ਹੋ ਗਏ। ਪਰ ਇਹ ਸੀਮਤ ਤਜਰਬੇ ਹਨ। ਉਹ ਸੀਮਤ ਤਜਰਬੇ ਦੱਸਦੇ ਹਨ ਕਿ ਉਨ੍ਹਾਂ ਵਿਚ ਦੁਬਾਰਾ ਲੱਛਣ ਦਿਖਾਈ ਨਹੀਂ ਦਿੱਤੇ।

ਵਾਇਰਸ ਸਰੀਰ ਵਿੱਚ ਜ਼ਿੰਦਾ ਰਹਿ ਸਕਦਾ ਹੈ

ਕਈ ਵਾਇਰਸ ਸਰੀਰ ਵਿੱਚ ਤਿੰਨ ਜਾਂ ਇਸ ਤੋਂ ਵੀ ਜ਼ਿਆਦਾ ਮਹੀਨਿਆਂ ਲਈ ਰਹਿ ਸਕਦੇ ਹਨ।

ਏਨਜ਼ੁਆਨੇਸ ਅੱਗੇ ਦੱਸਦੇ ਹਨ, "ਜਦੋਂ ਕੋਈ ਜ਼ੀਰੋ ਪੌਜ਼ੀਟਿਵ (ਪਹਿਲਾਂ ਪੌਜ਼ੀਟਿਵ ਤੇ ਫਿਰ ਨਿਗੇਟਿਵ) ਹੁੰਦਾ ਹੈ, ਤਾਂ ਮੰਨਿਆ ਜਾਂਦਾ ਹੈ ਕਿ ਉਸ ਸ਼ਖਸ ਨੇ ਵਾਇਰਸ ਨਾਲ ਲੜਨ ਲਈ ਇਮਿਊਨਟੀ ਬਣਾ ਲਈ ਹੈ ਤੇ ਵਾਇਰਸ ਦੁਬਾਰਾ ਨਹੀਂ ਆਵੇਗਾ।"

"ਪਰ ਕਈ ਇੰਫੈਕਸ਼ਨ ਕਰਨ ਵਾਲੇ ਏਜੰਟ ਸਰੀਰ ਦੇ ਕੁਝ ਅੰਗਾਂ ਵਿੱਚ ਬਣੇ ਰਹਿੰਦੇ ਹਨ।"

ਕੋਵਿਡ-19 ਦੇ ਮਾਮਲੇ ਵਿੱਚ ਵਿਗਿਆਨਕ ਇਸ ਕਰਕੇ ਹੈਰਾਨ ਹਨ ਕਿਉਂਕਿ ਲੋਕਾਂ ਦੇ ਠੀਕ ਹੋਣ ਮਗਰੋਂ, ਮੁੜ ਤੋਂ ਪੌਜ਼ੀਟਿਵ ਹੋਣ ਦਾ ਸਮਾਂ ਥੋੜ੍ਹਾ ਹੈ।

ਇਹ ਵੀ ਪੜ੍ਹੋ-

ਕੀ ਐਂਟੀਬਾਡੀ ਹੋਣ ਨਾਲ ਮੇਰਾ ਸਰੀਰ ਇਮਿਊਨ ਹੈ?

ਇਸ ਦੀ ਕੋਈ ਗਰੰਟੀ ਨਹੀਂ ਹੈ ਕਿ ਐਂਟੀ-ਬਾਡੀ ਹੋਣ ਨਾਲ ਸਰੀਰ ਦੀ ਰੋਧਕ ਸ਼ਕਤੀ (ਇਮਿਊਨਿਟੀ) ਹੈ। ਇਸ ਕਾਰਨ ਵਿਸ਼ਵ ਸਿਹਤ ਸੰਗਠਨ ਚਿੰਤਤ ਹੈ ਕਿ ਕਈ ਦੇਸ ਇਸ ਕਾਰਨ ਲੌਕਡਾਊਨ ਖ਼ਤਮ ਕਰ ਰਹੇ ਹਨ।

ਇਹ ਮੰਨਣਾ ਕਿ ਐਂਟੀਬਾਡੀ ਹਨ ਤਾਂ ਤੁਸੀਂ ਕੰਮ 'ਤੇ ਪਰਤਣ ਲਈ ਸੁਰੱਖਿਅਤ ਹੋ, ਉਨ੍ਹਾਂ ਲੋਕਾਂ ਲਈ ਵਾਜਿਬ ਹੈ ਜੋ ਕੇਅਰ ਹੋਮਜ਼ ਜਾਂ ਹਸਪਤਾਲਾਂ ਵਿੱਚ ਕੰਮ ਕਰਦੇ ਹਨ ਜੋ ਕਿ ਉਨ੍ਹਾਂ ਲੋਕਾਂ ਦੇ ਨੇੜੇ ਹਨ ਜਿਨ੍ਹਾਂ ਵਿੱਚ ਕੋਵਿਡ-19 ਦੇ ਗੰਭੀਰ ਲੱਛਣ ਹੋ ਸਕਦੇ ਹਨ।

ਪਰ ਜੇ ਤੁਸੀਂ ਹਰੇਕ ਵਿਅਕਤੀ ਦੇ ਐਂਟੀਬਾਡੀ ਦੇਖੋ ਤਾਂ ਸਭ ਦੇ ਇੱਕੋ ਜਿਹੇ ਨਹੀਂ ਹਨ।

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ,

ਇਸ ਦੀ ਕੋਈ ਗਰੰਟੀ ਨਹੀਂ ਹੈ ਕਿ ਐਂਟੀ-ਬਾਡੀ ਹੋਣ ਨਾਲ ਸਰੀਰ ਦੀ ਰੋਧਕ ਸ਼ਕਤੀ (ਇਮਿਊਨਿਟੀ) ਹੈ

ਨਿਊਟ੍ਰੀਲਾਈਜ਼ਿੰਗ ਐਂਟੀਬਾਡੀ ਉਹ ਹੁੰਦੇ ਹਨ ਜੋ ਕੋਰੋਨਾਵਾਇਰਸ ਨਾਲ ਚਿਪਕ ਜਾਂਦੇ ਹਨ ਅਤੇ ਹੋਰਨਾਂ ਸੈਲਜ਼ ਨੂੰ ਨੁਕਸਾਨ ਪਹੁੰਚਣ ਤੋਂ ਰੋਕਦੇ ਹਨ। ਚੀਨ ਵਿੱਚ ਕੋਵਿਡ-19 ਤੋਂ ਠੀਕ ਹੋਏ 175 ਮਰੀਜ਼ਾਂ ਤੇ ਕੀਤੇ ਅਧਿਐਨ ਤੋਂ ਪਤਾ ਲੱਗਿਆ ਕਿ 30 ਫੀਸਦ ਲੋਕਾਂ ਵਿੱਚ ਨਿਊਟ੍ਰੀਲਾਈਜ਼ਿੰਗ ਐਂਟੀਬਾਡੀ ਦੇ ਬਹੁਤ ਘੱਟ ਪੱਧਰ ਸੀ।

ਸਿਰਫ਼ ਇਸ ਲਈ ਕਿ ਤੁਸੀਂ ਆਪਣੇ ਐਂਟੀਬਾਡੀਜ਼ ਦੁਆਰਾ ਸੁਰੱਖਿਅਤ ਹੋ , ਇਸਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਲਾਗ ਨਹੀਂ ਹੋ ਸਕਦੀ ਅਤੇ ਇਸ ਨੂੰ ਦੂਜਿਆਂ ਨੂੰ ਨਹੀਂ ਦੇ ਸਕਦੇ, ਇਹ ਗਲਤ ਧਾਰਨਾ ਹੈ।

ਵਿਗਿਆਨੀ ਹੋਏ ਹੈਰਾਨ

ਸਰੀਰ ਦੀ ਵੱਖਰੀਆਂ ਬਿਮਾਰੀਆਂ ਨਾਲ ਲੜਨ ਦੀ ਤਾਕਤ ਵੱਖਰੀ ਹੈ।

ਮੀਜ਼ਲਸ ਦੇ ਮਾਮਲੇ ਵਿੱਚ, ਬਚਪਨ ਵਿੱਚ ਬਿਮਾਰੀ ਤੋਂ ਬਚਣ ਲਈ ਕਰਵਾਇਆ ਟੀਕਾਕਰਨ ਸਾਰੀ ਉਮਰ ਲਈ ਕਾਫ਼ੀ ਹੈ।

ਹਾਲਾਂਕਿ ਕਈ ਸਿਹਤ ਅਧਿਕਾਰੀਆਂ ਦਾ ਸੁਝਾਅ ਹੈ ਕਿ ਵਧਦੀ ਉਮਰ ਨਾਲ ਇਸ ਦਾ ਮੁੜ ਤੋਂ ਨਵਾਂ ਤੇ ਪਹਿਲਾਂ ਨਾਲੋਂ ਵਧੀਆ ਟੀਕਾਕਰਨ ਕਰਵਾ ਲੈਣਾ ਚਾਹੀਦਾ ਹੈ।

ਇਸ ਦੇ ਉਲਟ ਕੁਝ ਅਜਿਹੀਆਂ ਬਿਮਾਰੀਆਂ ਹਨ, ਜਿਨਾਂ 'ਤੇ ਟੀਕਾਕਰਨ ਅਸਰ ਨਹੀਂ ਕਰਦਾ। ਸਾਨੂੰ ਬਚਾਅ ਲਈ ਸਮੇਂ-ਸਮੇਂ 'ਤੇ ਦਵਾਈ ਲੈਣੀ ਪੈਂਦੀ ਹੈ।

ਇਸੇ ਤਰ੍ਹਾਂ ਆਮ ਫਲੂ ਵਰਗੀਆਂ ਕਈ ਬਿਮਾਰੀਆਂ ਹਨ, ਜਿਨਾਂ ਦਾ ਵੈਕਸਿਨ ਹਰ ਸਾਲ ਲੈਣਾ ਪੈਂਦਾ ਹੈ। ਇਸ ਦਾ ਕਾਰਨ ਹੈ ਵਾਇਰਸ ਦਾ ਸਰੀਰ 'ਚ ਵਾਰ-ਵਾਰ ਪੈਦਾ ਹੋਣਾ।

ਸਮਝਣ ਦੀ ਕੋਸ਼ਿਸ਼

ਕਿਉਂਕਿ ਕੋਵਿਡ-19 ਅਜੇ ਨਵਾਂ ਵਾਇਰਸ ਹੈ ਤਾਂ ਵਿਗਿਆਨੀ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ।

ਮੈਡਰਿਡ ਵਿੱਚ ਕਾਰਲੋਸ-3 ਹੈਲਥ ਇੰਸਟੀਚਿਊਟ ਦੇ ਖੋਜਕਾਰ ਇਸੀਡੋਰੋ ਮਾਰਟੀਨੇਜ਼ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਮੁੜ ਤੋਂ ਪ੍ਰਭਾਵਿਤ ਕਰ ਸਕਦਾ ਹੈ। ਪਰ ਕੋਵਿਡ-19 ਦੇ ਮਾਮਲੇ ਵਿੱਚ ਵਾਇਰਸ ਦਾ ਮੁੜ ਤੋਂ ਅਸਰ ਦਿਖਣ ਦਾ ਸਮਾਂ ਬਹੁਤ ਥੋੜ੍ਹਾ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਸਰੀਰ ਦੀ ਵੱਖਰੀਆਂ ਬਿਮਾਰੀਆਂ ਨਾਲ ਲੜਨ ਦੀ ਤਾਕਤ ਵੱਖਰੀ ਹੈ

ਮਾਰਟੀਨੇਜ਼ ਨੇ ਬੀਬੀਸੀ ਨੂੰ ਦੱਸਿਆ, "ਜੇ ਆਉਣ ਵਾਲੇ 1-2 ਸਾਲਾਂ ਤੱਕ ਤੁਹਾਡੀ ਇਮਿਊਨਟੀ ਨਹੀਂ ਬਣਦੀ, ਤਾਂ ਅਗਲੇ ਮਹਾਂਮਾਰੀ ਦੌਰਾਨ ਤੁਸੀਂ ਮੁੜ ਤੋਂ ਬਿਮਾਰ ਹੋ ਸਕਦੇ ਹੋ। ਇਹ ਆਮ ਗੱਲ ਹੈ।"

"ਪਰ ਇੱਕ ਮਨੁੱਖ ਦਾ ਇੱਕੋ ਵਾਇਰਸ ਨਾਲ ਠੀਕ ਹੋਣ ਮਗਰੋਂ ਮੁੜ ਤੋਂ ਪੀੜਤ ਹੋਣਾ ਬਹੁਤਾ ਆਮ ਨਹੀਂ ਹੈ।"

ਅਸਥਾਈ ਤੌਰ 'ਤੇ ਹਮਲਾ

ਇਹ ਵਿਆਖਿਆ ਏਨਜ਼ੁਆਨੇਸ ਦੁਆਰਾ ਕਹੀ ਗੱਲ ਨਾਲ ਮੇਲ ਖਾਂਦੀ ਹੈ।

ਵੀਡੀਓ: ਕਿਵੇਂ ਪਤਾ ਲੱਗੇ ਬੁਖਾਰ ਹੈ ਕਿ ਨਹੀਂ?

"ਉਮੀਦ ਹੈ ਕਿ ਜਿਹੜੇ ਲੋਕਾਂ ਵਿੱਚ ਠੀਕ ਹੋਣ ਮਗਰੋਂ ਕੋਵਿਡ-19 ਮੁੜ ਤੋਂ ਪੌਜ਼ੀਟਿਵ ਪਾਇਆ ਜਾਂਦਾ ਹੈ, ਉਹ ਅਸਥਾਈ ਤੌਰ 'ਤੇ ਹੁੰਦਾ ਹੈ। ਹੋ ਸਕਦਾ ਹੈ ਕਿ ਵਾਇਰਸ ਪੂਰੀ ਤਰ੍ਹਾਂ ਖਤਮ ਹੋਣ ਤੋਂ ਪਹਿਲਾਂ ਇੱਕ ਵਾਰ ਮੁੜ ਤੋਂ ਹਮਲਾ ਕਰਦਾ ਹੈ।"

ਪਰ ਦੋਵੇਂ ਖੋਜਕਾਰਾਂ ਦਾ ਕਹਿਣਾ ਹੈ ਕਿ ਅਜੇ ਕੋਵਿਡ-19 ਨੂੰ ਸਮਝਣ ਦੀ ਲੋੜ ਹੈ।

ਪੈਨ ਅਮਰੀਕੀ ਹੈਲਥ ਔਰਗਨਾਇਜ਼ੇਸ਼ਨ ਨੇ ਬੀਬੀਸੀ ਨੂੰ ਦੱਸਿਆ, "ਕੋਵਿਡ-19 ਇੱਕ ਨਵਾਂ ਵਾਇਰਸ ਹੈ ਜਿਸ ਬਾਰੇ ਅਸੀਂ ਹਰ ਰੋਜ਼ ਨਵੀਂ ਗੱਲ ਜਾਣ ਰਹੇ ਹਾਂ।"

ਇਸ ਕਰਕੇ ਵਾਇਰਸ ਦੇ ਦੁਬਾਰਾ ਤੋਂ ਸਰੀਰ 'ਚ ਜਾਗਰੂਕ ਹੋਣ ਬਾਰੇ ਕੁਝ ਪੱਕਾ ਨਹੀਂ ਕਿਹਾ ਜਾ ਸਕਦਾ। ਪਰ ਵਿਗਿਆਨ ਇਸ ਦਾ ਜਵਾਬ ਲੱਭ ਕੇ ਦੁਨੀਆਂ ਭਰ ਦੀਆਂ ਸਰਕਾਰਾਂ ਦੀ ਮਦਦ ਕਰਨਾ ਚਾਹੁੰਦਾ ਹੈ।

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)