ਕੋਰੋਨਾਵਾਇਰਸ: ਭਾਰਤ ਵਰਗੇ ਹਵਾ ਪ੍ਰਦੂਸ਼ਣ ਵਾਲਿਆਂ ਦੇਸਾਂ ’ਚ ਕੋਵਿਡ-19 ਤੋਂ ਮੌਤਾਂ ਦਾ ਕਿੰਨਾ ਖ਼ਤਰਾ
- ਨਵੀਨ ਸਿੰਘ ਖੜਕਾ
- ਬੀਬੀਸੀ ਵਰਲਡ ਸਰਵਿਸ

ਤਸਵੀਰ ਸਰੋਤ, EDUARDO MUNOZ ALVAREZ
ਹਾਰਵਰਡ ਦੇ ਅਧਿਐਨ ਤੋਂ ਪਤਾ ਲੱਗਿਆ ਕਿ ਮਹਾਂਮਾਰੀ ਤੋਂ ਪਹਿਲਾਂ ਦੇ ਸਾਲਾਂ ਵਿੱਚ ਪ੍ਰਦੂਸ਼ਣ ਦੇ ਪੱਧਰ ਵਿੱਚ ਕਮੀ ਆਈ ਸੀ
ਵਿਸ਼ਵ ਸਿਹਤ ਸੰਗਠਨ (WHO) ਦੇ ਅਧਿਕਾਰੀਆਂ ਮੁਤਾਬਕ ਹਵਾ ਪ੍ਰਦੂਸ਼ਣ ਦਾ ਉੱਚਾ ਪੱਧਰ ਕੋਵਿਡ-19 ਦੇ ਗੰਭੀਰ ਮਾਮਲਿਆਂ ਦੇ ਜੋਖ਼ਮ ਨਾਲ ਜੁੜਿਆ ਹੋਇਆ ਇੱਕ ਕਾਰਕ ਹੋ ਸਕਦਾ ਹੈ।
ਵੱਧ ਹਵਾ ਪ੍ਰਦੂਸ਼ਣ ਅਤੇ ਕੋਰੋਨਾਵਾਇਰਸ ਨਾਲ ਜ਼ਿਆਦਾ ਮੌਤ ਦਰ ਵਿਚਕਾਰ ਸਬੰਧਾਂ ਨੂੰ ਹਾਲ ਹੀ 'ਚ ਦੋ ਅਧਿਐਨਾਂ ਵਿੱਚ ਸੁਝਾਇਆ ਗਿਆ ਹੈ ਜਿਨ੍ਹਾਂ ਵਿੱਚ ਇੱਕ ਹਾਰਵਰਡ ਯੂਨੀਵਰਸਿਟੀ ਦੇ ਖੋਜਕਰਤਾ ਵੀ ਸ਼ਾਮਲ ਹਨ।
WHO ਵਿੱਚ ਜਨਤਕ ਸਿਹਤ ਅਤੇ ਵਾਤਾਵਰਣ ਵਿਭਾਗ ਦੇ ਡਾਇਰੈਕਟਰ ਡਾ. ਮਾਰੀਆ ਨੀਰ ਨੇ ਬੀਬੀਸੀ ਨੂੰ ਦੱਸਿਆ, ‘‘ਜੇ ਦੇਸਾਂ ਵਿੱਚ ਹਵਾ ਪ੍ਰਦੂਸ਼ਣ ਦਾ ਪੱਧਰ ਜ਼ਿਆਦਾ ਹੈ ਤਾਂ ਕੋਵਿਡ-19 ਨਾਲ ਲੜਨ ਦੀਆਂ ਉਨ੍ਹਾਂ ਦੀਆਂ ਤਿਆਰੀਆਂ ਦੀ ਯੋਜਨਾ ’ਤੇ ਵਿਚਾਰ ਕਰਨ ਦੀ ਲੋੜ ਹੈ। ਕਿਉਂਕਿ ਹਵਾ ਪ੍ਰਦੂਸ਼ਣ ਦੀ ਸੰਭਾਵਨਾ ਕਾਰਨ ਮੌਤਾਂ ਦੀ ਉੱਚ ਦਰ ਦਾ ਖ਼ਤਰਾ ਵਧ ਗਿਆ ਹੈ।’’
‘‘ਅਸੀਂ ਲਾਤੀਨੀ ਅਮਰੀਕਾ, ਅਫ਼ਰੀਕਾ ਅਤੇ ਏਸ਼ੀਆ ਨੂੰ ਦੇਖ ਰਹੇ ਹਾਂ ਅਤੇ ਇਨ੍ਹਾਂ ਖੇਤਰਾਂ ਵਿੱਚ ਰਾਸ਼ਟਰੀ ਅਧਿਕਾਰੀਆਂ ਦੀ ਸਹਾਇਤਾ ਕਰਨ ਲਈ ਆਪਣੇ ਡੇਟਾਬੇਸ ਦੇ ਆਧਾਰ ’ਤੇ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਸ਼ਹਿਰਾਂ ਦਾ ਇੱਕ ਨਕਸ਼ਾ ਬਣਾ ਰਹੇ ਹਾਂ ਤਾਂ ਕਿ ਉਹ ਆਪਣੀ ਮਹਾਂਮਾਰੀ ਪ੍ਰਤੀਕਿਰਿਆ ਯੋਜਨਾ ਨੂੰ ਉਸ ਅਨੁਸਾਰ ਤਿਆਰ ਕਰ ਸਕਣ।’’
ਮੈਡੀਕਲ ਪੇਸ਼ੇਵਰਾਂ ਦਾ ਮੰਨਣਾ ਹੈ ਕਿ ਕੋਵਿਡ-19 ਦੀਆਂ ਘਟਨਾਵਾਂ ਅਤੇ ਹਵਾ ਪ੍ਰਦੂਸ਼ਣ ਦੇ ਉੱਚ ਪੱਧਰ ਵਿਚਕਾਰ ਸਿੱਧਾ ਸਬੰਧ ਸਾਬਤ ਕਰਨਾ ਜਲਦਬਾਜ਼ੀ ਹੋਵੇਗੀ।
ਤਸਵੀਰ ਸਰੋਤ, CLAUDIO REYES
US-ਹਾਰਵਰਡ ਖੋਜ 'ਚ ਸਾਹਮਣੇ ਆਇਆ ਹੈ ਕਿ ਅਮਰੀਕਾ ਵਿੱਚ ਕੋਵਿਡ-19 ਦੀ ਮੌਤ ਦਰ ਉੱਥੇ ਵਧੀ ਜਿੱਥੇ ਪੀਐੱਮ 2.5 ਦੀ ਘਣਤਾ ਜ਼ਿਆਦਾ ਸੀ
ਪਰ ਹਵਾ ਪ੍ਰਦੂਸ਼ਣ ਦੇ ਉੱਚ ਪੱਧਰ ਵਾਲੇ ਕੁਝ ਦੇਸਾਂ ਵਿੱਚ ਸਿਹਤ ਪ੍ਰੈਕਟੀਸ਼ਨਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੁਝ ਮਰੀਜ਼ਾਂ ਨੂੰ ਹਵਾ ਪ੍ਰਦੂਸ਼ਣ ਨਾਲ ਸਬੰਧਿਤ ਮੁੱਢਲੀਆਂ ਸਥਿਤੀਆਂ ਵਿੱਚ ਗੰਭੀਰ ਕੋਵਿਡ-19 ਦੀ ਲਾਗ ਲਗਦਿਆਂ ਦੇਖਿਆ ਹੈ।
ਹਵਾ ਪ੍ਰਦੂਸ਼ਣ ਨਾਲ ਮੌਤਾਂ
ਵਿਸ਼ਵ ਸਿਹਤ ਸੰਗਠਨ ਦਾ ਅਨੁਮਾਨ ਹੈ ਕਿ ਹਵਾ ਪ੍ਰਦੂਸ਼ਣ ਕਾਰਨ ਸਾਲਾਨਾ ਲਗਭਗ 70 ਲੱਖ ਮੌਤਾਂ ਹੁੰਦੀਆਂ ਹਨ।
ਹਵਾ ਪ੍ਰਦੂਸ਼ਣ ਦੀ ਆਲਮੀ ਵੰਡ ’ਤੇ ਵਿਸ਼ਵ ਬੈਂਕ ਦੀ ਪਿਛਲੇ ਸਾਲ ਪ੍ਰਕਾਸ਼ਿਤ ਹੋਈ ਰਿਪੋਰਟ ਅਨੁਸਾਰ ਦੱਖਣੀ ਏਸ਼ੀਆ, ਮੱਧ ਪੂਰਬ, ਉਪ ਸਹਾਰਾ ਅਫ਼ਰੀਕਾ ਅਤੇ ਉੱਤਰੀ ਅਫ਼ਰੀਕਾ ਵਿੱਚ ਕਈ ਪ੍ਰਭਾਵਿਤ ਦੇਸ ਹਨ।
Sorry, your browser cannot display this map
ਚਿੱਲੀ, ਬ੍ਰਾਜ਼ੀਲ, ਮੈਕਸੀਕੋ ਅਤੇ ਪੇਰੂ ਦੇ ਲਾਤੀਨੀ ਅਮਰੀਕੀ ਸ਼ਹਿਰਾਂ ਵਿੱਚ ਵੀ ਕਈ ਵਿਸ਼ਵ ਸਿਹਤ ਸੰਗਠਨ ਅਤੇ ਸੰਯੁਕਤ ਰਾਸ਼ਟਰ ਵਾਤਾਵਰਣ ਰਿਪੋਰਟ ਵੱਲੋਂ ਹਵਾ ਪ੍ਰਦੂਸ਼ਣ ਦੇ ਖ਼ਤਰਨਾਕ ਪੱਧਰ ਪਾਏ ਗਏ ਹਨ।
ਹਵਾ ਪ੍ਰਦੂਸ਼ਣ ਦੇ ਲੰਬੇ ਸਮੇਂ ਦੇ ਜੋਖ਼ਮ ਨੂੰ ਦੇਖਦੇ ਹੋਏ ਹਾਰਵਰਡ ਯੂਨੀਵਰਸਿਟੀ ਦੇ ਇੱਕ ਅਧਿਐਨ ਤੋਂ ਪਤਾ ਚੱਲਦਾ ਹੈ ਕਿ ਮਹਾਂਮਾਰੀ ਤੋਂ ਪਹਿਲਾਂ ਦੇ ਸਾਲਾਂ ਵਿੱਚ ਮਹੀਨ ਕਣ ਪ੍ਰਦੂਸ਼ਣ ਪੱਧਰ ਵਿੱਚ ਮਾਮੂਲੀ ਵਾਧੇ ਨਾਲ ਕੋਵਿਡ-19 ਦੀ ਮੌਤ ਦਰ ਲਗਭਗ 15 ਫੀਸਦੀ ਵਧ ਸਕਦੀ ਹੈ।
ਤਸਵੀਰ ਸਰੋਤ, MARCO BERTORELLO
ਇਟਲੀ ਦੇ ਇੱਕ ਹੋਰ ਅਧਿਐਨ ਨੇ ਹਵਾ ਪ੍ਰਦੂਸ਼ਣ ਦੇ ਉੱਚੇ ਪੱਧਰ ਤੇ ਇਸ ਖੇਤਰ ਵਿੱਚ ਕੋਵਿਡ-19 ਕਾਰਨ ਮੌਤਾਂ ਦੀ ਵੱਡੀ ਗਿਣਤੀ ਵਿਚਕਾਰ ਸੰਭਾਵਿਤ ਸਬੰਧ ਦਰਸਾਏ ਹਨ
ਅਧਿਐਨ ਨੇ ਅਮਰੀਕਾ ਦੇ ਜ਼ਿਆਦਾਤਰ ਹਿੱਸਿਆਂ ਨੂੰ ਵੇਖਿਆ। ਸਟੱਡੀ ਵਿੱਚ ਕੌਮੀ ਪੱਧਰ ’ਤੇ ਹਵਾ ਪ੍ਰਦੂਸ਼ਣ ਅਤੇ ਜਨਗਣਨਾ ਦੇ ਅੰਕੜਿਆਂ ਦੀ ਵਰਤੋਂ ਕੀਤੀ।
ਇਸ ਦੇ ਨਾਲ ਹੀ ਜੌਨਜ਼ ਹੌਪਕਿਨਜ਼ ਯੂਨੀਵਰਸਿਟੀ, ਸੈਂਟਰ ਫਾਰ ਸਿਸਟਮਜ਼ ਸਾਇੰਸ ਐਂਡ ਇੰਜਨੀਅਰਿੰਗ ਕੋਰੋਨਾਵਾਇਰਸ ਰਿਸਰਚ ਸੈਂਟਰ ਦੇ ਕੋਵਿਡ-19 ਕਰਕੇ ਹੋਈਆਂ ਮੌਤਾਂ ਦੇ ਅੰਕੜਿਆਂ ਦੀ ਤੁਲਨਾ ਕੀਤੀ ਗਈ ਹੈ।
ਹਾਰਵਰਡ ਯੂਨੀਵਰਸਿਟੀ ਟੀ.ਐੱਚ. ਚੈਨ ਸਕੂਲ ਆਫ ਪਬਲਿਕ ਹੈਲਥ ਦੇ ਖੋਜਕਰਤਾਵਾਂ ਵੱਲੋਂ ਕੱਢੇ ਸਿੱਟਿਆਂ ਅਨੁਸਾਰ ਮੌਤ ਦੀ ਦਰ ਵਿੱਚ ਉੱਥੇ ਵਾਧਾ ਹੋਇਆ ਹੈ ਜਿੱਥੇ ਪੀਐੱਮ 2.5 ਦੇ ਰੂਪ ਵਿੱਚ ਜਾਣੇ ਜਾਣ ਵਾਲੇ ਮਹੀਨ ਕਣਾਂ ਦੀ ਘਣਣਾ ਜ਼ਿਆਦਾ ਸੀ।
ਹਾਰਵਰਡ ਯੂਨੀਵਰਸਿਟੀ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ, ‘‘ਕੋਵਿਡ-19 ਦੀ ਮੌਤ ਦਰ ਵਿੱਚ ਪੈਟਰਨ ਆਮ ਤੌਰ ’ਤੇ ਉੱਚ ਜਨਸੰਖਿਆ ਘਣਤਾ ਅਤੇ ਉੱਚ ਪੀਐੱਮ 2.5 ਜੋਖ਼ਮ ਦੋਵਾਂ ਖੇਤਰਾਂ ਵਿੱਚ ਪੈਟਰਨਾਂ ਦੀ ਨਕਲ ਕਰਦੇ ਹਨ।
ਪੀਐੱਮ 2.5 ਮਹੀਨ ਕਣ ਹਨ, ਇਹ ਮਨੁੱਖੀ ਵਾਲ ਦੇ ਵਿਆਸ ਦੇ ਇੱਕ-ਤਿਹਾਈ ਹੁੰਦੇ ਹਨ ਜਿਹੜੇ ਜੇਕਰ ਸਾਹ ਨਾਲ ਅੰਦਰ ਚਲੇ ਜਾਣ ਤਾਂ ਫੇਫੜਿਆਂ ਅਤੇ ਖੂਨ ਦੇ ਵਹਾਅ ਤੱਕ ਪਹੁੰਚ ਸਕਦੇ ਹਨ। ਉਨ੍ਹਾਂ ਨੂੰ ਪਹਿਲਾਂ ਸਾਹ ਸਬੰਧੀ ਲਾਗ ਅਤੇ ਫੇਫੜਿਆਂ ਦੇ ਕੈਂਸਰ ਸਮੇਤ ਸਿਹਤ ਮਾਮਲਿਆਂ ਨਾਲ ਜੋੜਿਆ ਜਾਂਦਾ ਰਿਹਾ ਹੈ।
ਇਸ ਅਧਿਐਨ ਦੀ ਅਜੇ ਤੱਕ ਗਹਿਰਾਈ ਨਾਲ ਸਮੀਖਿਆ ਨਹੀਂ ਕੀਤੀ ਗਈ, ਪਰ ਜਰਮਨੀ ਦੀ ਲੁਡਵਿਗ ਮੈਕਸਿਮਿਲਅਨਜ਼ ਯੂਨੀਵਰਸਿਟੀ ਦੇ ਮਹਾਂਮਾਰੀ ਵਿਗਿਆਨ ਦੀ ਚੇਅਰ ਪਰਸਨ ਪ੍ਰੋਫੈਸਰ ਐਨੇਟ ਪੀਟਰਜ਼ ਨੇ ਕਿਹਾ ਇਹ ਨਤੀਜੇ ਸ਼ਲਾਘਾਯੋਗ ਹਨ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, ‘‘ਉਹ ਨਿਮੋਨੀਆ ਕਾਰਨ ਹਸਪਤਾਲ ਵਿੱਚ ਦਾਖਲ ਹੋਏ ਮਰੀਜ਼ਾਂ ਅਤੇ ਮੌਤ ਦਰ ਬਾਰੇ ਪਹਿਲੀਆਂ ਰਿਪੋਰਟਾਂ ਦੇ ਅਨੁਸਾਰ ਹਨ।’’
‘‘ਇਹ ਸਾਡੇ ਸ਼ੱਕ ਦੀ ਪ੍ਰਮਾਣਿਕਤਾ ਕਰਨ ਵਾਲੇ ਪਹਿਲੇ ਅਧਿਐਨਾਂ ਵਿੱਚੋਂ ਇੱਕ ਹੈ ਕਿ ਕੋਵਿਡ-19 ਲਾਗ ਹਵਾ ਪ੍ਰਦੂਸ਼ਣ ਵਿੱਚ ਮੌਜੂਦ ਕਣਾਂ ਰਾਹੀਂ ਤੇਜ਼ੀ ਨਾਲ ਫ਼ੈਲ
ਇਟਲੀ ਵਿੱਚ ਸੀਆਨਾ ਯੂਨੀਵਰਸਿਟੀ ਅਤੇ ਡੈਨਮਾਰਕ ਵਿੱਚ ਅਰਹਸ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਅਧਿਐਨ ਕੀਤਾ ਹੈ।
ਇਟਲੀ ਦੇ ਅਧਿਕਾਰਤ ਅੰਕੜੇ ਦੱਸਦੇ ਹਨ ਕਿ ਲੋਂਬਾਰਡੀ ਅਤੇ ਐਮਿਲਿਆ ਰੋਮਾਗਨਾ ਖੇਤਰਾਂ ਵਿੱਚ ਕੋਵਿਡ-19 ਨਾਲ ਸਬੰਧਿਤ ਮੌਤਾਂ 21 ਮਾਰਚ ਤੱਕ ਬਾਕੀ ਇਟਲੀ ਦੇ 4.5 ਫੀਸਦੀ ਦੇ ਮੁਕਾਬਲੇ ਲਗਭਗ 12 ਫੀਸਦੀ ਹੋਈਆਂ ਸਨ।
ਸਾਇੰਸ ਡਾਇਰੈਕਟ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਕਿਹਾ ਗਿਆ ਹੈ, "ਉੱਤਰੀ ਇਟਲੀ ਵਿੱਚ ਪ੍ਰਦੂਸ਼ਣ ਦੇ ਉੱਚ ਪੱਧਰ ਨੂੰ ਉਸ ਖੇਤਰ ਵਿੱਚ ਕੋਰੋਨਾਵਾਇਰਸ ਕਰਕੇ ਹੋਏ ਜਾਨੀ ਨੁਕਸਾਨ ਦਾ ਇੱਕ ਵਧੀਕ ਸਹਿ ਕਾਰਕ ਮੰਨਿਆ ਜਾਣਾ ਚਾਹੀਦਾ ਹੈ।’’
ਤਸਵੀਰ ਸਰੋਤ, Getty Images
ਵਰਲਡ ਏਅਰ ਕੁਆਲਿਟੀ ਦੀ ਰਿਪੋਰਟ ਮੁਤਾਬਕ ਭਾਰਤ ਦੇ ਬਹੁਤੇ ਸ਼ਹਿਰਾਂ ਵਿੱਚ ਹਵਾ ਪ੍ਰਦੂਸ਼ਣ ਦਾ ਪੱਧਰ ਕਾਫ਼ੀ ਹੈ (ਫਾਈਲ ਫੋਟੋ)
ਇਸਦੇ ਨਾਲ ਹੀ ਆਬਾਦੀ, ਉਮਰ, ਵਿਭਿੰਨ ਸਿਹਤ ਪ੍ਰਣਾਲੀਆਂ ਸਮੇਤ ਹੋਰ ਕਾਰਕਾਂ ਨੂੰ ਵੀ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ।
ਵਿਕਾਸਸ਼ੀਲ ਦੇਸਾਂ ਵਿੱਚ ਹਵਾ ਪ੍ਰਦੂਸ਼ਣ
ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਦੁਨੀਆਂ ਦੀ 90 ਫੀਸਦੀ ਤੋਂ ਜ਼ਿਆਦਾ ਆਬਾਦੀ ਉਨ੍ਹਾਂ ਥਾਵਾਂ ’ਤੇ ਰਹਿੰਦੀ ਹੈ ਜਿੱਥੇ ਹਵਾ ਪ੍ਰਦੂਸ਼ਣ ਆਪਣੀ ਤੈਅ ਸੀਮਾ ਤੋਂ ਜ਼ਿਆਦਾ ਹੈ।
ਉਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਗਰੀਬ ਦੇਸ਼ਾਂ ਵਿੱਚ ਹਨ।
ਸੀਜ਼ਰ ਬੁਗਾਓਇਸਨ ਫਿਲੀਪੀਨਜ਼ ਵਿੱਚ ਐਸੋਸੀਏਸ਼ਨ ਫਾਰ ਰੈਸਿਪਿਰੇਟਰੀ ਕੇਅਰ ਪ੍ਰੈਕਟੀਸ਼ਨਰਾਂ ਨਾਲ ਇੱਕ ਰੈਸਿਪਿਰੇਟਰੀ ਥੈਰੇਪਿਸਟ ਹਨ।
ਉਨ੍ਹਾਂ ਨੇ ਕਿਹਾ, ‘‘ਸਾਡੇ ਪ੍ਰਸੰਗਿਕ ਅੰਕੜਿਆਂ ਵਿੱਚ ਕੋਰੋਨਾਵਾਇਰਸ ਕਾਰਨ ਦੇਸ ਦੇ ਲਗਭਗ ਸਾਰੇ ਮ੍ਰਿਤਕ ਸਾਹ ਨਾਲ ਸਬੰਧਿਤ ਬਿਮਾਰੀਆਂ ਤੋਂ ਪੀੜਤ ਸਨ, ਜਿਨ੍ਹਾਂ ਵਿੱਚ ਜ਼ਿਆਦਾਤਰ ਹਵਾ ਪ੍ਰਦੂਸ਼ਣ ਨਾਲ ਜੁੜੇ ਹੋਏ ਸਨ।’’
ਵਿਸ਼ਵ ਹਵਾ ਗੁਣਵੱਤਾ ਰਿਪੋਰਟ 2019 ਸਮੇਤ ਹਾਲੀਆ ਅਧਿਐਨਾਂ ਨੇ ਸੁਝਾਇਆ ਹੈ ਕਿ ਭਾਰਤ ਵਿੱਚ ਜ਼ਿਆਦਾ ਸ਼ਹਿਰ ਹਵਾ ਪ੍ਰਦੂਸ਼ਣ ਦੇ ਉੱਚ ਪੱਧਰ ਵਾਲੇ ਹਨ।
ਦੇਸ ਵਿੱਚ ਹੁਣ ਤੱਕ ਕੋਵਿਡ-19 ਨਾਲ 600 ਤੋਂ ਵੱਧ ਮੌਤਾਂ ਹੋਈਆਂ ਹਨ।
ਭਾਰਤ ਵਿੱਚ ਕੁਝ ਡਾਕਟਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਹਵਾ ਪ੍ਰਦੂਸ਼ਣ ਨਾਲ ਸਬੰਧਿਤ ਸਿਹਤ ਸਥਿਤੀਆਂ ਅਤੇ ਗੰਭੀਰ ਕੋਵਿਡ-19 ਮਾਮਲਿਆਂ ਵਿਚਕਾਰ ਸੰਭਾਵਿਤ ਸਬੰਧ ਨੂੰ ਗੰਭੀਰਤਾ ਨਾਲ ਲੈ ਰਹੇ ਹਨ।
ਦਿੱਲੀ ਦੇ ਪ੍ਰਾਈਮਸ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਪਲਮੋਨਰੀ ਵਿਭਾਗ ਦੇ ਮੁਖੀ ਡਾ. ਐੱਸ. ਕੇ. ਛਾਬੜਾ ਨੇ ਕਿਹਾ, ‘‘ਜੇਕਰ ਅਸੀਂ ਵਾਇਰਸ ਦੇ ਪਸਾਰ ਵਿੱਚ ਮਹੱਤਵਪੂਰਨ ਵਾਧਾ ਦੇਖਦੇ ਹਾਂ, ਤਾਂ ਹਵਾ ਪ੍ਰਦੂਸ਼ਣ ਕਾਰਨ ਮੁੱਢਲੀਆਂ ਸਥਿਤੀਆਂ ਵਾਲੇ ਲੋਕ ਨਿਸ਼ਚਤ ਰੂਪ ਨਾਲ ਜ਼ਿਆਦਾ ਪ੍ਰਭਾਵਿਤ ਹੋਣਗੇ।’’
ਪਬਲਿਕ ਹੈਲਥ ਫਾਊਂਡੇਸ਼ਨ ਇੰਡੀਆ ਦੇ ਪ੍ਰਧਾਨ ਪ੍ਰੋਫੈਸਰ ਸ੍ਰੀਨਾਥ ਰੈਡੀ ਇਸ ਨਾਲ ਸਹਿਮਤ ਹਨ।
ਉਨ੍ਹਾਂ ਨੇ ਕਿਹਾ, ‘‘ਜੇਕਰ ਹਵਾ ਪ੍ਰਦੂਸ਼ਣ ਨੇ ਪਹਿਲਾਂ ਤੋਂ ਹੀ ਸਾਹ ਨਾਲੀ ਅਤੇ ਫੇਫੜਿਆਂ ਦੀਆਂ ਕੋਸ਼ਿਕਾਵਾਂ ਨੂੰ ਨੁਕਸਾਨ ਪਹੁੰਚਾਇਆ ਹੈ ਤਾਂ ਕੋਰੋਨਾਵਾਇਰਸ ਦੇ ਹਮਲੇ ਨਾਲ ਸਿੱਝਣ ਲਈ ਸ਼ਕਤੀ ਘੱਟ ਹੋਈ ਹੈ।’’
ਪਰ ਭਾਰਤ ਸਰਕਾਰ ਦੇ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਵੀ ਸੰਭਾਵਿਤ ਸਬੰਧ ਬਾਰੇ ਅਜੇ ਢੁੱਕਵੀਂ ਜਾਣਕਾਰੀ ਨਹੀਂ ਹੈ।
ਇੰਡੀਅਨ ਕੌਂਸਲ ਫਾਰ ਮੈਡੀਕਲ ਰਿਸਰਚ ਦੇ ਬੁਲਾਰੇ ਡਾ. ਰਜਨੀ ਕਾਂਤ ਸ੍ਰੀਵਾਸਤਵ ਨੇ ਕਿਹਾ, ‘‘ਢੁੱਕਵੇਂ ਸਬੂਤ ਨਹੀਂ ਹਨ ਅਤੇ ਅਸੀਂ ਅਜਿਹਾ ਕੋਈ ਅਧਿਐਨ ਨਹੀਂ ਕੀਤਾ ਹੈ।’’
ਸਾਰਸ ਅਤੇ ਹਵਾ ਪ੍ਰਦੂਸ਼ਣ
ਸਵੀਅਰ ਐਕਯੂਟ ਰੈਸਿਪਿਰੇਟਰੀ ਸਿੰਡਰੋਮ (ਸਾਰਸ) ਦਾ 2002 ਦਾ ਪ੍ਰਕੋਪ ਮੌਜੂਦਾ ਮਹਾਂਮਾਰੀ ਦੇ ਕੋਰੋਨਾਵਾਇਰਸ ਦੇ ਇੱਕ ਅਲੱਗ ਸਟਰੇਨ ਤੋਂ ਹੋਇਆ ਸੀ। ਇਹ 26 ਦੇਸਾਂ ਵਿੱਚ ਫੈਲਿਆ ਅਤੇ 8,000 ਤੋਂ ਵੱਧ ਲੋਕਾਂ ਨੂੰ ਲਾਗ ਲਾਈ ਅਤੇ ਲਗਭਗ 800 ਲੋਕਾਂ ਦੀ ਜਾਨ ਲੈ ਲਈ ਸੀ।
ਯੂਸੀਐੱਲਏ ਸਕੂਲ ਆਫ ਪਬਲਿਕ ਹੈਲਥ ਦੇ ਖੋਜਕਰਤਾਵਾਂ ਵੱਲੋਂ 2003 ਵਿੱਚ ਕੀਤੇ ਗਏ ਇੱਕ ਅਧਿਐਨ ਵਿੱਚ ਸੁਝਾਇਆ ਗਿਆ ਸੀ ਕਿ ਉੱਚ ਹਵਾ ਪ੍ਰਦੂਸ਼ਣ ਵਾਲੇ ਖੇਤਰਾਂ ਤੋਂ ਆਉਣ ਕਾਰਨ ਸਾਰਸ ਵਾਲੇ ਲੋਕਾਂ ਦੀ ਬਿਮਾਰੀ ਨਾਲ ਮਰਨ ਦੀ ਸੰਭਾਵਨਾ ਦੁੱਗਣੀ ਹੋ ਜਾਂਦੀ ਹੈ।
ਕੋਰੋਨਾਵਾਇਰਸ ਮਹਾਂਮਾਰੀ ਦੇ ਬਾਅਦ ਤੋਂ ਹਵਾ ਪ੍ਰਦੂਸ਼ਣ ਦੇ ਪੱਧਰ ਵਿੱਚ ਸੁਧਾਰ ਹੋਇਆ ਹੈ, ਪਰ ਚਿੰਤਾਵਾਂ ਹਨ ਕਿ ਇਹ ਫਿਰ ਤੋਂ ਵਧੇਗਾ ਕਿਉਂਕਿ ਆਲਮੀ ਲੌਕਡਾਊਨ ਉਪਾਇਆਂ ਨੂੰ ਘਟਾਇਆ ਜਾਣਾ ਹੈ।
ਤਸਵੀਰ ਸਰੋਤ, MARIO TAMA
ਚਿੱਲੀ-ਲਾਤੀਨੀ ਅਮਰੀਕੀ ਸ਼ਹਿਰਾਂ ਚਿੱਲੀ, ਬ੍ਰਾਜ਼ੀਲ, ਮੈਕਸੀਕੋ ਅਤੇ ਪੇਰੂ ਵਿੱਚ ਵੀ ਹਵਾ ਪ੍ਰਦੂਸ਼ਣ ਖਤਰਨਾਕ ਪੱਧਰ 'ਤੇ ਪਾਇਆ ਗਿਆ ਹੈ
ਹਾਰਵਰਡ ਦੀ ਹਾਲੀਆ ਰਿਪੋਰਟ ਦੇ ਲੇਖਕਾਂ ਵਿੱਚੋਂ ਇੱਕ ਪ੍ਰੋਫੈਸਰ ਫਰਾਂਸੇਸਕਾ ਡੋਮੀਨਿਕੀ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਰਿਪੋਰਟ ਨਾਲ ਅਧਿਕਾਰੀਆਂ ਨੂੰ ਹਵਾ ਪ੍ਰਦੂਸ਼ਣ ਦੇ ਪ੍ਰਭਾਵ ’ਤੇ ਵਿਚਾਰ ਕਰਨ ਲਈ ਕੁਝ ਪ੍ਰਭਾਵ ਪੈ ਸਕਦਾ ਹੈ।
‘‘ਸਾਨੂੰ ਉਮੀਦ ਹੈ ਕਿ ਇਹ ਹਵਾ ਦੀ ਗੁਣਵੱਤਾ ਨੂੰ ਖਰਾਬ ਹੋਣ ਤੋਂ ਰੋਕਣ ਵਿੱਚ ਮਦਦ ਕਰੇਗੀ, ਖਾਸ ਤੌਰ ’ਤੇ ਜਦੋਂ ਅਸੀਂ ਇਸ ਮਹਾਂਮਾਰੀ ਵਿਚਕਾਰ ਪ੍ਰਦੂਸ਼ਣ ਦੇ ਨਿਯਮਾਂ ਨੂੰ ਢਿੱਲ ਦੇਣ ਦੀ ਕੋਸ਼ਿਸ਼ ਕਰਨ ਵਾਲੇ ਅਧਿਕਾਰੀਆਂ ਬਾਰੇ ਸੁਣ ਰਹੇ ਹਾਂ।’’
ਤਸਵੀਰ ਸਰੋਤ, MoHFW_INDIA