ਕੋਰੋਨਾਵਾਇਰਸ: ਉਹ ਥਾਵਾਂ ਜਿੱਥੇ ਬਿਮਾਰੀ ਨੇ ਮੁੜ ਦਿੱਤੀ ਦਸਤਕ

ਤਸਵੀਰ ਸਰੋਤ, Getty Images
ਹਾਲ ਹੀ ਵਿੱਚ ਸਾਹਮਣੇ ਆਏ ਸਾਰੇ ਮਾਮਲੇ ਬਿਨ੍ਹਾਂ ਲੱਛਣਾਂ ਵਾਲੇ ਹਨ
ਚੀਨ ਵਿੱਚ ਸ਼ੁਰੂ ਹੋਣ ਵਾਲਾ ਕੋਵਿਡ-19 ਕਈ ਦੇਸਾਂ ਵਿੱਚ ਲੋਕਾਂ ਨੂੰ ਮੁੜ ਤੋਂ ਪ੍ਰਭਾਵਿਤ ਕਰ ਰਿਹਾ ਹੈ। ਇਹ ਉਹ ਦੇਸ ਹਨ ਜਿਨ੍ਹਾਂ ਵਿੱਚ ਇੱਕ ਵਾਰ ਇਸ ਮਹਾਂਮਾਰੀ ਨੂੰ ਠੱਲ੍ਹ ਪਾ ਦਿੱਤੀ ਗਈ ਸੀ।
ਕੋਰੋਨਾਵਾਇਰਸ ਦੇ ਮਾਮਲਿਆਂ ਵਿੱਚ ਕਮੀ ਦੇਖੇ ਜਾਣ ਤੋਂ ਬਾਅਦ ਇਨ੍ਹਾਂ ਥਾਵਾਂ 'ਤੇ ਲੌਕਡਾਊਨ ਵਿੱਚ ਢਿੱਲ ਦੇ ਦਿੱਤੀ ਗਈ। ਇਸ ਮਗਰੋਂ ਇੱਕ ਵਾਰ ਫਿਰ ਕੋਰੋਨਾਵਾਇਰਸ ਨੇ ਹਮਲਾ ਬੋਲ ਦਿੱਤਾ।
ਚੀਨ ਦਾ ਵੂਹਾਨ, ਜਿੱਥੇ ਇਸ ਬਿਮਾਰੀ ਦੀ ਸ਼ੁਰੂਆਤ ਹੋਈ ਸੀ, ਵਿੱਚ ਸੋਮਵਾਰ ਨੂੰ ਪੰਜ ਨਵੇਂ ਮਾਮਲੇ ਸਾਹਮਣੇ ਆਏ।
3 ਅਪ੍ਰੈਲ ਤੋਂ ਬਾਅਦ 11 ਮਈ ਨੂੰ, ਲਗਭਗ 1 ਮਹੀਨੇ ਬਾਅਦ, ਨਵੇਂ ਕੇਸ ਸਾਹਮਣੇ ਆਏ।
ਅਧਿਕਾਰੀਆਂ ਅਨੁਸਾਰ ਕੋਰੋਨਾਵਾਇਰਸ ਦੇ ਮਾਮਲੇ ਉਸੇ ਰਿਹਾਇਸ਼ੀ ਇਲਾਕੇ ਵਿੱਚ ਆਏ ਹਨ, ਜਿੱਥੇ ਪਹਿਲਾਂ ਕੋਰੋਨਾਵਾਇਰਸ ਨਾਲ ਪੀੜਤ ਮਰੀਜ਼ ਠੀਕ ਹੋ ਚੁੱਕੇ ਹਨ।
ਪਿਛਲੇ ਕੁਝ ਹਫ਼ਤਿਆਂ ਵਿੱਚ ਚੀਨ ਵਿੱਚ ਲੌਕਡਾਊਨ ਸਬੰਧੀ ਢਿੱਲ ਦਿੱਤੀ ਜਾ ਰਹੀ ਸੀ ਤੇ ਬਿਮਾਰੀ ਦੇ ਮਾਮਲਿਆਂ ਵਿੱਚ ਵੀ ਕਮੀ ਦੇਖਣ ਨੂੰ ਮਿਲੀ ਸੀ।
ਸਿਹਤ ਅਧਿਕਾਰੀਆਂ ਤੇ ਮਾਹਰਾਂ ਨੇ ਚੇਤਾਵਨੀ ਦਿੱਤੀ ਸੀ ਕਿ ਜਿਵੇਂ ਹੀ ਦੇਸ ਲੌਕਡਾਊਨ ਵਿੱਚ ਨਰਮੀ ਵਰਤਣਗੇ, ਜ਼ਿਆਦਾ ਲੋਕ ਆਪਣੇ ਘਰਾਂ ਵਿੱਚੋਂ ਬਾਹਰ ਨਿਕਲਣਗੇ ਜਿਸ ਨਾਲ ਲਾਗ ਦੇ ਮਾਮਲਿਆਂ ਵਿੱਚ ਵਾਧਾ ਹੋ ਸਕਦਾ ਹੈ।
8 ਅਪ੍ਰੈਲ ਨੂੰ ਲੌਕਡਾਊਨ ਖੁੱਲ੍ਹਣ ਮਗਰੋਂ ਵੂਹਾਨ ਵਿੱਚ ਇੱਕਠੇ ਪੰਜ ਮਾਮਲੇ ਪਹਿਲੀ ਵਾਰ ਸਾਹਮਣੇ ਆਏ ਹਨ।
ਹਾਲ ਹੀ ਵਿੱਚ ਸਾਹਮਣੇ ਆਏ ਸਾਰੇ ਮਾਮਲੇ ਬਿਨ੍ਹਾਂ ਲੱਛਣਾਂ ਵਾਲੇ ਹਨ। ਜਿਸ ਦਾ ਮਤਲਬ ਇਹ ਹੈ ਕਿ ਇਨ੍ਹਾਂ ਲੋਕਾਂ ਨੂੰ ਨਾ ਤਾਂ ਖੰਘ ਹੈ ਤੇ ਨਾ ਹੀ ਬੁਖਾਰ, ਪਰ ਇਨ੍ਹਾਂ ਦਾ ਕੋਰੋਨਾ ਟੈਸਟ ਪੌਜ਼ਿਟਿਵ ਆਇਆ ਹੈ।
ਤਸਵੀਰ ਸਰੋਤ, Getty Images
ਸਿਹਤ ਅਧਿਕਾਰੀਆਂ ਤੇ ਮਾਹਰਾਂ ਨੇ ਚੇਤਾਵਨੀ ਦਿੱਤੀ ਸੀ ਕਿ ਜਿਵੇਂ ਹੀ ਦੇਸ ਲੌਕਡਾਊਨ ਵਿੱਚ ਨਰਮੀ ਵਰਤਣਗੇ ਤਾਂ ਮਾਮਲਿਆਂ ਵਿੱਚ ਵਾਧਾ ਹੋ ਸਕਦਾ ਹੈ
ਅਹਿਜੇ ਮਰੀਜ਼ ਬਿਨਾਂ ਲੱਛਣਾਂ ਦੇ ਬਾਵਜੂਦ ਵੀ ਹੋਰਾਂ ਵਿੱਚ ਬਿਮਾਰੀ ਫੈਲਾ ਸਕਦੇ ਹਨ ਪਰ ਚੀਨ ਆਪਣੇ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਸਰਕਾਰੀ ਗਿਣਤੀ ਵਿੱਚ ਬਿਨਾਂ ਲੱਛਣਾਂ ਵਾਲੇ ਮਾਮਲਿਆਂ ਨੂੰ ਨਹੀਂ ਜੋੜਦਾ।
ਜਰਮਨੀ ਵਿੱਚ ਵੀ ਰਿਪਰੋਡਕਸ਼ਨ ਰੇਟ ਵਧਿਆ
ਸਰਕਾਰੀ ਅੰਕੜਿਆਂ ਅਨੁਸਾਰ ਜਰਮਨੀ ਵਿੱਚ ਵੀ ਲੌਕਡਾਊਨ ਵਿੱਚ ਢਿੱਲ ਦੇਣ ਦੇ ਕੁਝ ਦਿਨਾਂ ਬਾਅਦ ਹੀ ਕੋਰੋਨਾਵਾਇਰਸ ਲਾਗ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ।
ਤਾਜ਼ੇ ਅੰਕੜਿਆਂ ਅਨੁਸਾਰ ਜਰਮਨੀ ਵਿੱਚ ਰੋਜ਼ 900 ਦੇ ਕਰੀਬ ਮਾਮਲੇ ਸਾਹਮਣੇ ਆਉਂਦੇ ਹਨ।
Sorry, your browser cannot display this map
ਜਰਮਨੀ ਦੇ ਰੋਬਰਟ ਕੋਚ ਇੰਸਟੀਚਿਊਟ ਅਨੁਸਾਰ ਰਿਪਰੋਡਕਸ਼ਨ ਰੇਟ ਵਿੱਚ ਵਾਧਾ ਹੋਇਆ ਹੈ, ਜੋ ਕਿ 1 ਤੋਂ ਜ਼ਿਆਦਾ ਹੈ।
ਰਿਪਰੋਡਕਸ਼ਨ ਰੇਟ ਕਿਸੇ ਵੀ ਬਿਮਾਰੀ ਦੇ ਫੈਲਣ ਦਾ ਦਰ ਹੁੰਦਾ ਹੈ ਜੋ ਸਾਡੀ ਬਿਮਾਰੀ ਨਾਲ ਲੜਨ ਦੀ ਸਮਰਥਾ ਅਨੁਸਾਰ ਵਧਦਾ ਜਾਂ ਘਟਦਾ ਰਹਿੰਦਾ ਹੈ।
ਪਿਛਲੇ ਦਿਨੀ ਰਿਪਰੋਡਕਸ਼ਨ ਰੇਟ 1.1 ਸੀ। ਜਿਸ ਦਾ ਮਤਲਬ ਸੀ ਕਿ 10 ਇਨਫੈਕਸ਼ਨ ਵਾਲੇ ਲੋਕ 11 ਹੋਰ ਲੋਕਾਂ ਨੂੰ ਬਿਮਾਰ ਕਰ ਸਕਦੇ ਹਨ। ਮਹਾਂਮਾਰੀ ਨੂੰ ਕੰਟਰੋਲ ਵਿੱਚ ਰੱਖਣ ਲਈ ਇਹ ਰੇਟ 1 ਨਾਲੋਂ ਘੱਟ ਹੋਣਾ ਚਾਹੀਦਾ ਹੈ।
ਇਸ ਅੰਕੜੇ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦੇਸ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਵੱਧ ਰਹੇ ਹਨ।
ਤਸਵੀਰ ਸਰੋਤ, Getty Images
ਜਰਮਨੀ ਵਿੱਚ ਲੋਕਾਂ ਲਈ ਮਾਸ ਟੈਸਟਿੰਗ ਦੀ ਸੁਵਿਧਾ ਸ਼ੁਰੂ ਕੀਤੀ ਗਈ ਹੈ
ਦੂਜੇ ਪਾਸੇ ਜਰਮਨੀ ਦੇ ਲੋਕ ਪੂਰੀ ਤਰ੍ਹਾਂ ਲੌਕਡਾਊਨ ਹਟਾਉਣ ਦੀ ਮੰਗ ਕਰ ਰਹੇ ਹਨ।
ਚਾਂਸਲਰ ਐਂਗਲਾ ਮਰਕਲ ਨੇ ਕੁਝ ਦਿਨ ਪਹਿਲਾਂ ਹੀ ਸੂਬਾ ਸਰਕਾਰਾਂ ਨਾਲ ਸਲਾਹ ਕਰ ਕੇ ਵੱਡੇ ਪੱਧਰ 'ਤੇ ਲੌਕਡਾਊਨ ਖੋਲ੍ਹਣ ਦਾ ਐਲਾਨ ਕੀਤਾ ਸੀ, ਜਿਸ ਵਿੱਚ ਦੁਕਾਨਾਂ, ਰੈਸਟੋਰੈਂਟ, ਸਕੂਲ ਤੇ ਖੇਡਾਂ ਸ਼ੁਰੂ ਕਰਨ ਦੀ ਆਗਿਆ ਦੇ ਦਿੱਤੀ ਗਈ ਹੈ।
ਬਰਲਿਨ ਤੋਂ ਬੀਬੀਸੀ ਪੱਤਰਕਾਰ ਡੇਮਿਯਨ ਮੇਕਗੁਇਨੈੱਸ ਅਨੁਸਾਰ ਸਰਕਾਰ ਵਧਦੇ ਮਾਮਲਿਆਂ 'ਤੇ ਨਜ਼ਰ ਰੱਖ ਰਹੀ ਹੈ ਤੇ ਵਾਇਰਸ ਦੇ ਮੁੜ ਤੇਜ਼ੀ ਫੜਨ 'ਤੇ ਦੁਬਾਰਾ ਲੌਕਡਾਊਨ ਵੀ ਕੀਤਾ ਜਾ ਸਕਦਾ ਹੈ।
ਦੱਖਣੀ ਕੋਰੀਆ 'ਚ ਨਾਇਟ ਕਲੱਬ ਕਲੱਸਟਰ ਵਿੱਚ ਸਾਹਮਣੇ ਆਏ 94 ਮਾਮਲੇ
ਦੁਨੀਆਂ ਭਰ ਵਿੱਚ ਦੱਖਣੀ ਕੋਰੀਆ ਦੀ ਕੋਰੋਨਾਵਾਇਰਸ ਨਾਲ ਸਹੀ ਤਰੀਕੇ ਨਾਲ ਨਜਿੱਠਣ ਲਈ ਸ਼ਲਾਘਾ ਕੀਤੀ ਗਈ ਸੀ।
ਵੱਡੇ ਪੱਧਰ 'ਤੇ ਲੋਕਾਂ ਦੇ ਕੋਰੋਨਾਵਾਇਰਸ ਟੈਸਟ ਕਰਕੇ, ਉਨ੍ਹਾਂ ਨੂੰ ਇਕਾਂਤਵਾਸ ਵਿੱਚ ਰੱਖ ਕੇ ਦੱਖਣੀ ਕੋਰੀਆ ਦੁਨੀਆਂ ਵਿੱਚ ਕੋਰੋਨਾ ਨੂੰ ਮਾਤ ਦੇਣ ਵਾਲੇ ਮੋਢੀ ਦੇਸਾਂ ਵਿੱਚੋਂ ਇੱਕ ਸੀ।
ਦੱਖਣੀ ਕੋਰੀਆ ਵਿੱਚ ਕੋਈ ਲੌਕਡਾਊਨ ਨਹੀਂ ਲਾਇਆ ਗਿਆ ਸੀ ਤੇ ਲਗਾਤਾਰ ਟੈਸਟਿੰਗ ਦੇ ਸਹਾਰੇ 'ਤੇ ਹੀ ਕੋਰੋਨਾ ਦੇ ਮਾਮਲੇ 10 ਨਾਲੋਂ ਵੀ ਘੱਟ ਗਏ ਸਨ।
ਪਰ ਸੋਮਵਾਰ ਨੂੰ ਸਿਓਲ ਦੇ ਨਾਇਟ ਕਲੱਬ ਲਈ ਮਸ਼ਹੂਰ ਜ਼ਿਲ੍ਹੇ ਵਿੱਚ 100 ਦੇ ਲਗਭਗ ਨਵੇਂ ਮਾਮਲੇ ਸਾਹਮਣੇ ਆਏ ਹਨ।
ਇਹ ਮਾਮਲੇ ਸੋਸ਼ਲ ਡਿਸਟੈਂਸਿੰਗ ਵਿੱਚ ਦਿੱਤੀ ਢਿੱਲ ਮਗਰੋਂ ਸਾਹਮਣੇ ਆਏ, ਜੋ ਦਰਸਾਉਂਦਾ ਹੈ ਕਿ ਲਾਗ ਨੂੰ ਆਮ ਜ਼ਿੰਦਗੀ ਦੇ ਚਲਦਿਆਂ ਕੰਟਰੋਲ ਕਰਨਾ ਔਖਾ ਹੋ ਸਕਦਾ ਹੈ।
ਨਵੇਂ ਮਾਮਲਿਆਂ ਦੇ ਆਉਣ ਤੋਂ ਬਾਅਦ, ਅਧਿਕਾਰੀਆਂ ਨੇ ਇਸ ਹਫ਼ਤੇ ਸਕੂਲ ਖੋਲ੍ਹਣ ਦਾ ਫੈਸਲਾ ਫਿਲਹਾਲ ਟਾਲ ਦਿੱਤਾ ਹੈ।
- ਦਵਾਈ ਜਿਸ ਬਾਰੇ ਦਾਅਵਾ ਹੈ ਕਿ ਕੋਵਿਡ-19 ਖ਼ਿਲਾਫ਼ ਇਸ ਦੇ ਨਤੀਜੇ 'ਬਹੁਤ ਵਧੀਆ' ਹਨ
- ‘ਨਾ ਘਰ ਹੈ ਨਾ ਕੰਮ, ਕੀ ਕਰਾਂਗੇ ਇੱਥੇ ਰਹਿ ਕੇ? ਪੈਦਲ ਤੁਰੇ ਹਾਂ ਕਦੇ ਤਾਂ ਘਰੇ ਪਹੁੰਚਾਂਗੇ'
- ਕੋਰੋਨਾਵਾਇਰਸ: ਰੈੱਡ ਜ਼ੋਨ, ਗ੍ਰੀਨ ਜ਼ੋਨ ਅਤੇ ਔਰੈਂਜ ਜ਼ੋਨ ਕਿਵੇਂ ਤੈਅ ਕੀਤੇ ਜਾਂਦੇ ਹਨ
- ਹਜ਼ੂਰ ਸਾਹਿਬ ਤੋਂ ਪਰਤੀ ਕੁਆਰੰਟੀਨ ਹੋਈ ਸ਼ਰਧਾਲੂ, ‘ਪੰਜਾਬ ਪਹੁੰਚਣ ਦੀ ਖ਼ੁਸ਼ੀ ਦੀ ਥਾਂ ਸਾਨੂੰ ਨਵੀਂ ਮੁਸੀਬਤ ਨੇ ਘੇਰਿਆ’
ਨਾਇਟ ਕਲੱਬ ਕਲੱਸਟਰ ਵਿੱਚ ਕੋਰੋਨਾ ਪੀੜਤਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਬਾਰੇ ਪਤਾ ਕਰਨਾ ਔਖਾ ਹੈ।
ਇਸ ਦਾ ਕਾਰਨ ਹੈ ਕਿ ਇਨ੍ਹਾਂ ਕਲੱਬਾਂ ਵਿੱਚ ਆਉਣ ਵਾਲੇ ਜ਼ਿਆਦਾਤਰ ਲੋਕ ਆਪਣਾ ਸਹੀ ਨਾਮ ਤੇ ਫੋਨ ਨੰਬਰ ਨਹੀਂ ਦੱਸਦੇ। ਦੱਖਣੀ ਕੋਰੀਆ ਵਿੱਚ ਸਮਲਿੰਗਤਾ ਆਮ ਹੋਣ ਕਰਕੇ ਇੱਥੇ ਲੋਕ ਆਪਣੀ ਪਹਿਚਾਨ ਜ਼ਿਆਦਾਤਰ ਗੁਪਤ ਰੱਖਦੇ ਹਨ।
ਇਸੇ ਕਰਕੇ ਕੋਰੋਨਾਵਾਇਰਸ ਦੇ ਮਾਮਲਿਆਂ ਨੂੰ ਨਿਪਟਣ ਵਿੱਚ ਦਿੱਕਤ ਆ ਸਕਦੀ ਹੈ।
ਫਿਲਹਾਲ ਸਿਹਤ ਅਧਿਕਾਰੀਆਂ ਦੁਆਰਾ ਅੰਦਾਜ਼ੇ ਨਾਲ ਟੈਸਟ ਕੀਤੇ ਜਾ ਰਹੇ ਹਨ।
ਜਪਾਨ ਦੇ ਇਸ ਦੀਪ 'ਤੇ ਕੋਰੋਨਾਵਾਇਰਸ ਮੁੜ ਆਇਆ
ਜਪਾਨ ਦੇ ਹੋਕਾਇਡੂ ਨੇ ਫ਼ੈਲ ਰਹੀ ਕੋਰੋਨਾਵਾਇਰਸ ਬਿਮਾਰੀ ਨੂੰ ਕਾਬੂ ਕਰਨ ਲਈ ਮੁਸਤੈਦੀ ਨਾਲ ਕਾਰਵਾਈ ਕੀਤੀ ਸੀ ਅਤੇ ਕੁਝ ਦਿਨਾਂ ਵਿੱਚ ਲਾਗ ਦੇ ਨਵੇਂ ਕੇਸਾਂ ਵਿੱਚ ਕਮੀ ਆ ਗਈ ਸੀ।
ਉਸ ਤੋਂ ਬਾਅਦ ਹੋਕਾਇਡੂ ਨੂੰ ਕੋਰੋਨਾਵਾਇਰਸ ਖ਼ਿਲਾਫ਼ ਇੱਕ ਜੇਤੂ ਵਜੋਂ ਦੇਖਿਆ ਜਾਣ ਲੱਗਿਆ।
ਪਰ ਹੋਕਾਇਡੂ ਇੱਕ ਵਾਰ ਮੁੜ ਸੁਰਖੀਆਂ ਵਿੱਚ ਆ ਗਿਆ ਸੀ। ਇਹ ਜਪਾਨ ਦਾ ਪਹਿਲਾ ਸੂਬਾ ਬਣਿਆ ਸੀ, ਜਿੱਥੇ ਕੋਰੋਨਵਾਇਰਸ ਕਾਰਨ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਸੀ।
ਹੋਕਾਇਡੂ ਨੇ ਸਕੂਲ ਬੰਦ ਕਰ ਦਿੱਤੇ ਸਨ, ਵੱਡੇ ਇਕੱਠ ਕਰਨ ਤੋਂ ਲੋਕਾਂ ਨੂੰ ਵਰਜ ਦਿੱਤਾ ਗਿਆ ਸੀ ਤੇ ਜਿੰਨਾ ਹੋ ਸਕੇ ਘਰਾਂ ਵਿੱਚ ਰਹਿਣ ਲਈ ਕਿਹਾ ਗਿਆ।
ਤਸਵੀਰ ਸਰੋਤ, Getty Images
ਹੋਕਾਇਡੂ ਵਿੱਚ ਬੇਹੱਦ ਮੁਸਤੈਦੀ ਨਾਲ ਲਾਗ ਉੱਤੇ ਕਾਬੂ ਪਾ ਲਿਆ ਗਿਆ ਸੀ
ਸਰਕਾਰ ਨੇ ਮੁਸਤੈਦੀ ਨਾਲ ਲਾਗ ਵਾਲੇ ਲੋਕਾਂ ਦੀ ਨਿਸ਼ਾਨਦੇਹੀ ਕੀਤੀ ਅਤੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲਿਆਂ ਨੂੰ ਵੀ ਵੱਖਰਿਆਂ ਕੀਤਾ।
ਇਹ ਨੀਤੀ ਬੜੀ ਕਾਰਗਰ ਸਾਬਤ ਹੋਈ ਅਤੇ ਮਾਰਚ ਦੇ ਮੱਧ ਤੱਕ ਆਉਂਦਿਆਂ-ਆਉਂਦਿਆਂ ਖੇਤਰ ਵਿੱਚ ਕੋਰੋਨਾਵਾਇਰਸ ਦੇ ਨਵੇਂ ਕੇਸਾਂ ਵਿੱਚ ਕਮੀ ਆਉਣੀ ਸ਼ੁਰੂ ਹੋ ਗਈ।
19 ਮਾਰਚ ਨੂੰ ਐਮਰਜੈਂਸੀ ਹਟਾ ਲਈ ਗਈ ਅਤੇ ਅਪ੍ਰੈਲ ਦੀ ਸ਼ੁਰੂਆਤ ਵਿੱਚ ਸਕੂਲ ਖੋਲ੍ਹ ਦਿੱਤੇ ਗਏ।
ਪਰ ਐਮਰਜੈਂਸੀ ਹਟਾਏ ਜਾਣ ਦੇ ਲਗਭਗ ਇੱਕ ਮਹੀਨੇ ਬਾਅਦ ਮੁੜ ਤੋਂ ਲਗਾਉਣੀ ਪਈ। ਹੋਕਾਇਡੂ ਨੂੰ ਲੋਕਾਂ ਉੱਪਰ ਬੰਦਿਸ਼ਾਂ ਮੁੜ ਤੋਂ ਲਾਉਣੀਆਂ ਪਈਆਂ।
ਲੋਕਾਂ ਦੇ ਆਮ ਜ਼ਿੰਦਗੀ ਵਿੱਚ ਪਰਤਣ ਤੋਂ ਬਾਅਦ, ਟੈਸਟਿੰਗ ਵਿੱਚ ਕਮੀ ਕਰਕੇ ਇਹ ਬਿਮਾਰੀ ਮੁੜ ਤੋਂ ਵਧੀ।
ਪ੍ਰੋਫੈਸਰ ਸ਼ਿਬੂਆ ਮੁਤਾਬਕ, ਇਨ੍ਹਾਂ ਕਾਰਨਾਂ ਕਰਕੇ ਹੀ ਜਪਾਨ ਨੂੰ ਹਾਲੇ ਤੱਕ ਕੋਈ ਸਪਸ਼ਟਤਾ ਨਹੀਂ ਹੈ ਕਿ ਉਸ ਦੀ ਵਸੋਂ ਵਿੱਚ ਵਾਇਰਸ ਕਿਵੇਂ ਫ਼ੈਲ ਰਿਹਾ ਹੈ।
ਉਨ੍ਹਾਂ ਦਾ ਕਹਿਣਾ ਹੈ, "ਉਹ ਬਿਮਾਰੀ ਦੇ ਧਮਾਕੇ ਦੇ ਵਿਚਕਾਰਲੇ ਪੜਾਅ ਉੱਤੇ ਹਨ। ਹੋਕਾਇਡੂ ਤੋਂ ਲੈਣ ਯੋਗ ਪ੍ਰਮੁੱਖ ਸਬਕ ਤਾਂ ਇਹ ਹੈ ਕਿ ਭਾਵੇਂ ਤੁਸੀਂ ਪਹਿਲੀ ਵਾਰ ਵਿੱਚ (ਬਿਮਾਰੀ) ਉੱਪਰ ਕਾਬੂ ਪਾਉਣ ਵਿੱਚ ਸਫ਼ਲ ਹੋ ਗਏ।"
"ਇਸ ਰੋਕ ਨੂੰ ਲੰਬੇ ਸਮੇਂ ਤੱਕ ਬਰਕਰਾਰ ਰੱਖਣਾ ਮੁਸ਼ਕਲ ਹੈ। ਜਦ ਤੱਕ ਕਿ ਤੁਸੀਂ ਟੈਸਟ ਕਰਨ ਦੀ ਸਮਰੱਥਾ ਨਾ ਵਧਾਉਂਦੇ ਉਦੋਂ ਤੱਕ ਕਮਿਊਨਿਟੀ ਫ਼ੈਲਾਅ ਅਤੇ ਹਸਪਤਾਲਾਂ ਵਿੱਚ ਫੈਲਾਅ ਦੀ ਪਛਾਣ ਕਰਨਾ ਮੁਸ਼ਕਲ ਹੈ।"