ਕੋਰੋਨਾਵਾਇਰਸ: ਇਹ ਜੋੜਾ 'ਲੰਬੇ' ਹਨੀਮੂਨ 'ਚ ਕਿਵੇਂ ਫਸਿਆ

  • ਸਿਕੰਦਰ ਕਰਮਨੀ
  • ਬੀਬੀਸੀ ਨਿਊਜ਼
ਕੋਰੋਨਾਵਾਇਰਸ

ਤਸਵੀਰ ਸਰੋਤ, family handout

ਤਸਵੀਰ ਕੈਪਸ਼ਨ,

ਦੁਬਈ ਦਾ ਇਹ ਜੋੜਾ ਬਿਨਾ ਕਿਸੇ ਚਿੰਤਾ ਕੈਨਕਨ, ਮੈਕਸੀਕੋ ਲਈ ਰਵਾਨਾ ਹੋਇਆ। ਕੋਰੋਨਾਵਾਇਰਸ ਤਾਂ ਇੱਕ ਦੂਰ ਦੀ ਚਿੰਤਾ ਜਾਪਦੀ ਸੀ, ਕਿਉਂਕਿ ਅਜੇ ਤੱਕ ਇਹ ਪੂਰੀ ਦੁਨੀਆਂ ਵਿੱਚ ਨਹੀਂ ਫੈਲਿਆ ਸੀ।

ਇਸ ਦੀ ਸ਼ੁਰੂਆਤ ਮਿਸਰ ਦੀ ਰਾਜਧਾਨੀ ਕਾਇਰੋ ਵਿੱਚ 6 ਮਾਰਚ ਨੂੰ ਹੋਏ ਇੱਕ ਵਿਆਹ ਨਾਲ ਹੋਈ ਸੀ: ਪਹਿਲੀ ਮੁਲਾਕਾਤ ਤੋਂ ਅੱਠ ਸਾਲ ਬਾਅਦ 36-ਸਾਲਾ ਖਾਲਿਦ ਅਤੇ 35 ਸਾਲਾ ਪੈਰੀ ਨੇ ਆਪਣੇ ਦੋਸਤਾਂ ਅਤੇ ਪਰਿਵਾਰਾਂ ਦੇ ਸਾਮ੍ਹਣੇ ਵਿਆਹ ਕਰਵਾਇਆ।

ਕੁਝ ਦਿਨ ਬਾਅਦ, ਦੁਬਈ ਦਾ ਇਹ ਜੋੜਾ ਕੈਨਕਨ, ਮੈਕਸੀਕੋ ਲਈ ਰਵਾਨਾ ਹੋਇਆ, ਜਿਸ ਨੂੰ ਦੁਨੀਆਂ ਦੀ ਕੋਈ ਚਿੰਤਾ ਨਹੀਂ ਸੀ। ਕੋਰੋਨਾਵਾਇਰਸ ਤਾਂ ਇੱਕ ਦੂਰ ਦੀ ਚਿੰਤਾ ਜਾਪਦੀ ਸੀ, ਕਿਉਂਕਿ ਅਜੇ ਤੱਕ ਇਹ ਪੂਰੀ ਦੁਨੀਆਂ ਵਿੱਚ ਨਹੀਂ ਫੈਲਿਆ ਸੀ।

ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਅਜਿਹੀਆਂ ਸਖ਼ਤ ਪਾਬੰਦੀਆਂ ਦੀ "ਕਦੇ ਉਮੀਦ ਨਹੀਂ ਕੀਤੀ" ਸੀ।

ਹਾਲਾਂਕਿ ਇਹ ਜੋੜਾ ਭੀੜ ਵਾਲੀਆਂ ਥਾਵਾਂ ਤੋਂ ਪਰਹੇਜ਼ ਕਰ ਰਿਹਾ ਸੀ, ਪਰ ਜਦੋਂ ਉਹ 19 ਮਾਰਚ ਨੂੰ ਤੁਰਕੀ ਦੇ ਰਸਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਵੱਲ ਜਾ ਰਹੇ ਸਨ, ਪੂਰੀ ਸਥਿਤੀ ਹੀ ਜਿਵੇਂ ਬਦਲ ਗਈ।

ਤਸਵੀਰ ਸਰੋਤ, Peri

ਤਸਵੀਰ ਕੈਪਸ਼ਨ,

ਨਵੇਂ ਨਿਯਮ ਮੈਕਸੀਕੋ ਤੋਂ ਚਲਦਿਆਂ ਹੀ ਲਾਗੂ ਹੋ ਗਏ ਸਨ। ਇਹ ਜੋੜਾ ਦੋ ਦਿਨਾਂ ਤੱਕ ਏਅਰਪੋਰਟ 'ਤੇ ਫਸਿਆ ਰਿਹਾ।

ਅਚਾਨਕ ਬਦਲ ਗਈ ਸਥਿਤੀ

ਪੈਰੀ ਨੇ ਬੀਬੀਸੀ ਨੂੰ ਦੱਸਿਆ, "ਜਦੋਂ ਅਸੀਂ ਜਹਾਜ਼ ਵਿੱਚ ਸੀ ਤਾਂ ਸਾਡੇ ਕੋਲ ਇੰਟਰਨੈੱਟ ਦੀ ਪਹੁੰਚ ਸੀ ਅਤੇ ਫਿਰ ਸਾਨੂੰ ਲੋਕਾਂ ਵੱਲੋਂ ਮੈਸੇਜ ਆਉਣੇ ਸ਼ੁਰੂ ਹੋ ਗਏ 'ਕੀ ਤੁਸੀਂ ਦੁਬਈ ਵਾਪਸ ਆ ਪਾ ਰਹੇ ਹੋ? ਇੱਕ ਨਵਾਂ ਕਾਨੂੰਨ ਹੈ, ਉਹ ਪਰਦੇਸੀਆਂ 'ਤੇ ਪਾਬੰਦੀ ਲਗਾ ਰਹੇ ਹਨ'।"

ਫਿਰ ਵੀ, ਜਿਵੇਂ ਕਿ ਉਹ ਪਹਿਲਾਂ ਹੀ ਫਲਾਈਟ ਵਿੱਚ ਸਨ, ਉਨ੍ਹਾਂ ਨੇ ਸੋਚਿਆ ਕਿ ਉਨ੍ਹਾਂ ਨੂੰ ਟ੍ਰੈਵਲ ਕਰਨ ਦੀ ਆਗਿਆ ਦਿੱਤੀ ਜਾਏਗੀ। ਪਰ ਜਦੋਂ ਉਨ੍ਹਾਂ ਨੇ ਇਸਤਾਂਬੁਲ ਵਿੱਚ ਆਪਣੀ ਕਨੈਕਟਿੰਗ ਫਲਾਈਟ ਵਿੱਚ ਸਵਾਰ ਹੋਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਸਵਾਰ ਨਹੀਂ ਹੋ ਸਕਦੇ।

ਨਵੇਂ ਨਿਯਮ ਮੈਕਸੀਕੋ ਤੋਂ ਚਲਦਿਆਂ ਹੀ ਲਾਗੂ ਹੋ ਗਏ ਸਨ। ਇਹ ਜੋੜਾ ਦੋ ਦਿਨਾਂ ਤੱਕ ਏਅਰਪੋਰਟ 'ਤੇ ਫਸਿਆ ਰਿਹਾ।

ਤੁਰਕੀ ਵਿੱਚ ਪਾਬੰਦੀਆਂ ਦਾ ਅਰਥ ਹੈ ਕਿ ਉਨ੍ਹਾਂ ਨੂੰ ਸ਼ਹਿਰ ਛੱਡਣ ਅਤੇ ਅੰਦਰ ਜਾਣ ਦੀ ਆਗਿਆ ਨਹੀਂ ਸੀ।

ਤਸਵੀਰ ਸਰੋਤ, khalid

ਤਸਵੀਰ ਕੈਪਸ਼ਨ,

ਉਹ ਯੂਏਈ ਵਿੱਚ ਦਾਖ਼ਲ ਹੋਣ ਵਿੱਚ ਅਸਮਰਥ ਸਨ ਅਤੇ ਮਿਸਰ ਦੀਆਂ ਉਡਾਣਾਂ ਮੁਅੱਤਲ ਹੋ ਗਈਆਂ।

ਮੁਸ਼ਕਲਾਂ ਵੱਧਦੀਆਂ ਹੀ ਗਈਆਂ

ਹਾਲਾਂਕਿ, ਉਨ੍ਹਾਂ ਨੇ ਟਾਇਲਟਰੀ ਅਤੇ ਕੱਪੜੇ ਖਰੀਦਣ ਲਈ ਸੰਘਰਸ਼ ਕੀਤਾ ਅਤੇ ਉਨ੍ਹਾਂ ਨੂੰ ਆਪਣਾ ਸਮਾਨ ਇਕੱਠਾ ਕਰਨ ਦੀ ਇਜਾਜ਼ਤ ਵੀ ਨਹੀਂ ਦਿੱਤੀ ਗਈ।

ਉਹ ਯੂਏਈ ਵਿੱਚ ਦਾਖ਼ਲ ਹੋਣ ਵਿੱਚ ਅਸਮਰਥ ਸਨ ਅਤੇ ਮਿਸਰ ਦੀਆਂ ਉਡਾਣਾਂ ਮੁਅੱਤਲ ਹੋ ਗਈਆਂ। ਉਨ੍ਹਾਂ ਨੂੰ ਸਮਝ ਆਈ ਕਿ ਹੁਣ ਉਨ੍ਹਾਂ ਨੂੰ ਕਿਸੇ ਯੋਜਨਾ ਦੀ ਜ਼ਰੂਰਤ ਹੈ।

ਪੈਰੀ ਨੇ ਕਿਹਾ, "ਅਸੀਂ ਗੂਗਲ 'ਤੇ ਜਾਣ ਦਾ ਫੈਸਲਾ ਕੀਤਾ ਅਤੇ ਉਨ੍ਹਾਂ ਸਾਰੇ ਦੇਸ਼ਾਂ ਦੀ ਸੂਚੀ ਕੱਢੀ ਜੋ ਮਿਸਰੀ ਲੋਕਾਂ ਨੂੰ ਬਿਨਾਂ ਵੀਜ਼ਾ ਆਉਣ ਦੀ ਇਜਾਜ਼ਤ ਦਿੰਦੇ ਹਨ ਅਤੇ ਫਿਰ ਜਾਂਚ ਕੀਤੀ ਕਿ ਕੀ ਉਥੇ ਜਾਣ ਲਈ ਉਡਾਣਾਂ ਹਨ।"

ਤਸਵੀਰ ਸਰੋਤ, Peri

ਤਸਵੀਰ ਕੈਪਸ਼ਨ,

ਖਾਲਿਦ ਅਤੇ ਪੈਰੀ ਨੇ ਮੈਕਸੀਕੋ ਦੀ ਬਜਾਏ ਆਪਣੇ ਹਨੀਮੂਨ ਲਈ ਮਾਲਦੀਵ ਜਾਣ ਬਾਰੇ ਸੋਚਿਆ ਸੀ।

ਮੈਕਸਿਕੋ ਦੀ ਜਗ੍ਹਾ ਮਾਲਦੀਵ

ਅਜਿਹਾ ਜਾਪਿਆ ਕਿ ਉਹਨਾਂ ਕੋਲ ਸਿਰਫ਼ ਇੱਕ ਵਿਕਲਪ ਸੀ: ਮਾਲਦੀਵ। ਮਾਲਦੀਵ ਵਿਸ਼ਵ ਦੇ ਸਭ ਤੋਂ ਸੁੰਦਰ ਸਥਾਨਾਂ ਵਜੋਂ ਪ੍ਰਸਿੱਧ ਹੈ।

ਖਾਲਿਦ ਅਤੇ ਪੈਰੀ ਨੇ ਮੈਕਸੀਕੋ ਦੀ ਬਜਾਏ ਆਪਣੇ ਹਨੀਮੂਨ ਲਈ ਮਾਲਦੀਵ ਜਾਣ ਬਾਰੇ ਸੋਚਿਆ ਵੀ ਸੀ।

ਪੈਰੀ ਨੇ ਕਿਹਾ, "ਮੈਨੂੰ ਯਾਦ ਹੈ ਉਹ ਪਲ ਜਦੋਂ ਸਾਨੂੰ ਇਮੀਗ੍ਰੇਸ਼ਨ ਦੁਆਰਾ ਛੱਡ ਦਿੱਤਾ ਗਿਆ ਸੀ। ਪਰ ਅਸੀਂ ਇੱਕ ਦੂਜੇ ਵੱਲ ਵੇਖਿਆ ਅਤੇ ਸਾਨੂੰ ਬਹੁਤ ਖੁਸ਼ੀ ਹੋਈ ਕਿ ਘੱਟੋ ਘੱਟ ਅਸੀਂ ਹਵਾਈ ਅੱਡੇ ਦੀਆਂ ਸੀਟਾਂ ਦੇ ਉਲਟ ਬੈੱਡ 'ਤੇ ਸੌਂ ਰਹੇ ਹਾਂ!"

ਪੇਸ਼ੇ ਤੋਂ ਟੈਲੀਕਾਮ ਇੰਜੀਨੀਅਰ ਖਾਲਿਦ ਨੇ ਹੱਸਦਿਆਂ ਕਿਹਾ, "ਅਸੀਂ ਆਪਣਾ ਸਮਾਨ ਦੇਖ ਕੇ ਬਹੁਤ ਖੁਸ਼ ਹੋਏ।"

ਠਹਿਰਨ ਲਈ ਜਗ੍ਹਾ ਲੱਭਣ ਦੇ ਤਣਾਅ ਦਾ ਹੱਲ ਹੋਇਆਂ ਤਾਂ ਕਈ ਨਵੀਆਂ ਚੁਣੌਤੀਆਂ ਸਾਹਮਣੇ ਖੜ੍ਹੀਆਂ ਹੋ ਗਈਆਂ।

ਮੀਡੀਆ ਵਿੱਚ ਕੰਮ ਕਰਨ ਵਾਲੀ ਪੈਰੀ ਨੇ ਕਿਹਾ, "ਸਾਨੂੰ ਇਹ ਸਮਝ ਆ ਰਹੀ ਸੀ ਕਿ ਇਹ ਇੱਕ ਵੱਡਾ ਵਿੱਤੀ ਬੋਝ ਹੈ, ਨੌਕਰੀਆਂ 'ਚ ਹੁਣ ਅਸੀਂ ਵਧੀਆ ਢੰਗ ਨਾਲ ਪ੍ਰਦਰਸ਼ਨ ਨਹੀਂ ਕਰ ਪਾਵਾਂਗੇ। ਅਸੀਂ ਆਪਣੇ ਲੈਪਟੌਪ ਪੈਕ ਨਹੀਂ ਕੀਤੇ ਸਨ।"

ਆਈਲੈਂਡ ਰਿਜ਼ੋਰਟ ਪਹੁੰਚਣ 'ਤੇ ਜੋੜੇ ਨੂੰ ਅਹਿਸਾਸ ਹੋਇਆ ਕਿ ਉਹ ਸਿਰਫ਼ ਕੁਝ ਮੁੱਠੀ ਭਰ ਮਹਿਮਾਨਾਂ ਵਿੱਚੋਂ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਘਰ ਦੀਆਂ ਉਡਾਣਾਂ ਲਈ ਉਡੀਕ ਰਹੇ ਸਨ।

ਜਿਵੇਂ ਹੀ ਦੂਸਰੇ ਲੋਕ ਵੀ ਜਾਣਾ ਸ਼ੁਰੂ ਹੋ ਗਏ, ਹੋਟਲ ਬੰਦ ਹੋ ਗਿਆ ਅਤੇ ਜੋੜੇ ਨੂੰ ਇੱਕ ਹੋਰ ਆਈਲੈਂਡ 'ਤੇ ਭੇਜਿਆ ਗਿਆ, ਜਿੱਥੇ ਇਹੋ ਕੁਝ ਹੋਇਆ।

ਉਨ੍ਹਾਂ ਨੇ ਪਿਛਲਾ ਪੂਰਾ ਮਹੀਨਾ ਓਲਹੁਵੇਲੀ ਆਈਲੈਂਡ 'ਤੇ ਇੱਕ ਰਿਜ਼ੋਰਟ ਵਿਖੇ ਮਾਲਦੀਵ ਦੀ ਸਰਕਾਰ ਦੁਆਰਾ ਸਥਾਪਤ ਕੀਤੀ ਇੱਕ ਵਿਸ਼ੇਸ਼ ਇਕੱਲਤਾ ਸਹੂਲਤ ਵਿੱਚ ਬਿਤਾਇਆ।

ਉਹ ਅਧਿਕਾਰੀਆਂ ਦੇ ਸ਼ੁਕਰਗੁਜ਼ਾਰ ਹਨ, ਜੋ ਘੱਟ ਰੇਟ ਲੈ ਰਹੇ ਹਨ।

ਖਾਲਿਦ ਨੇ ਕਿਹਾ, "ਉਹਨਾਂ ਨੇ ਸਾਨੂੰ ਖੁਸ਼ ਰੱਖਣ ਲਈ ਪੂਰੀ ਕੋਸ਼ਿਸ਼ ਕੀਤੀ। ਸ਼ਾਮ ਨੂੰ ਉਹ ਸੰਗੀਤ ਵਜਾਉਂਦੇ, ਰੋਜ਼ ਡੀਜੇ ਹੁੰਦਾ ਅਤੇ ਕਈ ਵਾਰ ਸਾਨੂੰ ਮਾੜਾ ਵੀ ਲੱਗਦਾ ਹੈ ਕਿਉਂਕਿ ਕੋਈ ਵੀ ਨੱਚ ਨਹੀਂ ਰਿਹਾ ਸੀ।"

ਪੈਰੀ ਨੇ ਦੱਸਿਆ, ਰਿਜ਼ੋਰਟ ਵਿੱਚ ਲਗਭਗ 70 ਹੋਰ ਲੋਕ ਸਨ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਹਨੀਮੂਨ 'ਤੇ ਆਏ ਸਨ। ਫ਼ਰਕ ਸਿਰਫ਼ ਇਹ ਸੀ ਕਿ ਦੂਸਰੇ ਲੋਕਾਂ ਨੇ "ਮਾਲਦੀਵ ਨੂੰ ਆਪਣੀ ਹਨੀਮੂਨ ਦੀ ਮੰਜ਼ਿਲ ਵਜੋਂ ਚੁਣਿਆ ਸੀ ਪਰ ਸਾਡੇ ਨਾਲ ਅਜਿਹਾ ਨਹੀਂ ਸੀ।"

ਮਾਲਦੀਵ ਵਿੱਚ 300 ਦੇ ਕਰੀਬ ਯਾਤਰੀ ਬਚੇ ਹਨ। ਨਵੇਂ ਸੈਲਾਨੀਆਂ ਨੂੰ ਆਉਣ ਤੋਂ ਹੁਣ ਰੋਕ ਦਿੱਤਾ ਗਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਕੁਝ ਹੀ ਸਮਾਂ ਸਮੁੰਦਰੀ ਕੰਢੇ ਦਾ ਦੌਰਾ ਕੀਤਾ ਹੈ। ਉਹ ਰਮਜ਼ਾਨ ਦੇ ਪਵਿੱਤਰ ਮਹੀਨੇ ਵਿੱਚ ਵਰਤ ਰੱਖ ਰਹੇ ਹਨ।

ਤਸਵੀਰ ਸਰੋਤ, khalid n peri

ਤਸਵੀਰ ਕੈਪਸ਼ਨ,

ਸੰਯੁਕਤ ਅਰਬ ਅਮੀਰਾਤ ਦੇ ਵਸਨੀਕ ਹੋਣ ਦੇ ਨਾਤੇ, ਪਰ ਨਾਗਰਿਕਤਾ ਨਾ ਹੋਣ ਕਾਰਨ, ਉਨ੍ਹਾਂ ਨੂੰ ਖਾੜੀ ਵਾਪਸ ਪਰਤਣ ਵਾਲੀਆਂ ਉਡਾਣਾਂ ਵਿੱਚ ਜਾਣ ਦੀ ਆਗਿਆ ਨਹੀਂ ਸੀ।

ਦੋਵਾਂ ਦੀ ਜਿਵੇਂ ਜ਼ਿੰਦਗੀ ਹੀ ਬਦਲ ਗਈ

ਦੋਵੇਂ ਕੰਮ 'ਤੇ ਵੀ ਵਾਪਸ ਆ ਗਏ ਹਨ, ਪਰ ਕਾਨਫਰੰਸ ਕਾਲਾਂ ਲਈ ਵਾਈ-ਫਾਈ ਕਨੈਕਟ ਕਰਨ ਲਈ ਵੀ ਸੰਘਰਸ਼ ਕਰਨਾ ਪੈਂਦਾ ਹੈ।

ਪਰ ਘਰ ਪਹੁੰਚਣਾ ਆਸਾਨ ਨਹੀਂ ਹੈ। ਸੰਯੁਕਤ ਅਰਬ ਅਮੀਰਾਤ ਦੇ ਵਸਨੀਕ ਹੋਣ ਦੇ ਨਾਤੇ, ਪਰ ਨਾਗਰਿਕਤਾ ਨਾ ਹੋਣ ਕਾਰਨ, ਉਨ੍ਹਾਂ ਨੂੰ ਖਾੜੀ ਵਾਪਸ ਪਰਤਣ ਵਾਲੀਆਂ ਉਡਾਣਾਂ ਵਿੱਚ ਜਾਣ ਦੀ ਆਗਿਆ ਨਹੀਂ ਸੀ।

ਮਿਸਰ ਨੂੰ ਵਤਨ ਵਾਪਸੀ ਲਈ ਉਡਾਣ ਭਰਨਾ ਇੱਕ ਵਿਕਲਪ ਹੋ ਸਕਦਾ ਸੀ। ਇਸਦਾ ਅਰਥ ਸਰਕਾਰੀ ਸਹੂਲਤ ਵਿੱਚ 14 ਦਿਨਾਂ ਲਈ ਕੁਆਰੰਟੀਨ ਹੋਣਾ ਪੈਣਾ ਸੀ।

ਉਹ ਸੰਯੁਕਤ ਅਰਬ ਅਮੀਰਾਤ ਦੇ ਅਧਿਕਾਰੀਆਂ ਨੂੰ ਅਪੀਲ ਕਰ ਰਹੇ ਹਨ ਕਿ ਉਹ ਫਸੇ ਹੋਏ ਹੋਰਨਾਂ ਵਸਨੀਕਾਂ ਦੀ ਅਤੇ ਉਨ੍ਹਾਂ ਦੀ ਮਦਦ ਕਰਨ। ਉਨ੍ਹਾਂ ਨੇ ਸਰਕਾਰ ਦੇ ਅਧਿਕਾਰਤ ਪੋਰਟਲ ਤੋਂ ਯਾਤਰਾ ਕਰਨ ਲਈ ਮਨਜ਼ੂਰੀ ਲਈ ਅਰਜ਼ੀ ਦਿੱਤੀ ਹੈ, ਪਰ ਅਜੇ ਤੱਕ ਇਜਾਜ਼ਤ ਪ੍ਰਾਪਤ ਨਹੀਂ ਹੋਈ।

ਕਿਸੇ ਵੀ ਸਥਿਤੀ ਵਿੱਚ, ਇਸ ਸਮੇਂ ਕੋਈ ਵੀ ਉਡਾਣਾਂ ਉਪਲਬਧ ਨਹੀਂ ਹੈ।

ਤਿਆਰ ਨਕਸ਼ਾ

ਦੁਨੀਆਂ ਭਰ 'ਚ ਪੌਜ਼ੀਟਿਵ ਕੇਸ

Group 4

ਇੰਟਰੈਕਟਿਵ ਪੂਰਾ ਦੇਖਣ ਲਈ ਬਰਾਊਜ਼ਰ ਅਪਡੇਟ ਕਰੋ

Source: Johns Hopkins University, national public health agencies

ਅੰਕੜੇ-ਆਖ਼ਰੀ ਅਪਡੇਟ 5 ਜੁਲਾਈ 2022, 1:29 ਬਾ.ਦੁ. IST

ਪੈਰੀ ਨੇ ਕਿਹਾ,"ਇਹ ਹਰ ਵਾਰ ਵਧੇਰੇ ਤਣਾਅ ਭਰਪੂਰ ਹੁੰਦਾ ਹੈ ਜਦੋਂ ਅਸੀਂ ਖ਼ਬਰਾਂ ਵਿੱਚ ਪੜ੍ਹਦੇ ਹਾਂ ਕਿ ਏਅਰਲਾਈਨਾਂ ਵਾਪਸ ਕੰਮ ਵਿੱਚ ਆਉਣ ਦੀ ਤਰੀਕ ਨੂੰ ਮੁਲਤਵੀ ਕਰ ਰਹੀਆਂ ਹਨ। ਸਾਨੂੰ ਜੋ ਕਿਹਾ ਜਾਵੇਗਾ, ਅਸੀਂ ਨਿਸ਼ਚਤ ਤੌਰ 'ਤੇ ਕਰਾਂਗੇ।"

ਜਦੋਂ ਯਾਤਰਾ ਦੀ ਵਧਦੀ ਕੀਮਤ ਦੀ ਗੱਲ ਆਉਂਦੀ ਹੈ, ਤਾਂ ਜੋੜੇ ਨੇ ਫੈਸਲਾ ਕੀਤਾ ਹੈ "ਜਦੋਂ ਤੱਕ ਅਸੀਂ ਵਾਪਸ ਨਹੀਂ ਆਉਂਦੇ, ਅਸੀਂ ਕੋਈ ਹਿਸਾਬ ਨਹੀਂ ਕਰਾਂਗੇ। ਸਾਨੂੰ ਨਹੀਂ ਪਤਾ ਕਿ ਇਹ ਕਦੋਂ ਖਤਮ ਹੋਣ ਜਾ ਰਿਹਾ ਹੈ।"

ਫਿਰ ਵੀ, ਉਹ ਜਾਣਦੇ ਹਨ ਕਿ ਦੁਨੀਆਂ ਭਰ ਦੇ ਹੋਰ ਲੋਕ ਬਹੁਤ ਮੁਸ਼ਕਲ ਸਥਿਤੀ ਵਿੱਚ ਹਨ।

ਖਾਲਿਦ ਨੇ ਕਿਹਾ, "ਇਹ ਹਮੇਸ਼ਾ ਦੁਖ ਦੇਣ ਵਾਲਾ ਹੁੰਦਾ ਹੈ ਜਦੋਂ ਤੁਸੀਂ ਕਿਸੇ ਰਿਜ਼ੋਰਟ ਵਿੱਚ ਹੋ ਅਤੇ ਤੁਸੀਂ ਉਥੇ ਆਖ਼ਰੀ ਮਹਿਮਾਨ ਹੋ ਅਤੇ ਸਾਰਾ ਸਟਾਫ਼ ਤੁਹਾਨੂੰ ਅਲਵਿਦਾ ਕਹਿ ਰਿਹਾ ਹੈ। ਤੁਸੀਂ ਉਨ੍ਹਾਂ ਲਈ ਵੀ ਮਾੜਾ ਮਹਿਸੂਸ ਕਰੋਗੇ ... ਇਹ ਸਾਡੇ ਨਾਲ ਦੋ ਵਾਰ ਹੋਇਆ।"

ਉਸ ਨੇ ਕਿਹਾ, "ਹਰ ਵਾਰ ਜਦੋਂ ਅਸੀਂ ਲੋਕਾਂ ਨੂੰ ਕਹਿੰਦੇ ਹਾਂ ਕਿ ਅਸੀਂ ਮਾਲਦੀਵ ਵਿੱਚ ਫਸ ਗਏ ਹਾਂ, ਉਹ ਹੱਸਦੇ ਹਨ। ਉਹ ਇਸ ਨੂੰ ਚੰਗਾ ਆਖਦੇ ਹਨ ਅਤੇ ਕਹਿੰਦੇ ਹਨ ਕਿ ਕਾਸ਼ ਅਸੀਂ ਤੁਹਾਡੀ ਥਾਂ 'ਤੇ ਹੁੰਦੇ। "

ਪੈਰੀ ਨੇ ਕਿਹਾ, "ਇਹ ਇੰਨਾ ਸੌਖਾ ਜਾਂ ਸੁਖਾਵਾਂ ਨਹੀਂ ਹੈ, ਇਹ ਨਿਸ਼ਚਤ ਤੌਰ 'ਤੇ ਬਹੁਤ ਤਣਾਅ ਭਰਪੂਰ ਹੈ ... ਪਰਿਵਾਰ ਨਾਲ ਘਰ ਵਿੱਚ ਹੋਣ ਦਾ ਅਨੰਦ ਲਓ। ਮੈਂ ਇਸ ਨੂੰ ਕਿਸੇ ਵੀ ਚੀਜ਼ 'ਤੋਂ ਉੱਪਰ ਮੰਨਦੀ ਹਾਂ।"

ਇਹ ਵੀਡੀਓਜ਼ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)