ਡਿਪਰੈਸ਼ਨ: ਦਵਾਈਆਂ ਇੰਝ ਬਣਦੀਆਂ ਨੇ ਤੁਹਾਡੀ ਮਾਯੂਸੀ ਦਾ ਕਾਰਨ

ਸੁਸ਼ਾਂਤ ਸਿੰਘ ਰਾਜਪੂਤ

ਤਸਵੀਰ ਸਰੋਤ, Hindustan times

ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੇ ਹਰ ਆਮ ਤੇ ਖਾਸ ਨੂੰ ਹਿਲਾ ਕੇ ਰੱਖ ਦਿੱਤਾ ਹੈ।

35 ਕੂ ਸਾਲਾ ਇਸ ਨੌਜਵਾਨ ਬਾਰੇ ਪੁਲਿਸ ਕਹਿ ਰਹੀ ਹੈ ਕਿ ਉਸਨੇ ਖੁਦਕੁਸ਼ੀ ਕਰ ਲਈ ਹੈ। ਪੁਲਿਸ ਮੁਤਾਬਕ ਉਸ ਦੀ ਮ੍ਰਿਤਕ ਦੇਹ ਉਸਦੇ ਕਮਰੇ ਵਿਚੋਂ ਐਤਵਾਰ ਨੂੰ ਮਿਲੀ ਸੀ।

ਕਿਹਾ ਜਾ ਰਿਹਾ ਹੈ ਕਿ ਉਹ ਡਿਪਰੈਂਸ਼ਨ ਵਿਚ ਸੀ ਭਾਵੇਕਿ ਉਸਦਾ ਪਰਿਵਾਰ ਮੰਨਣ ਲਈ ਤਿਆਰ ਨਹੀਂ ਕਿ ਉਹ ਖੁਦਕਸ਼ੀ ਕਰ ਸਕਦਾ ਹੈ।

ਸੁਸ਼ਾਂਤ ਸਿੰਘ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਲੋਕ ਡਿਪਰੈਸ਼ਨ ਬਾਰੇ ਜਾਣਕਾਰੀ ਲੱਭ ਰਹੇ ਹਨ। ਕੋਰੋਨਾਵਾਇਰਸ ਕਾਰਨ ਹੋਏ ਲੌਕਡਾਊਨ ਨੇ ਕਾਫੀ ਲੋਕਾਂ ਵਿਚ ਮਾਯੂਸੀ ਦਾ ਆਲਮ ਪੈਦਾ ਕਰ ਦਿੱਤਾ ਹੈ।

ਲੋਕ ਇਸ ਦੇ ਲੱਛਣ ਤੇ ਇਲਾਜ ਲੱਭ ਰਹੇ ਹਨ, ਪਰ ਕੁਝ ਸਮਾਂ ਪਹਿਲਾਂ ਬੀਬੀਸੀ ਪੰਜਾਬੀ ਨੇ ਇੱਕ ਅਮਰੀਕੀ ਅਧਿਐਨ ਰਿਪੋਰਟ ਦੇ ਡਿਪਰੈਂਸ਼ਨ ਸੰਬੰਧੀ ਨਤੀਜਿਆਂ ਦੀ ਰਿਪੋਰਟ ਛਾਪੀ ਸੀ, ਜਿਸ ਦਾ ਹੂਬਹੂ ਵੇਰਵਾ ਇੱਥੇ ਦਿੱਤਾ ਜਾ ਰਿਹਾ ਹੈ।

ਵੀਡੀਓ ਕੈਪਸ਼ਨ,

ਕੀ ਤੁਸੀਂ ਕਦੇ ਆਪਣੀ ਮੈਂਟਲ ਹੈਲਥ ਬਾਰੇ ਸੋਚਿਆ ਹੈ?

ਕੀ ਹੈ ਅਧਿਐਨ ਰਿਪੋਰਟ

ਕਿਸੇ ਦਵਾਈ ਦਾ ਸਾਈਡ ਇਫੈਕਟ ਕਿੰਨਾ ਖ਼ਤਰਨਾਕ ਹੋ ਸਕਦਾ ਹੈ ਜਾਂ ਉਹ ਕਿਸ ਤਰ੍ਹਾਂ ਤੁਹਾਡੇ ਸਰੀਰ ਵਿੱਚ ਬਦਲਾਅ ਲਿਆ ਸਕਦਾ ਹੈ?

ਤੁਹਾਡੇ ਦਿਮਾਗ 'ਚ ਚਮੜੀ 'ਤੇ ਲਾਲ ਦਾਣੇ, ਸਿਰ ਦਰਦ ਜਾਂ ਤੁਹਾਨੂੰ ਉਲਟੀਆਂ ਆਉਂਦੀਆਂ ਹੋਣਗੀਆਂ ਪਰ ਅਮਰੀਕਾ ਦੇ ਇੱਕ ਨਵੇਂ ਅਧਿਅਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਭ ਤੋਂ ਵੱਧ ਵਰਤੋਂ ਵਿੱਚ ਆਉਣ ਵਾਲੀਆਂ ਦਵਾਈਆਂ ਨਾਲ ਡਿਪਰੈਸ਼ਨ ਦਾ ਖ਼ਤਰਾ ਵਧ ਸਕਦਾ ਹੈ।

ਅਧਿਅਨ ਮੁਤਾਬਕ, ਦਿਲ ਦੀਆਂ ਬਿਮਾਰੀਆਂ ਲਈ ਦਿੱਤੀਆਂ ਜਾਣ ਵਾਲੀਆਂ ਦਵਾਈਆਂ, ਗਰਭ ਨਿਰੋਧਕ ਦਵਾਈਆਂ ਅਤੇ ਕੁਝ ਦਰਦ ਨਿਵਾਰਕ ਗੋਲੀਆਂ ਦਾ ਸਾਈਡ ਇਫੈਕਟ, ਡਿਪਰੈਸ਼ਨ ਹੋ ਸਕਦਾ ਹੈ।

ਅਧਿਅਨ ਵਿੱਚ ਹਿੱਸਾ ਲੈਣ ਵਾਲੇ 26,000 ਲੋਕਾਂ ਵਿੱਚੋਂ ਇੱਕ ਤਿਹਾਈ ਵਿੱਚ ਡਿਪਰੈਸ਼ਨ ਦੇ ਲੱਛਣ ਪਾਏ ਗਏ।

ਅਧਿਅਨ ਵਿੱਚ ਹੋਰ ਕੀ ਪਤਾ ਲੱਗਿਆ?

ਅਮਰੀਕੀ ਮੈਡੀਕਲ ਐਸੋਸੀਏਸ਼ਨ ਦੀ ਸਟੱਡੀ ਵਿੱਚ ਅਮਰੀਕਾ ਦੇ 18 ਜਾਂ ਉਸ ਤੋਂ ਵੱਧ ਉਮਰ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ। ਇਨ੍ਹਾਂ ਲੋਕਾਂ ਨੇ 2005 ਤੋਂ 2014 ਵਿਚਾਲੇ ਘੱਟੋ-ਘੱਟ ਇੱਕ ਤਰ੍ਹਾਂ ਦੀ ਡਾਕਟਰ ਦੀ ਲਿਖੀ ਦਵਾਈ ਲਈ ਸੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਅਮਰੀਕਾ ਵਿੱਚ ਕਰੀਬ 5 ਫ਼ੀਸਦ ਲੋਕ ਡਿਪਰੈਸ਼ਨ ਤੋਂ ਪੀੜਤ ਹਨ

ਪਤਾ ਲੱਗਿਆ ਕਿ ਡਾਕਟਰ ਵੱਲੋਂ ਲਿਖੀਆਂ ਇਨ੍ਹਾਂ ਦਵਾਈਆਂ ਵਿੱਚੋਂ 37 ਫ਼ੀਸਦ ਵਿੱਚ ਡਿਪਰੈਸ਼ਨ ਨੂੰ ਸੰਭਾਵਿਤ ਸਾਈਡ ਇਫੈਕਟ ਦੱਸਿਆ ਗਿਆ ਹੈ।

ਅਧਿਅਨ ਦੌਰਾਨ ਇਨ੍ਹਾਂ ਲੋਕਾਂ ਵਿੱਚ ਡਿਪਰੈਸ਼ਨ ਦੀ ਦਰ ਵੱਧ ਪਾਈ ਗਈ:

  • ਇੱਕ ਤਰ੍ਹਾਂ ਦੀ ਦਵਾਈ ਲੈਣ ਵਾਲੇ 7 ਫ਼ੀਸਦ ਲੋਕ
  • ਦੋ ਤਰ੍ਹਾਂ ਦੀ ਦਵਾਈ ਲੈਣ ਵਾਲੇ 9 ਫ਼ੀਸਦ ਲੋਕ
  • ਤਿੰਨ ਜਾਂ ਉਸ ਤੋਂ ਵੱਧ ਦਵਾਈਆਂ ਲੈਣ ਵਾਲੇ 15 ਫ਼ੀਸਦ ਲੋਕ

ਅਮਰੀਕਾ ਵਿੱਚ ਕਰੀਬ 5 ਫ਼ੀਸਦ ਲੋਕ ਡਿਪਰੈਸ਼ਨ ਦੇ ਸ਼ਿਕਾਰ ਹਨ।

ਸਟੱਡੀ ਦੇ ਮੁਖੀ ਲੇਖਕ ਡਿਮਾ ਕਾਟੋ ਨੇ ਕਿਹਾ, "ਕਈ ਲੋਕਾਂ ਨੂੰ ਹੈਰਾਨੀ ਹੋਵੇਗੀ ਕਿ ਉਨ੍ਹਾਂ ਦੀਆਂ ਦਵਾਈਆਂ ਦਾ ਭਾਵੇਂ ਹੀ ਮੂਡ, ਘਬਰਾਹਟ ਜਾਂ ਡਿਪਰੈਸ਼ਨ ਨਾਲ ਕੋਈ ਲੈਣਾ-ਦੇਣਾ ਨਾ ਹੋਵੇ ਪਰ ਫਿਰ ਵੀ ਉਨ੍ਹਾਂ ਨੂੰ ਦਵਾਈਆਂ ਕਾਰਨ ਡਿਪਰੈਸ਼ਨ ਦੇ ਲੱਛਣ ਮਹਿਸੂਸ ਹੋ ਸਕਦੇ ਹਨ ਅਤੇ ਡਿਪਰੈਸ਼ਨ ਹੋ ਵੀ ਸਕਦਾ ਹੈ।"

ਕਿਸੇ ਵੀ ਕਾਰਨ ਬਿਮਾਰ ਹੋਣ 'ਤੇ ਤੁਸੀਂ ਉਦਾਸ ਮਹਿਸੂਸ ਕਰ ਸਕਦੇ ਹੋ। ਇਹ ਵੀ ਹੋ ਸਕਦਾ ਹੈ ਕਿ ਅਧਿਅਨ ਵਿੱਚ ਹਿੱਸਾ ਲੈਣ ਵਾਲੇ ਲੋਕ ਪਹਿਲਾਂ ਕਦੇ ਡਿਪਰੈਸ਼ਨ ਦਾ ਸ਼ਿਕਾਰ ਰਹੇ ਹੋਣ।

ਮਾਹਿਰਾਂ ਦਾ ਕੀ ਕਹਿਣਾ ਹੈ?

ਮਾਹਿਰਾਂ ਨੇ ਸਾਵਧਾਨ ਕੀਤਾ ਹੈ ਕਿ ਅਧਿਅਨ ਵਿੱਚ ਦਵਾਈਆਂ ਅਤੇ ਡਿਪਰੈਸ਼ਨ ਦੇ ਖ਼ਤਰੇ ਦੀ ਗੱਲ ਕਹੀ ਗਈ ਹੈ, ਪਰ ਇਸ ਦੇ ਕਾਰਨਾਂ ਅਤੇ ਅਸਰ ਦਾ ਜ਼ਿਕਰ ਨਹੀਂ ਕੀਤਾ ਗਿਆ।

ਰਾਇਲ ਕਾਲਜ ਆਫ਼ ਸਾਈਕੈਟਰਿਸਟ ਦੇ ਪ੍ਰੋਫੈਸਰ ਡੇਵਿਡ ਬਾਲਡਵਿਨ ਕਹਿੰਦੇ ਹਨ, "ਜਦੋਂ ਕਿਸੇ ਨੂੰ ਕੋਈ ਸਰੀਰਕ ਬਿਮਾਰੀ ਹੁੰਦੀ ਹੈ ਤਾਂ ਦਿਮਾਗੀ ਤਣਾਅ ਹੋਣਾ ਆਮ ਗੱਲ ਹੈ। ਅਜਿਹੇ ਵਿੱਚ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਦਿਲ ਅਤੇ ਗੁਰਦੇ ਦੀ ਬਿਮਾਰੀ ਲਈ ਲੈਣ ਵਾਲੀਆਂ ਦਵਾਈਆਂ ਨੂੰ ਡਿਪਰੈਸ਼ਨ ਦੇ ਖ਼ਤਰੇ ਨਾਲ ਜੋੜ ਕੇ ਦੇਖਿਆ ਜਾਵੇ।"

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਉਦਹਾਰਣ ਤੇ ਦੌਰ 'ਤੇ ਗਰਭ ਨਿਰੋਧਕ ਗੋਲੀ ਦਾ ਹਾਰਮੋਨ ਲੈਵਲ ਅਤੇ ਮੂਡ ਨਾਲ ਸਿੱਧਾ ਸਬੰਧ ਹੈ

ਹਾਲਾਂਕਿ ਅਮਰੀਕਾ ਵਿੱਚ ਹੋਏ ਇਸ ਅਧਿਅਨ ਦੇ ਸਾਰੇ ਪਹਿਲੂ ਦੁਨੀਆਂ ਦੇ ਬਾਕੀ ਹਿੱਸਿਆਂ 'ਤੇ ਲਾਗੂ ਨਹੀਂ ਹੁੰਦੇ।

ਕਿੰਨਾ ਖ਼ਤਰਾ?

ਖ਼ਤਰਾ ਕਿੰਨਾ ਹੋਵੇਗਾ, ਇਹ ਤਾਂ ਦਵਾਈ 'ਤੇ ਨਿਰਭਰ ਕਰਦਾ ਹੈ।

ਗਰਭ ਨਿਰੋਧਕ ਦਵਾਈਆਂ ਨਾਲ ਡਿਪਰੈਸ਼ਨ ਇੱਕ ਆਮ ਸਾਈਡ ਇਫੈਕਟ ਹੋ ਸਕਦਾ ਹੈ। ਪਰ ਦੂਜੀਆਂ ਦਵਾਈਆਂ ਨਾਲ ਇਹ ਐਨਾ ਆਮ ਨਹੀਂ ਹੈ।

ਦਸ ਵਿੱਚੋਂ ਇੱਕ ਸ਼ਖ਼ਸ ਨੂੰ ਆਮ ਤੌਰ 'ਤੇ ਸਾਈਡ ਇਫੈਕਟ ਹੁੰਦਾ ਹੈ, ਜਦਕਿ ਦਸ ਹਜ਼ਾਰ ਵਿੱਚੋਂ ਕਿਸੇ ਇੱਕ ਨੂੰ ਕਦੇ-ਕਦੇ ਸਾਈਡ ਇਫੈਕਟ ਹੋ ਜਾਂਦਾ ਹੈ।

ਇਸ ਦੀ ਜਾਣਕਾਰੀ ਦਵਾਈ ਦੇ ਪੈਕੇਟ ਅੰਦਰ ਦਿੱਤੇ ਜਾਣ ਵਾਲੇ ਕਾਗਜ਼ 'ਤੇ ਲਿਖੀ ਹੁੰਦੀ ਹੈ ਅਤੇ ਆਨਲਾਈਨ ਸਰਚ ਕਰਕੇ ਵੀ ਇਸ ਬਾਰੇ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਹੈ।

ਰਾਇਲ ਫਾਰਮਾਸਿਊਟੀਕਲ ਸੋਸਾਇਟੀ ਦੇ ਪ੍ਰੋਫੈਸਰ ਡੇਵਿਡ ਟੇਲਰ ਕਹਿੰਦੇ ਹਨ, "ਇਹ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਕਿ ਦਵਾਈ ਕਾਰਨ ਡਿਪਰੈਸ਼ਨ ਹੋਣ ਦਾ ਕੋਈ ਵਿਹਾਰਿਕ ਸਪੱਸ਼ਟੀਕਰਨ ਦਿੱਤਾ ਗਿਆ ਹੈ।"

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਗਰਭ ਨਿਰੋਧਕ ਦਵਾਈਆਂ ਤੋਂ ਡਿਪਰੈਸ਼ਨ ਇੱਕ ਆਮ ਸਾਈਡ ਇਫੈਕਟ ਹੋ ਸਕਦਾ ਹੈ

ਉਦਹਾਰਣ ਤੇ ਦੌਰ 'ਤੇ ਗਰਭ ਨਿਰੋਧਕ ਗੋਲੀ ਦਾ ਹਾਰਮੋਨ ਲੈਵਲ ਅਤੇ ਮੂਡ ਨਾਲ ਸਿੱਧਾ ਸਬੰਧ ਹੈ।

ਦਿਲ ਦੀ ਬਿਮਾਰੀ ਵਰਗੀਆਂ ਦਵਾਈਆਂ ਦੇ ਮਾਮਲੇ ਵਿੱਚ ਇਹ ਪਤਾ ਕਰਨਾ ਮੁਸ਼ਕਿਲ ਹੈ ਕਿ ਡਿਪਰੈਸ਼ਨ ਦਾ ਕਾਰਨ ਦਵਾਈ ਹੈ ਜਾਂ ਕੋਈ ਹੋਰ ਹਾਲਾਤ।

ਪ੍ਰੋਫੈਸਰ ਟੇਲਰ ਕਹਿੰਦੇ ਹਨ, "ਅਜੇ ਅਸੀਂ ਇਸ ਬਾਰੇ ਪਤਾ ਲਗਾਉਣ ਵਿੱਚ ਇੰਨੇ ਬਿਹਤਰ ਨਹੀਂ ਹਾਂ। ਅਸੀਂ ਨਹੀਂ ਦੱਸ ਸਕਦੇ ਕਿ ਡਿਪਰੈਸ਼ਨ ਦਾ ਕਾਰਨ ਦਵਾਈ ਹੈ ਜਾਂ ਕੋਰਸ ਕਰਦੇ ਸਮੇਂ ਕੋਈ ਹੋਰ ਕਾਰਨ ਜਿਸ ਦਾ ਦਵਾਈ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।"

ਤਾਂ ਕੀ ਕਰਨਾ ਚਾਹੀਦਾ ਹੈ?

ਪ੍ਰੋਫੈਸਰ ਟੇਲਰ ਸਲਾਹ ਦਿੰਦੇ ਹਨ ਕਿ ਜੇਕਰ ਤੁਸੀਂ ਫ਼ਿਲਹਾਲ ਇਨ੍ਹਾਂ ਵਿੱਚੋਂ ਕੋਈ ਵੀ ਦਵਾਈ ਲੈ ਰਹੇ ਹੋ ਅਤੇ ਤੁਹਾਡੇ ਵਿੱਚ ਡਿਪਰੈਸ਼ਨ ਦਾ ਕੋਈ ਲੱਛਣ ਨਹੀਂ ਹੈ ਤਾਂ ਘਬਰਾਉਣ ਦੀ ਲੋੜ ਨਹੀਂ।

ਪਰ ਜਿਨ੍ਹਾਂ ਲੋਕਾਂ ਨੂੰ ਦਵਾਈ ਲੈਣ ਤੋਂ ਬਾਅਦ ਡਿਪਰੈਸ਼ਨ ਦੇ ਲੱਛਣ ਮਹਿਸੂਸ ਹੁੰਦੇ ਹਨ, ਉਨ੍ਹਾਂ ਨੂੰ ਡਾਕਟਰ ਨਾਲ ਮਿਲ ਕੇ ਆਪਣੀ ਸਮੱਸਿਆ ਦੱਸਣੀ ਚਾਹੀਦੀ ਹੈ। ਮਾਹਿਰ ਡਾਕਟਰ ਹੀ ਤੁਹਾਨੂੰ ਇਸ ਬਾਰੇ ਸਹੀ ਸਲਾਹ ਦੇ ਸਕਦੇ ਹਨ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)