ਬੇਲਾਰੂਸ : 'ਭੁੱਖਾ ਰੱਖਿਆ ਗਿਆ ਤੇ ਦੋ ਵਾਰ ਮੈਨੂੰ ਨਗਨ ਖੜ੍ਹਾ ਕੀਤਾ ਗਿਆ' -ਹਿਰਾਸਤ ਵਿਚ ਕੁੜੀਆਂ 'ਤੇ ਤਸ਼ੱਦਦ

ਪ੍ਰਦਰਸ਼ਨਕਾਰੀਆਂ ਦਾ ਦਾਅਵਾ ਹੈ ਕਿ ਪੁਲਿਸ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ
''ਇਹ ਧਰਤੀ ਉੱਤੇ ਨਰਕ ਹੈ, ਕ੍ਰਿਪਾ ਕਰਕੇ ਸਾਡੀ ਮਦਦ ਕਰੋ।''ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਨਤਾਲੀਆ ਡੇਨੀਸੋਵਾ ਨੇ ਕਿਹਾ।
ਬੇਲਾਰੂਸ ਦੇ ਕਈ ਹੋਰ ਲੋਕਾਂ ਵਾਂਗ ਨਤਾਲੀਆ ਦਾ ਕਹਿਣਾ ਹੈ ਜਦੋਂ ਪੁਲਿਸ ਵੱਲੋਂ ਉਸਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਹਿਰਾਸਤ ਵਿੱਚ ਉਸ ਨੂੰ ਜ਼ਲੀਲ ਕੀਤਾ ਗਿਆ ਅਤੇ ਉਸ ਨਾਲ ਬਦਸਲੂਕੀ ਵੀ ਕੀਤੀ ਗਈ।
ਉਹ ਕਹਿੰਦੀ ਹੈ, "ਪੁਲਿਸ ਲੋਕਾਂ ਨੂੰ ਤਸੀਹੇ ਦਿੰਦੀ ਹੈ, ਜਵਾਨ ਕੁੜੀਆਂ ਨੂੰ ਵੀ ਤਸੀਹੇ ਦਿੰਦੀ ਹੈ।"
ਕਈ ਹੋਰ ਅਜ਼ਾਦ ਹੋਏ ਨਜ਼ਰਬੰਦੀਆਂ ਨੇ ਵੀ ਅਜਿਹਾ ਹੀ ਦੱਸਿਆ ਕਿ ਹਿਰਾਸਤ ਵਿੱਚ ਉਨ੍ਹਾਂ ਨਾਲ ਕੁੱਟਮਾਰ ਹੋਈ ਹੈ ਅਤੇ ਐਮਨੈਸਿਟੀ ਇੰਟਰਨੈਸ਼ਨਲ ਅਨੁਸਾਰ ਇੱਥੇ "ਗੰਭੀਰ ਤਸ਼ੱਦਦ" ਕੀਤੇ ਜਾ ਰਹੇ ਹਨ।
ਐਤਵਾਰ ਨੂੰ ਰਾਸ਼ਟਰਪਤੀ ਦੀ ਵਿਵਾਦਤ ਚੋਣ ਤੋਂ ਬਾਅਦ ਹੋਏ ਵਿਰੋਧ ਪ੍ਰਦਰਸ਼ਨਾਂ ਵਿੱਚ ਹਿੱਸਾ ਲੈ ਰਹੇ ਲਗਭਗ 6,700 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਇਹ ਵੀ ਪੜ੍ਹੋ:
1994 ਤੋਂ ਸੱਤਾ 'ਤੇ ਕਾਬਜ਼ ਅਲੈਗਜ਼ੈਂਡਰ ਲੁਕਾਸੈਂਕੋ ਨੂੰ 80.1 ਫੀਸਦ ਵੋਟਾਂ ਨਾਲ ਚੋਣ ਅਧਿਕਾਰੀਆਂ ਵੱਲੋਂ ਜੇਤੂ ਐਲਾਨਿਆ ਗਿਆ ਸੀ। ਨਤੀਜਿਆ ਨੂੰ ਵਿਰੋਧੀ ਧਿਰ ਨੇ ਰੱਦ ਕੀਤਾ ਅਤੇ ਵਿਰੋਧ ਪ੍ਰਦਰਸ਼ਨਾਂ ਦੀ ਯੋਜਨਾ ਸ਼ੁਰੂ ਹੋ ਗਈ।
ਵਿਰੋਧੀ ਧਿਰ ਦੀ ਆਗੂ ਸਵੇਤਲਾਨ ਤੀਖਾਨੋਵਸਨਾ ਨੇ ਹਿੰਸਾ ਨੂੰ ਰੋਕਣ ਦੀ ਮੰਗ ਕੀਤੀ ਪਰ ਉਹ ਆਪ ਹੀ ਸੱਤ ਘੰਟੇ ਨਜ਼ਰਬੰਦ ਰਹਿਣ ਤੋਂ ਬਾਅਦ ਲਿਥੂਏਨੀਆ ਚਲੀ ਗਈ।
'ਮੈਂ ਵਲੰਟੀਅਰ ਕਰਨਾ ਚਾਹੁੰਦੀ ਸੀ'
ਬੇਲਾਰੂਸ ਦੀ ਰਾਜਧਾਨੀ ਮਿਨਸਿਕ ਦੀ ਇੱਕ ਵਕੀਲ ਡੈਨੀਸੋਵਾ ਦਾ ਕਹਿਣਾ ਹੈ, "ਮੈਂ ਸਿਰਫ਼ ਇਕ ਸੁਤੰਤਰ ਨਿਗਰਾਨ ਬਣਨਾ ਚਾਹੁੰਦੀ ਸੀ ਤਾਂ ਕਿ ਇਹ ਯਕੀਨੀ ਹੋ ਸਕੇ ਕਿ ਚੋਣਾਂ ਇਮਾਨਦਾਰੀ ਅਤੇ ਪਾਰਦਰਸ਼ੀ ਢੰਗ ਨਾਲ ਹੋ ਰਹੀਆਂ ਸਨ।"
ਉਸ ਨੇ ਜਦੋਂ ਆਪਣੇ ਸਥਾਨਕ ਪੋਲਿੰਗ ਬੂਥ 'ਤੇ ਨਿਗਰਾਨੀ ਕਰਨ ਦੀ ਪ੍ਰਵਾਨਗੀ ਲਈ ਅਰਜ਼ੀ ਦਿੱਤੀ ਤਾਂ ਉਸ ਨੂੰ ਉਮੀਦ ਨਹੀਂ ਸੀ ਕਿ ਜੇਲ੍ਹ ਜਾਣਾ ਪਏਗਾ।
ਡੈਨੀਸੋਵਾ ਦਾ ਕਹਿਣਾ ਹੈ, ''ਮੈਨੂੰ ਪੋਲਿੰਗ ਸਟੇਸ਼ਨ ਦੇ ਅੰਦਰ ਨਹੀਂ ਰਹਿਣ ਦਿੱਤਾ ਗਿਆ। ਮੈਂ ਪੰਜ ਦਿਨਾਂ ਤੱਕ ਬਾਹਰ ਖੜ੍ਹੀ ਰਹੀ ਅਤੇ ਵੋਟ ਪਾਉਣ ਲਈ ਆਏ ਲੋਕਾਂ ਦੀ ਗਿਣਤੀ ਦਰਜ ਕਰਦੀ ਰਹੀ ਅਤੇ ਕਮਿਸ਼ਨ ਦੁਆਰਾ ਦਿੱਤੇ ਸਰਕਾਰੀ ਅੰਕੜਿਆਂ ਨਾਲ ਮਿਲਾਉਂਦੀ ਰਹੀ।''
ਤਸਵੀਰ ਸਰੋਤ, EPA
ਮਿਨਸਿਕ ਵਿੱਚ ਬੁੱਧਵਾਰ ਨੂੰ ਔਰਤਾਂ ਨੇ ਹਿਰਾਸਤ ਵਿੱਚ ਲਏ ਗਏ ਪ੍ਰਦਰਸ਼ਨਕਾਰੀਆਂ ਦੇ ਸਮਰਥ ਵਿੱਚ ਮੁਜ਼ਾਹਰਾ ਕੀਤਾ
ਨਿਗਰਾਨ ਨੂੰ ਵੋਟ ਪਾਉਣ ਆਉਣ ਵਾਲੇ ਲੋਕਾਂ ਨਾਲ ਗੱਲ ਕਰਨ ਦੀ ਇਜਾਜ਼ਤ ਨਹੀਂ ਹੁੰਦੀ ਅਤੇ ਨਾ ਹੀ ਉਨ੍ਹਾਂ ਦੇ ਨਿੱਜੀ ਵੇਰਵੇ ਲੈਣ ਦੀ।
ਉਹ ਦੱਸਦੀ ਹੈ ਇੱਕ ਵਕੀਲ ਹੋਣ ਨਾਤੇ ਉਸਨੇ ਨਿਯਮਾਂ ਦੀ ਪਾਲਣਾ ਕੀਤੀ, ''ਕਨੂੰਨ ਮੇਰੇ ਲਈ ਬਹੁਤ ਡੂੰਘੇ ਮਾਇਨੇ ਰੱਖਦਾ ਹੈ।''
'ਘੁਟਾਲੇਬਾਜ਼ੀ ਨੂੰ ਰੋਕੋ'
ਡੈਨੀਸੋਵਾ ਦਾ ਕਹਿਣਾ ਹੈ, "ਮੈਂ ਚੋਣਾਂ ਦੇ ਪਹਿਲੇ ਪੰਜ ਦਿਨਾਂ ਦੌਰਾਨ ਵੱਡਾ ਘੁਟਾਲਾ ਦੇਖਿਆ।"
ਉਸਨੇ ਕਿਹਾ, ''ਮੈਂ ਰੋਜ਼ ਜ਼ਿਲ੍ਹਾ ਅਟਾਰਨੀ, ਪੁਲਿਸ ਮੁਖੀ ਅਤੇ ਕੇਂਦਰੀ ਚੋਣ ਕਮਿਸ਼ਨ ਕੋਲ ਆਪਣੀ ਸ਼ਿਕਾਇਤ ਦਰਜ ਕਰਵਾਉਂਦੀ। ਮੈਂ ਉਨ੍ਹਾਂ ਨੂੰ ਕਿਹਾ ਕਿ ਧੋਖਾਧੜੀ ਰੋਕੀ ਜਾਵੇ, ਇਹ ਇੱਕ ਕਨੂੰਨੀ ਜ਼ੁਰਮ ਹੈ। ''
ਤਸਵੀਰ ਸਰੋਤ, EPA
ਬੈਲਾਰੂਸ ਪੁਲਿਸ ਤੇ ਇਲਜ਼ਾਮ ਹੈ ਕਿ ਪ੍ਰਦਰਸ਼ਨਕਾਰੀਆਂ ਖਿਲਾਫ਼ ਹਿੰਸਕ ਕਾਰਵਾਈ ਕੀਤੀ ਗਈ ਹੈ
ਉਹ ਅੱਗੇ ਦੱਸਦੀ ਹੈ ਕਿ ਉਸਨੇ ਨੌਂ ਹੋਰ ਨਿਗਰਾਨਾਂ ਨੂੰ ਆਪਣੇ ਨਾਲ 9 ਅਗਸਤ ਨੂੰ ਮੁੱਖ ਚੋਣਾਂ ਦੇ ਦਿਨ ਨਿਗਰਾਨੀ ਕਰਨ ਨੂੰ ਕਿਹਾ।
ਪਰ ਉਨ੍ਹਾਂ ਵਿੱਚੋਂ ਸੱਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਚੋਣ ਕਮਿਸ਼ਨ ਦੀ ਮੁਖੀ ਵੱਲੋਂ ਉਸ ਦੇ ਨਿਗਰਾਨੀ ਕਰਨ 'ਤੇ ਪਾਬੰਦੀ ਲਾ ਦਿੱਤੀ ਗਈ।
ਉਸ ਨੇ ਕਿਹਾ, "ਮੈਂ ਉੱਥੋਂ ਜਾਣ ਤੋਂ ਇਨਕਾਰ ਕਰ ਦਿੱਤਾ" ਪਰ ਉਸ ਨੇ ਪੁਲਿਸ ਸੱਦ ਲਈ ਅਤੇ "ਮੇਰੇ 'ਤੇ ਹੀ ਲੋਕਾਂ ਨੂੰ ਭੜਕਾਉਣ ਦਾ ਇਲਜ਼ਾਮ ਲਾ ਦਿੱਤਾ ਕਿ ਮੈਂ ਲੋਕਾਂ ਨੂੰ ਭੜਕਾ ਰਹੀ ਹਾਂ।
ਡੈਨੀਸੋਵ ਨੇ ਅੱਗੇ ਕਿਹਾ, '' ਉਹ ਮੈਨੂੰ ਥਾਣੇ ਲੈ ਗਏ ਅਤੇ ਤਿੰਨ ਦਿਨਾਂ ਤੱਕ ਉੱਥੇ ਹੀ ਰੱਖਿਆ''।
'ਮੈਂ ਤੇਰੀਆਂ ਬਾਹਾਂ ਤੋੜ ਦੇਵਾਂਗਾ'
ਨਤਾਲੀਆ ਦਾ ਕਹਿਣਾ ਹੈ ਕਿ ਉਹ ਤਿੰਨ ਦਿਨਾਂ ਤੱਕ ਜੇਲ੍ਹ ਵਿੱਚ 'ਬਹੁਤ ਹੀ ਬੁਰੇ ਹਲਾਤ ਵਿੱਚ ਸੀ'।
ਉਸਨੂੰ ਉਕਰੇਸਤੀਨਾ ਦੇ ਇੱਕ ਨਜ਼ਰਬੰਦੀ ਕੇਂਦਰ (ਡਿਟੈਨਸ਼ਨ ਸੈਂਟਰ) ਵਿੱਚ ਲਿਜਾਇਆ ਗਿਆ।
ਤਸਵੀਰ ਸਰੋਤ, Reuters
ਮਿਨਸਿਕ ਦੇ ਓਕਰੇਸਟੀਨਾ ਵਿੱਚ ਡਿਟੈਨਸ਼ਨ ਸੈਂਟਰ ਦੇ ਬਾਹਰ ਹਿਰਾਸਤ ਵਿੱਚ ਲਏ ਲੋਕਾਂ ਦੇ ਰਿਸ਼ਤੇਦਾਰ ਤੇ ਦੋਸਤ ਉਡੀਕ ਕਰਦੇ ਹੋ
"ਓਰਕੇਸਤੀਨਾ, ਇੱਥੇ ਹਰ ਕੋਈ ਹੁਣ ਇਸ ਸ਼ਬਦ ਬਾਰੇ ਜਾਣਦਾ ਹੈ। ਇਹ ਧਰਤੀ 'ਤੇ ਨਰਕ ਹੈ। ਉੱਥੇ ਕੋਈ ਵੀ ਨਿੱਜੀ ਸਮਾਨ ਲੈ ਜਾਣ ਦੀ ਇਜਾਜ਼ਤ ਨਹੀਂ ਹੈ। ਦੰਦਾ ਦਾ ਬਰੱਸ਼ ਜਾਂ ਸਾਬਣ ਨਹੀਂ ਲੈ ਕੇ ਜਾ ਸਕਦੇ ਇੱਥੋਂ ਤੱਕ ਕਿ ਪੀਣ ਦਾ ਪਾਣੀ ਵੀ ਨਹੀਂ।''
ਉਸ ਨੂੰ ਉੱਥੇ ਇੱਕ ਦਿਨ ਲਈ ਰੱਖਿਆ ਗਿਆ। ਉਸ ਨੇ ਦੱਸਿਆ, ''ਕਿਸੇ ਨੇ ਮੈਨੂੰ ਕੁਝ ਖਾਣ ਨੂੰ ਨਾ ਦਿੱਤਾ।''
ਉਸ ਨੇ ਦਾਅਵਾ ਕੀਤਾ ਕਿ ਜਦੋਂ ਉਸਦੇ ਸੈੱਲ ਵਿੱਚ ਇੱਕ ਸਾਥਣ ਬੇਹੋਸ਼ ਹੋ ਗਈ ਤਾਂ ਉਸ ਨੇ ਮਦਦ ਦੀ ਗੁਹਾਰ ਲਾਈ ਪਰ ਕੋਈ ਨਾ ਆਇਆ।
ਉਹ ਅੱਗੇ ਕਹਿੰਦੀ ਹੈ, ''ਮੈਂ ਦਰਵਾਜ਼ਾ ਖੜਕਾਉਂਦਿਆ ਚੀਕਦੇ ਹੋਏ ਕਿਹਾ, ਸਾਨੂੰ ਡਾਕਟਰੀ ਸਹਾਇਤਾ ਦੀ ਲੋੜ ਹੈ।''
ਤਸਵੀਰ ਸਰੋਤ, EPA
ਰਿਹਾਅ ਕੀਤੇ ਹਿਰਾਸਤੀਆਂ ਦਾ ਸ਼ੁੱਕਰਵਾਰ ਨੂੰ ਮਿਨਸਿਕ ਡਿਟੈਨਸ਼ਨ ਸੈਂਟਰ ਦੇ ਬਾਹਰ ਇਲਾਜ ਕੀਤਾ ਗਿਆ
ਇਕ ਗਾਰਡ ਆਇਆ ਉਸਨੇ ਚੇਤਾਵਨੀ ਦਿੰਦਿਆ ਕਿਹਾ, ''ਜੇ ਤੁਸੀਂ ਦੁਬਾਰਾ ਬੁਲਾਇਆ ਤਾਂ ਤੁਹਾਡੀਆਂ ਬਾਹਾਂ ਤੋੜ ਦੇਵਾਂਗਾ।''
ਡੈਨੀਸੋਵਾ ਦਾ ਕਹਿਣਾ ਹੈ,'' ਮੈਨੂੰ ਉਕਰੇਸਤੀਨਾ ਵਿੱਚ ਬੇਇੱਜ਼ਤ ਕੀਤਾ ਗਿਆ ਸੀ।"
ਦੋ ਵਾਰ ਉਸ ਨੂੰ ਨਗਨ ਖੜ੍ਹਾ ਕੀਤਾ ਗਿਆ ਅਤੇ ਗਲਤ ਤਰੀਕੇ ਨਾਲ ਉਸਦੀ ਤਲਾਸ਼ੀ ਲਈ ਗਈ।
ਉਹ ਕਹਿੰਦੀ ਹੈ, ''ਬਿਨਾ ਸ਼ੱਕ ਇਹ ਇੱਕ ਮਾਨਸਿਕ ਸਦਮਾ ਸੀ''।
ਪਰ ਉਹ ਖੁਦ ਨੂੰ ਖੁਸ਼ਕਿਸਮਤ ਮੰਨਦੀ ਹੈ ਕਿਉਂਕਿ ਅਗਲੇ ਹੀ ਦਿਨ ਉਸ ਨੂੰ ਕਿਸੇ ਹੋਰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ।
'ਉਹ ਜਵਾਨ ਕੁੜੀਆਂ ਨੂੰ ਤਸੀਹੇ ਦਿੰਦੇ ਹਨ'
ਓਕਰੇਸਤੀਨਾ ਵਿੱਚ ਡੈਨੀਸੋਵਾ ਦੇ ਨਾਲ ਸੈੱਲ ਵਿੱਚ ਮਾਰੀਆ ਮੋਰੋਜ਼ ਨਾਮ ਦੀ ਕੁੜੀ ਸੀ ਜੋ ਕਿ ਮੁੱਖ ਵਿਰੋਧੀ ਧਿਰ ਦੀ ਉਮੀਦਵਾਰ ਸਵੇਤਲਾਨਾ ਤੀਖਾਨੋਵਸਕਾਇਆ ਦੀ ਮੁਹਿੰਮ ਦੀ ਪ੍ਰਬੰਧਕ ਸੀ।
ਡੈਨੀਸੋਵਾ ਦੱਸਦੀ ਹੈ, ''ਉਹ ਬਹੁਤ ਹੀ ਬਹਾਦਰ ਔਰਤ ਸੀ, ਬਹੁਤ ਹੁਸ਼ਿਆਰ। ਮੈਨੂੰ ਮਾਣ ਹੈ ਬੈਲਾਰੂਸੀਆਂ ਵਿੱਚ ਅਜਿਹੇ ਲੋਕ ਹਨ।''
ਓਰਕੇਸੀਨਾ ਡਿਟੈਨਸ਼ਨ ਸੈਂਟਰ ਚੋਂ ਬਾਹਰ ਆਏ ਲੋਕਾਂ ਨੇ ਆਪਣੇ ਜ਼ਖ਼ਮ ਦਿਖਾਏ
ਉਹ ਅੱਗ ਦੱਸਦੀ ਹੈ, ''ਪਰ ਮੈਂ ਇਹ ਚਹੁੰਦੀ ਹਾਂ ਤੁਹਾਨੂੰ ਪਤਾ ਹੋਵੇ, ਮੇਰੇ ਸੈੱਲ ਦੀਆਂ ਅੱਠ ਵਿੱਚੋਂ ਚਾਰ ਕੁੜੀਆਂ ਨੂੰ ਰਿਹਾਅ ਨਹੀਂ ਕੀਤਾ ਗਿਆ।''
ਉਸ ਅਨੁਸਾਰ ਉੱਥੇ ਸਥਿਤੀ ਬਦ ਤੋਂ ਬਦਤਰ ਹੋ ਰਹੀ ਹੈ।
"ਲੋਕਾਂ ਨੂੰ ਤਸੀਹੇ ਦਿੱਤੇ ਜਾਂਦੇ ਹਨ, ਕੁੱਟਿਆ ਜਾਂਦਾ ਹੈ। ਉਨ੍ਹਾਂ ਨੂੰ ਖਾਣਾ ਜਾਂ ਪਾਣੀ ਨਹੀਂ ਦਿੱਤਾ ਜਾਂਦਾ। ਉਹ ਸੈੱਲ ਵਿੱਚ 50 ਲੋਕ ਬੰਦ ਕਰ ਦਿੰਦੇ ਹਨ ਜਿੱਥੇ ਸਿਰਫ਼ 6 ਜਾਂ ਅੱਠ ਹੀ ਰਹਿ ਸਕਦੇ ਹਨ।"
ਡੈਨੀਸੋਵਾ ਦਾ ਕਹਿਣਾ ਹੈ ਕਿ ਕਈ ਵਾਰ ਜ਼ਿਆਦਾ ਗਰਮੀ ਕਾਰਨ ਸਾਹ ਵੀ ਨਹੀਂ ਲੈ ਸਕਦੇ।
"ਉਹ ਲੋਕਾਂ ਨੂੰ ਕੁੱਟਦੇ ਹਨ। ਉਨ੍ਹਾਂ ਦੇ ਮਾਪੇ ਬਾਹਰ ਹੁੰਦੇ ਹਨ। ਉਨ੍ਹਾਂ ਨੂੰ ਕੁੱਟਦੇ ਹੋਏ ਚੀਕਣ ਦੀਆਂ ਆਵਾਜ਼ਾਂ ਉਹ ਬਾਹਰ ਸੁਣ ਸਕਦੇ ਹਨ।"
ਬੇਲਾਰੂਸ ਵਿੱਚ ਹੋਰ ਗਵਾਹ ਕੀ ਕਹਿੰਦੇ ਹਨ
ਨਤਾਲੀਆ ਨੇ ਵੀ ਉਹ ਹੀ ਕਿਹਾ ਜੋ ਬੀਬੀਸੀ ਪੱਤਰਕਾਰ ਨੇ ਹੋਰ ਲੋਕਾਂ ਤੋਂ ਸੁਣਿਆ, ਜਿਸ ਵਿੱਚ ਨੌਜਵਾਨ ਵੀ ਸ਼ਾਮਲ ਹਨ, ਜਿਨ੍ਹਾਂ ਨੇ ਕੁੱਟਮਾਰ ਦੀ ਗੱਲ ਦੱਸੀ।
ਇੱਕ ਵਿਅਕਤੀ ਨੇ ਬੀਬੀਸੀ ਪੱਤਰਕਾਰ ਨੂੰ ਆਪਣਾ ਝੁਲਸਿਆ ਸਰੀਰ ਦਿਖਾਉਂਦਿਆ ਕਿਹਾ, "ਉਨ੍ਹਾਂ ਨੇ ਲੋਕਾਂ ਨੂੰ ਬੇਰਹਿਮੀ ਨਾਲ ਕੁੱਟਿਆ, ਉਹ ਕਿਸੇ ਨੂੰ ਵੀ ਗ੍ਰਿਫ਼ਤਾਰ ਕਰ ਸਕਦੇ ਹਨ। ਸਾਨੂੰ ਸਾਰੀ ਰਾਤ ਬਾਹਰ ਖੜ੍ਹੇ ਰਹਿਣ ਲਈ ਮਜ਼ਬੂਰ ਕੀਤਾ ਗਿਆ। ਅਸੀਂ ਕੁੱਟ ਦੀਆਂ ਆਵਾਜ਼ਾਂ ਸੁਣ ਸਕਦੇ ਸੀ। ਮੈਨੂੰ ਇਸ ਤਰ੍ਹਾਂ ਦੇ ਜ਼ੁਲਮ ਦੀ ਸਮਝ ਨਹੀਂ ਆਉਂਦੀ।"
ਇਹ ਵੀ ਪੜ੍ਹੋ:
ਸੰਸਥਾ ਐਮਨੈਸਟੀ ਇੰਟਰਨੈਸ਼ਨਲ ਨੇ ਦੱਸਿਆ ਕਿ ਨਜ਼ਰਬੰਦ ਵਿਅਕਤੀਆਂ ਨੂੰ ਨੰਗੇ ਕੀਤੇ ਜਾਣ, ਕੁੱਟਣ ਅਤੇ ਬਲਾਤਕਾਰ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ।
ਪੂਰਬੀ ਯੂਰਪ ਅਤੇ ਮੱਧ ਏਸ਼ੀਆ ਲਈ ਐਮਨੈਸਟੀ ਇੰਟਰਨੈਸ਼ਨਲ ਦੇ ਡਾਇਰੈਕਰ ਮੈਰੀ ਸਟਰੂਥਜ਼ ਨੇ ਕਿਹਾ, "ਹਿਰਾਸਤ ਵਿੱਚ ਪਹਿਲਾਂ ਰਹੇ ਲੋਕਾਂ ਨੇ ਮੈਨੂੰ ਦੱਸਿਆ ਡਿਟੈਨਸ਼ਨ ਕੇਂਦਰ ਤਸ਼ੱਦਦ ਦੇ ਚੈਂਬਰ ਬਣ ਗਏ ਹਨ। ਜਿੱਥੇ ਪ੍ਰਦਰਸ਼ਨਕਾਰੀਆਂ ਨੂੰ ਮਿੱਟੀ ਵਿੱਚ ਲੰਮੇ ਪੈਣ ਲਈ ਮਜਬੂਰ ਕੀਤਾ ਜਾਂਦਾ ਹੈ ਅਤੇ ਪੁਲਿਸ ਉਨ੍ਹਾਂ ਨੂੰ ਕੁੱਟਦੀ ਹੈ।"
ਤਸਵੀਰ ਸਰੋਤ, EPA
ਐਮਨੈਸਟੀ ਇੰਟਰਨੈਸ਼ਨ ਦਾ ਕਹਿਣਾ ਹੈ ਕਿ 'ਡਿਟੈਨਸ਼ਨ ਸੈਂਟਰ ਤਸ਼ੱਦਦ ਦਾ ਘਰ ਬਣ ਗਏ ਹਨ'
ਬੀਬੀਸੀ ਪੱਤਰਕਾਰ ਦੁਆਰਾ ਇਕੱਠੇ ਕੀਤੇ ਗਏ ਆਡੀਓ ਵਿੱਚ ਉਕਰੇਸਟੀਨਾ ਦੇ ਅੰਦਰੋਂ ਚੀਕਾਂ ਸੁਣੀਆਂ ਜਾ ਸਕਦੀਆਂ ਹਨ।
ਇੱਕ ਹੋਰ ਪੱਤਰਕਾਰ ਨਿਕਿਤਾ ਤੈਲੀਜੈਂਕੋ ਜੋ ਕਿ ਡਿਟੈਨਸ਼ਨ ਸੈਂਟਰ ਚੋਂ ਬਾਹਰ ਆ ਗਈ ਹੈ, ਨੇ ਅੰਦਰ ਦਾ ਇੱਕ ਬਹੁਤ ਹੀ ਭਿਆਨਕ ਮੰਜ਼ਰ ਛਾਪਿਆ। ਉਸ ਨੇ ਦੱਸਿਆ ਕਿ ਨਜ਼ਰਬੰਦੀ ਕੇਂਦਰ ਵਿੱਚ ਫ਼ਰਸ਼ 'ਤੇ ਇੱਕ-ਦੂਜੇ 'ਤੇ ਲੋਕ ਸਨ ਜੋ ਕਿ ਖ਼ੂਨ ਅਤੇ ਮਲਮੂਚਰ ਦੇ ਤਲਾਅ ਵਿੱਚ ਪਏ ਸਨ।
ਉਨ੍ਹਾਂ ਨੂੰ ਕਈ ਘੰਟੇ ਪਖਾਣੇ ਦੀ ਵਰਤੋਂ ਕਰਨ ਜਾਂ ਆਪਣੀ ਥਾਂ ਤੋਂ ਹਿੱਲਣ ਦੀ ਇਜਜ਼ਾਤ ਨਹੀਂ ਸੀ।
ਬੈਲਾਰੂਸ ਦੇ ਗ੍ਰਹਿ ਮੰਤਰੀ ਯੂਰੀ ਕਰਾਯੇਵ ਨੇ ਉਨ੍ਹਾਂ ਲੋਕਾਂ ਤੋਂ ਮੁਆਫ਼ੀ ਮੰਗੀ ਹੈ, ਜਿਨ੍ਹਾਂ ਨੂੰ ਗਲੀਆਂ ਵਿੱਚ 'ਅਣਜਾਣੇ ਹੀ ਜ਼ਖਮੀ' ਕਰ ਦਿੱਤਾ ਗਿਆ। ਪਰ ਉਨ੍ਹਾਂ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਕਿ ਨਜ਼ਰਬੰਦੀ ਕੇਂਦਰਾਂ ਵਿੱਚ ਕਿਸੇ ਕਿਸਮ ਦਾ ਦੁਰਵਿਵਹਾਰ ਕੀਤਾ ਜਾਂਦਾ ਹੈ।
ਗ੍ਰਹਿ ਮੰਤਰਾਲੇ ਨੇ ਚੁੱਕੇ ਗਏ ਕਦਮਾਂ ਨੂੰ ਜ਼ਰੂਰੀ ਅਤੇ ਲੋੜੀਂਦੇ ਦੱਸਦਿਆ 100 ਪੁਲਿਸ ਮੁਲਾਜ਼ਮਾਂ ਦੇ ਜ਼ਖਮੀ ਹੋਣ ਦਾ ਹਵਾਲਾ ਦਿੱਤਾ।
'ਕ੍ਰਿਪਾ ਕਰਕੇ ਸਾਡੀ ਮਦਦ ਕਰੋ'
ਡੈਨੀਸੋਵਾ ਮਦਦ ਦੀ ਗੁਹਾਰ ਲਾਉਂਦਿਆ ਕਹਿੰਦੀ ਹੈ, "ਇਹ ਹੁਣ ਵੀ ਹੋ ਰਿਹਾ ਹੈ। ਇਸ ਲਈ ਮੈਂ ਪੁੱਛ ਰਹੀ ਹਾਂ ਕਿ ਕੀ ਕੋਈ ਸਾਡੀ ਮਦਦ ਕਰ ਸਕਦਾ ਹੈ, ਸਰਕਾਰਾਂ, ਲੋਕ...ਕ੍ਰਿਪਾ ਕਰਕੇ ਕਿਸੇ ਵੀ ਤਰ੍ਹਾਂ ਸਾਡੀ ਮਦਦ ਕਰੋ"।
"ਮੈਂ ਕੁਝ ਨਹੀਂ ਕਰ ਸਕਦੀ। ਮੈਂ ਸਿਰਫ਼ ਉੱਥੇ ਰਹਿ ਰਹੀਆਂ ਕੁੜੀਆਂ ਲਈ ਅਰਦਾਸ ਕਰ ਸਕਦੀ ਹਾਂ।"
ਨਤਾਲੀਆ ਡੈਨੀਸੋਵਾ ਦਾ ਕਹਿਣਾ ਹੈ ਕਿ ਡਰ ਦਾ ਮਾਹੌਲ ਹੈ, ਉਹ ਮਦਦ ਦੀ ਅਪੀਲ ਕਰ ਰਹੀ ਹੈ
ਆਪਣੀ ਰਿਹਾਈ ਤੋਂ ਬਾਅਦ ਡੈਨੀਸੋਵਾ ਨੇ ਇੱਕ ਵਾਰ ਮਾਰੀਆ ਮੋਰੋਜ਼ ਅਤੇ ਬਾਕੀ ਕੁੜੀਆਂ ਲਈ ਹਰ ਸੰਭਵ ਮਦਦ ਦੀ ਕੋਸ਼ਿਸ਼ ਕੀਤੀ ਹੈ।
ਉਸ ਦੱਸਦੀ ਹੈ, "ਉੱਥੇ ਉਹ ਠੰਢ ਨਾਲ ਤੰਗ ਸਨ ਪਰ ਮੈਨੂੰ ਕੁਝ ਕੱਪੜੇ ਲੈ ਜਾਣ ਦੀ ਇਜਾਜ਼ਤ ਦਿੱਤੀ ਗਈ ਅਤੇ ਮੈਂ ਉਹ ਉਨ੍ਹਾਂ ਨੂੰ ਦਿੱਤੇ।"
ਘਰ ਵਿੱਚ ਉਸ ਦੇ ਛੇ ਸਾਲ ਦੇ ਬੱਚੇ ਦੀ ਸਾਂਭ ਸੰਭਾਲ ਉਸ ਦੇ ਮਾਂ-ਬਾਪ ਕਰ ਰਹੇ ਹਨ।
ਹਾਲਾਂਕਿ ਬੱਚੇ ਨੂੰ ਕਿਸੇ ਨੇ ਵੀ ਉਸਦੀ ਮਾਂ ਬਾਰੇ ਨਹੀਂ ਦੱਸਿਆ ਪਰ ਉਹ ਪੂਰਾ ਦਿਨ ਉਸ ਬਾਰੇ ਪੁੱਛਦਾ ਰਹਿੰਦਾ ਹੈ।
ਛੇ ਸਾਲਾਂ ਦੇ ਬੱਚੇ ਨੂੰ ਵੀ ਬੈਲਾਰੂਸ ਦੇ ਹਾਲਾਤ ਦੀ ਜਾਣਕਾਰੀ
ਡੈਨੀਸੇਵਾ ਦੱਸਦੀ ਹੈ ਉਸਨੇ ਆਪਣੇ ਬੇਟੇ ਨੂੰ ਦੇਸ ਦੇ ਸਿਆਸੀ ਹਾਲਾਤ ਜਾਂ ਉਸ ਦੀ ਆਪਣੀ ਸ਼ਾਮੂਲੀਅਤ ਬਾਰੇ ਨਹੀਂ ਦੱਸਿਆ।
ਉਹ ਕਹਿੰਦੀ ਹੈ ਪਰ ਉਸ ਦੀ ਗ੍ਰਿਫ਼ਤਾਰੀ ਤੋਂ ਦੋ ਦਿਨ ਪਹਿਲਾਂ ਪੁੱਤ ਨੇ ਪੁੱਛਿਆ, "ਮੰਮੀ ਹੁਣ ਉਹ ਤੁਹਾਨੂੰ ਜੇਲ੍ਹ ਭੇਜ ਦੇਣਗੇ?"
ਡੈਨੀਸੋਵਾ ਨੇ ਕਿਹਾ, "ਮੈਨੂੰ ਨਹੀਂ ਪਤਾ ਉਹ ਕਿਉਂ ਪੁੱਛ ਰਿਹਾ ਸੀ। ਉਸਨੇ ਬਸ ਇਹ ਡਰ ਮਹਿਸੂਸ ਕੀਤਾ ਸੀ ਅਤੇ ਉਹ ਸਹੀ ਸੀ।"
"ਮੈਂ ਉਸਨੂੰ ਕਿਹਾ ਫ਼ਿਕਰ ਨਾ ਕਰ ਪਰ ਉਹ ਜਿਸ ਤਰ੍ਹਾਂ ਮਹਿਸੂਸ ਕਰ ਰਿਹਾ ਸੀ ਇਹ ਹੈਰਾਨੀਜਨਕ ਸੀ। ਕਿਵੇਂ ਬੱਚੇ ਵੀ ਸਮਝਦੇ ਹਨ ਕਿ ਕੀ ਚੱਲ ਰਿਹਾ ਹੈ।"
ਇਹ ਵੀ ਦੇਖੋ: