ਮਹਾਰਾਜਾ ਦਲੀਪ ਸਿੰਘ ਦੇ ਪੁੱਤਰ ਦੇ ਕਰੋੜਾਂ ਰੁਪਏ ਦੀ ਕੀਮਤ ਵਾਲੇ ਬੰਗਲੇ ’ਚ ਖ਼ਾਸ ਕੀ ਹੈ
- ਗਗਨ ਸਭਰਵਾਲ
- ਬੀਬੀਸੀ ਪੱਤਰਕਾਰ
ਮਹਾਰਾਜਾ ਦਲੀਪ ਸਿੰਘ ਦੇ ਪੁੱਤਰ ਵਿਕਟਰ ਅਲਬਰਟ ਜੈ ਦਲੀਪ ਸਿੰਘ ਦਾ ਲੰਡਨ ਵਿਚ ਬਣਿਆ ਖ਼ੂਬਸੂਰਤ ਮਹਿਲ ਹੁਣ ਵਿਕਣ ਦੀ ਤਿਆਰੀ ਵਿੱਚ ਹੈ। ਇਸ ਮਹਿਲ ਦੀ ਵਿਕਰੀ ਲਈ ਕੀਮਤ 15.5 ਮਿਲੀਅਨ ਬ੍ਰਿਟਿਸ਼ ਪੌਂਡ (1 ਅਰਬ 51 ਕਰੋੜ 21 ਲੱਖ ਰੁਪਏ ਦੇ ਕਰੀਬ) ਰੱਖੀ ਗਈ ਹੈ।
ਮਹਾਰਾਜ ਦਲੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਸਨ ਅਤੇ 19ਵੀਂ ਸਦੀ ਦੇ ਸਿੱਖ ਰਾਜ ਦੇ ਆਖ਼ਰੀ ਮਹਾਰਾਜਾ ਸਨ।
ਦਲੀਪ ਸਿੰਘ ਦੇ ਪੁੱਤਰ ਪ੍ਰਿੰਸ ਵਿਕਟਰ ਦੇ ਵਿਆਹ ਮਗਰੋਂ ਸਥਾਨਕ ਪ੍ਰਸ਼ਾਸਨ ਨੇ ਇਹ ਆਲੀਸ਼ਾਨ ਮਹਿਲ ਉਨ੍ਹਾਂ ਨੂੰ ਅਲਾਟ ਕੀਤਾ ਸੀ। ਪਰ ਲੰਡਨ ਵਿੱਚ ਸਥਿਤ ਇਸ 5 ਕਮਰਿਆਂ ਦੇ ਘਰ ਦੀ ਕੀ ਹੈ ਖ਼ਾਸੀਅਤ ਅਤੇ ਇਹ ਕਿਵੇਂ ਵਿਕਟਰ ਅਲਬਰਟ ਜੈ ਦਲੀਪ ਸਿੰਘ ਨੂੰ ਮਿਲਿਆ, ਇਸ ਬਾਰੇ ਅਸੀਂ ਗੱਲ ਕਰਦੇ ਹਾਂ।
ਇਹ ਵੀ ਪੜ੍ਹੋ-
1849 ਦੀ ਦੂਜੇ ਐਂਗਲੋ-ਸਿੱਖ ਜੰਗ ਦੇ ਅੰਤ 'ਚ ਮਹਾਰਾਜਾ ਦਲੀਪ ਸਿੰਘ ਨੂੰ ਪੰਜਾਬ ਦੀ ਗੱਦੀ ਤੋਂ ਹਟਾ ਦਿੱਤਾ ਅਤੇ ਫਿਰ ਦੇਸ਼ ਨਿਕਾਲਾ ਦੇ ਕੇ ਲੰਡਨ ਭੇਜ ਦਿੱਤਾ ਸੀ।
ਪ੍ਰਿੰਸ ਵਿਕਟਰ ਅਲਬਰਟ ਜੈ ਦਲੀਪ ਸਿੰਘ ਤੇ ਮਹਾਰਾਣੀ ਬੰਬਾ ਮਿਊਲਰ ਦੇ ਸਭ ਤੋਂ ਵੱਡੇ ਬੇਟੇ ਸਨ। ਇਸ ਤੋਂ ਇਲਾਵਾ ਉਨ੍ਹਾਂ ਦੀ ਇੱਕ ਬੇਟੀ ਵੀ ਸੋਫੀਆ ਦਲੀਪ ਸਿੰਘ ਹੈ, ਜੋ ਬਰਤਾਨਵੀ ਇਤਿਹਾਸ ਵਿੱਚ ਔਰਤਾਂ ਦੇ ਹੱਕਾਂ ਦੀ ਮਸ਼ਹੂਰ ਕਾਰਕੁਨ ਵੀ ਬਣੀ।
ਤਸਵੀਰ ਸਰੋਤ, beauchamp.com
ਪ੍ਰਿੰਸ ਵਿਕਟਰ ਜੈ ਦਲੀਪ ਸਿੰਘ ਸਿੰਘ ਦਾ ਜਨਮ ਲੰਡਨ ਵਿੱਚ 1866 ਹੋਇਆ ਸੀ ਅਤੇ ਉਹ ਮਹਾਰਾਣੀ ਵਿਕਟੋਰੀਆ ਦੇ ਧਰਮ-ਪੁੱਤਰ ਵੀ ਸਨ।
ਲੰਡਨ ਦੇ ਦੱਖਣੀ-ਪੱਛਮੀ ਕੈਨਸਿੰਗਟਨ ਦੇ ਲਿਟਲ ਬਾਲਟਨ ਇਲਾਕੇ ਵਿੱਚ 5 ਕਮਰਿਆਂ ਵਾਲਾ ਘਰ, ਜੈ ਦੁਲੀਪ ਸਿੰਘ ਨੂੰ ਲੇਡੀ ਐਨੇ ਆਫ ਕੋਵੈਨਟਰੀ ਨਾਲ ਵਿਆਹ ਕਰਵਾਉਣ ਮਗਰੋਂ ਜਨਵਰੀ 1898 ਤੋਂ ਬਾਅਦ ਮਿਲਿਆ ਸੀ। ਲੇਡੀ ਐਨੀ 9ਵੇਂ ਅਰਲ ਆਫ ਕੌਵੈਨਟਰੀ ਦੀ ਧੀ ਸੀ।
ਇਨ੍ਹਾਂ ਦੇ ਅੰਤਰ-ਨਸਲੀ ਵਿਆਹ ਨੇ ਲੰਡਨ ਵਿੱਚ ਵੱਡਾ ਹੰਗਾਮਾ ਖੜ੍ਹਾ ਕਰ ਦਿੱਤਾ ਸੀ।
ਤਸਵੀਰ ਸਰੋਤ, beauchamp.com
ਇਸ ਵਿਆਹ ਦਾ ਵਿਰੋਧ ਦੋਵਾਂ ਦੇ ਪਰਿਵਾਰਾਂ ਵੱਲੋਂ ਹੋਇਆ ਪਰ ਇਹ ਵਿਆਹ ਲੰਡਨ ਦੇ ਈਟਨ ਸੁਕੇਅਰ ਵਿੱਚ ਸੈਂਟ ਪੀਟਰ ਚਰਚ ਵਿੱਚ ਨੇਪਰੇ ਚੜਿਆ।
ਬਰਤਾਨਵੀਂ ਪ੍ਰਸ਼ਾਸਨ ਨੇ ਦਿ ਲਿਟਲ ਬੋਲਟਨ ਘਰ ਨਵ-ਵਿਆਹੇ ਜੋੜੇ ਨੂੰ ਕਿਰਾਏ ਵਜੋਂ ਦਿੱਤਾ। 1871 ਦੀ ਜਨਗਣਨਾ ਵਿੱਚ ਇਸ ਘਰ ਨੂੰ ਈਸਟ ਇੰਡੀਆ ਕੰਪਨੀ ਦੀ ਜਾਇਦਾਦ ਦੱਸਿਆ ਗਿਆ ਹੈ ਜਿੱਥੇ ਇੱਕ ਬਟਲਰ, ਦੋ ਨੌਕਰ, ਅੰਗਰੇਜ਼ੀ ਭਾਸ਼ਾ ਸਿੱਖਣ ਲਈ ਇੱਕ ਲੇਡੀ ਤੇ ਇੱਕ ਮਾਲੀ ਨਿਯੁਕਤ ਸੀ।
ਦਰਅਸਲ, ਇਹ ਘਰ ਬਿਲਡਰ ਜੌਹਨ ਸਪਾਈਸਰ ਨੇ 1866-68 ਵਿਚਾਲੇ ਤਿਆਰ ਕੀਤਾ ਸੀ। ਇਸ ਦਾ ਡਿਜਾਈਨ ਆਰਕੀਟੈਕਟ ਜੌਰਜ ਗੌਡਵਿਨ ਜੂਨੀਅਰ ਦੇ ਤਿਆਰ ਕੀਤਾ ਸੀ।
ਇਹ ਆਲੀਸ਼ਾਨ ਘਰ ਨੂੰ ਈਸਟ ਇੰਡੀਆ ਕੰਪਨੀ ਵੱਲੋਂ ਖਰੀਦਿਆ ਗਿਆ ਸੀ ਤੇ ਇਸ ਜਾਇਦਾਦ ਨੂੰ ਨਿਵੇਸ਼ ਲਈ ਰਜਿਸਟਰ ਕਰਵਾਇਆ ਗਿਆ ਸੀ ਜਿਸ ਤੋਂ ਕਿਰਾਏ ਦੀ ਆਮਦਨ ਆ ਸਕੇ।
ਇਸ ਜਾਇਦਾਦ ਤੋਂ ਇਲਾਵਾ ਜੈ ਵਿਕਟਰ ਦਲੀਪ ਸਿੰਘ ਦੇ ਪਰਿਵਾਰ ਨੇ ਮਾਮੁਲੀ ਕਿਰਾਏ ’ਤੇ ਵਿੰਬਲਡਨ ਤੇ ਰੋਇਹੈਮਟਨ ਵਿੱਚ ਵੀ ਜਾਇਦਾਦਾਂ ਇਸਤੇਮਾਲ ਕੀਤੀਆਂ ਸਨ।
ਤਸਵੀਰ ਸਰੋਤ, beauchamp.com
ਪਹਿਲੇ ਵਿਸ਼ਵ ਯੁੱਧ ਦੌਰਾਨ ਜੈ ਦਲੀਪ ਸਿੰਘ ਅਤੇ ਉਨ੍ਹਾਂ ਦੀ ਪਤਨੀ ਮੋਨਾਕੋ ਵਿੱਚ ਸਨ, ਜਿੱਥੇ 51 ਸਾਲ ਦੀ ਉਮਰ ਵਿੱਚ 7 ਜੂਨ 1918 ਨੂੰ ਪ੍ਰਿੰਸ ਦੀ ਮੌਤ ਹੋ ਗਈ ਸੀ।
ਉਨ੍ਹਾਂ ਦਾ ਵਿਧਵਾ ਅਤੇ, ਲਾਹੌਰ ਦੇ ਪ੍ਰਿੰਸ ਦਲੀਪ ਸਿੰਘ ਲੰਡਨ ਵਾਪਸ ਆ ਗਏ ਅਤੇ ਦਿ ਲਿਟਲ ਬੌਲਟਨ ਵਾਲੇ ਘਰ ਵਿੱਚ ਹੀ ਰਹੇ। ਉੱਥੇ ਹੀ ਵਿਕਟਰ ਜੈ ਦਲੀਪ ਸਿੰਘ ਦੀ ਵਿਧਵਾ ਦਾ 82 ਸਾਲਾਂ ਦੀ ਉਮਰ ਵਿੱਚ 2 ਜੁਲਾਈ, 1956 ਵਿੱਚ ਦੇਹਾਂਤ ਹੋ ਗਿਆ ਸੀ।
ਤਸਵੀਰ ਸਰੋਤ, beauchamp.com
ਇਸ ਘਰ ਨੂੰ ਵੇਚਣ ਵਿੱਚ ਮਦਦ ਕਰ ਰਹੇ ਬੀਚੈਮ ਅਸਟੇਟ ਮੁਤਾਬਕ ਇਹ ਜਾਇਦਾਦ ਹੁਣ ਨਿੱਜੀ ਮਲਕੀਅਤ ਵਿੱਚ ਚਲੀ ਗਈ ਹੈ।
ਸਾਲ 2010 ਵਿੱਚ ਇਸ ਮਹਿਲ ਦੀ ਮੁਰੰਮਤ ਕਰਵਾਈ ਗਈ ਸੀ ਅਤੇ ਇਸ ਨੂੰ ਮਾਰਡਨ ਰੂਪ ਦਿੱਤਾ ਗਿਆ ਸੀ।
ਤਸਵੀਰ ਸਰੋਤ, beauchamp.com
ਘਰ ਵਿੱਚ ਕੀ-ਕੀ ਹੈ
5613 ਵਰਗ ਫੁੱਟ 'ਚ ਬਣੇ 5 ਕਮਰਿਆਂ ਵਾਲੇ ਘਰ ਵਿੱਚ 2 ਸੁਆਗਤੀ ਕਮਰਿਆਂ ਦੇ ਨਾਲ-ਨਾਲ ਇੱਕ ਪਰਿਵਾਰਕ ਕਮਰਾ, ਰਸੋਈ ਅਤੇ ਬ੍ਰੈਕਫਾਸਟ ਵਾਲਾ ਕਮਰਾ ਵੀ ਹੈ। ਇਸ ਤੋਂ ਇਲਾਵਾ ਇੱਕ ਜਿਮ ਅਤੇ ਦੋ ਸਟਾਫ ਲਈ ਕਮਰੇ ਹਨ।
ਬੀਚੈਮ ਅਸਟੇਟ ਦੇ ਮੈਨੇਜਿੰਗ ਡਾਇਰੈਕਟਰ ਜਰਮੀ ਗੀ ਮੁਤਾਬਕ, "ਦੇਸ਼ ਨਿਕਾਲਾ ਮਿਲੇ ਲਾਹੌਰ ਦੇ ਪ੍ਰਿੰਸ ਦਾ ਇਹ ਘਰ ਬਹੁਤ ਹੀ ਸੁੰਦਰ ਢੰਗ ਨਾਲ ਡਿਜਾਈਨ ਕੀਤਾ ਗਿਆ ਹੈ ਅਤੇ ਇਸ ਵਿੱਚ ਉੱਚੀਆਂ ਛੱਤਾਂ, ਰਹਿਣ ਲਈ ਖੁੱਲ੍ਹੀ ਥਾਂ ਅਤੇ ਇਸ 'ਚ 52 ਫੁੱਟ ਦਾ ਬਗੀਚਾ ਵੀ ਹੈ। ਇਹ ਦੱਖਣੀ-ਪੱਛਮੀ ਕੈਨਸਿੰਗਟਨ ਇਲਾਕੇ ਵਿੱਚ ਉਹ ਥਾਂ ਹੈ ਜਿਸ ਨੂੰ ਲੈਣ ਲਈ ਕਈ ਲੋਕ ਇੱਛਾਵਾਂ ਰੱਖਦੇ ਹਨ।"
ਤਸਵੀਰ ਸਰੋਤ, beauchamp.com
ਇਹ ਇਤਿਹਾਸਕ ਘਰ ਇਸ ਵੇਲੇ ਵੇਚਣ ਲਈ ਲਗਾ ਦਿੱਤਾ ਗਿਆ ਹੈ। ਅਤੇ ਬਹੁਤ ਜਲਦੀ ਇਸ ਦਾ ਇੱਕ ਨਵਾਂ ਮਾਲਕ ਹੋਵੇਗਾ।