ਅਮਰੀਕਾ ’ਚ ਅਫ਼ਰੀਕੀ ਮੂਲ ਦੇ ਜੈਕਬ ਬਲੇਕ ਨੂੰ ਮਾਰਨ ਵਾਲੇ ਅਫ਼ਸਰ ਦਾ ਨਾਂ ਆਇਆ ਸਾਹਮਣੇ, ਹੋਰ ਖੁਲਾਸਾ ਵੀ ਹੋਇਆ

ਜੈਕਬ ਬਲੇਕ ਨੂੰ ਗੋਲੀ ਲਗਣ ਮਗਰੋਂ ਕਈ ਥਾਂਵਾਂ ਉੱਤੇ ਹਿੰਸਕ ਪ੍ਰਦਰਸ਼ਨ ਹੋਏ

ਤਸਵੀਰ ਸਰੋਤ, REUTERS/Emma Eunoia

ਤਸਵੀਰ ਕੈਪਸ਼ਨ,

ਜੈਕਬ ਬਲੇਕ ਨੂੰ ਗੋਲੀ ਲਗਣ ਮਗਰੋਂ ਕਈ ਥਾਂਵਾਂ ਉੱਤੇ ਹਿੰਸਕ ਪ੍ਰਦਰਸ਼ਨ ਹੋਏ

ਵਿਸਕੌਨਸਿਨ ਦੇ ਅਟੌਰਨੀ ਜਨਰਲ ਨੇ ਉਸ ਅਫ਼ਸਰ ਦਾ ਨਾਂ ਜਨਤਕ ਕੀਤਾ ਹੈ ਜਿਸ ਨੇ ਅਫ਼ਰੀਕੀ ਮੂਲ ਦੇ ਅਮਰੀਕੀ ਜੈਕਬ ਬਲੇਕ ਨੂੰ ਗੋਲੀਆਂ ਮਾਰੀਆਂ ਸਨ।

ਅਟੌਰਨੀ ਜਨਰਲ ਜੋਸ਼ ਕੌਲ ਨੇ ਬੁੱਧਵਾਰ ਨੂੰ ਰਿਪੋਰਟਰਾਂ ਨੂੰ ਦੱਸਿਆ ਕਿ ਪੁਲਿਸ ਅਫ਼ਸਰ ਰਸਟੇਨ ਸ਼ੈਸਕੀ ਨੇ ਬਲੇਕ ਨੂੰ 7 ਗੋਲੀਆਂ ਮਾਰੀਆਂ, ਜਦੋਂ ਉਹ ਆਪਣੀ ਕਾਰ ਦਾ ਦਰਵਾਜਾ ਖੋਲ੍ਹ ਰਹੇ ਸੀ।

ਉਨ੍ਹਾਂ ਕਿਹਾ ਕਿ ਪੁਲਿਸ ਨੂੰ ਬਲੇਕ ਦੀ ਕਾਰ ਵਿੱਚੋਂ ਇੱਕ ਚਾਕੂ ਤੋਂ ਇਲਾਵਾ ਕੋਈ ਹੋਰ ਹਥਿਆਰ ਨਹੀਂ ਮਿਲਿਆ ਸੀ।

ਕਿਵੇਂ ਸ਼ੁਰੂ ਹੋਇਆ ਸੀ ਮਾਮਲਾ?

ਅਮਰੀਕਾ ਦੇ ਸ਼ਹਿਰ ਕੈਨੋਸ਼ਾ ਵਿੱਚ ਪ੍ਰਦਰਸ਼ਨ ਦੀ ਤੀਜੀ ਰਾਤ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਜ਼ਖਮੀ ਹੈ। ਇਹ ਮੁਜਾਹਰਾ ਪੁਲਿਸ ਵਲੋਂ ਇਕ ਸਿਆਹਫ਼ਾਮ ਸ਼ਖ਼ਸ਼ ਜੈਕਬ ਬਲੇਕ 'ਤੇ ਗੋਲੀਆਂ ਚਲਾਉਣ ਤੋਂ ਬਾਅਦ ਸ਼ੁਰੂ ਹੋਇਆ ਸੀ।

ਸਥਾਨਕ ਮੀਡੀਆ ਰਿਪੋਰਟਾਂ ਨੇ ਪਹਿਲਾਂ ਕਿਹਾ ਸੀ ਕਿ ਇਹ ਹਿੰਸਾ ਪ੍ਰਦਰਸ਼ਨਕਾਰੀਆਂ ਅਤੇ ਇੱਕ ਗੈਸ ਸਟੇਸ਼ਨ ਦੀ ਰਾਖੀ ਕਰਨ ਵਾਲੇ ਹਥਿਆਰਬੰਦ ਵਿਅਕਤੀਆਂ ਦਰਮਿਆਨ ਹੋਏ ਇੱਕ ਟਕਰਾਅ ਕਾਰਨ ਹੋਈ ਸੀ।

ਐਤਵਾਰ ਨੂੰ ਪੁਲਿਸ ਨੇ ਜੈਕਬ ਬਲੇਕ ਨਾਮੀ ਆਦਮੀ ਨੂੰ ਗੋਲੀਆਂ ਮਾਰੀਆਂ ਸਨ ਜਿਸ ਤੋਂ ਬਾਅਦ ਕੈਨੋਸ਼ਾ ਵਿੱਚ ਤਣਾਅ ਫੈਲ ਗਿਆ ਹੈ।

ਉਦੋਂ ਤੋਂ ਹੀ ਲੋਕ ਵਿਰੋਧ ਪ੍ਰਦਰਸ਼ਨਾਂ ਵਿਚ ਸ਼ਾਮਲ ਹੋਣ ਲਈ ਸ਼ਹਿਰ ਵਿਚ ਲਾਗੂ ਐਮਰਜੈਂਸੀ ਕਰਫਿਊ ਦੀ ਉਲੰਘਣਾ ਕਰ ਰਹੇ ਹਨ। ਇਹ ਪ੍ਰਦਰਸ਼ਨ ਕਈ ਵਾਰ ਹਿੰਸਕ ਹੋ ਚੁੱਕੇ ਹਨ।

ਤਸਵੀਰ ਸਰੋਤ, REUTERS/Stephen Maturen

ਤਸਵੀਰ ਕੈਪਸ਼ਨ,

ਵਿਸਕੌਨਸਿਨ ਦੇ ਅਟੌਰਨੀ ਜਨਰਲ ਜੋਸ਼ ਕੌਲ ਨੇ ਜੈਕਬ ਬਲੇਕ ਉੱਤੇ ਗੋਲੀ ਚਲਾਉਣ ਵਾਲੇ ਪੁਲਿਸ ਅਫ਼ਸਰ ਦੇ ਨਾਂ ਦਾ ਖੁਲਾਸਾ ਕੀਤਾ ਹੈ

ਆਪਣੇ ਬਿਆਨ ਵਿੱਚ ਕੈਨੋਸ਼ਾ ਪੁਲਿਸ ਨੇ ਕਿਹਾ ਕਿ ਅਧਿਕਾਰੀਆਂ ਨੇ ਮੰਗਲਵਾਰ ਨੂੰ ਕਰੀਬ 23:45 ਵਜੇ (04:45 ਬੁੱਧਵਾਰ ਜੀ.ਐੱਮ.ਟੀ.) ਸ਼ਹਿਰ ਵਿੱਚ "ਗੋਲੀਆਂ ਚਲਾਏ ਜਾਣ ਦੀਆਂ ਖਬਰਾਂ"ਨੂੰ ਲੈ ਕੇ ਜਵਾਬੀ ਕਾਰਵਾਈ ਕੀਤੀ ਸੀ।

ਬਿਆਨ ਵਿੱਚ ਕਿਹਾ ਗਿਆ ਹੈ, "ਗੋਲੀਬਾਰੀ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਤੀਸਰ ਸ਼ਖ਼ਸ ਜੋ ਗੋਲੀਬਾਰੀ ਦਾ ਸ਼ਿਕਾਰ ਹੋਇਆ ਸੀ, ਉਹ ਹਸਪਤਾਲ 'ਚ ਦਾਖ਼ਲ ਹੈ ਪਰ ਉਸ ਨੂੰ ਕੋਈ ਗੰਭੀਰ ਸੱਟਾਂ ਨਹੀਂ ਲੱਗੀਆਂ ਹਨ।"

ਇਹ ਵੀ ਪੜ੍ਹੋ

ਪਰਿਵਾਰ ਨੂੰ ‘ਚਮਤਕਾਰ’ ਦੀ ਉਡੀਕ

ਤਸਵੀਰ ਸਰੋਤ, BENCRUMP.COM

ਤਸਵੀਰ ਕੈਪਸ਼ਨ,

ਜੈਕਬ ਬਲੇਕ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਜਾਂਚ ਤੋਂ ਸੰਤੁਸ਼ਟ ਨਹੀਂ ਹਨ

ਜੈਕਬ ਦੇ ਪਰਿਵਾਰ ਦੇ ਵਕੀਲ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ, "ਉਨ੍ਹਾਂ ਦਾ ਪਰਿਵਾਰ ਚਮਤਕਾਰਾਂ ਵਿੱਚ ਯਕੀਨ ਕਰਦਾ ਹੈ ਪਰ ਡਾਕਟਰੀ ਜਾਂਚ ਤਾਂ ਫਿਲਹਾਲ ਇਹੀ ਕਹਿ ਰਹੀ ਹੈ ਕਿ ਉਨ੍ਹਾਂ ਨੂੰ ਲਕਵਾ ਮਾਰ ਗਿਆ ਹੈ।”

“ਗੋਲੀਆਂ ਨੇ ਉਨ੍ਹਾਂ ਦੀ ਰੀੜ੍ਹ ਨੂੰ ਨੁਕਸਾਨ ਪਹੁੰਚਾਇਆ ਸੀ ਤੇ ਕੁਝ ਮਣਕੇ ਤੋੜ ਦਿੱਤੇ ਸਨ, ਜੈਕਬ ਬਲੇਕ ਸ਼ਾਇਦ ਕਿਸੇ ਚਮਤਕਾਰ ਨਾਲ ਹੀ ਮੁੜ ਤੁਰ ਸਕਣਗੇ।”29 ਸਾਲਾ ਜੈਕਬ ਬਲੇਕ ਕੈਨੋਸ਼ਾ ਸ਼ਹਿਰ ਵਿੱਚ ਆਪਣੀ ਕਾਰ ਦਾ ਦਰਵਾਜ਼ਾ ਖੋਲ੍ਹ ਰਹੇ ਸਨ ਜਦੋਂ ਪੁਲਿਸ ਨੇ ਕਥਿਤ ਤੌਰ ’ਤੇ ਉਨ੍ਹਾਂ ਦੇ ਗੋਲੀਆਂ ਮਾਰੀਆਂ। ਇਸ ਘਟਨਾ ਦੌਰਾਨ ਉਨ੍ਹਾਂ ਦਾ ਪੁੱਤਰ ਕਾਰ ਵਿੱਚ ਹੀ ਬੈਠਾ ਸੀ।

ਤਸਵੀਰ ਸਰੋਤ, Reuters

ਵਕੀਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਗੋਲੀਆਂ ਨੇ ਬਲੇਕ ਦੇ ਢਿੱਡ ਵਿੱਚ ਵੀ ਸੁਰਾਖ਼ ਕਰ ਦਿੱਤੇ ਸਨ, ਬਾਂਹ ਵੀ ਜ਼ਖ਼ਮੀ ਹੋਈ ਅਤੇ ਉਨ੍ਹਾਂ ਦੇ ਗੁਰਦਿਆਂ ਅਤੇ ਜਿਗਰ ਨੂੰ ਵੀ ਨੁਕਸਾਨ ਪਹੁੰਚਿਆ ਹੈ। ਡਾਕਟਰਾਂ ਨੂੰ ਬਲੇਕ ਦੀਆਂ ਆਂਦਰਾਂ ਦਾ ਵੱਡਾ ਹਿੱਸਾ ਕੱਢਣਾ ਪਿਆ।

ਘਟਨਾ ਨੂੰ ਲੈ ਕੇ ਮੁਜ਼ਾਹਰੇ ਹੋ ਰਹੇ ਹਨ, ਜਿੰਨ੍ਹਾਂ ਵਿੱਚ ਹਿੰਸਾ ਦੀਆਂ ਵੀ ਖ਼ਬਰਾਂ ਹਨ। ਵਿਗੜਦੀ ਸਥਿਤੀ ਨੂੰ ਦੇਖਦੇ ਹੋਏ ਵਿਸਕਾਂਸਨ ਨੇ ਗਵਰਨਰ ਨੇ ਕੈਨੋਸ਼ਾ ਵਿੱਚ ਨੈਸ਼ਨਲ ਗਾਰਡਾਂ ਦੀ ਨਫ਼ਰੀ ਵਧਾਉਣ ਦਾ ਫ਼ੈਸਲਾ ਲਿਆ ਹੈ।

ਰੀੜ੍ਹ ਦੀ ਹੱਡੀ ਨੂੰ ਪਹੁੰਚੇ ਨੁਕਸਾਨ ਕਾਰਨ ਬਲੇਕ ਦੇ ਮੁੜ ਪੈਰਾਂ ’ਤੇ ਖੜ੍ਹੇ ਹੋਣ ਬਾਰੇ ਡਾਕਟਰ ਕੁਝ ਵੀ ਕਹਿਣ ਤੋਂ ਅਮਸਰੱਥ ਹਨ।

ਬਲੇਕ ਦੀ ਮਾਂ ਜੂਲੀਆ ਜੈਕਸਨ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਜ਼ਿੰਦਗੀ ਲਈ ਲੜ ਰਿਹਾ ਹੈ ਪਰ ਜੇ ਉਸ ਨੂੰ "ਹੋ ਰਹੀ ਹਿੰਸਾ ਅਤੇ ਘਟਨਾਕ੍ਰਮ ਬਾਰੇ ਪਤਾ ਚਲਦਾ ਤਾਂ ਉਸ ਦਾ ਦਿਲ ਬਹੁਤ ਦੁਖਣਾ ਸੀ।"

ਮਿਸ਼ੀਗਨ ਝੀਲ ਦੇ ਕਿਨਾਰੇ ਤੇ ਵਸੇ ਇਸ ਇੱਕ ਲੱਖ ਦੀ ਵਸੋਂ ਵਾਲੇ ਸ਼ਹਿਰ ਵਿੱਚ ਮੁਜ਼ਾਹਰਾਕਾਰੀਆਂ ਨੇ ਇਮਾਰਤਾਂ ਅਤੇ ਕਾਰਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਸੀ।

ਮੰਗਲਵਾਰ ਨੂੰ ਗਵਰਨਰ ਟੋਨੀ ਐਵਰਸ ਨੇ ਕਿਹਾ ਕਿ ਉਹ ਬਚਾਅ ਕਰਮੀਆਂ ਅਤੇ ਦਮਕਲ ਦੀ ਮਦਦ ਲਈ ਸ਼ਹਿਰ ਵਿੱਚ ਅਤੇ ਸਰਕਾਰੀ ਇਮਾਰਤਾਂ ਦੀ ਸੁਰੱਖਿਆ ਨੂੰ ਨੈਸ਼ਨਲ ਗਾਰਡ ਦੇ ਜਵਾਨ ਭੇਜਣਗੇ। ਮੁਜ਼ਾਹਰਾਕਾਰੀਆਂ ਅਤੇ ਪੁਲਿਸ ਵਿੱਚ ਤੀਜੀ ਰਾਤ ਲਗਾਤਾਰ ਹਿੰਸਕ ਝੜਪ ਤੋਂ ਬਾਅਦ ਵਿਸਕਾਂਸਨ ਸੂਬੇ ਵਿੱਚ ਐਮਰਜੈਂਸੀ ਲਾ ਦਿੱਤੀ ਗਈ ਹੈ।

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ,

ਲੋਕ ਵਿਰੋਧ ਪ੍ਰਦਰਸ਼ਨਾਂ ਵਿਚ ਸ਼ਾਮਲ ਹੋਣ ਲਈ ਸ਼ਹਿਰ ਵਿਚ ਲਾਗੂ ਐਮਰਜੈਂਸੀ ਕਰਫਿਊ ਦੀ ਉਲੰਘਣਾ ਕਰ ਰਹੇ ਹਨ। ਇਹ ਪ੍ਰਦਰਸ਼ਨ ਕਈ ਵਾਰ ਹਿੰਸਕ ਹੋ ਚੁੱਕੇ ਹਨ।

ਕੀ ਸੀ ਮਾਮਲਾ?

ਪੁਲਿਸ ਮੁਤਾਬਕ ਉਹ ਕਿਸੇ ਘਰ ਵਿੱਚ ਵਾਪਰੀ ਕਿਸੇ ਘਟਨਾ ਬਾਰੇ ਕਾਰਵਾਈ ਕਰਨ ਉੱਥੇ ਗਏ ਸਨ। ਪੁਲਿਸ ਨੇ ਕੁਝ ਹੋਰ ਵੇਰਵੇ ਵੀ ਜਾਰੀ ਕੀਤੇ ਹਨ। ਹਾਲਾਂਕਿ ਹਾਲੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਪੁਲਿਸ ਨੂੰ ਕਿਸ ਨੇ ਫੋਨ ਕੀਤਾ ਸੀ, ਕਿੰਨੇ ਪੁਲਿਸ ਵਾਲੇ ਸ਼ਾਮਲ ਸਨ ਅਤੇ ਗੋਲੀ ਚੱਲਣ ਤੋਂ ਪਹਿਲਾਂ ਹੋਇਆ ਕੀ ਸੀ।

ਘਟਨਾ ਦੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਬਲੇਕ ਕਾਰ ਦਾ ਅਗਲਾ ਦਰਵਾਜ਼ਾ ਖੋਲ੍ਹ ਕੇ ਅੰਦਰ ਵੱਲ ਝੁਕੇ ਹੋਏ ਹਨ, ਜਦੋਂ ਪੁਲਿਸ ਅਫ਼ਸਰ ਨੇ ਉਨ੍ਹਾਂ ਦੀ ਟੀਸ਼ਰਟ ਫੜ ਕੇ ਖਿੱਚਿਆ ਅਤੇ ਗੋਲੀ ਚਲਾ ਦਿੱਤੀ। ਵੀਡੀਓ ਵਿੱਚ ਚਸ਼ਮਦੀਦ ਚੀਕਾਂ ਮਾਰ ਰਹੇ ਹਨ ਅਤੇ ਸੱਤ ਗੋਲੀਆਂ ਦੀ ਅਵਾਜ਼ ਸੁਣੀ ਜਾ ਸਕਦੀ ਹੈ।

ਬਲੇਕ ਦੀ ਮੰਗੇਤਰ ਨੇ ਕਿਹਾ ਕਿ ਬੱਚੇ ਕਾਰ ਦੀ ਪਿਛਲੀ ਸੀਟ ਤੇ ਹੀ ਬੈਠੇ ਸਨ ਅਤੇ ਆਪਣੇ ਪਿਤਾ ਦੇ ਗੋਲੀ ਮਾਰ ਜਾਣ ਨੂੰ ਦੇਖ ਕੇ ਚੀਕਾਂ ਮਾਰ ਰਹੇ ਸਨ।

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ,

ਜੈਕਬ ਦੀ ਘਟਨਾ ਨਾਲ ਦੇਸ਼ ਵਿੱਚ ਨਸਲਵਾਦ ਬਾਰੇ ਜਾਰੀ ਬਹਿਸ ਹੋਰ ਭਖ਼ ਗਈ ਹੈ

ਬਲੇਕ ਦੇ ਵਕੀਲ ਨੇ ਦੱਸਿਆ ਕਿ ਉਹ ਕੋਈ ਘਰੇਲੂ ਝਗੜਾ ਹੱਲ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਚਸ਼ਮਦੀਦਾਂ ਨੇ ਵੀ ਸਥਾਨਕ ਮੀਡੀਆ ਨੂੰ ਇਹੀ ਦੱਸਿਆ ਹੈ।

ਅਦਾਲਤ ਦੇ ਦਸਤਾਵੇਜ਼ਾਂ ਮੁਤਾਬਕ ਬਲੇਕ ਖ਼ਿਲਾਫ਼ ਜਿਣਸੀ ਹਮਲੇ ਅਤੇ ਘਰੇਲੂ ਸ਼ੋਸ਼ਣ ਦੀਆਂ ਸ਼ਿਕਾਇਤਾਂ ਕਾਰਨ ਗ੍ਰਿਫ਼ਤਾਰੀ ਦੇ ਵਾਰੰਟ ਸਨ। ਪੁਲਿਸ ਨੇ ਹਾਲੇ ਤੱਕ ਐਤਵਾਰ ਨੂੰ ਘਰੇਲੂ-ਫ਼ਸਾਦ ਸੁਲਝਾਉਣ ਗਏ ਪੁਲਿਸ ਵਾਲਿਆਂ ਦੇ ਇਨ੍ਹਾਂ ਵਾਰੰਟਾਂ ਤੋਂ ਜਾਣੂੰ ਹੋਣ ਬਾਰੇ ਕੁਝ ਨਹੀਂ ਕਿਹਾ ਹੈ।

ਵਿਸਕਾਂਸਨ ਦਾ ਨਿਆਂ ਵਿਭਾਗ ਮਾਮਲੇ ਦੀ ਜਾਂਚ ਕਰ ਰਿਹਾ ਹੈ ਅਤੇ ਇਨ੍ਹਾਂ ਅਫ਼ਸਰਾਂ ਉੱਪਰ ਮੁਕੱਦਮਾ ਕੀਤੇ ਜਾਣ ਦੀ ਮੰਗ ਵੀ ਜ਼ੋਰ ਫੜ ਰਹੀ ਹੈ।

ਬਲੇਕ ਦੇ ਪਿਤਾ ਨੇ ਪੱਤਰਕਾਰਾਂ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਜਾਂਚ ਵਿੱਚ ਭਰੋਸਾ ਨਹੀਂ ਹੈ।

"ਇੱਥੇ ਹਰ ਕੋਈ ਗੋਰਾ ਹੈ। ਇਹ ਤਾਂ ਜਾਂਚ ਹੈ ਉਸ ਸਿਆਹਫ਼ਾਮ ਨੌਜਵਾਨ ਬਾਰੇ ਜਿਸ ਦੀ ਪਿੱਠ ਵਿੱਚ ਸੱਤ ਗੋਲੀਆਂ ਮਾਰੀਆਂ ਗਈਆਂ। ਕੋਈ ਇਸ ਬਾਰੇ ਜਵਾਬ ਦੇਣ ਜਾਂ ਟਿੱਪਣੀ ਦੇਣ ਲਈ ਨਹੀਂ ਆਇਆ ਹੈ, ਇਹ ਸੁਆਗਤ ਕਰਨ ਯੋਗ ਨਹੀਂ ਹੈ।"

ਨਸਲਵਾਦ ਬਾਰੇ ਬਹਿਸ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ,

ਜੌਰਜ ਫਲੌਇਡ ਦੀ ਮੌਤ ਤੋਂ ਹੀ ਅਮਰੀਕਾ ਵਿੱਚ ਨਸਲੀ ਵਿਤਕਰੇ ਬਾਰੇ ਮੁਜ਼ਾਹਰੇ ਹੋ ਰਹੇ ਹਨ

ਜ਼ਿਕਰਯੋਗ ਹੈ ਕਿ ਮਈ ਵਿੱਚ ਇੱਕ ਗੋਰੇ ਪੁਲਿਸ ਅਫ਼ਸਰ ਨੇ ਇੱਕ ਸਿਆਹਫ਼ਾਮ ਵਿਅਕਤੀ ਜੌਰਜ ਫਲੌਇਡ ਨੂੰ ਸੜਕ ’ਤੇ ਲੰਬਾ ਪਾ ਕੇ ਉਸ ਦੀ ਧੌਣ ਤੇ ਗੋਡਾ ਰੱਖ ਲਿਆ ਸੀ। ਫਲੌਇਡ ਦੇ ਵਾਰ-ਵਾਰ ਕਹਿਣ ਕੇ ਉਨ੍ਹਾਂ ਨੂੰ ਸਾਹ ਨਹੀਂ ਆ ਰਿਹਾ ਪੁਲਿਸ ਅਫ਼ਸਰ ਨੇ ਗੋਡਾ ਨਹੀਂ ਚੁੱਕਿਆ ਅਤੇ ਫਲੌਇਡ ਦੀ ਮੌਕੇ ਤੇ ਹੀ ਮੌਤ ਹੋ ਗਈ।

ਉਸ ਤੋਂ ਬਾਅਦ ਅਫ਼ਰੀਕੀ-ਅਮਰੀਕੀਆਂ ਨਾਲ ਪੁਲਿਸ ਦੇ ਨਸਲਵਾਦੀ ਰਵੀਏ ਅਤੇ ਸਮਾਜ ਵਿੱਚ ਫੈਲੇ ਨਸਲਵਾਦ ਬਾਰੇ ਦੇਸ਼ ਵਿੱਚ ਬਹਿਸ ਹੋ ਰਹੀ ਹੈ। ਉਸ ਦੌਰਾਨ ਬਲੇਕ ਨਾਲ ਵਾਪਰੀ ਘਟਨਾ 'ਨੇ ਬਲ਼ਦੀ ’ਤੇ ਤੇਲ ਦਾ ਕੰਮ ਕੀਤਾ ਹੈ ਅਤੇ ਸਥਿਤੀ ਗੰਭੀਰ ਹੋ ਗਈ ਹੈ।

ਆਪਣੇ ਸੰਬੋਧਨ ਵਿੱਚ ਜੂਲੀਆ ਜੈਕਸਨ ਨੇ ਕਿਹਾ ਨਸਲਵਾਦ ਤੇ ਸਿੱਧੀ ਟਿੱਪਣੀ ਕੀਤੀ। ਉਨ੍ਹਾਂ ਨੇ ਕਿਹਾ,"ਤੁਸੀਂ ਜਾਣਦੇ ਹੋ ਜਿਸ ਘਰ ਵਿੱਚ ਸਾਰੇ ਇੱਕ ਦੂਜੇ ਦੇ ਵਿਰੋਧੀ ਹੋਣ ਉਹ ਟਿਕ ਨਹੀਂ ਸਕਦਾ।"

ਵੀਡੀਓ ਕੈਪਸ਼ਨ,

'ਅਮਰੀਕਾ ਮਹਾਨ ਕਦੋਂ ਰਿਹਾ ਹੈ?': ਜੌਰਜ ਫਲਾਇਡ ਦੀ ਭਤੀਜੀ ਦਾ ਦਰਦ ਬੋਲਿਆ

ਇਹ ਵੀ ਪੜ੍ਹੋ

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)