ਪਾਕਿਸਤਾਨ ਤੋਂ ਮੁਹੰਮਦ ਹਨੀਫ਼ ਦਾ VLOG: 'ਜ਼ੁਬਾਨਾਂ ਖਿੱਚਣ ਦੇ ਕਾਨੂੰਨ ਪਹਿਲਾਂ ਹੀ ਹਨ, ਲੋਕਾਂ ਨੂੰ ਥੋੜ੍ਹਾ ਹੱਸਣ ਦਿਓ'

ਫੌਜ

ਤਸਵੀਰ ਸਰੋਤ, KAMAR JAVED BAJWA/TWITTER

ਮੁਹੰਮਦ ਹਨੀਫ਼ ਪਾਕਿਸਤਾਨ ਦੇ ਲੇਖਕ ਅਤੇ ਸੀਨੀਅਰ ਪੱਤਰਕਾਰ ਹਨ ਅਤੇ ਉਹ ਲਗਾਤਾਰ ਬੀਬੀਸੀ ਪੰਜਾਬੀ ਦੇ ਪਾਠਕਾਂ/ਦਰਸ਼ਕਾਂ ਨਾਲ ਵੱਖ ਵੱਖ ਮੁੱਦਿਆਂ ਉੱਤੇ ਸਾਂਝ ਪਾਉਂਦੇ ਰਹਿੰਦੇ ਹਨ।

ਇਸ ਵਾਰ ਉਨ੍ਹਾਂ ਨੇ ਪਾਕਿਸਤਾਨ ਵਿੱਚ ਇੱਕ ਨਵੇਂ ਵਿਚਾਰੇ ਜਾ ਰਹੇ ਕਾਨੂੰਨ ਬਾਰੇ ਟਿੱਪਣੀ ਕੀਤੀ ਹੈ।

ਕਿਤਾਬ 'ਤੇ ਰੇੜਕਾ

ਪਿਛਲੇ ਦਿਨੀਂ ਪਾਕਿਸਤਾਨ ਵਿੱਚ ਇੱਕ ਸਰਵੇਖਣ ਹੋਇਆ ਅਤੇ ਪਤਾ ਲੱਗਿਆ ਕਿ 100 ਵਿੱਚੋਂ 85-90 ਫੀਸਦ ਲੋਕਾਂ ਨੇ ਕਦੇ ਕੋਈ ਕਿਤਾਬ ਪੜ੍ਹੀ ਹੀ ਨਹੀਂ। ਸਵਾਲ ਇਹ ਹੈ ਕਿ ਲੋਕ ਕਿਤਾਬਾਂ ਲਿਖਦੇ ਹੀ ਕਿਉਂ ਹਨ।

ਇਸ ਮਾਹੌਲ ਵਿੱਚ ਪਿਛਲੇ ਦਿਨੀਂ ਵੜੈਚ ਸਾਹਿਬ ਦੀ ਇੱਕ ਕਿਤਾਬ ਆਈ ਅਤੇ ਨਾਂ ਸੀ 'ਯੇ ਕੰਪਨੀ ਨਹੀਂ ਚਲੇਗੀ'।

ਕੰਪਨੀ ਵਿੱਚੋਂ ਕਿਸੇ ਨੂੰ ਗੁੱਸਾ ਆਇਆ ਤੇ ਕਿਤਾਬ ਦੁਕਾਨਾਂ 'ਚੋਂ ਚੁੱਕ ਲਈ ਗਈ।

ਵੜੈਚ ਸਾਹਿਬ ਉਸ ਤਰ੍ਹਾਂ ਦੇ ਇਨਸਾਨ ਨੇ ਜੋ ਔਖੇ ਤੋਂ ਔਖਾ ਸਵਾਲ ਵੀ ਭੋਲੇ ਜਿਹੇ ਮੂੰਹ ਨਾਲ ਪੁੱਛ ਲੈਂਦੇ ਹਨ।

ਇਹ ਵੀ ਪੜ੍ਹੋ:

ਉਹ ਪਾਕਿਸਤਾਨ ਦੀ ਸਿਆਸੀ ਤਰੀਕ ਦੇ ਗੂਗਲ ਮੰਨੇ ਜਾਂਦੇ ਹਨ।

ਕਿਸੇ ਵੀ ਸਿਆਸਤਦਾਨ ਦਾ ਨਾਂ ਲਓ ਤਾਂ ਪਿਛਲੀਆਂ ਸੱਤ ਪੁਸ਼ਤਾਂ ਦੱਸ ਦੇਣਗੇ।

ਵੜੈਚ ਸਾਹਿਬ ਦੀ ਇਹ ਜੋ ਕਿਤਾਬ ਸੀ, ਉਨ੍ਹਾਂ ਕਿਹਾ ਕਿ ਇਸ ਵਿੱਚ ਉਹ ਕਾਲਮ ਹਨ, ਜੋ ਪਹਿਲਾਂ ਹੀ ਅਖ਼ਬਾਰਾਂ ਵਿੱਚ ਛੱਪ ਚੁੱਕੇ ਹਨ ਤੇ ਲੋਕ ਉਨ੍ਹਾਂ ਨੂੰ ਪੜ੍ਹ ਚੁੱਕੇ ਹਨ।

ਕਿਤਾਬ ਦੇ ਕਵਰ 'ਤੇ ਅਜਿਹਾ ਕੀ ਸੀ

ਪਰ ਕੰਪਨੀ ਵਾਲਿਆਂ ਨੂੰ ਕਿਤਾਬ ਦੇ ਕਵਰ 'ਤੇ ਬਣਿਆ ਕਾਰਟੂਨ ਪਸੰਦ ਨਹੀਂ ਆਇਆ।

ਕਾਰਟੂਨ ਵਿੱਚ ਜਨਰਲ ਕਮਰ ਬਾਜਵਾ ਸਾਹਿਬ ਕੁਰਸੀ 'ਤੇ ਬੈਠੇ ਨੇ। ਇੰਝ ਲੱਗਦਾ ਹੈ ਜਿਵੇਂ ਅੱਬਾ ਥੱਕ ਹਾਰ ਕੇ ਦਫ਼ਤਰੋਂ ਘਰ ਆਇਆ ਹੋਵੇ।

ਫਰਸ਼ 'ਤੇ ਇਮਰਾਨ ਖ਼ਾਨ ਦੀ ਸ਼ਕਲ ਵਰਗਾ ਇੱਕ ਬੱਚਾ ਖੇਡਦਾ ਪਿਆ ਹੈ।

ਖਿੜਕੀ ਵਿੱਚੋਂ ਆਪੋਜ਼ੀਨ ਵਾਲੇ ਸ਼ਰੀਫ਼ ਬੜੀ ਹਸਰਤ ਨਾਲ ਬਾਹਰੋਂ ਝਾਤੀ ਮਾਰਦੇ ਪਏ ਹਨ।

ਕਾਰਟੂਨ ਬਣਾਉਣ ਵਾਲੇ ਦਾ ਕੰਮ ਹੀ ਇਹ ਹੁੰਦਾ ਹੈ ਕਿ ਕਿਸੇ ਚੀਜ਼ ਨੂੰ ਛੋਟੀ ਕਰਕੇ ਬਣਾ ਦਿੰਦੇ ਹਨ ਤੇ ਕਿਸੇ ਨੂੰ ਵੱਡੀ ਕਰ ਦਿੰਦੇ ਹਨ।

ਕਿਸੇ ਦੀ ਨੱਕ ਨਾਲ ਖੇਡਦੇ ਹਨ, ਕਿਸੇ ਦੀ ਮੁੱਛ ਥੱਲੇ ਅਤੇ ਕਿਸੇ ਦੀ ਉੱਤੇ ਕਰ ਦਿੰਦੇ ਹਨ।

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ,

ਮੁਹੰਮਦ ਹਨੀਫ਼ ਨੇ ਦੱਸਿਆ, 'ਕਾਰਟੂਨ ਵਿੱਚ ਜਨਰਲ ਕਮਰ ਬਾਜਵਾ ਸਾਹਿਬ ਕੁਰਸੀ 'ਤੇ ਬੈਠੇ ਨੇ'

ਮੇਰੇ ਖਿਆਲ ਵਿੱਚ ਕਾਰਟੂਨ ਦੇਖਕੇ ਕੰਪਨੀ ਦੇ ਕਿਸੇ ਅਫ਼ਸਰ ਨੂੰ ਲੱਗਿਆ ਹੋਵੇਗਾ ਕਿ ਅੱਬਾ ਜੀ ਦੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਅੱਜ-ਕੱਲ੍ਹ ਇੱਕ ਕਾਨੂੰਨ ਬਣਾਉਣ ਦੀ ਤਿਆਰੀ ਹੋ ਰਹੀ ਹੈ। ਜਿਹੜਾ ਕਿਸੇ ਫੌਜ ਜਾਂ ਕਿਸੇ ਫ਼ੌਜੀ ਦਾ ਮਜ਼ਾਕ ਬਣਾਏਗਾ, ਉਹ ਜੇਲ੍ਹ ਵੀ ਜਾਏਗਾ ਅਤੇ ਜੁਰਮਾਨਾ ਵੀ ਭਰੇਗਾ।

ਪਾਕਿਸਤਾਨ ਦੇ ਅੱਧੇ ਟਰੱਕਾਂ ਪਿੱਛੇ 'ਪਾਕਿਸਤਾਨ ਫ਼ੌਜ ਕੋ ਸਲਾਮ ਲਿਖਿਆ ਹੋਇਆ ਹੈ।

ਫਿਰ ਪਤਾ ਨਹੀਂ ਕਿਉਂ ਕੰਪਨੀ ਵਾਲਿਆਂ ਨੂੰ ਲੱਗਿਆ ਕਿ ਕੌਮ ਸਾਡੇ ਨਾਲ ਮਖੌਲ ਕਰਦੀ ਪਈ ਹੈ।

'ਜੁਗਤ ਤੇ ਹੁਣ ਚੌਧਰੀ ਨੂੰ ਹੀ ਵੱਜੇਗੀ'

ਬਈ ਇੰਜ ਸਮਝੋ ਜੇ ਪਾਕਿਸਤਾਨ ਵੱਡਾ ਜਿਹਾ ਪਿੰਡ ਹੈ ਤਾਂ ਬਾਜਵਾ ਸਾਹਿਬ ਉਸ ਦੇ ਚੌਧਰੀ ਹਨ।

ਬਾਕੀ ਪਾਰਲੀਮੈਂਟ ਵਿੱਚ ਉਨ੍ਹਾਂ ਦੇ ਮੁਨਸ਼ੀ ਬੈਠੇ ਹਨ ਜਿਨ੍ਹਾਂ ਨੇ ਉਨ੍ਹਾਂ ਦੇ ਬਹੀ ਖਾਤੇ ਸਾਂਭੇ ਹਨ।

ਕੋਈ ਹੁੱਕਾ ਕਾਰਾ ਕਰਦੇ ਨੇ ਤੇ ਕੋਈ ਜੁੱਤੀਆਂ ਸਿੱਧੀਆਂ ਕਰਦੇ ਹਨ।

ਆਪੋਜ਼ੀਨ ਵੀ ਹੈ ਪਰ ਉਹ ਵੀ ਅਕਸਰ ਕਹਿੰਦੇ ਹਨ ਕਿ ਸਾਡੀ ਵਾਰੀ ਕਦੋਂ ਆਏਗੀ, ਸਾਡਾ ਵੀ ਚੁੰਮਣ ਦਾ ਦਿਲ ਕਰਦਾ ਹੈ।

ਇਹ ਵੀ ਪੜ੍ਹੋ:

ਕਦੇ-ਕਦੇ ਬੜਾ ਘੁਮਾਰ ਉੱਠਦਾ ਹੈ ਪਰ ਫਿਰ ਪੈਰੀਂ ਪੈ ਜਾਂਦਾ ਹੈ, ਜੇ ਜ਼ਿਆਦਾ ਔਖਾ ਹੋਵੇ ਤਾਂ ਪਿੰਡ ਛੱਡ ਕੇ ਤੁਰ ਜਾਂਦਾ ਹੈ।

ਪਰ ਕੋਈ ਵੀ ਪਿੰਡ ਮਰਾਸੀਆਂ ਤੋਂ ਬਿਨਾਂ ਤਾਂ ਪੂਰਾ ਨਹੀਂ ਹੋ ਸਕਦਾ।

ਜੁਗਤ ਤੇ ਹੁਣ ਚੌਧਰੀ ਨੂੰ ਹੀ ਵੱਜੇਗੀ ਕਿਉਂਕਿ ਬਾਕੀ ਮੁਹਾਤੜ ਦੀ ਤਾਂ ਆਪਣੀ ਜ਼ਿੰਦਗੀ ਹੀ ਮਜ਼ਾਕ ਬਣੀ ਹੁੰਦੀ ਹੈ।

ਚੌਧਰੀ ਨੂੰ ਜੁਗਤ ਲੱਗਦੀ ਹੈ, ਲੋਕ ਥੋੜ੍ਹਾ ਜਿਹਾ ਹੱਸ ਪੈਂਦੇ ਹਨ। ਬਾਹਰ ਵਾਲਿਆਂ ਨੂੰ ਲੱਗਦਾ ਹੈ ਕਿ ਚੌਧਰੀ ਸਾਹਿਬ ਦੀ ਰਿਹਾਇਆ ਹੱਸਦੀ ਵੱਸਦੀ ਪਈ ਹੈ।

ਤਸਵੀਰ ਸਰੋਤ, Reuters

ਹੋਰ ਕੁਝ ਨਹੀਂ ਤਾਂ ਮਰਹੂਮ ਜਨਰਲ ਜ਼ਿਆ-ਉਲ-ਹਕ ਤੋਂ ਹੀ ਸਿੱਖ ਲਓ।

ਉਹ ਆਪਣੇ ਬਾਰੇ ਹੀ ਗੋਰਿਆਂ ਨੂੰ ਲਤੀਫ਼ੇ ਸੁਣਾਉਂਦੇ ਸਨ ਅਤੇ ਗੋਰੇ ਜਾ ਕੇ ਲਿਖਦੇ ਸਨ, ਕਿੰਨਾ ਵੱਡਾ ਭਲਾ ਮਾਨਸ ਜਨਰਲ ਹੈ, ਭਾਵੇਂ ਜਨਰਲ ਸਾਹਿਬ ਨੇ ਬਾਹਰ ਹਰ ਚੌਂਕ 'ਤੇ ਟਿਕਟਿਕੀ ਲਾ ਕੇ ਕੋੜੇ ਮਾਰਨ ਦਾ ਕੰਮ ਸ਼ੁਰੂ ਕੀਤਾ ਹੋਵੇ।

ਜਿਸ ਨੇ ਵੀ ਹਾਸੇ ਮਜ਼ਾਕ ਵਾਲਾ ਕਾਨੂੰਨ ਬਣਾਉਣ ਦਾ ਆਈਡੀਆ ਦਿੱਤਾ ਹੈ, ਲੱਗਦਾ ਹੈ ਉਹ ਬਾਜਵਾ ਸਾਹਿਬ ਦੀ ਚੌਧਰਾਹਟ ਤੋਂ ਜ਼ਿਆਦਾ ਖੁਸ਼ ਨਹੀਂ ਹੈ।

ਜ਼ਰਾ ਸੋਚੋ ਚੌਧਰੀ ਸਾਹਿਬ ਪਿੰਡ ਦੇ ਗਸ਼ਤ 'ਤੇ ਨਿਕਲਣ ਤੇ ਅੱਗੇ-ਅੱਗੇ ਉਨ੍ਹਾਂ ਦਾ ਮੁਨਸ਼ੀ ਲੋਕਾਂ ਨੂੰ ਧਮਕੀਆਂ ਲਾ ਰਿਹਾ ਹੋਵੇ ਕਿ ਤੁਸੀਂ ਚੌਧਰੀ ਸਾਹਿਬ ਨੂੰ ਜੁਗਤ ਨਹੀਂ ਕਰਨੀ।

ਇਹ ਸੁਣ ਕੇ ਜਿਸ ਨੇ ਨਹੀਂ ਵੀ ਕਰਨੀ ਹੋਏਗੀ, ਉਸ ਦਾ ਵੀ ਦਿਲ ਕਰ ਪੈਂਦਾ ਹੈ।

ਉਂਜ ਵੀ ਲੋਕ ਸੋਚਣਗੇ ਕਿ ਇਹ ਕਿੱਡਾ ਕੋਚਰ ਚੌਧਰੀ ਹੈ, ਜਿਸ ਤੋਂ ਜੁਗਤ ਬਰਦਾਸ਼ਤ ਨਹੀਂ ਹੁੰਦੀ, ਪਤਾ ਨਹੀਂ ਇਸ ਦੇ ਘਰਵਾਲੇ ਕਿਵੇਂ ਬਰਦਾਸ਼ਤ ਕਰਦੇ ਹੋਣਗੇ।

ਇਹ ਵੀ ਪੜ੍ਹੋ:

ਲੋਕਾਂ ਦੀਆਂ ਜ਼ੁਬਾਨਾਂ ਬੰਦ ਕਰਨ ਦੇ, ਬਲਕਿ ਜ਼ੁਬਾਨਾਂ ਖਿੱਚਣ ਦੇ ਕਾਨੂੰਨ ਪਹਿਲਾਂ ਹੀ ਮੌਜੂਦ ਹਨ।

ਇਸ ਨੂੰ ਜਾਣ ਦਿਓ- ਲੋਕਾਂ ਨੂੰ ਥੋੜ੍ਹਾ ਹੱਸਣ ਦਿਓ।

ਪਾਕਿਸਤਾਨ ਦੇ ਵੱਡੇ ਗਾਇਕ ਸੱਜਾਦ ਅਲੀ ਸਾਹਿਬ ਤਾਂ ਪਹਿਲਾਂ ਹੀ ਕਹਿ ਗਏ ਸਨ

'ਹੈ ਮਲੰਗ ਦਾ ਹਾਸਾ, ਦੁਨੀਆਂ ਖੇਡ ਤਮਾਸ਼ਾ'

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)