1947 ਦੀ ਵੰਡ ਤੋਂ ਬਾਅਦ 2 ਬਲਦਾਂ ਵੱਟੇ ਵੇਚੀ ਗਈ ਆਇਸ਼ਾ ਨੇ ਜਦੋਂ 73 ਸਾਲ ਬਾਅਦ ਪਰਿਵਾਰ ਨੂੰ ਦੇਖਿਆ

  • ਉਮਰ ਦਰਾਜ਼ ਨੰਗਿਆਣਾ
  • ਬੀਬੀਸੀ ਪੱਤਰਕਾਰ, ਬਹਾਵਲਪੁਰ (ਪਾਕਿਸਤਾਨ)
ਗ਼ੁਲਾਮ ਆਇਸ਼ਾ

ਗ਼ੁਲਾਮ ਆਇਸ਼ਾ ਨੂੰ ਆਪਣਾ ਬਚਪਨ ਕੁਝ-ਕੁਝ ਚੇਤੇ ਹੈ, ਉਹ ਬਚਪਨ ਜਦੋਂ ਉਨ੍ਹਾਂ ਦਾ ਨਾਮ ਦਾਫ਼ੀਆ ਬਾਈ ਸੀ। ਉਹ ਬਲੋਚਿਸਤਾਨ ਖ਼ੇਤਰ 'ਚ ਆਪਣੇ ਭਰਾ-ਭੈਣਾਂ ਦੇ ਨਾਲ ਖੇਡਦੇ ਹੋਏ, ਆਪਣੇ ਮਾਪਿਆਂ ਨੂੰ ਨੇੜੇ ਹੀ ਕੰਮ ਕਰਦੇ ਦੇਖਦੇ ਸਨ।

ਇਹ ਭਾਰਤ ਦੀ ਵੰਢ ਤੋਂ ਪਹਿਲਾਂ ਦੀ ਗੱਲ ਹੈ।

ਉਨ੍ਹਾਂ ਨੂੰ ਇਹ ਵੀ ਯਾਦ ਹੈ ਕਿ ਬੀਕਾਨੇਰ ਦੇ ਮੋਰਖ਼ਾਨਾ ਖ਼ੇਤਰ 'ਚ ਆਪਣੇ ਮਾਮੇ ਦੇ ਵਿਆਹ 'ਚ ਜਾਣ ਲਈ ਉਨ੍ਹਾਂ ਨੇ ਕਈ ਮੀਲ ਦਾ ਸਫ਼ਰ ਕੀਤਾ ਸੀ।

ਫ਼ਿਰ ਕੁਝ ਹੀ ਸਮੇਂ ਬਾਅਦ, ਦਾਫ਼ੀਆ ਬਾਈ ਦੇ ਮਾਪਿਆਂ ਨੇ ਉਨ੍ਹਾਂ ਦਾ ਵਿਆਹ ਕਰ ਦਿੱਤਾ। ਵਿਦਾਈ ਵੇਲੇ ਉਨ੍ਹਾਂ ਦੀ ਉਮਰ ਲਗਭਗ 12 ਸਾਲ ਸੀ।

ਇਹ ਵੀ ਪੜ੍ਹੋ:

ਜਦੋਂ ਉਨ੍ਹਾਂ ਦੇ ਮਾਤਾ-ਪਿਤਾ ਨੇ ਬਹਾਵਲਪੁਰ ਜ਼ਿਲ੍ਹੇ੍ ਦੇ ਅਹਿਮਦਪੁਰ ਖ਼ੇਤਰ ਵਿੱਚ ਗੰਜਿਆਂਵਾਲਾ ਖੋਖਰ ਚੱਕ ਤੋਂ ਦਾਜ ਦੇ ਕੇ, ਉਨ੍ਹਾਂ ਨੂੰ ਉਨ੍ਹਾਂ ਦੇ ਪਤੀ ਹਮਲਾ ਰਾਮ ਦੇ ਨਾਲ ਖ਼ੈਰਪੁਰ ਤਮਿਵਲੀ ਭੇਜਿਆ ਤਾਂ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਹ ਆਪਣੇ ਪਰਿਵਾਰ ਨੂੰ ਆਖ਼ਰੀ ਵਾਰ ਦੇਖ ਰਹੇ ਹਨ।

ਦਾਫ਼ੀਆ ਬਾਈ ਨੂੰ ਖ਼ੈਰਪੁਰ ਆਪਣੇ ਸਹੁਰੇ ਪਹੁੰਚਿਆਂ ਹਾਲੇ ਤਿੰਨ ਜਾਂ ਚਾਰ ਦਿਨ ਹੀ ਹੋਏ ਸਨ ਕਿ ਭਾਰਤ ਦੀ ਵੰਢ ਦਾ ਅਧਿਕਾਰਤ ਐਲਾਨ ਹੋ ਗਿਆ।

ਵੀਡੀਓ ਕੈਪਸ਼ਨ,

2 ਬਲਦਾਂ ਬਦਲੇ ਵੇਚੀ ਗਈ ਦਫੀਆ ਬਾਈ ਦਾ ਗੁਲਾਮ ਆਇਸ਼ਾ ਬਣਨ ਦਾ ਸਫ਼ਰ

ਉਹ ਦੱਸਦੇ ਹਨ ਕਿ ਇਸ ਐਲਾਨ ਦੇ ਨਾਲ ਹੀ ਇੱਕ ਭਗਦੜ ਜਿਹੀ ਮਚ ਗਈ। ਜਦੋਂ ਲੁੱਟ-ਖੋਹ ਸ਼ੁਰੂ ਹੋਈ, ਤਾਂ ਉਨ੍ਹਾਂ ਦੇ ਪਰਿਵਾਰ ਦੀਆਂ ਔਰਤਾਂ ਨੇ ਆਪਣੇ ਗਹਿਣੇ ਲਾਹ ਦਿੱਤੇ ਅਤੇ ਉਸ ਨੂੰ ਲੁਕੋ ਦਿੱਤਾ ਤਾਂ ਜੋ ਉਨ੍ਹਾਂ ਦੀ ਪਛਾਣ ਨਾ ਹੋ ਸਕੇ ਅਤੇ ਕੋਈ ਉਨ੍ਹਾਂ ਨੂੰ ਲੁੱਟ ਨਾ ਸਕੇ।

ਉਹ ਦੱਸਦੇ ਹਨ, ''ਹਰ ਪਾਸੇ ਕਤਲ-ਓ-ਗ਼ਾਰਤ ਅਤੇ ਤਬਾਹੀ ਸ਼ੁਰੂ ਹੋਈ ਅਤੇ ਲੋਕ ਜਾਨ ਬਚਾਉਣ ਲਈ ਭੱਜਣ ਲੱਗੇ।''

ਕਈ ਦੂਜੇ ਹਿੰਦੂ ਪਰਿਵਾਰਾਂ ਵਾਂਗ, ਉਨ੍ਹਾਂ ਦੇ ਸਹੁਰੇ ਵਾਲਿਆਂ ਨੇ ਵੀ ਪਲਾਇਨ ਦਾ ਫ਼ੈਸਲਾ ਕੀਤਾ।

ਜਿਸ ਦਿਨ ਉਨ੍ਹਾਂ ਨੇ ਉੱਥੋਂ ਨਿਕਲਣਾ ਸੀ, ਉਸ ਦਿਨ ਬਖਸ਼ਾਂਦੇ ਖ਼ਾਨ ਕਾਂਜੂ ਨਾਮ ਦੇ ਇੱਕ ਸਥਾਨਕ ਜ਼ਿੰਮੀਦਾਰ ਨੇ ਦਾਫ਼ੀਆ ਬਾਈ ਨੂੰ ਇਹ ਕਹਿੰਦੇ ਹੋਏ ਰੋਕ ਲਿਆ ਕਿ ਉਹ ਉਨ੍ਹਾਂ ਦੇ ਘਰ ਦੇ ਕੰਮ ਵਿੱਚ ਹੱਥ ਵੰਡਾ ਕੇ ਸ਼ਾਮ ਤੱਕ ਵਿਹਲੀ ਹੋ ਜਾਵੇਗੀ।

ਦਾਫ਼ੀਆ ਬਾਈ ਨੇ ਅੱਗੇ ਦੱਸਿਆ, ''ਮੈਂ ਛੋਟੀ ਸੀ, ਕੁੜੀਆਂ ਦੇ ਨਾਲ ਖੇਡਦੇ ਹੋਏ ਸ਼ਾਮ ਤੋਂ ਰਾਤ ਹੋ ਗਈ ਸੀ ਮੇਰੇ ਸਹੁਰੇ ਚਲੇ ਗਏ। ਖ਼ੁਦਾ ਜਾਣੇ, ਕਿ ਉਹ ਕਿੱਧਰ ਗਏ, ਮੈਨੂੰ ਨਹੀਂ ਪਤਾ। ਮੈਨੂੰ ਬਾਅਦ ਵਿੱਚ ਕੁਝ ਔਰਤਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਉੱਥੋਂ ਛੇਤੀ ਕੱਢ ਦਿੱਤਾ ਗਿਆ ਸੀ।''

ਇਸ ਹਾਲਤ 'ਚ, ਹੁਣ ਉਹ ਬਖ਼ਸ਼ਾਂਦੇ ਖ਼ਾਨ ਦੀ ਦਯਾ ਉੱਤੇ ਸਨ।

ਦਾਫ਼ੀਆ ਬਾਈ ਦਾ ਦਾਅਵਾ ਹੈ ਕਿ ਜ਼ਿੰਮੀਂਦਾਰ ਨੇ ਦੋ ਬਲਦਾਂ ਦੇ ਬਦਲੇ, ਉਨ੍ਹਾਂ ਨੂੰ ਗ਼ੁਲਾਮ ਰਸੂਲ ਨਾਮ ਦੇ ਇੱਕ ਵਿਅਕਤੀ ਦੇ ਪਰਿਵਾਰ ਨੂੰ ਵੇਚ ਦਿੱਤਾ।

ਦਾਫ਼ੀਆ ਬਾਈ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਸੀ। ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਗੰਜਿਆਂਵਾਲਾ ਖੋ 'ਚ ਉਨ੍ਹਾਂ ਦੇ ਮਾਪਿਆਂ ਅਤੇ ਭਰਾ-ਭੈਣਾਂ ਨਾਲ ਕੀ ਹੋਇਆ ਸੀ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਕੀ ਉਨ੍ਹਾਂ ਦੇ ਮਾਂ-ਪਿਓ ਨੇ ਉਨ੍ਹਾਂ ਨੂੰ ਲੱਭਿਆ ਹੋਵੇਗਾ?

ਅਗਲੇ ਕਈ ਸਾਲਾਂ ਤੱਕ, ਦਾਫ਼ੀਆ ਬਾਈ ਨੂੰ ਆਪਣੇ ਪਰਿਵਾਰ ਦੀ ਕੋਈ ਖ਼ਬਰ ਨਾ ਮਿਲ ਸਕੀ। ਇਨ੍ਹਾਂ ਸਾਲਾਂ ਵਿੱਚ ਉਹ ਆਪਣੇ ਨਵੇਂ ਮੁਸਲਮਾਨ ਪਰਿਵਾਰ ਵਿੱਚ ਘੁੱਲ ਮਿਲ ਗਏ।

ਆਪਣੇ ਬੱਚਿਆਂ ਨਾਲ ਕ਼ੁਰਾਨ ਪੜ੍ਹਣ ਵੀ ਜਾਂਦੇ ਸਨ। ਹੁਣ ਉਹ ਮੁਸਲਮਾਨ ਹੋ ਗਏ ਅਤੇ ਉਨ੍ਹਾਂ ਦਾ ਨਾਮ ਗ਼ੁਲਾਮ ਆਇਸ਼ਾ ਰੱਖ ਦਿੱਤਾ ਗਿਆ ਸੀ।

ਇਨ੍ਹਾਂ ਹਾਲਾਤਾਂ ਵਿੱਚ ਉਹ ਆਪਣੇ ਅਸਲੀ ਪਰਿਵਾਰ ਨੂੰ ਇਸ ਡਰ ਕਾਰਨ ਨਹੀਂ ਲੱਭ ਸਕੇ, ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ, ''ਕੀ ਇਸ ਬਾਰੇ ਗੱਲ ਕਰਨੀ ਵੀ ਚਾਹੀਦੀ ਹੈ ਜਾਂ ਨਹੀਂ ਅਤੇ ਜੇ ਕਰੀਏ ਵੀ, ਤਾਂ ਕਿਸ ਨੂੰ।''

ਪਰ ਗ਼ੁਲਾਮ ਆਇਸ਼ਾ ਦੇ ਦਿਲ ਵਿੱਚ ਆਪਣੇ ਪਿਤਾ ਨੋਲਾ ਰਾਮ, ਮਾਂ ਸੋਨੀਆ ਬਾਈ, ਭੈਣ ਮੀਰਾ ਬਾਈ ਅਤੇ ਭਰਾ ਅੱਸੁ ਰਾਮ, ਚੋਥੂ ਰਾਮ ਨੂੰ ਮਿਲਣ ਦੀ ਇੱਛਾ ਵੀ ਸਮਾਂ ਲੰਘਣ ਦੇ ਨਾਲ ਵੱਧਦੀ ਜਾ ਰਹੀ ਸੀ।

ਕੀ ਉਨ੍ਹਾਂ ਨੇ ਵੀ ਦਾਫ਼ੀਆ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਹੋਵੇਗੀ? ''ਇਹ ਤਾਂ ਉਹ ਮਿਲ ਕੇ ਹੀ ਦੱਸ ਸਕਦੇ ਸਨ।''

ਉਨ੍ਹਾਂ ਦਾ ਵਿਆਹ ਛੇਤੀ ਹੀ ਗ਼ੁਲਾਮ ਰਸੂਲ ਦੇ ਪੁੱਤਰ ਅਹਿਮਦ ਬਖ਼ਸ਼ ਨਾਲ ਕਰਵਾ ਦਿੱਤਾ ਗਿਆ ਸੀ।

ਗ਼ੁਲਾਮ ਆਇਸ਼ਾ ਕਹਿੰਦੇ ਹਨ ਕਿ ਉਨ੍ਹਾਂ ਦੇ ਨਵੇਂ ਪਰਿਵਾਰ ਨੇ ਉਨ੍ਹਾਂ ਬਹੁਤ ਪਿਆਰ ਨਾਲ ਪਾਲਿਆ। ਉਨ੍ਹਾਂ ਨੂੰ ਵੱਖਰਾ ਕਮਰਾ ਦਿੱਤਾ ਗਿਆ।

ਇਹ ਵੀ ਪੜ੍ਹੋ:

ਉਹ ਦੱਸਦੇ ਹਨ, ''ਕਿਸੇ ਨੇ ਵੀ ਕਦੇ ਮੇਰੇ ਉੱਤੇ ਹੁਕਮ ਨਹੀਂ ਚਲਾਇਆ, ਕਿਸੇ ਨੇ ਵੀ ਕਦੇ ਮੈਨੂੰ ਇਹ ਤੱਕ ਨਹੀਂ ਕਿਹਾ ਕਿ ਇਹ ਪਾਣੀ ਦਾ ਗਿਲਾਸ ਸਾਨੂੰ ਭਰ ਕੇ ਦਿਓ।''

'ਮੈਂ ਲੱਭਣ ਵਾਲਿਆਂ ਨੂੰ ਪੈਸੇ ਦਿੰਦੀ, ਦੇਸੀ ਘਿਓ ਦਿੰਦੀ'

ਅਹਿਮਦ ਬਖ਼ਸ਼ ਨਾਲ ਵਿਆਹ ਕਰਵਾਉਣ ਤੋਂ ਬਾਅਦ, ਉਨ੍ਹਾਂ ਦੇ ਸੱਤ ਬੱਚੇ ਹੋਏ ਜਿਨ੍ਹਾਂ ਵਿੱਚੋਂ ਤਿੰਨ ਪੁੱਤਰ ਸਨ।

ਜਦੋਂ ਉਨ੍ਹਾਂ ਦੇ ਦੋ ਬੱਚੇ ਹੋ ਗਏ ਤਾਂ ਉਨ੍ਹਾਂ ਨੇ ਆਪਣੇ ਅਸਲੀ ਪਰਿਵਾਰ ਦੀ ਭਾਲ ਸ਼ੁਰੂ ਕਰ ਦਿੱਤੀ। ਉਨ੍ਹਾਂ ਦੇ ਪਤੀ ਅਹਿਮਦ ਬਖ਼ਸ਼ ਨੇ ਵੀ ਇਸ ਕੰਮ ਵਿੱਚ ਉਨ੍ਹਾਂ ਦੀ ਮਦਦ ਕੀਤੀ।

ਆਇਸ਼ਾ ਆਖਦੇ ਹਨ, ''ਉਹ (ਅਹਿਮਦ ਬਖ਼ਸ) ਮੈਨੂੰ ਰੋਂਦੇ ਹੋਏ ਦੇਖਦੇ ਸਨ, ਇਸ ਲਈ ਉਨ੍ਹਾਂ ਨੇ ਮੇਰੀ ਮਦਦ ਕੀਤੀ। ਉਹ ਉਨ੍ਹਾਂ ਲੋਕਾਂ ਦੀ ਭਾਲ ਕਰਦੇ ਸਨ ਜੋ ਅਹਿਮਦਪੁਰ ਵੱਲ ਜਾ ਰਹੇ ਹੁੰਦੇ ਸਨ ਅਤੇ ਫ਼ਿਰ ਅਸੀਂ ਉਨ੍ਹਾਂ ਨੂੰ ਗੁਜ਼ਾਰਿਸ਼ ਕਰਦੇ ਕਿ ਉਹ ਮੇਰੇ ਮਾਤਾ-ਪਿਤਾ ਨੂੰ ਲੱਭਣ ਦੀ ਕੋਸ਼ਿਸ਼ ਕਰਨ।''

''ਜੋ ਵੀ ਅਹਿਮਪੁਰ ਵੱਲ ਨੂੰ ਜਾ ਰਿਹਾ ਹੁੰਦਾ, ਮੈਂ ਉਸ ਨੂੰ ਪੈਸਾ ਜਾਂ ਘਿਓ ਦਿੰਦੀ ਅਤੇ ਕਹਿੰਦੀ ਕਿ ਮੇਰਾ ਮਾਤਾ-ਪਿਤਾ ਵੀ ਉੱਥੇ ਰਹਿੰਦੇ ਹਨ, ਉਨ੍ਹਾਂ ਬਾਰੇ ਪਤਾ ਕਰਨਾ, ਕੋਈ ਵਾਪਸ ਨਹੀਂ ਆਉਂਦਾ ਸੀ।''

ਕੁਝ ਸਮੇ ਬਾਅਦ, ਗ਼ੁਲਾਮ ਆਇਸ਼ਾ ਆਪਣੇ ਪਤੀ ਦੇ ਨਾਲ ਖ਼ੈਰਪੁਰ ਤੋਂ ਜ਼ਿਲ੍ਹਾ ਵਹਾਡੀ ਦੀ ਮੇਲਸੀ ਤਹਿਸੀਲ ਸ਼ਿਫਟ ਹੋ ਗਏ। ਹੁਣ ਉਹ ਇੱਥੇ ਹੀ ਆਪਣੇ ਪੋਤੇ ਅਤੇ ਉਨ੍ਹਾਂ ਦੇ ਬੱਚਿਆਂ ਨਾਲ ਰਹਿੰਦੇ ਹਨ। ਉਨ੍ਹਾਂ ਦੀ ਉਮਰ ਹੁਣ ਲਗਭਗ 86 ਸਾਲ ਹੈ, ਉਨ੍ਹਾਂ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਬੱਚਿਆਂ ਵਿੱਚੋਂ ਵੀ ਸਿਰਫ਼ ਦੋ ਧੀਆਂ ਹੀ ਜਿਉਂਦੀਆਂ ਹਨ।

'ਮੈਨੂੰ ਇੰਜ ਲੱਗ ਰਿਹਾ ਹੈ ਜਿਵੇਂ ਮੇਰੇ ਭਰਾ ਮੇਰੇ ਕੋਲ ਆ ਗਏ'

ਹੁਣ ਭਾਲਦਿਆਂ-ਭਾਲਦਿਆਂ 73 ਸਾਲ ਬਾਅਦ ਉਨ੍ਹਾਂ ਨੇ ਵੰਢ ਦੇ ਸਮੇਂ ਵਿਛੜੇ ਆਪਣੇ ਪਰਿਵਾਰ ਦਾ ਪਤਾ ਲੱਭ ਲਿਆ ਹੈ।

ਹਾਲ ਹੀ 'ਚ ਉਨ੍ਹਾਂ ਦੀ ਆਪਣੇ ਇੱਕ ਭਤੀਜੇ, ਖਜਾਰੀ ਲਾਲ ਅਤੇ ਭਤੀਜੇ ਦੇ ਪੁੱਤਰ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਹੋਈ, ਜੋ ਹੁਣ ਭਾਰਤ ਵਿੱਚ ਰਹਿੰਦੇ ਹਨ।

ਹਰੇ-ਹਰੇ ਖ਼ੇਤਾਂ ਦੇ ਵਿਚਾਲੇ ਇੱਕ ਸ਼ਤੂਤ ਦੇ ਦਰਖ਼ਤ ਦੀ ਛਾਂ ਹੇਠਾਂ ਬਹਿ ਕੇ ਜਦੋਂ ਪਹਿਲੀ ਵਾਰ ਉਨ੍ਹਾਂ ਨੇ ਆਪਣੇ ਭਤੀਜੇ ਨਾਲ ਗੱਲਬਾਤ ਕੀਤੀ, ਤਾਂ ਉਨ੍ਹਾਂ ਦੀ ਅੱਖਾਂ ਵਿੱਚ ਹੰਝੂ ਸਨ।

ਵੀਡੀਓ ਕੈਪਸ਼ਨ,

ਅਣਵੰਡੇ ਭਾਰਤ ਵਿੱਚ ਰਹਿੰਦੇ ਜੋੜੇ ਦੀ ਅਜਿਹਾ ਪ੍ਰੇਮ ਕਹਾਣੀ ਜੋ ਵਿਛੜੇ ਤੇ ਫਿਰ ਮਿਲੇ

ਉਨ੍ਹਾਂ ਨੇ ਆਪਣੇ ਮੋਬਾਈਲ ਫ਼ੋਨ ਦੀ ਸਕਰੀਨ ਨੂੰ ਚੁੰਮਿਆਂ ਅਤੇ ਰੋਂਦੇ ਹੋਏ ਆਪਣੇ ਭਤੀਜੇ ਨੂੰ ਕਿਹਾ, ''ਮੈਨੂੰ ਅਜਿਹਾ ਲਗ ਰਿਹਾ ਹੈ ਕਿ ਮੇਰੇ ਭਰਾ ਮੇਰੇ ਕੋਲ ਆ ਗਏ ਹਨ। ਮੈਂ ਆਪਣੀ ਸਾਰੀ ਜ਼ਿੰਦਗੀ ਤੁਹਾਨੂੰ ਦੇਖਣ ਦੇ ਇੰਤਜ਼ਾਰ ਵਿੱਚ ਰੋਂਦਿਆਂ ਗੁਜ਼ਾਰ ਦਿੱਤੀ।''

ਪਰ ਸਮੱਸਿਆ ਇਹ ਸੀ ਕਿ ਉਨ੍ਹਾਂ ਦੀ ਨਿਗਾਹ ਕਮਜ਼ੋਰ ਹੋ ਗਈ ਹੈ ਅਤੇ ਉਹ ਆਪਣੇ ਭਤੀਜਿਆਂ ਦੇ ਚਿਹਰੇ ਨੂੰ ਸਕਰੀਨ ਉੱਤੇ ਸਹੀ ਢੰਗ ਨਾਲ ਦੇਖ ਨਹੀਂ ਸਕਦੇ ਸਨ।

ਉਹ ਭਤੀਜਿਆਂ ਦੀ ਭਾਸ਼ਾ ਵੀ ਸਮਝ ਨਹੀਂ ਪਾ ਰਹੇ ਸਨ ਕਿਉਂਕਿ ਉਹ ਮਾਰਵਾੜੀ ਬੋਲ ਰਹੇ ਸਨ। ਦਾਫ਼ੀਆ ਬਾਈ ਸਿਰਫ਼ ਸਰਾਇਕੀ ਹੀ ਬੋਲ ਅਤੇ ਸਮਝ ਸਕਦੇ ਹਨ।

ਉਹ ਕਹਿੰਦ ਹਨ, ''ਜਦੋਂ ਮੈਂ ਫ਼ੋਨ ਨੇੜੇ ਲਿਆਉਂਦੀ ਹਾਂ, ਤਾਂ ਮੈਨੂੰ ਉਨ੍ਹਾਂ ਦੀ ਕੁਝ ਝਲਕ ਦਿਖਾਈ ਦਿੰਦੀ ਹੈ। ਅਜੇ ਕੁਝ ਦਿਨ ਪਹਿਲਾਂ ਉਨ੍ਹਾਂ ਨਾਲ ਗੱਲ ਹੋਈ। ਮੇਰਾ ਭਤੀਜਾ ਹੱਸਿਆ, ਤਾਂ ਮੈਨੂੰ ਲੱਗਿਆ ਕਿ ਉਸ ਦਾ ਰੰਗ ਗੋਰਾ ਸੀ ਅਤੇ ਉਸ ਦੇ ਚਿੱਟੇ ਦੰਦ ਚਮਕੇ।"

ਉਨ੍ਹਾਂ ਦੇ ਇੱਕ ਪਰਿਵਾਰਕ ਮੈਂਬਰ ਨਸੀਰ ਖ਼ਾਨ ਨੇ ਉਨ੍ਹਾਂ ਦੇ ਅਨੁਵਾਦਕ ਦੇ ਰੂਪ ਵਿੱਚ ਕੰਮ ਕੀਤਾ।

ਗ਼ੁਲਾਮ ਆਇਸ਼ਾ ਦਾਫ਼ੀਆ ਬਾਈ ਦੇ ਪਰਿਵਾਰ ਤੱਕ ਕਿਵੇਂ ਪਹੁੰਚੇ?

ਨਸੀਰ ਖ਼ਾਨ ਨੇ ਉਨ੍ਹਾਂ ਦੇ ਪਰਿਵਾਰ ਨੂੰ ਲੱਭਣ ਵਿੱਚ ਉਨ੍ਹਾਂ ਦੀ ਮਦਦ ਕੀਤੀ ਸੀ।

ਉਨ੍ਹਾਂ ਦਾ ਪਰਿਵਾਰ ਭਾਰਤ ਦੇ ਬੀਕਾਨੇਰ 'ਚ ਮੋਰਖ਼ਾਨਾ ਇਲਾਕੇ ਵਿੱਚ ਰਹਿੰਦਾ ਸੀ ਅਤੇ ਖ਼ੇਤੀ ਕਰਦਾ ਸੀ। ਇਹ ਉਹੀ ਮੋਰਖ਼ਾਨਾ ਹੈ ਜਿੱਥੇ ਵੰਢ ਤੋਂ ਪਹਿਲਾਂ ਦਾਫ਼ੀਆ ਬਾਈ ਆਪਣੇ ਮਾਮੇ ਦੇ ਵਿਆਹ ਵਿੱਚ ਗਏ ਸਨ। ਇਹ ਮੇਲਸੀ ਤੋਂ ਲਗਭਗ 200 ਕਿਲੋਮੀਟਰ ਤੋਂ ਜ਼ਿਆਦਾ ਦੂਰੀ ਉੱਤੇ ਸੀ।

ਗ਼ੁਲਾਮ ਆਇਸ਼ਾ ਦੀ ਯਾਦ ਵਿੱਚ ਇੱਕ ਕਹਾਣੀ ਨੇ ਉਨ੍ਹਾਂ ਦੇ ਭਤੀਜਿਆਂ ਤੱਕ ਪਹੁੰਚਣ ਵਿੱਚ ਮਦਦ ਕੀਤੀ। ਹਾਲਾਂਕਿ, ਉਨ੍ਹਾਂ ਦੀ ਯਾਦ ਵਿੱਚ ਛਪੇ ਹੋਏ ਕਈ ਲੋਕ ਸਿਰਫ਼ ਯਾਦ ਵਿੱਚ ਹੀ ਰਹਿ ਜਾਣਗੇ। ਆਇਸ਼ਾ ਉਨ੍ਹਾਂ ਨੂੰ ਨਹੀਂ ਮਿਲ ਸਕਣਗੇ।

''ਕਹਿੰਦੇ ਹਨ ਕਿ ਮੇਰਾ ਭਰਾ ਮਰ ਗਿਆ ਹੈ। ਭਤੀਜੇ ਹਨ, ਮੈਂ ਉਨ੍ਹਾਂ ਨੂੰ ਮਿਲਣਾ ਚਾਹੁੰਦੀ ਹਾਂ ਅਤੇ ਮੇਰੀ ਭੈਣ ਵੀ ਜਿਉਂਦੀ ਹੈ, ਉਸ ਨੂੰ ਵੀ ਮਿਲਣਾ ਚਾਹੁੰਦੀ ਹਾਂ।''

ਆਇਸ਼ਾ ਅਜੇ ਤੱਕ ਆਪਣੀ ਛੋਟੀ ਭੈਣ ਮੀਰਾ ਬਾਈ ਨਾਲ ਗੱਲ ਨਹੀਂ ਕਰ ਸਕੇ ਕਿਉਂਕਿ ਉਹ ਦੂਜੇ ਪਿੰਡ ਵਿੱਚ ਰਹਿੰਦੇ ਹਨ।

ਹਾਲਾਂਕਿ ਉਨ੍ਹਾਂ ਦੇ ਭਤੀਜਿਆਂ ਨੇ ਵਾਅਦਾ ਕੀਤਾ ਹੈ ਕਿ ਉਹ ਛੇਤੀ ਹੀ ਉਨ੍ਹਾਂ ਦੀ ਮੀਰਾ ਬਾਈ ਨਾਲ ਗੱਲ ਕਰਵਾਉਣਗੇ। ਆਇਸ਼ਾ ਉਸ ਵਕਤ ਲਈ ਬੇਤਾਬ ਹੈ।

ਸੋਸ਼ਲ ਮੀਡੀਆ ਕਿਵੇਂ ਉਨ੍ਹਾਂ ਦੇ ਕੰਮ ਆਇਆ?

ਆਇਸ਼ਾ ਦੇ ਪਤੀ ਦੀ ਮੌਤ ਤੋਂ ਬਾਅਦ, ਉਨ੍ਹਾਂ ਦੇ ਨਵਾਸੇ ਨਸੀਰ ਖ਼ਾਨ ਨੇ ਇਸ ਭਾਲ ਵਿੱਚ ਉਨ੍ਹਾਂ ਦਾ ਸਾਥ ਦਿੱਤਾ। ਉਹ ਆਇਸ਼ਾ ਨੂੰ ਨਾਲ ਲੈ ਕੇ ਅਹਿਮਦਪੁਰ ਤੇ ਖ਼ੈਰਪੁਰ ਵੀ ਗਏ।

ਹਰ ਪਾਸਿਓਂ ਨਾਕਾਮ ਹੋਣ ਤੋਂ ਬਾਅਦ, ਉਨ੍ਹਾਂ ਨੇ ਮੀਡੀਆ ਦੀ ਮਦਦ ਲੈਣ ਦਾ ਫ਼ੈਸਲਾ ਲਿਆ।

ਇੱਕ ਵਾਰ 14 ਅਗਸਤ ਦੇ ਦਿਨ ਉਨ੍ਹਾਂ ਨੇ ਸਥਾਨਕ ਅਖ਼ਬਾਰ ਵਿੱਚ ਗ਼ੁਲਾਮ ਆਇਸ਼ਾ ਦੇ ਆਪਣੇ ਪਰਿਵਾਰ ਨਾਲ ਵਿਛੜਣ ਦੀ ਕਹਾਣੀ ਛਪਵਾਈ। ਇਸ ਨੂੰ ਪੜ੍ਹਣ ਤੋਂ ਬਾਅਦ ਮਾਮਲਾ ਟੀਵੀ ਤੱਕ ਪਹੁੰਚਿਆ ਪਰ ਅੱਗੇ ਨਾ ਵਧਿਆ।

ਇਸ ਸਾਲ (2020) ਵਿੱਚ ਇੱਕ ਵਾਰ ਫ਼ਿਰ 14 ਅਗਸਤ ਵਾਲੇ ਦਿਨ ਉਨ੍ਹਾਂ ਨੇ ਖ਼ਬਰ ਛਪਵਾਈ, ਇਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਗੱਲ ਪਹੁੰਚ ਗਈ ਅਤੇ ਉੱਥੋਂ ਭਾਰਤ ਦੀ ਰਾਜਧਾਨੀ ਦਿੱਲੀ ਰਹਿੰਦੇ ਮੁਹੰਮਦ ਜ਼ਾਹਿਦ ਨਾਮ ਦੇ ਪੱਤਰਕਾਰ ਤੱਕ ਪਹੁੰਚ ਗਈ। ਜ਼ਾਹਿਦ ਨੇ ਫ਼ਿਰ ਨਸੀਰ ਖ਼ਾਨ ਨਾਲ ਸੰਪਰਕ ਕੀਤਾ।

ਨਸੀਰ ਖ਼ਾਨ ਕਹਿੰਦੇ ਹਨ, ''ਮੈਂ ਉਨ੍ਹਾਂ ਨੂੰ ਅੰਮਾ ਬਾਰੇ ਸਾਰੀ ਜਾਣਕਾਰੀ ਦੱਸੀ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਪਤਾ ਕਰਨਗੇ ਅਤੇ ਮੈਨੂੰ ਜਲਦੀ ਹੀ ਦੱਸਣਗੇ। ਫ਼ਿਰ ਅਗਲੇ ਦਿਨ ਉਨ੍ਹਾਂ ਦਾ ਫ਼ੋਨ ਆਇਆ ਕਿ ਅੰਮਾ ਦੇ ਪਰਿਵਾਰ ਦਾ ਪਤਾ ਲੱਗ ਗਿਆ ਹੈ।''

ਨਸੀਰ ਖ਼ਾਨ ਮੁਤਾਬਕ, ਇਸ ਤੋਂ ਬਾਅਦ ਗ਼ੁਲਾਮ ਆਇਸ਼ਾ ਨਾਲ ਉਨ੍ਹਾਂ ਦੇ ਭਤੀਜਿਆਂ ਦੀ ਗੱਲ ਕਰਵਾਈ ਗਈ। ਉਨ੍ਹਾਂ ਦੇ ਪਰਿਵਾਰ ਦਾ ਪਤਾ ਗ਼ੁਲਾਮ ਆਇਸ਼ਾ ਦੀ ਦੱਸੀ ਗਈ ਨਿਸ਼ਾਨੀਆਂ ਨਾਲ ਮੇਲ ਖਾਂਦਾ ਸੀ ਅਤੇ ਸਰਕਾਰੀ ਰਿਕਾਰਡ ਅਤੇ ਹਾਲਾਤਾਂ ਦੇ ਮੇਲ ਨਾਲ ਇਸ ਗੱਲ ਦੀ ਪੁਸ਼ਟੀ ਹੋਈ।

'ਇੱਕ ਵਾਰ ਮੈਨੂੰ ਉਨ੍ਹਾਂ ਨਾਲ ਮਿਲਵਾ ਦਿਓ'

ਗ਼ੁਲਾਮ ਆਇਸ਼ਾ ਹੁਣ ਬਿਨਾਂ ਸਹਾਰੇ ਤੋਂ ਜ਼ਿਆਦਾ ਤੁਰ ਨਹੀਂ ਸਕਦੇ। ਮੰਜੀ ਉੱਤੇ ਬੈਠੇ, ਉਹ ਫ਼ੋਨ ਉੱਤੇ ਆਪਣੇ ਪਰਿਵਾਰ ਵਾਲਿਆਂ ਦੀਆਂ ਤਸਵੀਰਾਂ ਦੇਖਦੇ ਰਹਿੰਦੇ ਹਨ ਅਤੇ ਹੁਣ ਉਨ੍ਹਾਂ ਨੂੰ ਇਤਜ਼ਾਰ ਹੈ ਕਿ ਕਦੋਂ ਉਹ ਉਨ੍ਹਾਂ ਨੂੰ ਮਿਲ ਸਕਣਗੇ।

ਉਹ ਭਾਰਤ-ਪਾਕਿਸਤਾਨ ਦੀਆਂ ਸਰਕਾਰਾਂ ਨੂੰ ਆਪਣੇ ਭਤੀਜਿਆਂ ਨੂੰ ਵੀਜ਼ਾ ਦੇਣ ਦੀ ਅਪੀਲ ਕਰਦੇ ਹਨ ਤਾਂ ਜੋ ਉਹ ਉਨ੍ਹਾਂ ਨਾਲ ਮੁਲਾਕਾਤ ਕਰਨ ਆ ਸਕਣ।

ਆਇਸ਼ਾ ਕਹਿੰਦੇ ਹਨ, ''ਮੈਂ ਚਾਹੁੰਦੀ ਹਾਂ ਮੈਨੂੰ ਜ਼ਿੰਦਗੀ ਵਿੱਚ ਇੱਕ ਵਾਰ ਉਨ੍ਹਾਂ ਨਾਲ ਮਿਲਾ ਦਿਓ। ਉਨ੍ਹਾਂ ਨੂੰ ਵੀਜ਼ਾ ਦੇ ਦਿਓ ਤਾਂ ਜੋ ਉਹ ਮੈਨੂੰ ਆ ਕੇ ਮਿਲ ਲੈਣ।''

ਆਇਸ਼ਾ ਦੀ ਇਸ ਇੱਛਾ ਨੂੰ ਹਕੀਕਤ ਵਿੱਚ ਬਦਲਣ ਲਈ ਭਾਰਤ-ਪਾਕਿਸਤਾਨ ਦੇ ਤਣਾਅ ਵਾਲੇ ਰਿਸ਼ਤੇ ਰੁਕਾਵਟ ਬਣੇ ਹੋਏ ਹਨ।

86 ਸਾਲ ਦੀ ਗ਼ੁਲਾਮ ਆਇਸ਼ਾ ਇਸ ਗੱਲ ਤੋਂ ਸੰਤੁਸ਼ਟ ਹਨ ਕਿ ਉਨ੍ਹਾਂ ਦੀ ਦਹਾਕਿਆਂ ਪੁਰਾਣੀ ਭਾਲ ਆਖ਼ਿਰਕਾਰ ਰੰਗ ਲਿਆਈ ਹੈ, ਪਰ ਉਨ੍ਹਾਂ ਅੰਦਰਲੀ 12 ਸਾਲ ਦੀ ਦਾਫ਼ੀਆ ਬਾਈ ਅਜੇ ਵੀ ਉਡੀਕ ਕਰ ਰਹੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)