ਸਾਊਦੀ ਦੇ ਕ੍ਰਾਊਨ ਪ੍ਰਿੰਸ ਨੇ ਖ਼ਾਸ਼ੋਜੀ ਦੇ ਕਤਲ ਨੂੰ ਮਨਜ਼ੂਰੀ ਦਿੱਤੀ ਸੀ: ਅਮਰੀਕਾ

ਜਮਾਲ ਖ਼ਾਸ਼ੋਜੀ ਅਤੇ ਕ੍ਰਾਊਨ ਪ੍ਰਿੰਸ ਸਲਮਾਨ

ਤਸਵੀਰ ਸਰੋਤ, AFP/Reuters

ਅਮਰੀਕਾ ਦੀ ਸੂਹੀਆ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਹੀ ਸਾਲ 2018 ਵਿੱਚ ਦੇਸ਼ ਨਿਕਾਲੇ ਵਿੱਚ ਰਹਿ ਰਹੇ ਪੱਤਰਕਾਰ ਜਮਾਲ ਖ਼ਾਸ਼ੋਜੀ ਦੇ ਕਤਲ ਦੀ ਪ੍ਰਵਾਨਗੀ ਦਿੱਤੀ ਸੀ।

ਬਾਇਡਨ ਪ੍ਰਸ਼ਾਸਨ ਵੱਲੋਂ ਜਾਰੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪ੍ਰਿੰਸ ਨੇ ਹੀ ਪੱਤਰਕਾਰ ਨੂੰ "ਫੜਨ ਜਾਂ ਕਤਲ" ਕਰਨ ਦੀ ਵਿਉਂਤ ਨੂੰ ਪ੍ਰਵਾਨਗੀ ਦਿੱਤੀ ਸੀ।

ਅਮਰੀਕਾ ਨੇ ਦਰਜਣਾਂ ਸਾਊਦੀ ਨਾਗਰਿਕਾਂ ਉੱਪਰ ਪਾਬੰਦੀਆਂ ਲਗਾਈਆਂ ਪਰ ਪ੍ਰਿੰਸ ਉੱਪਰ ਨਹੀਂ ਲਗਾਈਆਂ ਸਨ।

ਇਹ ਵੀ ਪੜ੍ਹੋ

ਸਾਊਦੀ ਨੇ ਰਿਪੋਰਟ ਨੂੰ "ਨਕਾਰਤਮਿਕ, ਝੂਠੀ ਅਤੇ ਨਾ-ਮੰਨਣਯੋਗ" ਕਹਿ ਕੇ ਰੱਦ ਕੀਤਾ ਹੈ।

ਕਰਾਊਨ ਪ੍ਰਿੰਸ (ਕੁੰਵਰ) ਮੁਹੰਮਦ ਜੋ ਕਿ ਅਸਲ ਮਾਅਨਿਆਂ ਵਿੱਚ ਸਾਊਦੀ ਦੇ ਸ਼ਾਸਕ ਹਨ- ਨੇ ਕਤਲ ਵਿੱਚ ਕਿਸੇ ਵੀ ਕਿਸਮ ਦੀ ਭੂਮਿਕਾ ਤੋਂ ਇਨਕਾਰ ਕੀਤਾ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਪੱਤਰਕਾਰ ਜਮਾਲ ਖ਼ਾਸ਼ੋਜੀ ਨੂੰ 2018 ਵਿੱਚ ਉਸ ਸਮੇਂ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਤੁਰਕੀ ਦੀ ਰਾਜਧਾਨੀ ਇਸਤੰਬੁਲ ਵਿੱਚ ਸਾਊਦੀ ਦੇ ਕਾਊਂਸਲੇਟ ਵਿੱਚ ਆਪਣੇ ਪਾਸਪੋਰਟ ਦੇ ਸਿਲਸਿਲੇ ਵਿੱਚ ਗਏ ਸਨ। ਉਸ ਤੋਂ ਬਾਅਦ ਉਨ੍ਹਾਂ ਦੇ ਸਰੀਰ ਦੇ ਟੁਕੜੇ ਕਰ ਦਿੱਤੇ ਗਏ ਸਨ।

59 ਸਾਲਾ ਖ਼ਾਸ਼ੋਜੀ ਕਿਸੇ ਸਮੇਂ ਸਾਊਦੀ ਸਰਕਾਰ ਦੇ ਸਲਾਹਕਾਰ ਅਤੇ ਸ਼ਾਹੀ ਪਰਿਵਾਰ ਦੇ ਨਜ਼ੀਦੀਕੀ ਰਹੇ ਸਨ। ਫਿਰ ਉਨ੍ਹਾਂ ਦੇ ਸ਼ਾਹੀ ਪਰਿਵਾਰ ਨਾਲ ਕੁਝ ਮਤਭੇਦ ਹੋ ਗਏ ਅਤੇ ਸਾਲ 2017 ਤੋਂ ਅਮਰੀਕਾ ਵਿੱਚ ਜਾ ਵਸੇ।

ਉਨ੍ਹਾਂ ਨੂੰ ਸਾਊਦੀ ਸਰਕਾਰ ਵੱਲੋਂ ਦੇਸ਼ ਨਿਕਾਲਾ ਨਹੀਂ ਦਿੱਤਾ ਗਿਆ ਸੀ ਪਰ ਉਹ ਆਪ ਹੀ ਸਵੈ-ਦੇਸ਼ ਨਿਕਾਲੇ ਵਿੱਚ ਰਹਿ ਰਹੇ ਸਨ।

ਉੱਥੇ ਰਹਿੰਦਿਆਂ ਉਨ੍ਹਾਂ ਨੇ ਵਾਸ਼ਿੰਗਟਨ ਪੋਸਟ ਵਿੱਚ ਸਾਊਦੀ ਪ੍ਰਿੰਸ ਸਲਮਾਨ ਦੀਆਂ ਨੀਤੀਆਂ ਬਾਰੇ ਆਲੋਚਨਾਤਿਮਕ ਕਾਲਮ ਲਿਖੇ।

ਵੀਡੀਓ ਕੈਪਸ਼ਨ,

ਪੱਤਰਕਾਰ ਜਮਾਲ ਖਾਸ਼ੋਜੀ ਦੇ ਕਤਲ ਦੀ ਪੂਰੀ ਕਹਾਣੀ (ਵੀਡੀਓ ਅਕਤੂਬਰ 2019 ਦੀ ਹੈ)

ਰਿਪੋਰਟ ਵਿੱਚ ਕੀ ਸਾਹਮਣੇ ਆਇਆ ਹੈ?

"ਅਸੀਂ ਸਮਝਦੇ ਹਾਂ ਕਿ ਸਾਊਦੀ ਅਰਬ ਦੇ ਕੁੰਵਰ ਨੇ ਇਸਤੰਬੁਲ ਵਿੱਚ ਸਾਊਦੀ ਦੇ ਪੱਤਰਕਾਰ ਜਮਾਲ ਖ਼ਾਸ਼ੋਜੀ ਨੂੰ ਫੜਨ ਜਾਂ ਮਾਰਨ ਦੇ ਅਪਰੇਸ਼ਨ ਨੂੰ ਪਰਵਾਨਗੀ ਦਿੱਤੀ।"

ਕੁੰਵਰ ਸਾਊਦੀ ਦੇ ਸੁਲਤਾਨ ਸਲਮਮਾਨ ਬਿਨ ਅਬਦੁੱਲਾਜ਼ੀਜ਼ ਦੇ ਪੁੱਤਰ ਹਨ ਅਤੇ ਸਾਊਦੀ ਦੇ ਪ੍ਰਭਾਵੀ ਸ਼ਾਸਕ ਮੰਨੇ ਜਾਂਦੇ ਹਨ।

ਰਿਪੋਰਟ ਵਿੱਚ ਇਸ ਪਿੱਛੇ ਤਿੰਨ ਕਾਰਨ ਦਿੱਤੇ ਗਏ ਹਨ:

 • ਸਾਲ 2017 ਤੋਂ ਬਾਅਦ ਕੁੰਵਰ ਦਾ ਸਾਊਦੀ ਦੀ ਸੱਤਾ ਉੱਪਰ ਪ੍ਰਭਾਵ ਰਿਹਾ ਹੈ।
 • ਆਪਰੇਸ਼ਨ ਵਿੱਚ ਕੁੰਵਰ ਦੇ ਇੱਕ ਸਲਾਹਕਾਰ ਦੀ ਸ਼ਮੂਲੀਅਤ
 • ਕੁੰਵਰ ਵੱਲੋਂ 'ਵਿਰੋਧੀਆ ਨੂੰ ਹਿੰਸਾ ਰਾਹੀਂ ਚੁੱਪ ਕਰਾਉਣ ਦੀ ਨੀਤੀ ਦੀ ਹਮਾਇਤ'

ਰਿਪੋਰਟ ਵਿੱਚ ਖ਼ਾਸ਼ੋਜੀ ਦੀ ਮੌਤ ਵਿੱਚ ਸ਼ਾਮਲ ਲੋਕਾਂ ਦੇ ਨਾਂਅ ਵੀ ਦਿੱਤੇ ਗਏ ਹਨ ਪਰ ਉਹ ਲੋਕ ਕਿਸ ਹੱਦ ਤੱਕ ਇਸ ਘਟਨਾਕ੍ਰਮ ਵਿੱਚ ਸ਼ਾਮਲ ਸਨ ਇਸ ਬਾਰੇ ਕੁਝ ਨਹੀਂ ਕਿਹਾ ਗਿਆ ਹੈ।

ਸਾਊਦੀ ਸਰਕਾਰ ਕਹਿੰਦੀ ਰਹੀ ਹੈ ਕਿ ਇਹ ਕਤਲ ਖ਼ਾਸ਼ੋਜੀ ਨੂੰ ਦੇਸ਼ ਵਾਪਸ ਲੈਣ ਭੇਜੀ ਗਈ ਟੀਮ ਕੋਲੋਂ ਹੋਇਆ। ਪਿਛਲੇ ਸਤੰਬਰ ਵਿੱਚ ਪੰਜ ਜਣਿਆਂ ਨੂੰ ਵੀਹ ਸਾਲਾਂ ਦੀ ਕੈਦ ਸੁਣਾਈ ਗਈ। ਹਾਲਾਂਕਿ, ਪਹਿਲਾਂ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ।

ਸਾਲ 2019 ਵਿੱਚ ਸੰਯੁਕਤ ਰਾਸ਼ਟਰ ਦੇ ਖ਼ਾਸ ਰਿਪੋਰਟੀਅਰ ਐਗਨਸ ਕਾਲੈਮਰਡ ਨੇ ਇਸ ਮੌਤ ਨੂੰ ਸਾਊਦੀ ਸਰਕਾਰ ਦਾ "ਸੋਚਿਆ ਸਮਝਿਆ, ਪੂਰਬ-ਨਿਯੋਜਿਤ, ਕਤਲ" ਕਿਹਾ ਸੀ ਅਤੇ ਸਾਊਦੀ ਸਰਕਾਰ ਵੱਲੋਂ ਚਲਾਏ ਗਏ ਮੁਕੱਦਮੇ ਨੂੰ "ਇਨਸਾਫ਼ ਵਿਰੋਧੀ" ਦੱਸਿਆ ਸੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਬਾਇਡਨ ਅਤੇ ਸਾਊਦੀ ਦੇ ਸੁਲਤਾਨ

ਅਮਰੀਕਾ ਅਤੇ ਸਾਊਦੀ ਦੇ ਰਿਸ਼ਤਿਆਂ ਲਈ ਮਹੱਤਵ

ਰਿਪੋਰਟ ਜਾਰੀ ਹੋਣ ਦੇ ਕੁਝ ਘੰਟਿਆਂ ਵਿੱਚ ਹੀ ਅਮਰੀਕਾ ਦੇ ਸੈਕਰੇਟਰੀ ਆਫ਼ ਸਟੇਟ ਨੇ ਕੁੰਵਰ ਉੱਪਰ ਯਾਤਰਾ ਪਾਬੰਦੀਆਂ ਦਾ ਐਲਾਨ ਕਰ ਦਿੱਤਾ।

ਸਾਊਦੀ ਜੋ ਕਿ ਦੁਨੀਆਂ ਦਾ ਸਭ ਤੋਂ ਵੱਡਾ ਤੇਲ ਉਤਪਾਦਕ ਦੇਸ਼ ਹੈ, ਅਮਰੀਕਾ ਦਾ ਕਰੀਬੀ ਸਾਥੀ ਵੀ ਹੈ।

ਕਿਆਸ ਹਨ ਕਿ ਨਵੇਂ ਰਾਸ਼ਟਰਪਤੀ ਬਾਇਡਨ ਮਨੁੱਖੀ ਹੱਕਾਂ ਬਾਰੇ ਆਪਣੇ ਪੂਰਬਧਿਕਾਰੀ ਟਰੰਪ ਨਾਲੋਂ ਜ਼ਿਆਦਾ ਪਕਿਆਈ ਨਾਲ ਸਟੈਂਡ ਲੈ ਸਕਦੇ ਹਨ।

ਵ੍ਹਾਈਟ ਹਾਊਸ ਨੇ ਕੁਝ ਦਿਨ ਪਹਿਲਾਂ ਦੱਸਿਆ ਸੀ ਕਿ ਬਾਇਡਨ ਨੇ ਸੁਲਤਾਨ ਸਲਮਾਨ ਨਾਲ ਫ਼ੋਨ ਉੱਪਰ ਹੋਈ ਗੱਲਬਾਤ ਦੌਰਾਨ ਦੁਨੀਆਂ ਵਿੱਚ ਮਨੁੱਖੀ ਹੱਕਾਂ ਅਤੇ ਕਾਨੂੰਨ ਦੇ ਰਾਜ ਵਿੱਚ ਅਮਰੀਕਾ ਦੇ ਮਹੱਤਵ ਬਾਰੇ ਜ਼ਿਕਰ ਕੀਤਾ ਸੀ।

ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ ਬਾਇਡਨ ਪ੍ਰਸ਼ਾਸਨ ਸਾਊਦੀ ਅਰਬ ਨਾਲ ਹਥਿਆਰਾਂ ਦਾ ਸਮਝੌਤੇ ਰੱਦ ਕਰਨ ਬਾਰੇ ਵਿਚਾਰ ਕਰ ਰਹੀ ਹੈ।

ਅਮਰੀਕੀ ਰਿਪੋਰਟ ਨੂੰ ਖਾਰਜ ਕਰਦਿਆਂ ਸਾਊਦੀ ਵਿਦੇਸ਼ ਮੰਤਰਾਲਾ ਨੇ ਦੁਹਰਾਇਆ ਹੈ ਕਿ ਜੁਰਮ ਦੇ ਜ਼ਿੰਮੇਵਾਰਾਂ ਨੂੰ ਜਾਂਚ ਤੋਂ ਬਾਅਦ ਬਣਦੀ ਸਜ਼ਾ ਦਿੱਤੀ ਜਾ ਚੁੱਕੀ ਹੈ।

ਵਿਦੇਸ਼ ਮੰਤਰਾਲਾ ਨੇ ਆਪਣੇ ਬਿਆਨ ਵਿੱਚ ਕਿਹਾ, "ਇਹ ਵਾਕਈ ਮੰਦਭਾਗਾ ਹੈ ਕਿ ਇਹ ਰਿਰਪੋਰਟ ਆਪਣੇ ਅਤਰਕਸੰਗਤ ਅਤੇ ਗੈਰ-ਸਟੀਕ ਸਿੱਟਿਆਂ ਨਾਲ ਜਾਰੀ ਕੀਤੀ ਗਈ ਹੈ ਜਦਕਿ ਕਿੰਗਡਮ ਨੇ ਇਸ ਘਿਨਾਉਣੇ ਜੁਰਮ ਦੀ ਸਪਸ਼ਟ ਨਿੰਦਾ ਕੀਤੀ ਸੀ ਅਤੇ ਕਿੰਗਡਮ ਦੀ ਲੀਡਰਸ਼ਿਪ ਨੇ ਅਜਿਹਾ ਦੁਖਾਂਤ ਮੁੜ ਨਾ ਵਾਪਰੇ ਇਸ ਲਈ ਜ਼ਰੂਰੀ ਕਦਮ ਵੀ ਚੁੱਕੇ ਸਨ।"

ਤਸਵੀਰ ਸਰੋਤ, Khassoji/Social

ਤਸਵੀਰ ਕੈਪਸ਼ਨ,

ਖਾਸ਼ੋਜੀ ਆਪਣੀ ਮੰਗੇਤਰ ਹਤੀਜਾ ਜੇਂਗਿਜ਼ ਨਾਲ ਜੋ ਕਿ ਕਾਊਂਸਲੇਟ ਦੇ ਬਾਹਰ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਸਨ ਜਦੋਂ ਖ਼ਾਸ਼ੋਜੀ ਦਾ ਇਮਾਰਤ ਦੇ ਅੰਦਰ ਕਤਲ ਕੀਤਾ ਗਿਆ

ਪੱਤਰਕਾਰ ਜਮਾਲ ਖ਼ਾਸ਼ੋਜੀ

 • ਮਦੀਨਾ 'ਚ 1958 ਵਿੱਚ ਪੈਦਾ ਹੋਏ ਜਮਾਲ ਖਾਸ਼ੋਜੀ ਨੇ ਅਮਰੀਕਾ ਦੀ ਇੰਡੀਆਨਾ ਸਟੇਟ ਯੂਨੀਵਰਸਿਟੀ ਤੋਂ ਬਿਜ਼ਨਸ ਐਡਮਿਨੀਸਟ੍ਰੇਸ਼ਨ ਦੀ ਪੜ੍ਹਾਈ ਕੀਤੀ।
 • ਉਸ ਤੋਂ ਬਾਅਦ ਉਹ ਮੁੜ ਸਾਊਦੀ ਅਰਬ ਆ ਗਏ ਅਤੇ 1980ਵਿਆਂ ਵਿੱਚ ਖੇਤਰੀ ਅਖ਼ਬਾਰਾਂ ਲਈ ਅਫ਼ਗਾਨਿਸਤਾਨ ਉੱਪਰ ਸੋਵੀਅਤ ਹਮਲਿਆਂ ਦੀ ਰਿਪੋਰਟਿੰਗ ਕਰਕੇ ਆਪਣੇ ਪੱਤਰਕਾਰੀ ਜੀਵਨ ਦੀ ਸ਼ੁਰੂਆਤ ਕੀਤੀ।
 • ਉੱਥੇ ਉਨ੍ਹਾਂ ਓਸਾਮਾ ਬਿਨ ਲਾਦੇਨ ਦੇ ਉਭਾਰ ਨੂੰ ਨੇੜਿਓਂ ਦੇਖਿਆ ਅਤੇ 1980-1990 ਦੇ ਦਹਾਕਿਆਂ ਦੌਰਾਨ ਅਲਕਾਇਦਾ ਦੇ ਆਗੂ ਓਸਾਮਾ ਬਿਨ ਲਾਦੇਨ ਦਾ ਇੰਟਰਵਿਊ ਲਿਆ।
 • ਓਸਾਮਾ ਬਿਨ ਲਾਦੇਨ ਦੀ ਇੰਟਰਵਿਊ ਤੋਂ ਬਾਅਦ ਉਨ੍ਹਾਂ ਆਪਣੇ ਖੇਤਰ ਦੀਆਂ ਕਈ ਮੁੱਖ ਘਟਨਾਵਾਂ ਦੀ ਰਿਪੋਰਟਿੰਗ ਕੀਤੀ ਜਿਨ੍ਹਾਂ ਵਿੱਚ ਕੁਵੈਤ ਦੀ ਖਾੜੀ ਜੰਗ ਵੀ ਸ਼ਾਮਿਲ ਸੀ।
 • 1990ਵਿਆਂ ਵਿੱਚ ਖਾਸ਼ੋਜੀ ਸਾਊਦੀ ਅਰਬ ਪਰਤ ਆਏ ਅਤੇ 1999 ਵਿੱਚ ਇੱਕ ਅੰਗਰੇਜ਼ੀ ਅਖ਼ਬਾਰ ਅਰਬ ਨਿਊਜ਼ ਦੇ ਡਿਪਟੀ ਐਡੀਟਰ ਬਣੇ।
 • 2003 ਵਿੱਚ ਜਮਾਲ, ਅਲ ਵਤਨ ਅਖ਼ਬਾਰ ਦੇ ਸੰਪਾਦਕ ਬਣੇ ਪਰ ਆਪਣੇ ਕਾਰਜਕਾਲ ਦੇ ਦੋ ਮਹੀਨਿਆਂ ਵਿੱਚ ਹੀ ਸਾਊਦੀ ਸਰਕਾਰ ਖ਼ਿਲਾਫ਼ ਆਲੋਚਨਾਤਮਕ ਖ਼ਬਰਾਂ ਛਾਪਣ ਕਾਰਨ ਬਰਖ਼ਾਸਤ ਕਰ ਦਿੱਤੇ ਗਏ।
 • ਬਰਖ਼ਾਸਤਗੀ ਤੋਂ ਬਾਅਦ ਉਹ ਲੰਡਨ ਅਤੇ ਫੇਰ ਵਾਸ਼ਿੰਗਟਨ ਚਲੇ ਗਏ, ਜਿੱਥੇ ਉਨ੍ਹਾਂ ਸਾਊਦੀ ਅਰਬ ਦੇ ਸਾਬਕਾ ਇੰਟੈਲੀਜੈਂਸ ਮੁਖੀ ਅਤੇ ਅੰਬੈਸਡਰ ਪ੍ਰਿੰਸ ਤੁਰਕੀ ਬਿਨ-ਫੈਸਲ ਦੇ ਮੀਡੀਆ ਸਲਾਹਕਾਰ ਦੇ ਰੂਪ ਵਿੱਚ ਸੇਵਾ ਨਿਭਾਈ।
 • ਇਸ ਤੋਂ ਬਾਅਦ ਸਾਲ 2007 ਵਿੱਚ ਉਹ ਅਲ ਵਤਨ ਅਖ਼ਬਾਰ ਵਿੱਚ ਮੁੜ ਆ ਗਏ ਪਰ ਹੋਰ ਵਿਵਾਦਾਂ ਦੇ ਚਲਦਿਆਂ ਤਿੰਨ ਸਾਲਾਂ ਬਾਅਦ ਨੌਕਰੀ ਛੱਡ ਦਿੱਤੀ।
 • 2011 ਵਿੱਚ ਅਰਬ ਸਪਰਿੰਗ ਅਪਰਾਇਜ਼ਿੰਗ ਤੋਂ ਬਾਅਦ, ਉਨ੍ਹਾਂ ਕਈ ਦੇਸਾਂ ਵਿੱਚ ਇਸਲਾਮਿਕ ਸਮੂਹਾਂ ਦਾ ਸਮਰਥਨ ਕੀਤਾ ਜਿਨ੍ਹਾਂ ਨੇ ਕਈ ਮੁਲਕਾਂ ਵਿੱਚ ਸ਼ਕਤੀ ਹਾਸਿਲ ਕੀਤੀ ਸੀ।
 • 2012 ਵਿੱਚ ਜਮਾਲ ਨੂੰ ਸਾਊਦੀ ਅਰਬ ਵੱਲੋਂ ਸਮਰਥਨ ਹਾਸਿਲ ਨਿਊਜ਼ ਚੈਨਲ 'ਅਲ ਅਰਬ' ਚਲਾਉਣ ਲਈ ਚੁਣਿਆ ਗਿਆ - ਇਸ ਚੈਨਲ ਨੂੰ ਕਤਰ ਵੱਲੋਂ 'ਦਿ ਅਲ ਜਜ਼ੀਰਾ ਚੈਨਲ' ਦੇ ਮੁਕਾਬਲੇ ਖੜ੍ਹਾ ਕੀਤਾ ਗਿਆ ਸੀ।
 • ਪਰ ਬਹਿਰੀਨ ਅਧਾਰਤ ਇਸ ਨਿਊਜ਼ ਚੈਨਲ ਵੱਲੋਂ 2015 ਵਿੱਚ ਇੱਕ ਪ੍ਰਮੁੱਖ ਬਹਿਰੀਨ ਵਿਰੋਧੀ ਧਿਰ ਦੇ ਆਗੂ ਨੂੰ ਸੰਬੋਧਨ ਲਈ ਸੱਦਣ ਕਰਕੇ 24 ਘੰਟੇ ਦੇ ਅੰਦਰ ਹੀ ਚੈਨਲ ਦਾ ਪ੍ਰਸਾਰਣ ਬੰਦ ਹੋ ਗਿਆ।
 • ਖਾਸ਼ੋਜੀ ਨੂੰ ਸਾਊਦੀ ਮਾਮਲਿਆਂ ਦੇ ਮਾਹਿਰ ਮੰਨਿਆ ਜਾਂਦਾ ਸੀ ਅਤੇ ਉਹ ਕੌਮਾਂਤਰੀ ਮੀਡੀਆ ਅਦਾਰਿਆਂ ਵਿੱਚ ਨਿਯਮਿਤ ਯੋਗਦਾਨ ਪਾ ਰਹੇ ਸਨ। ਪੱਤਰਕਾਰ ਜਮਾਲ ਖਾਸ਼ੋਜੀ ਨੇ 2017 ਦੀਆਂ ਗਰਮੀਆਂ ਵਿੱਚ ਸਾਊਦੀ ਅਰਬ ਨੂੰ ਛੱਡ ਕੇ ਅਮਰੀਕਾ ਵੱਲ ਕੂਚ ਕੀਤਾ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)