ਐਲਬਰਟ ਆਈਨਸਟਾਈਨ ਦੇ ਬੱਚੇ ਕੌਣ ਸਨ ਅਤੇ ਉਨ੍ਹਾਂ ਦਾ ਕੀ ਬਣਿਆ?

  • ਮਾਰਗੇਰੀਟਾ ਰੋਡ੍ਰੀਗੇਜ਼
  • ਬੀਬੀਸੀ ਨਿਊਜ਼ ਮੁੰਡੋ
ਆਈਨਸਟਾਈਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਜੁਲਾਈ 1917 ਵਿੱਚ ਲਈ ਲਈ ਐਡੁਅਰਡ (ਖੱਬੇ) ਅਤੇ ਹੰਸ ਐਲਬਰਟ ਆਈਨਸਟਾਈਨ ਦੀ ਤਸਵੀਰ ਨੂੰ ਹਿਬਰੂ ਯੂਨੀਵਰਸਿਟੀ ਨੇ 2006 'ਚ ਜਾਰੀ ਕੀਤਾ ਸੀ

''ਆਈਨਸਟਾਈਨ ਨੂੰ ਆਪਣੇ ਬੇਟੇ ਦੀ ਮਾਨਸਿਕ ਸਿਹਤ ਕਾਰਨ ਔਖਿਆਈ ਹੁੰਦੀ ਸੀ।'' — ਇਹ ਕਹਿਣਾ ਹੈ ਆਈਨਸਟਾਈਨ ਪੇਪਰ ਪ੍ਰੋਜੇਕਟ ਦੇ ਨਿਰਦੇਸ਼ਕ ਅਤੇ ਸੰਪਾਦਕ ਜ਼ੀਵ ਰੋਸੇਨਕ੍ਰਾਂਜ਼ ਦਾ।

ਆਈਨਸਟਾਈਨ ਦੇ ਸਭ ਤੋਂ ਛੋਟੇ ਬੇਟੇ ਐਡੁਅਰਡ ਨੂੰ ਲੋਕ ਪਿਆਰ ਨਾਲ ਟੇਟੇ ਵੀ ਕਹਿੰਦੇ ਸਨ।

ਬਚਪਨ ਵਿੱਚ ਉਨ੍ਹਾਂ ਨੂੰ ਫ਼ੇਫੜਿਆਂ ਨਾਲ ਸਬੰਧਿਤ ਬੀਮਾਰੀ ਸੀ ਪਰ ਉਨ੍ਹਾਂ ਦੀਆਂ ਮਾਨਸਿਕ ਦਿੱਕਤਾਂ ਜਵਾਨੀ ਵਿੱਚ ਹੀ ਸਾਹਮਣੇ ਆਈਆਂ ਸਨ।

ਆਈਨਸਟਾਈਨ ਦੀ ਜ਼ਿੰਦਗੀ ਬਾਰੇ ਮੁਹਾਰਤ ਰੱਖਣ ਵਾਲੇ ਰੋਸੇਨਕ੍ਰਾਂਜ ਨੇ ਬੀਬੀਸੀ ਮੁੰਡੋ ਨੂੰ ਕਿਹਾ, ''ਉਸ ਦੀ ਜ਼ਿੰਦਗੀ ਬਹੁਤ ਹੀ ਦੁਖ਼ਦਾਈ ਸੀ।''

ਆਈਨਸਟਾਈਨ ਦੇ ਪਹਿਲੀ ਪਤਨੀ ਮਿਲੇਵਾ ਮਾਰਿਕ ਤੋਂ ਦੋ ਹੋਰ ਬੱਚੇ ਵੀ ਸਨ।

ਇਹ ਵੀ ਪੜ੍ਹੋ:

ਪਹਿਲੇ ਬੱਚੇ ਦੀ ਜ਼ਿੰਦਗੀ ਵੀ ਰਹੱਸ ਹੀ ਰਹੀ, ਜਿਸ ਨੂੰ ਲੋਕਾਂ ਨੇ ਸਮਝਣ ਦੀ ਕੋਸ਼ਿਸ਼ ਕੀਤੀ ਤੇ ਦੂਜੇ ਨੇ ਆਪਣੀ ਕਹਾਣੀ ਨੂੰ ਆਪ ਹੀ ਬਿਆਨ ਕੀਤਾ।

ਆਈਨਸਟਾਈਨ ਦੇ ਇੱਕ ਬੇਟੇ ਹੰਸ ਐਲਬਰਟ ਕਹਿੰਦੇ ਹਨ, ''ਮੇਰੇ ਪਿਤਾ ਇਸ ਲਈ ਅਸਧਾਰਨ ਸਨ ਕਿਉਂਕਿ ਉਹ ਕਈ ਨਾਕਾਮਯਾਬੀਆਂ ਦੇ ਬਾਵਜੂਦ ਵੀ ਸਮੱਸਿਆ ਨੂੰ ਸੁਲਝਾਉਣ ਵਿੱਚ ਲੱਗੇ ਰਹੇ। ਉਹ ਉਸ ਸਮੇਂ ਵੀ ਯਤਨ ਕਰਦੇ ਰਹਿੰਦੇ ਜਦੋਂ ਨਤੀਜੇ ਗ਼ਲਤ ਆ ਰਹੇ ਹੋਣ।'

ਉਹ ਕਹਿੰਦੇ ਹਨ, ''ਮੈਨੂੰ ਲੱਗਦਾ ਹੈ ਕਿ ਉਹ ਸਿਰਫ਼ ਮੈਨੂੰ ਸੁਧਾਰਨ ਵਿੱਚ ਅਸਫ਼ਲ ਰਹੇ। ਮੈਨੂੰ ਸਲਾਹ ਦੇਣ ਦੀ ਕੋਸ਼ਿਸ਼ ਕੀਤੀ ਪਰ ਉਹ ਸਮਝ ਗਏ ਸਨ ਕਿ ਮੈਂ ਬਹੁਤ ਜ਼ਿੱਦੀ ਹਾਂ ਅਤੇ ਮੰਨਣ ਵਾਲਾ ਨਹੀਂ ਹਾਂ।''

ਪਹਿਲੀ ਧੀ-ਲਿਸੇਰਲ

ਆਈਨਸਟਾਈਨ ਦੀ ਪਹਿਲੀ ਧੀ ਲੀਸੇਰਲ ਦਾ ਜਨਮ 1902 ਵਿੱਚ ਹੋਇਆ ਸੀ। ਰੋਸੇਨਕ੍ਰਾਂਜ਼ ਕਹਿੰਦੇ ਹਨ, ''ਸਾਨੂੰ ਨਹੀਂ ਪਤਾ ਦੋ ਸਾਲ ਬਾਅਦ ਉਸ ਦੇ ਨਾਲ ਕੀ ਹੋਇਆ। ਇਹ ਇੱਕ ਗਵਾਚਿਆ ਹੋਇਆ ਇਤਿਹਾਸ ਹੈ।''

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

1905 ਦੀ ਤਸਵੀਰ ਵਿੱਚ ਭੌਤਿਕ ਵਿਗਿਆਨੀ ਮਿਲੇਵਾ ਮੈਰਿਕ ਅਤੇ ਆਈਨਸਟਾਈਨ

ਇਸੇ ਕਾਰਨ ਇਸ ਨੂੰ ਲੈ ਕੇ ਕਈ ਧਾਰਨਾਵਾਂ ਵੀ ਬਣ ਗਈਆਂ ਹਨ।

''ਹੋ ਸਕਦਾ ਹੈ ਕਿ ਉਨ੍ਹਾਂ ਨੂੰ ਕਿਸੇ ਨੇ ਗੋਦ ਦੇ ਦਿੱਤਾ ਗਿਆ ਹੋਵੇ ਜਾਂ ਫ਼ਿਰ ਉਹ ਮਰ ਗਏ ਹੋਣ। ਉਨ੍ਹਾਂ ਦਾ ਕੀ ਹੋਇਆ ਸਾਨੂੰ ਨਹੀਂ ਪਤਾ।''

ਆਈਨਸਟਾਈਨ ਪੇਪਰ ਪ੍ਰੋਜੈਕਟ ਦੇ ਤਹਿਤ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੇ ਦਸਤਾਵੇਜ਼ ਅਤੇ ਪੱਤਰ ਸੰਭਾਲੇ ਗਏ ਹਨ। ਇਹ ਉਨ੍ਹਾਂ ਦੇ ਕਿਰਦਾਰ ਦੇ ਮਨੁੱਖੀ ਪਹਿਲੂਆਂ ਨੂੰ ਸਮਝਣ ਲਈ ਬੇਹੱਦ ਅਹਿਮ ਹਨ।

ਇਹ ਪੱਤਰ ਅਤੇ ਦਸਤਾਵੇਜ਼ ਇਸ ਵਿਗਿਆਨਿਕ ਪ੍ਰਤਿਭਾਸ਼ਾਲੀ ਦੀ ਜ਼ਿੰਦਗੀ 'ਤੇ ਨਵੀਂ ਰੌਸ਼ਨੀ ਪਾਉਂਦੇ ਹਨ। ਇੰਨਾਂ ਦਸਤਾਵੇਜ਼ਾਂ ਦੀ ਵਜ੍ਹਾ ਨਾਲ ਹੀ ਲੀਸੇਰਲ ਦੇ ਹੋਣ ਦਾ ਵੀ ਪਤਾ ਲੱਗਿਆ ਹੈ।

ਆਈਨਸਟਾਈਨ ਨੇ ਸਵਿਟਜ਼ਰਲੈਂਡ ਵਿੱਚ ਮਿਲੇਵਾ ਨੂੰ ਲਿਖਿਆ ਸੀ, ''ਕੀ ਉਹ ਤੰਦਰੁਸਤ ਹੈ? ਕੀ ਉਹ ਸੌਖਿਆਂ ਰੋਂਦੀ ਹੈ? ਉਸ ਦੀਆਂ ਅੱਖਾਂ ਕਿਸ ਤਰ੍ਹਾਂ ਦੀਆਂ ਹਨ? ਉਸ ਦੀ ਸ਼ਕਲ ਸਾਡੇ ਵਿੱਚੋਂ ਜ਼ਿਆਦਾ ਕਿਸ ਨਾਲ ਮਿਲਦੀ ਹੈ? ਉਸ ਨੂੰ ਦੁੱਧ ਕੌਣ ਪਿਲਾਉਂਦਾ ਹੈ? ਕੀ ਉਹ ਭੁੱਖੀ ਹੈ? ਉਹ ਪੂਰ੍ਹੀ ਤਰ੍ਹਾਂ ਨਾਲ ਗੰਜੀ ਹੀ ਹੋਵੇਗੀ। ਮੈਂ ਹਾਲੇ ਉਸ ਨੂੰ ਜਾਣਦਾ ਵੀ ਨਹੀਂ ਪਰ ਮੈਂ ਉਸ ਨੂੰ ਬਹੁਤ ਪਿਆਰ ਕਰਦਾ ਹਾਂ।''

ਮਿਲੇਵਾ ਨੇ ਜਦੋਂ ਧੀ ਨੂੰ ਜਨਮ ਦਿੱਤਾ ਤਾਂ ਉਸ ਸਮੇਂ ਉਹ ਆਈਨਸਟਾਈਨ ਤੋਂ ਦੂਰ ਸਰਬੀਆ ਵਿੱਚ ਸਨ।

ਗਰਭ ਅਵਸਥਾ

ਵਾਲਟਰ ਈਸਾਕਸਨ ਨੇ ਆਈਨਸਟਾਈਨ ਦੀ ਜੀਵਨੀ ਵਿੱਚ ਉਨ੍ਹਾਂ ਦੇ ਇਸ ਪੱਤਰ ਦਾ ਇੱਕ ਹਿੱਸਾ ਪ੍ਰਕਾਸ਼ਿਤ ਕੀਤਾ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਆਈਨਸਟਾਈਨ 1936 ਵਿੱਚ ਆਪਣੇ ਪੁੱਤਰ ਹੰਸ ਐਲਬਰਟ ਅਤੇ ਆਪਣੇ ਪੋਤੇ ਬਰਨਹਾਰਡ ਦੇ ਨਾਲ

ਪਰ ਮਿਲੇਨਾ ਨੇ ਬੱਚੇ ਨੂੰ ਜਨਮ ਦੇਣ ਲਈ ਸਵਿਟਜ਼ਲੈਂਡ ਕਿਉਂ ਛੱਡਿਆ ਜਾਂ ਉਹ ਆਪਣੇ ਪਰਿਵਾਰ ਵਾਲਿਆਂ ਕੋਲ ਕਿਉਂ ਗਏ ਸਨ?

ਇਸ ਸਵਾਲ ਦਾ ਜਵਾਬ ਲੱਭਣ ਲਈ ਸਾਨੂੰ ਸਿਰਫ਼ ਇਤਿਹਾਸ ਹੀ ਨਹੀਂ ਸਗੋਂ ਨੌਜਵਾਨ ਆਈਨਸਟਾਈਨ ਦੇ ਘਰ ਵੀ ਜਾਣਾ ਪਵੇਗਾ।

ਹਾਲ ਹੀ ਵਿੱਚ ਆਈਨਸਟਾਈਨ 'ਤੇ ਪ੍ਰਕਾਸ਼ਿਤ ਕਿਤਾਬ ਆਈਨਸਟਾਈਨ ਔਨ ਆਈਨਸਟਾਈਨ ਦੇ ਲੇਖਕ ਹਨੌਕ ਗਟਫ੍ਰੈਂਡ ਨੇ ਬੀਬੀਸੀ ਮੁੰਡੋ ਨੂੰ ਕਿਹਾ, ''ਉਨ੍ਹਾਂ ਦੀ ਮਾਂ ਮਿਲੇਵਾ ਨਾਲ ਉਨ੍ਹਾਂ ਦੇ ਵਿਆਹ ਦੇ ਖ਼ਿਲਾਫ਼ ਸੀ।''

ਉਨ੍ਹਾਂ ਨੂੰ ਲੱਗਦਾ ਸੀ ਕਿ ਮਿਲੇਵਾ ਨਾਲ ਉਨ੍ਹਾਂ ਦੇ ਬੇਟੇ ਦਾ ਭਵਿੱਖ ਖ਼ਰਾਬ ਹੋ ਜਾਵੇਗਾ।

"ਉਨ੍ਹਾਂ ਨੂੰ ਚਿੰਤਾ ਸੀ ਕਿ ਜੇ ਮਿਲੇਵਾ ਗਰਭਵਤੀ ਹੋ ਗਈ ਤਾਂ ਇਸ ਦੇ ਨਤੀਜੇ ਚੰਗੇ ਨਹੀਂ ਹੋਣਗੇ। ਉਸ ਦੌਰ ਵਿੱਚ ਵਿਆਹ ਤੋਂ ਪਹਿਲਾਂ ਗਰਭਵਤੀ ਹੋਣਾ ਕਿਸੇ ਸਕੈਂਡਲ ਵਰਗਾ ਹੁੰਦਾ ਸੀ।"

ਪਰ ਸੱਚ ਇਹ ਸੀ ਕਿ ਮਿਲੇਵਾ ਅਤੇ ਆਈਨਸਟਾਈਨ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸਨ।

ਮੰਨਿਆ ਜਾਂਦਾ ਹੈ ਕਿ ਜਦੋਂ ਇਹ ਰਿਸ਼ਤਾ ਸ਼ੁਰੂ ਹੋਇਆ, ਆਈਨਸਟਾਈਨ 19 ਅਤੇ ਮਿਲੇਵਾ 23 ਸਾਲਾਂ ਦੇ ਸਨ।

ਉਹ ਜੂਰਿਕ ਪੋਲੀਟੇਨਿਕ ਇੰਸਟੀਚਿਊਟ ਵਿੱਚ ਪਾਰਟਨਰ ਸਨ। ਜਿੱਥੇ ਨੌਜਵਾਨ ਮਿਲੇਵਾ ਨੇ ਭੌਤਿਕ ਵਿਗਿਆਨ ਵਿੱਚ ਆਪਣੀ ਮੁਹਾਰਤ ਦਿਖਾ ਦਿੱਤੀ ਸੀ।

ਇਸਾਕਸਨ ਮੁਤਾਬਕ ਆਈਨਸਟਾਈਨ ਦੀਆਂ ਚਿੱਠੀਆਂ ਤੋਂ ਨਾ ਸਿਰਫ਼ ਮਿਲੇਵਾ ਪ੍ਰਤੀ ਉਨ੍ਹਾਂ ਦੇ ਪਿਆਰ ਸਗੋਂ ਇਸ ਰਿਸ਼ਤੇ ਖ਼ਿਲਾਫ਼ ਉਨ੍ਹਾਂ ਦੀ ਮਾਂ ਦੀਆਂ ਭਾਵਨਾਵਾਂ ਦਾ ਵੀ ਪਤਾ ਲੱਗਦਾ ਹੈ।

ਆਈਨਸਟਾਈਨ ਨੇ ਲਿਖਿਆ, ''ਮੇਰੇ ਪਰਿਵਾਰ ਵਾਲੇ ਮੇਰਾ ਅਜਿਹਾ ਸੋਗ ਮਨਾਉਂਦੇ ਹਨ ਜਿਵੇਂ ਮੈਂ ਮਰ ਗਿਆ ਹੋਵਾਂ। ਸਮੇਂ-ਸਮੇਂ ਉਹ ਇਸ ਗੱਲ ਦੀ ਸ਼ਿਕਾਇਤ ਕਰਦੇ ਹਨ ਕਿ ਤੁਹਾਡੇ ਪ੍ਰਤੀ ਮੇਰਾ ਪਿਆਰ ਮੇਰੇ ਲਈ ਮਾੜੀ ਕਿਸਮਤ ਲੈ ਕੇ ਆਇਆ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਤੂੰ ਤੰਦਰੁਸਤ ਨਹੀਂ ਹੈਂ।''

ਪਰ ਆਈਨਸਟਾਈਨ ਨੇ ਆਪਣੇ ਦਿਲ ਦੀ ਸੁਣੀ ਅਤੇ ਜਦੋਂ ਮਿਲੇਵਾ ਗਰਭਵਤੀ ਸਨ ਤਾਂ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਇੱਕ ਚੰਗੇ ਪਤੀ ਸਾਬਿਤ ਹੋਣਗੇ।

ਡਿਲੀਵਰੀ ਦੇ ਕੁਝ ਹਫ਼ਤੇ ਪਹਿਲਾਂ ਆਈਨਸਟਾਈਨ ਬਰਨ ਵਿੱਚ ਸਨ, ਉਹ ਇਥੇ ਸਰਕਾਰੀ ਦਫ਼ਤਰ ਫੇਡੇਰਲ ਆਫ਼ਿਸ ਆਫ਼ ਇੰਟਲੈਕਚੁਅਲ ਪ੍ਰਾਪਰਟੀ ਵਿੱਚ ਨੌਕਰੀ ਮਿਲਣ ਦੀ ਸੰਭਾਵਨਾ ਨੂੰ ਲੈ ਕੇ ਉਤਸ਼ਾਹਿਤ ਵੀ ਸਨ।

ਉਸ ਦੌਰ ਵਿੱਚ ਆਈਨਸਟਾਈਨ ਗਣਿਤ ਅਤੇ ਭੌਤਿਕ ਵਿਗਿਆਨ ਦੀ ਟਿਊਸ਼ਨ ਪੜ੍ਹਾਇਆ ਕਰਦੇ ਸਨ। ਇਸ ਨੌਕਰੀ ਨਾਲ ਉਨ੍ਹਾਂ ਦੀ ਜ਼ਿੰਦਗੀ ਵਿੱਚ ਸਥਿਰਤਾ ਆਉਣ ਵਾਲੀ ਸੀ।

ਉਸ ਸਮੇਂ ਲਿਖੀਆਂ ਚਿੱਠੀਆਂ ਵਿੱਚ ਉਨ੍ਹਾਂ ਨੇ ਭਵਿੱਖ ਵਿੱਚ ਇਕੱਠੇ ਰਹਿਣ ਦੀ ਆਸ ਦੇ ਨਾਲ-ਨਾਲ ਕੁਝ ਚਿੰਤਾਵਾਂ ਵੀ ਜ਼ਾਹਿਰ ਕੀਤੀਆਂ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਆਈਨਸਟਾਈਨ ਅਤੇ ਮਿਲੇਵਾ ਨੂੰ ਪਿਆਰ ਹੋ ਗਿਆ ਅਤੇ ਉਨ੍ਹਾਂ ਨੇ ਭੌਤਿਕ ਵਿਗਿਆਨੀ ਦੇ ਮਾਪਿਆਂ ਦੇ ਵਿਰੋਧ ਦੇ ਬਾਵਜੂਦ ਵਿਆਹ ਕਰਨ ਦਾ ਫੈਸਲਾ ਲਿਆ

ਆਈਨਸਟਾਈਨ ਨੇ ਲਿਖਿਆ, ''ਸਾਡੇ ਸਾਹਮਣੇ ਇੱਕ ਹੀ ਮੁਸ਼ਕਿਲ ਹੋਵੇਗੀ ਕਿ ਅਸੀਂ ਆਪਣੀ ਲੀਸੇਰਲ ਨੂੰ ਆਪਣੇ ਨਾਲ ਕਿਵੇਂ ਰੱਖਾਂਗੇ। ਮੈਂ ਨਹੀਂ ਚਾਹੁੰਦਾ ਕਿ ਮੈਨੂੰ ਉਸ ਨੂੰ ਛੱਡਣਾ ਪਵੇ।''

ਆਈਨਸਟਾਈਨ ਜਾਣਦੇ ਸਨ ਕਿ ਉਸ ਦੌਰ ਵਿੱਚ ਸਮਾਜ ਵਿੱਚ 'ਨਜਾਇਜ਼' ਬੱਚੇ ਨੂੰ ਰੱਖਣਾ ਕਿੰਨਾ ਔਖਾ ਸੀ। ਖ਼ਾਸਕਰ ਅਜਿਹੇ ਵਿਅਕਤੀ ਲਈ ਜੋ ਮਾਣਯੋਗ ਸਰਕਾਰੀ ਅਧਿਕਾਰੀ ਦੀ ਨੌਕਰੀ ਹਾਸਿਲ ਕਰਨਾ ਚਾਹੁੰਦਾ ਰਿਹਾ ਸੀ।

ਲੰਬੀ ਚੁੱਪ

ਅਜਿਹਾ ਮੰਨਿਆ ਜਾਂਦਾ ਹੈ ਕਿ ਆਈਨਸਟਾਈਨ ਆਪਣੀ ਪਹਿਲੀ ਧੀ ਲੀਸੇਰਲ ਨੂੰ ਕਦੀ ਨਹੀਂ ਮਿਲ ਸਕੇ ਸਨ। ਮਿਲੇਵਾ ਨੇ ਉਸ ਨੂੰ ਸਰਬੀਆ ਵਿੱਚ ਆਪਣੇ ਰਿਸ਼ਤੇਦਾਰਾਂ ਕੋਲ ਛੱਡ ਦਿੱਤਾ ਸੀ।

ਈਸਾਕਸਨ ਇਹ ਵੀ ਸੰਭਾਵਨਾ ਜ਼ਾਹਿਰ ਕਰਦੇ ਹਨ ਕਿ ਮਿਲੇਵਾ ਦੀ ਇੱਕ ਨਜ਼ਦੀਕੀ ਦੋਸਤ ਨੇ ਉਨ੍ਹਾਂ ਦੀ ਧੀ ਨੂੰ ਪਾਲਿਆ। ਪਰ ਇਹ ਸੰਭਾਵਨਾ ਬਹੁਤੀ ਪੱਕੀ ਨਹੀਂ ਹੈ।

ਗਟਫ੍ਰੈਂਡ ਕਹਿੰਦੇ ਹਨ, ''ਸਾਨੂੰ ਉਨ੍ਹਾਂ ਦੀ ਧੀ ਬਾਰੇ ਸਿਰਫ਼ ਉਨ੍ਹਾਂ ਦੀਆਂ ਮੁਹੱਬਤੀ ਚਿੱਠੀਆਂ ਤੋਂ ਹੀ ਪਤਾ ਲੱਗਿਆ ਹੈ। ਪਰ ਇੱਕ ਸਮਾਂ ਅਜਿਹਾ ਆਉਂਦਾ ਹੈ ਜਦੋਂ ਇਸ ਬਾਰੇ ਕੁਝ ਨਹੀਂ ਲਿਖਿਆ ਗਿਆ। ਇਸ ਵਿਸ਼ੇ 'ਤੇ ਕਿਤਾਬਾਂ ਵੀ ਲਿਖੀਆਂ ਗਈਆਂ ਪਰ ਕੋਈ ਠੋਸ ਜਵਾਬ ਨਹੀਂ ਦੇ ਸਕਿਆ।''

ਰੋਸੇਨਕ੍ਰਾਂਜ਼ ਮੁਤਾਬਕ ਕੁਝ ਪੱਤਰਕਾਰ ਅਤੇ ਖੋਜਕਰਤਾ ਸਰਬੀਆ ਤੱਕ ਗਏ। ਉਨ੍ਹਾਂ ਨੇ ਦਸਤਾਵੇਜ਼ਾਂ ਦੀ ਵੀ ਤਲਾਸ਼ ਕੀਤੀ ਪਰ ਕੁਝ ਠੋਸ ਹਾਸਿਲ ਨਹੀਂ ਕਰ ਸਕੇ।

ਇੱਕ ਮਾਹਰ ਕਹਿੰਦੇ ਹਨ, ''ਉਸ ਬਾਰੇ ਆਖ਼ਰੀ ਵਾਰ ਉਸ ਸਮੇਂ ਲਿਖਿਆ ਗਿਆ ਜਦੋਂ ਉਹ ਦੋ ਸਾਲ ਦੀ ਸੀ। ਉਸ ਸਮੇਂ ਉਸ ਨੂੰ ਸਕਾਰਲੇਟ ਬੁਖ਼ਾਰ ਹੋ ਗਿਆ ਸੀ। ਸਾਨੂੰ ਨਹੀਂ ਪਤਾ ਕਿ ਉਹ ਬਚੀ ਸੀ ਜਾਂ ਨਹੀਂ।''

ਉਸ ਸਮੇਂ ਇਹ ਇੱਕ ਗੰਭੀਰ ਬੀਮਾਰੀ ਸੀ ਅਤੇ ਘੱਟ ਉਮਰ ਦੇ ਬੱਚਿਆਂ ਲਈ ਇਸ ਨੂੰ ਖ਼ਤਰਨਾਕ ਮੰਨਿਆਂ ਜਾਂਦਾ ਸੀ।

ਆਈਨਸਟਾਈਨ ਦੀ ਮੌਤ ਸਾਲ 1955 ਵਿੱਚ ਹੋਈ ਸੀ। ਮੰਨਿਆ ਜਾਂਦਾ ਹੈ ਕਿ ਉਨ੍ਹਾਂ ਨੇ ਕਦੀ ਵੀ ਕਿਸੇ ਨਾਲ ਆਪਣੀ ਧੀ ਬਾਰੇ ਗੱਲ ਨਹੀਂ ਕੀਤੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਨੋਬੇਲ ਪੁਰਸਕਾਰ ਜੇਤੂ ਆਈਨਸਟਾਈਨ ਨੇ ਆਪਣੀ ਧੀ ਬਾਰੇ ਗੱਲ ਨਹੀਂ ਕੀਤੀ

ਆਈਨਸਟਾਈਨ ਪੇਪਰ ਪ੍ਰੋਜੈਕਟ ਦੀ ਟੀਮ ਨੂੰ ਵੀ ਉਨ੍ਹਾਂ ਦੀ ਧੀ ਦੇ ਹੋਣ ਬਾਰੇ ਸਾਲ 1986 ਵਿੱਚ ਉਸ ਸਮੇਂ ਪਤਾ ਲੱਗਿਆ ਜਦੋਂ ਮਿਲੇਵਾ ਨੂੰ ਲਿਖੀਆਂ ਉਨ੍ਹਾਂ ਦੀਆਂ ਮੁਹੱਬਤੀ ਚਿੱਠੀਆਂ ਸਾਹਮਣੇ ਆਈਆਂ।

ਜਦੋਂ ਆਈਨਸਟਾਈਨ ਨੂੰ ਬਰਨ ਵਿੱਚ ਸਥਾਈ ਨੌਕਰੀ ਮਿਲ ਗਈ, ਮਿਲੇਵਾ ਉਨ੍ਹਾਂ ਕੋਲ ਚਲੀ ਗਈ ਅਤੇ 1903 ਵਿੱਚ ਦੋਵਾਂ ਨੇ ਵਿਆਹ ਕਰਵਾ ਲਿਆ।

1904 ਵਿੱਚ ਉਨ੍ਹਾਂ ਦੇ ਦੂਜੇ ਬੇਟੇ ਹੰਸ ਐਲਬਰਟ ਨੇ ਜਨਮ ਲਿਆ ਅਤੇ ਫ਼ਿਰ 1910 ਵਿੱਚ ਐਡੁਅਰਡ ਪੈਦਾ ਹੋਏ। ਉਸ ਸਮੇਂ ਪਰਿਵਾਰ ਜੂਰਿਕ ਵਿੱਚ ਰਹਿੰਦਾ ਸੀ।

ਇਸਾਕਸਨ ਮੁਤਾਬਕ ਹੰਸ ਐਲਬਰਟ ਨੇ ਦੱਸਿਆ ਸੀ ਕਿ, ''ਜਦੋਂ ਸਾਡੀ ਮਾਂ ਘਰ ਕੰਮ ਵਿੱਚ ਰੁੱਝੀ ਹੁੰਦੀ, ਸਾਡੇ ਪਿਤਾ ਆਪਣਾ ਕੰਮ ਛੱਡਕੇ ਘੰਟਿਆਂ ਤੱਕ ਸਾਡੀ ਦੇਖਭਾਲ ਕਰਦੇ ਸਨ। ਮੈਨੂੰ ਯਾਦ ਹੈ ਕਿ ਉਹ ਸਾਨੂੰ ਕਹਾਣੀਆਂ ਸੁਣਾਇਆ ਕਰਦੇ ਸਨ ਅਤੇ ਸਾਨੂੰ ਸ਼ਾਂਤ ਰੱਖਣ ਲਈ ਵਾਇਲਨ ਵਜਾਇਆ ਕਰਦੇ ਸਨ।''

ਐਡੁਅਰਡ ਦਾ ਮੁੱਢਲਾ ਬਚਪਨ ਔਖਿਆਈਆਂ ਭਰਿਆ ਸੀ। ਉਹ ਜ਼ਿਆਦਾਤਰ ਗੰਭੀਰ ਰੂਪ ਵਿੱਚ ਬੀਮਾਰ ਰਹਿੰਦੇ ਸਨ।

ਆਈਨਸਟਾਈਨ ਇਨਸਾਈਕਲੋਪੀਡੀਆ ਮੁਤਾਬਕ ਜਦੋਂ ਐਡੁਅਰਡ ਚਾਰ ਸਾਲ ਦੇ ਸਨ ਤਾਂ ਕਈ ਹਫ਼ਤਿਆਂ ਤੱਕ ਗੰਭੀਰ ਰੂਪ ਵਿੱਚ ਬੀਮਾਰ ਰਹੇ ਅਤੇ ਬਿਸਤਰ 'ਤੇ ਹੀ ਸਨ।

1917 ਵਿੱਚ ਜਦੋਂ ਐਡੁਅਰਡ ਦੇ ਫ਼ੇਫੜੇ ਫ਼ੁਲ ਗਏ ਤਾਂ ਆਈਨਸਾਟਈਨ ਨੇ ਇੱਕ ਮਿੱਤਰ ਨੂੰ ਲਿਖੀਆਂ ਚਿੱਠੀਆਂ ਵਿੱਚ ਕਿਹਾ ਕਿ ਮੇਰੇ ਬੱਚੇ ਦੀ ਸਿਹਤ ਕਾਰਨ ਮੈਂ ਬਹੁਤ ਉਦਾਸ ਹੁੰਦਾ ਹਾਂ।

ਇਸ ਦੇ ਬਾਵਜੂਦ ਐਡੁਅਰਡ ਇੱਕ ਚੰਗੇ ਵਿਦਿਆਰਥੀ ਸਨ ਅਤੇ ਕਲਾ ਵਿੱਚ ਉਨ੍ਹਾਂ ਦੀ ਦਿਲਚਸਪੀ ਸੀ। ਉਹ ਕਵਿਤਾਵਾਂ ਲਿਖਣ ਤੋਂ ਇਲਾਵਾ ਪਿਆਨੋ ਵਜਾਉਣ ਵਿੱਚ ਦਿਲਚਸਪੀ ਰੱਖਦੇ ਸਨ।

ਉਨ੍ਹਾਂ ਨੇ ਆਪਣੇ ਪਿਤਾ ਦੇ ਨਾਲ ਸੰਗੀਤ ਅਤੇ ਦਰਸ਼ਨਸ਼ਾਸਤਰ 'ਤੇ ਕਈ ਵਾਰ ਗੰਭੀਰ ਬਹਿਸਾਂ ਕੀਤੀਆਂ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਬਰਨ ਦੇ ਇਸ ਘਰ 'ਚ ਆਈਨਸਟਾਈਨ, ਮਿਲੇਵਾ ਅਤੇ ਹੰਸ ਐਲਬਰਟ ਰਹਿੰਦੇ ਸਨ, ਹੁਣ ਇਹ ਮਿਊਜ਼ਿਮ ਹੈ

ਆਈਨਸਟਾਈਨ ਨੇ ਲਿਖਿਆ ਸੀ ਕਿ ਉਨ੍ਹਾਂ ਦਾ ਬੇਟਾ ਜ਼ਿੰਦਗੀ ਨਾਲ ਜੁੜੀਆਂ ਅਹਿਮ ਗੱਲਾਂ 'ਤੇ ਉਨ੍ਹਾਂ ਦੇ ਨਾਲ ਦਿਮਾਗ ਖਪਾਉਂਦਾ ਹੈ।

ਆਈਨਸਟਾਈਨ ਜਦੋਂ ਵਿਗਿਆਨ ਦੇ ਖੇਤਰ ਵਿੱਚ ਅੱਗੇ ਵੱਧ ਰਹੇ ਸਨ, ਉਨ੍ਹਾਂ ਦੇ ਆਪਣੀ ਪਤਨੀ ਨਾਲ ਰਿਸ਼ਤੇ ਵੀ ਖ਼ਰਾਬ ਹੋਣ ਲੱਗੇ ਸਨ।

ਹਾਲਾਤ ਉਸ ਸਮੇਂ ਹੋਰ ਖ਼ਰਾਬ ਹੋ ਗਏ ਜਦੋਂ ਆਈਨਸਟਾਈਨ ਦਾ ਉਨ੍ਹਾਂ ਦੀ ਰਿਸ਼ਤੇ ਵਿੱਚੋਂ ਲੱਗਦੀ ਭੈਣ ਏਲਸਾ ਨਾਲ ਪਿਆਰ ਸਬੰਧ ਸ਼ੁਰੂ ਹੋ ਗਿਆ।

1914 ਵਿੱਚ ਆਈਨਸਟਾਈਨ ਦਾ ਪਰਿਵਾਰ ਬਰਲਿਨ ਆ ਗਿਆ ਸੀ। ਪਰ ਆਈਨਸਟਾਈਨ ਦੇ ਰਵੱਈਏ ਕਾਰਨ ਮਿਲੇਵਾ ਵਾਪਸ ਸਵਿਟਜ਼ਰਲੈਂਡ ਚਲੇ ਗਏ ਸਨ।

ਸਾਲ 1919 ਆਉਂਦੇ-ਆਉਂਦੇ ਦੋਵਾਂ ਦਾ ਰਿਸ਼ਤਾ ਤਲਾਕ ਤੱਕ ਪਹੁੰਚ ਗਿਆ ਸੀ।

ਗਟਫ੍ਰੈਂਡ ਦੇ ਮੁਤਾਬਕ ਬੱਚਿਆਂ ਤੋਂ ਦੂਰ ਹੋਣਾ ਆਈਨਸਟਾਈਨ ਲਈ ਬਹੁਤ ਔਖਾ ਸੀ। ਇਸੇ ਕਾਰਨ ਉਨ੍ਹਾਂ ਨੇ ਆਪਣੇ ਦੋਵਾਂ ਬੱਚਿਆਂ ਦੇ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ।

ਰੋਸੇਨਕ੍ਰਾਂਜ਼ ਕਹਿੰਦੇ ਹਨ, ''ਉਹ ਇੱਕ ਪਿਤਾ ਵਜੋਂ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸਨ।''

ਜਦੋਂ ਵੀ ਆਈਨਸਟਾਈਨ ਨੂੰ ਮੌਕਾ ਮਿਲਿਆ, ਉਨ੍ਹਾਂ ਨੇ ਆਪਣੇ ਬੱਚਿਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਲਿਖਿਆ, ''ਮੈਂ ਉਨ੍ਹਾਂ ਨੂੰ ਛੁੱਟੀਆਂ 'ਤੇ ਲੈ ਕੇ ਜਾਂਦਾ ਹਾਂ। ਜਦੋਂ ਉਹ ਵੱਡੇ ਹੋ ਜਾਣਗੇ ਤਾਂ ਮੈਂ ਉਨ੍ਹਾਂ ਨੂੰ ਇਕੱਠਿਆਂ ਸਮਾਂ ਬਿਤਾਉਣ ਲਈ ਬਰਲਿਨ ਸੱਦ ਲਵਾਂਗਾ।''

ਆਈਨਸਟਾਈਨ ਅਤੇ ਉਨ੍ਹਾਂ ਦੇ ਬੇਟੇ ਐਡੁਅਰਡ ਦਰਮਿਆਨ ਚਿੱਠੀ ਪੱਤਰ ਹੁੰਦਾ ਰਹਿੰਦਾ ਸੀ।

1930 ਵਿੱਚ ਆਈਨਸਟਾਈਨ ਦੇ ਬੇਟੇ ਨੇ ਲਿਖਿਆ, ''ਜ਼ਿੰਦਗੀ ਸਾਈਕਲ ਚਲਾਉਣ ਵਰਗੀ ਹੈ। ਸੰਤੁਲਣ ਬਣਾਈ ਰੱਖਣ ਲਈ ਅੱਗੇ ਵੱਧਦੇ ਰਹਿਣਾ ਲਾਜ਼ਮੀ ਹੈ।''

ਮਾਹਰਾਂ ਮੁਤਾਬਕ ਹੰਸ ਆਈਨਸਟਾਈਨ ਦੀ ਸਖ਼ਸ਼ੀਅਤ ਵੱਖਰੀ ਸੀ। ਉਹ ਬਿਲਕੁਲ ਜ਼ਮੀਨ ਨਾਲ ਜੁੜੇ ਹੋਏ ਸਨ।

ਤਸਵੀਰ ਸਰੋਤ, Getty Images

ਸਾਲਾਂ ਬਾਅਦ ਆਈਨਸਾਟਈਨ ਨੇ ਜਦੋਂ ਬੇਟੇ ਨੂੰ ਚਿੱਠੀਆਂ ਲਿਖੀਆਂ ਤਾਂ ਸਿਰਫ਼ ਆਪਣੀ ਥਿਊਰੀ ਦੇ ਬਾਰੇ ਵਿੱਚ ਹੀ ਨਹੀਂ ਦੱਸਿਆ ਸਗੋਂ ਬੇਟੇ ਨੂੰ ਨੌਕਰੀ ਲੱਭਣ ਦੀ ਸਲਾਹ ਵੀ ਦਿੱਤੀ।

ਆਈਨਸਟਾਈਨ ਦਾ ਸਭ ਤੋਂ ਛੋਟਾ ਬੇਟਾ ਭੌਤਿਕ ਵਿਗਿਆਨੀ ਬਣਨ ਦੇ ਸੁਫ਼ਨੇ ਦੇਖਦਾ ਸੀ ਪਰ ਉਹ ਸਿਗਮੰਡ ਫ਼ਰਾਈਡ ਦੇ ਸਿਧਾਂਤਾ ਵਿੱਚ ਵੀ ਦਿਲਚਸਪੀ ਰੱਖਦਾ ਸੀ।

1932 ਵਿੱਚ ਉਨ੍ਹਾਂ ਨੂੰ ਸਵਿਟਜ਼ਰਲੈਂਟ ਦੇ ਇੱਕ ਮਨੋਵਿਗਿਆਨਿਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਉਸ ਸਮੇਂ ਉਹ ਮੈਡੀਕਲ ਦੀ ਪੜ੍ਹਾਈ ਕਰ ਰਹੇ ਸਨ।

ਗਟਫ੍ਰੈਂਡ ਕਹਿੰਦੇ ਹਨ, ''ਆਈਨਸਟਾਈਨ ਨੂੰ ਇਸ ਨਾਲ ਗਹਿਰਾ ਦੁੱਖ਼ ਹੋਇਆ ਸੀ।''

ਗਾਰਡੀਅਨ ਅਖ਼ਬਾਰ ਮੁਤਾਬਕ ਬਾਅਦ ਵਿੱਚ ਆਈਨਸਟਾਈਨ ਨੇ ਲਿਖਿਆ ਸੀ, ''ਮੇਰੇ ਸਭ ਤੋਂ ਚੰਗੇ ਬੱਚਿਆਂ ਵਿੱਚੋਂ ਇੱਕ, ਜਿਸ ਨੂੰ ਮੈਂ ਬਿਲਕੁਲ ਆਪਣੇ ਵਰਗਾ ਸਮਝਦਾ ਸੀ, ਨੂੰ ਅੱਜ ਲਾਇਲਾਜ ਮਾਨਸਿਕ ਬੀਮਾਰੀ ਨੇ ਘੇਰ ਲਿਆ।''

ਤਸਵੀਰ ਸਰੋਤ, Getty Images

1933 ਵਿੱਚ ਜਦੋਂ, ਜਰਮਨੀ ਵਿੱਚ ਨਾਜੀਵਾਦ ਦਾ ਖ਼ਤਰਾ ਵੱਧ ਰਿਹਾ ਸੀ, ਐਲਬਰਟ ਆਈਨਸਟਾਈਨ ਨੇ ਅਮਰੀਕਾ ਜਾਣ ਲਈ ਦੇਸ ਛੱਡ ਦਿੱਤਾ ਸੀ।

''ਦੇਸ ਛੱਡਣ ਤੋਂ ਪਹਿਲਾਂ ਆਈਨਸਟਾਈਨ ਉੱਥੇ ਗਏ ਜਿੱਥੇ ਉਨ੍ਹਾਂ ਦਾ ਸਭ ਤੋਂ ਛੋਟਾ ਬੇਟਾ ਭਰਤੀ ਸੀ। ਇਹ ਆਖ਼ਰੀ ਵਾਰ ਸੀ ਜਦੋਂ ਪਿਤਾ-ਪੁੱਤ ਇੱਕ ਦੂਜੇ ਨੂੰ ਮਿਲੇ ਸਨ।''

ਦੁਖ਼ਦ ਅੰਤ

ਮਿਲੇਵਾ, ਐਡੁਅਰਡ ਦਾ ਘਰ ਵਿੱਚ ਹੀ ਧਿਆਨ ਰੱਖਦੇ ਸਨ। ਪਰ ਜਦੋਂ ਉਨ੍ਹਾਂ ਦੀ ਮਾਨਸਿਕ ਬਿਮਾਰੀ ਗੰਭੀਰ ਹੋ ਜਾਂਦੀ ਤਾਂ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਉਣਾ ਪੈਂਦਾ ਸੀ।

1948 ਵਿੱਚ ਮਿਲੇਵਾ ਦੀ ਮੌਤ ਤੋਂ ਬਾਅਦ ਐਡੁਅਰਡ ਦਾ ਧਿਆਨ ਰੱਖਣ ਲਈ ਇੱਕ ਕਾਨੂੰਨੀ ਸਰਪਰਸਤ ਨਿਯੁਕਤ ਕਰ ਦਿੱਤਾ ਗਿਆ, ਇਸ ਦਾ ਖ਼ਰਚਾ ਆਈਨਸਟਾਈਨ ਹੀ ਚੁੱਕਦੇ ਸਨ।

ਰੋਸੇਨਕ੍ਰਾਂਜ਼ ਕਹਿੰਦੇ ਹਨ, ''ਮੈਨੂੰ ਨਹੀਂ ਲੱਗਦਾ ਕਿ ਇਸ ਦੌਰਾਨ ਆਈਨਸਟਾਈਨ ਅਤੇ ਐਡੁਅਰਡ ਨੇ ਇੱਕ ਦੂਜੇ ਨੂੰ ਕੋਈ ਚਿੱਠੀ ਲਿਖੀ ਹੋਵੇਗੀ।''

ਤਸਵੀਰ ਸਰੋਤ, Getty Images

ਇਸਾਕਸਨ ਮੁਤਾਬਕ ਐਡੁਅਰਡ ਨੂੰ ਅਮਰੀਕਾ ਨਹੀਂ ਜਾਣ ਦਿੱਤਾ ਗਿਆ ਸੀ ਕਿਉਂਕਿ ਉਹ ਇੱਕ ਮਾਨਸਿਕ ਰੋਗੀ ਸਨ।

ਉਨ੍ਹਾਂ ਨੇ ਜ਼ਿੰਦਗੀ ਦੇ ਆਖ਼ਰੀ ਦਿਨ ਮਾਨਸਿਕ ਰੋਗੀਆਂ ਦੇ ਹਸਪਤਾਲ ਵਿੱਚ ਇਕੱਲਿਆਂ ਬਿਤਾਏ। ਉਨ੍ਹਾਂ ਦੀ ਸਾਲ 1965 ਵਿੱਚ 55 ਸਾਲ ਦੀ ਉਮਰ ਵਿੱਚ ਮੌਤ ਹੋ ਗਈ।

ਤੀਸਰਾ ਬੱਚਾ- ਹੰਸ ਐਲਬਰਟ

ਆਈਨਸਟਾਈਨ ਦੇ ਦੂਜੇ ਬੱਚੇ ਨੇ ਆਪਣੇ ਬੇਟੇ ਦੇ ਫ਼ਸਟ ਆਉਣ ਦੀ ਖ਼ੁਸ਼ੀ ਵਿੱਚ ਅਤੇ ਮਾਣ ਜ਼ਾਹਿਰ ਕਰਦਿਆਂ ਲਿਖਿਆ, ਮੇਰਾ ਬੇਟਾ ਐਲਬਰਟ ਕਾਬਲ ਅਤੇ ਇਮਾਨਦਾਰ ਆਦਮੀ ਬਣ ਗਿਆ ਹੈ।

ਹੰਸ ਨੇ 1926 ਵਿੱਚ ਗ੍ਰੈਜੂਏਸ਼ਨ ਕੀਤੀ ਅਤੇ 1936 ਵਿੱਚ ਡਾਕਟਰ ਆਫ਼ ਟੈਕਨੀਕਲ ਸਾਇੰਸਿਜ਼ ਦੀ ਉਪਾਧੀ ਹਾਸਿਲ ਕੀਤੀ।

ਯੂਨੀਵਰਸਿਟੀ ਆਫ਼ ਕੈਲੇਫ਼ੋਰਨੀਆ ਵੱਲੋਂ ਪ੍ਰਕਾਸ਼ਿਤ ਉਨ੍ਹਾਂ ਦੀ ਸੰਖੇਪ ਜੀਵਨੀ ਵਿੱਚ ਲਿਖਿਆ ਹੈ, ''ਡਾਕਟੋਰੇਟ ਦੀ ਉਪਾਧੀ ਲਈ, ਉਨ੍ਹਾਂ ਦੇ ਥੀਸਿਜ਼ ਸੇਡਿਮੈਂਟ ਟ੍ਰਾਂਸਪੋਰਟ 'ਤੇ ਇੱਕ ਠੋਸ ਕਾਰਜ ਹੈ ਅਤੇ ਦੁਨੀਆਂ ਭਰ ਦੇ ਇੰਜੀਨੀਅਰ ਉਨ੍ਹਾਂ ਦੇ ਕੰਮ ਨੂੰ ਸਵਿਕਾਰ ਕਰਦੇ ਹਨ।''

1938 ਵਿੱਚ ਆਪਣੇ ਪਿਤਾ ਦੀ ਸਲਾਹ 'ਤੇ ਹੰਸ ਐਲਬਰਟ ਅਮਰੀਕਾ ਚਲੇ ਗਏ ਅਤੇ ਉਥੇ ਵੀ ਸੇਡਿਮੇਂਡ ਟ੍ਰਾਂਸਪੋਰਟ 'ਤੇ ਉਨ੍ਹਾਂ ਨੇ ਆਪਣੀ ਖੋਜ ਜਾਰੀ ਰੱਖੀ।

ਹੰਸ ਐਲਬਰਟ ਆਈਨਸਟਾਈਨ ਦੀ ਜੀਵਨੀ ਲਿਖਣ ਵਾਲੇ ਰੋਬਰਟ ਅਤੇ ਕ੍ਰੋਨੋਲੀਆ ਮੁਟੇਲ ਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ, ''ਹੰਸ ਐਲਬਰਟ ਨੇ ਸਿਧਾਂਤਿਕ ਸੂਝ ਅਤੇ ਵਿਵਹਾਰਿਕ ਤਰੀਕੇ ਵਿਕਸਿਤ ਕੀਤੇ ਹਨ ਜੋ ਵਹਿੰਦੇ ਪਾਣੀ ਦੀ ਮੈਲ ਹੇਠਾਂ ਕਿਸ ਤਰ੍ਹਾਂ ਬੈਠਦੀ ਹੈ, ਇਸ ਬਾਰੇ ਸਾਡੀ ਮੌਜੂਦਾ ਸਮਝ ਨੂੰ ਵਿਕਸਿਤ ਕਰਨ ਵਿੱਚ ਮਦਦ ਕਰਦੇ ਹਨ।''

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਆਈਨਸਟਾਈਨ ਨੂੰ ਆਪਣੇ ਬੱਚਿਆਂ ਲਈ ਵਾਇਲਨ ਵਜਾਉਣਾ ਪਸੰਦ ਸੀ

1988 ਵਿੱਚ ਦਿ ਅਮੈਰੀਕਨ ਸੁਸਾਇਟੀ ਆਫ਼ ਇੰਜੀਨੀਅਰਜ਼ ਨੇ ਹੰਸ ਐਲਬਰਟ ਦੀ ਯਾਦ ਵਿੱਚ ਇੱਕ ਸਨਮਾਨ ਸ਼ੁਰੂ ਕੀਤਾ ਸੀ ਜੋ ਇਸ ਖੇਤਰ ਵਿੱਚ ਬਿਹਤਰ ਕੰਮ ਕਰਨੇ ਵਾਲੇ ਨੂੰ ਦਿੱਤਾ ਜਾਂਦਾ ਹੈ।

ਇੱਕ ਪ੍ਰੋਫ਼ੈਸਰ ਜਿਸ ਨੂੰ ਸਰਾਹਿਆ ਗਿਆ

ਅਮਰੀਕਾ ਪਹੁੰਚਣ ਤੋਂ ਬਾਅਦ ਹੰਸ ਨੇ ਸਾਊਥ ਕੈਰੋਲਾਈਨਾ ਖੇਤੀ ਪ੍ਰਯੋਗ ਸਟੇਸ਼ਨ ਅਤੇ ਫ਼ਿਰ ਉਥੋਂ ਦੇ ਖੇਤੀ ਵਿਭਾਗ ਵਿੱਚ ਕੰਮ ਕੀਤਾ।

ਬਾਅਦ ਵਿੱਚ ਉਨ੍ਹਾਂ ਨੇ ਕੈਲੇਫ਼ੋਰਨੀਆ ਯੂਨੀਵਰਸਿਟੀ, ਬਰਕਲੇ ਵਿੱਚ ਹਾਈਡ੍ਰੋਲਿਕ ਇੰਜੀਨੀਅਰਿੰਗ ਪੜ੍ਹਾਉਣ ਲਈ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ।

ਯੂਨੀਵਰਸਿਟੀ ਵਿੱਚ ਲਿਖਿਆ ਹੈ, "ਉਨ੍ਹਾਂ ਕੋਲ ਇੱਕ ਬਹੁਤ ਹੀ ਉੱਚੇ ਕਾਬਲ ਖੋਜਕਾਰ ਵਿਗਿਆਨੀ, ਇੱਕ ਸ਼ਾਨਦਾਰ ਪ੍ਰੈਕਟਿਸਿੰਗ ਇੰਜੀਨੀਅਰ ਅਤੇ ਇੱਕ ਵਧੀਆ ਅਧਿਆਪਕ ਦਾ ਦੁਰਲੱਭ ਮੇਲ ਸੀ।''

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

1927 ਦੀ ਤਸਵੀਰ ਵਿੱਚ ਹੰਸ ਅਤੇ ਐਲਬਰਟ ਆਈਨਸਟਾਈਨ

1954 ਵਿੱਚ ਲਿਖੀ ਇੱਕ ਚਿੱਠੀ ਵਿੱਚ ਐਲਬਰਟ ਆਈਨਸਟਾਈਨ ਨੇ ਆਪਣੇ ਬੇਟੇ ਦੀ ਤਾਰੀਫ਼ ਕਰਦਿਆਂ ਲਿਖਿਆ, ''ਉਨ੍ਹਾਂ ਵਿੱਚ ਮੇਰੇ ਕਿਰਦਾਰ ਦੀਆਂ ਖ਼ਾਸ ਵਿਸ਼ੇਸ਼ਤਾਵਾਂ ਹਨ-ਆਪਣੀ ਹੋਂਦ ਤੋਂ ਉੱਪਰ ਉੱਠ ਕੇ ਮੰਜ਼ਲ ਨੂੰ ਪ੍ਰਾਪਤ ਕਰਨ ਲਈ ਨਿਰੰਤਰ ਆਪਣੇ ਆਪ ਨੂੰ ਸਮਰਪਿਤ ਕਰਦੇ ਰਹਿਣਾ ਅਤੇ ਆਪਣੀ ਸਰਬਉੱਚ ਕਾਬਲੀਅਤ ਨੂੰ ਹਾਸਿਲ ਕਰਨ ਨੂੰ ਸਰਵਜਨਕ ਟੀਚਾ ਬਣਾਉਣਾ।''

ਮੱਤਭੇਦ

ਆਈਨਸਟਾਈਨ ਦਾ ਆਪਣੇ ਬੱਚਿਆਂ ਨਾਲ ਰਿਸ਼ਤਾ ਉਤਰਾਅ-ਚੜ੍ਹਾਅ ਵਾਲਾ ਰਿਹਾ। ਆਪਣੀਆਂ ਚਿੱਠੀਆਂ ਵਿੱਚ ਉਨ੍ਹਾਂ ਨੇ ਬੱਚਿਆਂ ਨੂੰ ਕਦੀ ਪਿਆਰ ਦਿੱਤਾ ਤਾਂ ਕਦੀ ਝਿੜਕਿਆ ਵੀ।

ਰੋਸੇਨਕ੍ਰਾਂਜ਼ ਕਹਿੰਦੇ ਹਨ ਕਿ ਉਨ੍ਹਾਂ ਦੇ ਆਪਣੇ ਬੱਚਿਆਂ ਨਾਲ ਕੁਝ ਵਿਵਾਦ ਵੀ ਸਨ।

ਜਦੋਂ ਨੌਜਵਾਨ ਹੰਸ ਨੇ ਆਪਣੇ ਪਿਤਾ ਨੂੰ ਦੱਸਿਆ ਕਿ ਉਹ ਇੰਜੀਨੀਅਰਿੰਗ ਦੀ ਪੜ੍ਹਾਈ ਕਰਨਾ ਚਾਹੁੰਦਾ ਹੈ ਤਾਂ ਭੌਤਿਕ ਵਿਗਿਆਨੀ ਐਲਬਰਟ ਆਈਨਸਟਾਈਨ ਦੀ ਪ੍ਰਤੀਕਿਰਿਆ ਨਕਾਰਾਤਮਕ ਸੀ।

ਸਾਲਾਂ ਬਾਅਦ, ਇੱਕ ਹੋਰ ਮੱਤਭੇਦ ਉਸ ਸਮੇਂ ਪੈਦਾ ਹੋ ਗਿਆ ਜਦੋਂ ਆਈਨਸਟਾਈਨ ਨੇ ਵਿਆਹ ਲਈ ਹੰਸ ਐਲਬਰਟ ਦੀ ਪਸੰਦ ਦਾ ਵਿਰੋਧ ਕੀਤਾ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

1937 'ਚ ਨਿਊਯੌਰਕ ਵਿੱਚ ਹੰਸ ਦੇ ਨਾਲ ਆਈਨਸਟਾਈਨ

ਸਿਰਫ਼ ਆਈਨਸਟਾਈਨ ਨੇ ਹੀ ਨਹੀਂ ਸਗੋਂ ਇਸ ਮਾਮਲੇ ਵਿੱਚ ਮਿਲੇਵਾ ਨੇ ਵੀ ਵਿਰੋਧ ਕੀਤਾ।

ਪਰ ਦੋਵਾਂ ਦੇ ਵਿਰੋਧ ਨੂੰ ਪਾਸੇ ਕਰਕੇ ਹੰਸ ਨੇ ਸਾਲ 1927 ਵਿੱਚ ਫ੍ਰੀਡਾ ਨੇਕਟ ਨਾਲ ਵਿਆਹ ਕੀਤਾ ਜੋ ਉਨ੍ਹਾਂ ਤੋਂ 9 ਸਾਲ ਵੱਡੀ ਸੀ।

ਬਾਅਦ ਵਿੱਚ ਆਈਨਸਟਾਈਨ ਨੇ ਆਪਣੇ ਬੇਟੇ ਦੇ ਫ਼ੈਸਲੇ ਨੂੰ ਸਵਿਕਾਰ ਕਰ ਲਿਆ ਅਤੇ ਆਪਣੀ ਨੂੰਹ ਦਾ ਪਰਿਵਾਰ ਵਿੱਚ ਸਵਾਗਤ ਕੀਤਾ। ਉਨ੍ਹਾਂ ਦੇ ਤਿੰਨ ਪੋਤੇ-ਪੋਤੀਆਂ ਹੋਏ।

ਆਈਨਸਟਾਈਨ ਅਤੇ ਉਨ੍ਹਾਂ ਦੇ ਬੇਟੇ ਦਾ ਆਉਣਾ ਜਾਣਾ ਤਾਂ ਸੀ ਪਰ ਦੋਵੇਂ ਇੱਕ ਦੂਜੇ ਦੇ ਬੁਹਤੇ ਨਜ਼ਦੀਕ ਨਹੀਂ ਸਨ।

ਗਟਫ੍ਰੇਂਡ ਕਹਿੰਦੇ ਹਨ ਕਿ ਇਸ ਦਾ ਇੱਕ ਕਾਰਨ ਇਹ ਵੀ ਸੀ ਕਿ ਆਈਨਸਟਾਈਨ ਪੂਰਬੀ ਤੱਟ 'ਤੇ ਰਹਿੰਦੇ ਸਨ ਜਦੋਂ ਕਿ ਉਨ੍ਹਾਂ ਦੇ ਬੇਟੇ ਹੰਸ ਪੱਛਮੀ ਤੱਟ 'ਤੇ ਰਹਿੰਦੇ ਸਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਏਲਸਾ ਅਤੇ ਆਈਨਸਟਾਈਨ ਨੇ ਇਕੱਠਿਆਂ ਕਈ ਯਾਤਰਾਵਾਂ ਕੀਤੀਆਂ

ਮਾਹਰ ਇਹ ਵੀ ਮੰਨਦੇ ਹਨ ਕਿ ਰਿਸ਼ਤਿਆਂ ਵਿੱਚ ਦੂਰੀ ਦਾ ਇੱਕ ਹੋਰ ਕਾਰਨ ਇਹ ਵੀ ਸੀ ਕਿ ਆਈਨਸਟਾਈਨ ਨੇ ਆਪਣਾ ਦੂਜਾ ਘਰ ਵਸਾ ਲਿਆ ਸੀ।

ਆਈਨਸਟਾਈਨ ਨੇ ਏਲਸਾ ਨਾਲ ਵਿਆਹ ਕਰ ਲਿਆ ਸੀ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਿਛਲੇ ਵਿਆਹ ਤੋਂ ਹੋਈਆਂ ਦੋ ਧੀਆਂ ਵੀ ਰਹਿੰਦੀਆਂ ਸਨ।

ਹੰਸ ਨੇ ਫ੍ਰੀਡਾ ਦੀ ਮੌਤ ਤੋਂ ਬਾਅਦ ਬਾਇਓ ਕੈਮਿਸਟ ਏਲਿਜ਼ਾਬੈਥ ਰੋਬੋਜ਼ ਨਾਲ ਵਿਆਹ ਕਰ ਲਿਆ ਸੀ। ਸਾਲ 1973 ਵਿੱਚ ਉਨ੍ਹਾਂ ਦੀ 69 ਸਾਲ ਦੀ ਉਮਰ ਵਿੱਚ ਮੌਤ ਹੋ ਗਈ।

ਤਸਵੀਰ ਸਰੋਤ, Getty Images

ਇਸਾਕਸਨ ਯਾਦ ਕਰਦੇ ਹਨ ਕਿ ਇੱਕ ਵਾਰ ਆਈਨਸਟਾਈਨ ਨੇ ਮਿਲੇਵਾ ਨੂੰ ਕਿਹਾ ਸੀ ਕਿ ਉਨ੍ਹਾਂ ਦੇ ਦੋਵਾਂ ਬੱਚਿਆਂ ਵਿੱਚ ਉਨ੍ਹਾਂ ਦੀ ਅੰਤਰਆਤਮਾ ਦਾ ਪ੍ਰਤੀਬਿੰਬ ਹੈ।

ਆਈਨਸਟਾਈਨ ਨੇ ਕਿਹਾ ਸੀ ਕਿ ਉਨ੍ਹਾਂ ਦੇ ਜਾਣ ਤੋਂ ਬਾਅਦ ਵੀ ਬੱਚੇ ਉਨ੍ਹਾਂ ਦੀ ਵਿਰਾਸਤ ਨੂੰ ਜਿਉਂਦਾ ਰੱਖਣਗੇ।

ਪਰ ਇੱਕ ਮਹਾਨ ਵਿਗਿਆਨੀ ਅਤੇ ਬ੍ਰਹਿੰਮਡ ਪ੍ਰਤੀ ਸਾਡਾ ਦ੍ਰਿਸ਼ਟੀਕੋਣ ਬਦਲ ਦੇਣ ਵਾਲੇ ਵਿਅਕਤੀ ਦੀ ਔਲਾਦ ਹੋਣ ਦੀਆਂ ਆਪਣੀਆਂ ਮੁਸ਼ਕਿਲਾਂ ਵੀ ਸਨ।

ਐਡੁਅਰਡ ਨੇ ਇੱਕ ਵਾਰ ਲਿਖਿਆ ਸੀ, ''ਕਈ ਵਾਰ ਇੰਨੇ ਮਹੱਤਵਪੂਰਣ ਪਿਤਾ ਦਾ ਹੋਣਾ ਮੁਸ਼ਕਿਲਾਂ ਪੈਦਾ ਕਰਦਾ ਹੈ ਕਿਉਂਕਿ ਅਸੀਂ ਆਪਣੇ ਆਪ ਨੂੰ ਮਹੱਤਵਹੀਣ ਸਮਝਣ ਲੱਗਦੇ ਹਾਂ।''

ਹੰਸ ਦਾ ਜਨਮ ਆਈਨਸਟਾਈਨ ਦੀ ਥਿਊਰੀ ਆਫ਼ ਰਿਲੇਟੇਵਿਟੀ ਦੇ ਪ੍ਰਕਾਸ਼ਨ ਤੋਂ ਇੱਕ ਸਾਲ ਪਹਿਲਾਂ ਹੋਇਆ ਸੀ।

ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਇੰਨੇ ਮਹਾਨ ਵਿਗਿਆਨਿਕ ਦਾ ਬੇਟਾ ਹੋਣਾ ਕਿਸ ਤਰ੍ਹਾਂ ਦਾ ਲੱਗਦਾ ਹੈ। ਉਨ੍ਹਾਂ ਨੇ ਕਿਹਾ ਸੀ, ''ਜੇ ਮੈਂ ਬਚਪਨ ਵਿੱਚ ਹੀ ਹੱਸਣਾ ਨਾ ਸਿਖਿਆ ਹੁੰਦਾ ਤਾਂ ਮੈਂ ਪਾਗਲ ਹੀ ਹੋ ਗਿਆ ਹੁੰਦਾ।''

ਆਈਨਸਟਾਈਨ ਜੋ ਇੱਕ ਪਿਤਾ ਸਨ

ਜੋ ਪੱਤਰ ਸਾਹਮਣੇ ਆਏ ਹਨ ਉਨ੍ਹਾਂ ਦੇ ਆਧਾਰ ਤੇ ਆਈਨਸਟਾਈਨ ਦਾ ਇੱਕ ਪਿਤਾ ਦੇ ਤੌਰ 'ਤੇ ਅਲਗ਼ ਅਕਸ ਬਣਦਾ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਵਾਲਟਰ ਇਸਾਕਸਨ ਨੇ ਆਈਨਸਟਾਈਨ ਦੀ ਜੀਵਨੀ ਲਿਖੀ ਹੈ

ਪਰ ਉਨ੍ਹਾਂ ਦੀ ਇੱਕ ਸਹੀ ਅਤੇ ਮੁਕੰਮਲ ਤਸਵੀਰ ਬਣਾਉਣਾ ਔਖਾ ਹੈ।

ਯੇਰੂਸ਼ਲਮ ਦੀ ਹਿਬਰੂ ਯੂਨੀਵਰਸਿਟੀ ਦੇ ਮੁਖੀ ਗਟਫ੍ਰੈਂਡ ਕਹਿੰਦੇ ਹਨ ਕਿ ਉਨ੍ਹਾਂ ਦੀ ਸੰਸਥਾ ਨੂੰ ਆਈਨਸਟਾਈਨ ਦੀਆਂ 1500 ਤੋਂ ਵੱਧ ਨਿੱਜੀ ਚਿੱਠੀਆਂ ਮਿਲ ਚੁੱਕੀਆਂ ਹਨ।

ਗਟਫ੍ਰੈਂਡ ਕਹਿੰਦੇ ਹਨ ਕਿ ਇੰਨਾਂ ਚਿੱਠੀਆਂ ਤੋਂ ਆਈਨਸਟਾਈਨ ਦੇ ''ਮਨੁੱਖੀ, ਗਰਮਜੋਸ਼ੀ ਵਾਲੇ ਅਤੇ ਪਿਆਰ ਭਰੇ ਪੱਖ'' ਦਾ ਪਤਾ ਲੱਗਦਾ ਹੈ।

ਹਾਲਾਂਕਿ ਆਈਨਸਟਾਈਨ ਦਾ ਮਿਲੇਵਾ ਨਾਲ ਰਿਸ਼ਤਾ ਖ਼ਰਾਬ ਹੋ ਗਿਆ ਸੀ ਪਰ ਉਨ੍ਹਾਂ ਦੀਆਂ ਚਿੱਠੀਆਂ ਇੱਕ ਪਿਤਾ ਦੇ ਆਪਣੇ ਬੱਚਿਆ ਨਾਲ ਪਿਆਰ ਭਰੇ ਰਿਸ਼ਤੇ ਨੂੰ ਦਰਸਾਉਂਦੀਆਂ ਹਨ।

ਆਈਨਸਟਾਈਨ ਨੂੰ ਆਪਣੇ ਬੱਚਿਆਂ ਦੀ ਚਿੰਤਾ ਸੀ।

ਆਈਨਸਟਾਈਨ ਨੇ ਇਸ ਗੱਲ ਨੂੰ ਵੀ ਸਵਿਕਾਰ ਕੀਤਾ ਕਿ ਉਨ੍ਹਾਂ ਦੀ ਸਾਬਕਾ ਪਤਨੀ ਨੇ ਬੱਚਿਆਂ ਨੂੰ ਚੰਗੇ ਤਰੀਕੇ ਨਾਲ ਪਾਲਿਆ ਅਤੇ ਉਨ੍ਹਾਂ ਪ੍ਰਤੀ ਕਿੰਨਾ ਧਿਆਨ ਦਿੱਤਾ।

ਰੋਸੇਨਕ੍ਰਾਂਜ਼ ਕਹਿੰਦੇ ਹਨ, ''ਮੈਨੂੰ ਨਹੀਂ ਲੱਗਦਾ ਕਿ ਉਹ ਆਪਣੇ ਆਪ ਨੂੰ ਇੱਕ ਬਹੁਤ ਚੰਗੇ ਪਤੀ ਦੇ ਤੌਰ 'ਤੇ ਦੇਖਦੇ ਸਨ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਲੱਗਦਾ ਹੋਵੋਗਾ ਕਿ ਉਨ੍ਹਾਂ ਨੇ ਪਤੀ ਨਾਲੋਂ ਪਿਤਾ ਦਾ ਕਿਰਦਾਰ ਬਿਹਤਰ ਤਰੀਕੇ ਨਾਲ ਨਿਭਾਇਆ ਹੈ।''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)