ਤੁਹਾਡੇ ਆਲੇ ਦੁਆਲੇ ਸ਼ੋਰ-ਸ਼ਰਾਬਾ ਰਹਿੰਦਾ ਹੈ ਤਾਂ ਇਹ ਹੋ ਸਕਦਾ ਹੈ ਸਿਹਤ ਉੱਤੇ ਬੁਰਾ ਅਸਰ

  • ਸਾਈਪ੍ਰੈਸ ਹਨਸੇਨ
  • ਬੀਬੀਸੀ ਫ਼ਿਊਚਰ
ਹਵਾਈ ਜਹਾਜ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

"ਹਵਾਈ ਜਹਾਜ਼ ਦੀ ਆਵਾਜ਼ ਦੂਰ ਤੋਂ ਤੰਗ ਕਰਨ ਵਾਲੀ ਹੁੰਦੀ ਹੈ"

ਟ੍ਰੈਫ਼ਿਕ ਅਤੇ ਹਵਾਈ ਜਹਾਜ਼ਾਂ ਦਾ ਰੌਲਾ ਤੇ ਇਥੋਂ ਤੱਕ ਕਿ ਟੈਲੀਫ਼ੋਨ ਜਾਂ ਮੋਬਾਈਲ ਦੀ ਰਿੰਗਟੋਨ ਦਾ ਵੱਜਣਾ ਵੀ ਮਾੜੇ ਸਿਹਤ ਪ੍ਰਭਾਵਾਂ ਨਾਲ ਸਬੰਧਿਤ ਹੈ। ਹੁਣ ਵਿਗਿਆਨੀਆਂ ਨੇ ਇਹ ਸਮਝਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਇਹ ਸਭ ਸ਼ੋਰ ਸ਼ਰਾਬਾ ਸਾਡੇ ਸਰੀਰਾਂ 'ਤੇ ਕੀ ਅਸਰ ਪਾ ਰਿਹਾ ਹੈ।

ਸਾਲ 2011 ਵਿੱਚ ਜਰਮਨੀ ਦੇ ਸਭ ਤੋਂ ਬਿਜ਼ੀ ਫਰੈਂਕਫਰਟ ਹਵਾਈ ਅੱਡੇ 'ਤੇ ਇਸ ਦੇ ਚੌਥੇ ਰਨਵੇਅ ਦਾ ਉਦਘਾਟਨ ਕੀਤਾ ਗਿਆ। ਇਸ ਵਾਧੇ ਨੇ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨਾਂ ਨੂੰ ਜਨਮ ਦਿੱਤਾ, ਇਸ ਦੌਰਾਨ ਸਾਲਾਂ ਤੱਕ ਮੁਜ਼ਾਹਰਾਕਾਰੀ ਹਰ ਸੋਮਵਾਰ ਹਵਾਈ ਅੱਡੇ ਪਰਤਦੇ ਰਹੇ।

ਇੱਕ ਸਾਲ ਬਾਅਦ ਇੱਕ ਮੁਜ਼ਾਹਰਾਕਾਰੀ ਨੇ ਖ਼ਬਰ ਏਜੰਸੀ ਰਾਇਟਰਜ਼ ਨੂੰ ਦੱਸਿਆ, "ਇਹ ਮੇਰੀ ਜ਼ਿੰਦਗੀ ਖ਼ਤਮ ਕਰ ਰਿਹਾ ਹੈ। ਹਰ ਵਾਰ ਜਦੋਂ ਮੈਂ ਆਪਣੇ ਬਗ਼ੀਚੇ ਵਿੱਚ ਜਾਂਦਾ ਹਾਂ, ਜੋ ਸਭ ਮੈਂ ਸੁਣ ਸਕਦਾ ਜਾਂ ਦੇਖ ਸਕਦਾ ਹਾਂ ਉਹ ਇੱਕਦਮ ਉੱਪਰ ਉੱਡਦੇ ਜਹਾਜ਼ ਹਨ।"

ਇਹ ਵੀ ਪੜ੍ਹੋ :

ਨਵੇਂ ਰਨਵੇਅ ਤੋਂ ਮੇਨਜ਼ ਦੇ ਯੂਨੀਵਰਸਿਟੀ ਮੈਡੀਕਲ ਸੈਂਟਰ ਵਿੱਚ ਦਿਲ ਦੇ ਰੋਗਾਂ ਦੇ ਮਾਹਰ ਥੌਮਸ ਮੂੰਜ਼ੇਲ ਦੇ ਘਰ ਉੱਪਰੋਂ ਦਰਜ਼ਨਾਂ ਹਵਾਈ ਜਹਾਜ਼ਾਂ ਨੇ ਉਡਾਨ ਭਰਨੀ ਸੀ। ਉਹ ਕਹਿੰਦੇ ਹਨ, "ਮੈਂ ਜਰਮਨ ਆਟੋਬਮ ਅਤੇ ਸ਼ਹਿਰ ਦੇ ਅੰਦਰੂਨੀ ਟਰੇਨ ਟਰੈਕ ਦੇ ਨੇੜੇ ਰਹਿੰਦਾ ਹਾਂ।"

"ਹਵਾਈ ਜਹਾਜ਼ ਦੀ ਆਵਾਜ਼ ਦੂਰ ਤੋਂ ਤੰਗ ਕਰਨ ਵਾਲੀ ਹੁੰਦੀ ਹੈ।"

ਮੂੰਜ਼ੇਲ ਨੇ ਇੱਕ ਵਿਸ਼ਵ ਸਿਹਤ ਸੰਗਠਨ (WHO) ਦੀ 2009 ਦੀ ਇੱਕ ਰਿਪੋਰਟ ਪੜ੍ਹੀ ਸੀ, ਜੋ ਰੌਲੇ ਦੇ ਦਿਲ ਦੀਆਂ ਸਮੱਸਿਆਵਾਂ ਨਾਲ ਸਬੰਧ ਜੋੜਦੀ ਸੀ, ਪਰ ਉਸ ਸਮੇਂ ਇਸ ਦੇ ਸਬੂਤ ਬਹੁਤ ਘੱਟ ਸਨ।

ਇਸ ਦੇ ਆਪਣੀ ਸਿਹਤ 'ਤੇ ਅਸਰ ਬਾਰੇ ਚਿੰਤਤ ਹੁੰਦਿਆਂ, ਉਨ੍ਹਾਂ ਨੇ 2011 ਵਿੱਚ ਆਪਣੀ ਖੋਜ ਦਾ ਰੁਖ਼ ਇਸ ਪਾਸੇ ਕੀਤਾ।

ਰੌਲੇ ਦੇ ਸਿਹਤ 'ਤੇ ਸਿੱਧੇ ਪ੍ਰਭਾਵ

ਉੱਚੀ ਆਵਾਜ਼ ਨੂੰ ਲੰਬੇ ਸਮੇਂ ਤੋਂ ਬੋਲੇਪਣ ਦੀ ਸਮੱਸਿਆ ਨਾਲ ਜੋੜਿਆ ਜਾਂਦਾ ਰਿਹਾ ਹੈ। ਪਰ ਜਹਾਜ਼ਾਂ ਅਤੇ ਕਾਰਾਂ ਦਾ ਰੌਲਾ ਕੰਨਾਂ ਤੋਂ ਅੱਗੇ ਦੀ ਸਮੱਸਿਆ ਹੈ।

ਟ੍ਰੈਫ਼ਿਕ ਦੇ ਰੌਲੇ ਨੂੰ ਇੱਕ ਸਰੀਰਕ ਤਣਾਅ ਦੇ ਮੁੱਖ ਕਾਰਨ ਵਜੋਂ ਦੱਸਿਆ ਗਿਆ ਹੈ, ਇਸ ਨੂੰ ਹਵਾ ਪ੍ਰਦੂਸ਼ਣ ਤੋਂ ਬਾਅਦ ਦੂਜਾ ਤੇ ਸੈਕਿੰਡ-ਹੈਂਡ ਸਮੋਕ (ਧੂੰਏ ਨਾਲ ਅਸਿੱਧਾ ਸੰਪਰਕ) ਅਤੇ ਰੇਡੋਨ (ਇੱਕ ਰਸਾਇਣਿਕ ਗੈਸ) ਦੇ ਤਕਰੀਬਨ ਬਰਾਬਰ ਕਿਹਾ ਗਿਆ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਯੂਰਪ ਅਤੇ ਯੂਐੱਸ ਦੇ ਅੰਦਾਜ਼ਨ ਇੱਕ ਤਿਹਾਈ ਲੋਕ ਗ਼ੈਰ-ਸਿਹਤਮੰਦ ਪੱਧਰ 'ਤੇ ਰੌਲੇ ਦਾ ਸਾਹਮਣਾ ਕਰਦੇ ਹਨ

ਪਿਛਲੇ ਦਹਾਕੇ ਵਿੱਚ ਖੋਜ ਦੇ ਖੇਤਰ ਵਿੱਚ ਇੱਕ ਵਿਕਸਿਤ ਹੋ ਰਹੀ ਸੰਸਥਾ ਨੇ ਏਅਰਕਰਾਫ਼ਟ ਅਤੇ ਸੜਕੀ ਟ੍ਰੈਫ਼ਿਕ ਦੇ ਰੌਲੇ ਅਤੇ ਦਿਲ ਦੇ ਕਈ ਤਰ੍ਹਾਂ ਦੇ ਰੋਗਾਂ ਦੇ ਵੱਧਦੇ ਖ਼ਤਰਿਆਂ ਦਰਮਿਆਨ ਸਬੰਧ ਦੱਸਿਆ, ਅਤੇ ਵਿਗਿਆਨੀਆਂ ਨੇ ਇਸ ਵਰਤਾਰੇ ਦੇ ਢੰਗ ਤਰੀਕੇ ਬਾਰੇ ਵੀ ਦੱਸਣਾ ਸ਼ੁਰੂ ਕਰ ਦਿੱਤਾ ਹੈ।

ਅੰਦਾਜ਼ੇ ਸੁਝਾਅ ਦਿੰਦੇ ਹਨ ਕਿ ਯੂਰਪ ਅਤੇ ਯੂਐੱਸ ਦੇ ਅੰਦਾਜ਼ਨ ਇੱਕ ਤਿਹਾਈ ਲੋਕ ਗ਼ੈਰ-ਸਿਹਤਮੰਦ ਪੱਧਰ 'ਤੇ ਰੌਲੇ ਦਾ ਸਾਹਮਣਾ ਕਰਦੇ ਹਨ, ਜਿਸ ਨੂੰ ਆਮ ਤੌਰ 'ਤੇ 70 ਤੋਂ 90 ਡੈਸੀਬਲਜ਼ (ਆਵਾਜ਼ ਦਾ ਮਾਪਦੰਡ) ਤੱਕ ਪ੍ਰਭਾਸ਼ਿਤ ਕੀਤਾ ਜਾਂਦਾ ਹੈ।

ਤੁਲਣਾ ਲਈ ਆਮ ਗੱਲਬਾਤ ਤਕਰਬੀਨ 60 ਡੈਸੀਬਲਜ਼ ਹੁੰਦੀ ਹੈ, ਕਾਰਾਂ ਅਤੇ ਟਰੱਕਾਂ ਦੀ ਰੇਂਜ 70 ਤੋਂ 90 ਹੁੰਦੀ ਹੈ ਅਤੇ ਸਾਈਰਨਜ਼ (ਹੋਰਨ) ਅਤੇ ਏਅਰਕਰਾਫ਼ਟਜ਼ ਦੀ ਆਵਾਜ਼ 120 ਡੈਸੀਬਲਜ਼ ਜਾਂ ਇਸ ਤੋਂ ਵੀ ਵੱਧ ਹੋ ਸਕਦੀ ਹੈ।

ਕਈ ਅਧਿਐਨਾਂ ਨੇ ਅਜਿਹੀਆਂ ਵਾਤਾਵਰਨ ਦੀਆਂ ਆਵਾਜ਼ਾਂ ਨਾਲ ਬਹੁਤ ਜ਼ਿਆਦਾ ਸੰਪਰਕ ਨੂੰ ਦਿਲ ਨਾਲ ਸਬੰਧਿਤ ਰੋਗਾਂ ਦੇ ਵੱਧਦੇ ਜੋਖ਼ਮ ਨਾਲ ਜੋੜਿਆ ਹੈ।

ਉਦਾਹਰਣ ਵਜੋਂ ਸਾਲ 2018 ਵਿੱਚ ਆਏ ਇੱਕ ਅਧਿਐਨ, ਜਿਸ ਵਿੱਚ 10 ਲੱਖ ਤੋਂ ਵੱਧ ਲੋਕਾਂ ਦੇ ਸਿਹਤ ਸਬੰਧੀ ਅੰਕੜਿਆਂ ਦੀ ਜਾਂਚ ਕੀਤੀ ਗਈ ਮੁਤਾਬਕ ਜਿਹੜੇ ਲੋਕ ਫ਼ਰੈਂਕਫਰਟ ਏਅਰਪੋਰਟ ਦੇ ਨੇੜੇ ਰਹਿੰਦੇ ਹਨ, ਨੂੰ ਦਿਲ ਦਾ ਦੌਰਾ ਪੈਣ ਦਾ 7 ਫ਼ੀਸਦ ਵਧੇਰੇ ਖ਼ਤਰਾ ਹੈ। ਉਨ੍ਹਾਂ ਲੋਕਾਂ ਦੇ ਮੁਕਾਬਲੇ ਜਿਹੜੇ ਸ਼ਾਂਤ ਗੁਆਂਢੀ ਇਲਾਕਿਆਂ ਵਿੱਚ ਰਹਿੰਦੇ ਹਨ।

ਆਵਾਜ਼ ਦਾ ਦਿਲ 'ਤੇ ਪ੍ਰਭਾਵ

ਹਾਲ ਹੀ ਵਿਚ ਇੱਕ ਟੀਮ ਦੀ ਯੂਰਪੀਅਨ ਹਾਰਟ ਜਨਰਲ ਵਿੱਚ ਆਈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਵਿਟਜ਼ਰਲੈਂਡ ਦੇ ਜ਼ੁਰੀਕ ਏਅਰਪੋਰਟ ਦੇ ਨੇੜੇ ਰਹਿਣ ਵਾਲੇ ਲੋਕਾਂ ਵਿੱਚ 2000 ਅਤੇ 2015 ਦੇ ਵਿਚਾਲੇ ਲਗਭਗ 25,000 ਦਿਲ ਦੇ ਕੰਮ ਕਰਨਾ ਬੰਦ ਕਰਨ ਕਾਰਨ ਹੋਈਆਂ ਮੌਤਾਂ ਦੇ ਵਿਸ਼ਲੇਸ਼ਣ ਵਿੱਚ ਸਾਹਮਣੇ ਆਇਆ ਹੈ ਕਿ ਹਵਾਈ ਜਹਾਜ਼ਾਂ ਦੇ ਉਡਾਨ ਭਰਨ ਤੋਂ ਬਾਅਦ ਰਾਤ ਸਮੇਂ ਮੌਤ ਦਰ ਵਿਚ ਅਹਿਮ ਵਾਧਾ ਹੋਇਆ ਹੈ, ਖਾਸ ਤੌਰ 'ਤੇ ਔਰਤਾਂ ਵਿਚ।

ਖੋਜਕਰਤਾ ਸ਼ੋਰ ਦੇ ਕਾਰਡੀਓ ਵੈਸਕੁਲਰ ਨਤੀਜਿਆਂ ਵਿਚਲੇ ਅੰਦਰੂਨੀ ਸਰੀਰ ਵਿਗਿਆਨ ਦੀ ਜਾਂਚ ਕਰ ਰਹੇ ਹਨ।

ਪਰਤ ਇੱਕ ਸਿਹਤਮੰਦ ਅਵਸਥਾ ਤੋਂ "ਗਤੀਸ਼ੀਲ" ਹੋ ਸਕਦਾ ਹੈ, ਅਤੇ ਸੰਭਾਵੀ ਤੌਰ 'ਤੇ ਗੰਭੀਰ ਪ੍ਰਭਾਵ ਦੇ ਨਾਲ ਸੋਜਿਸ਼ ਹੋ ਸਕਦੀ ਹੈ।

ਆਵਾਜ਼ ਤੋਂ ਖੂਨ ਦੀਆਂ ਨਾੜਾਂ ਤੱਕ ਜਾਂਦਾ ਰਾਹ ਕੁਝ ਇਸ ਤਰ੍ਹਾਂ ਦਾ ਕਰ ਸਕਦਾ ਹੈ, ਜਦੋਂ ਆਵਾਜ਼ ਦਿਮਾਗ ਤੱਕ ਪਹੁੰਚਦੀ ਹੈ, ਇਹ ਦੋ ਹਿੱਸਿਆਂ ਨੂੰ ਗਤੀਸ਼ੀਲ ਕਰਦੀ ਹੈ, ਔਡੀਟਰੀ ਕੋਰਟੈਕਸ, ਜੋ ਆਵਾਜ਼ ਵਿੱਚ ਰੁਕਾਵਟ ਪਾਉਂਦੇ ਹਨ ਅਤੇ ਅਮਿਗਡਲਾ ਜੋ ਭਾਵੁਕ ਪ੍ਰਤੀਕਿਰਿਆ ਦਾ ਪ੍ਰਬੰਧਨ ਕਰਦਾ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਇਸ ਗੱਲ ਦੀ ਮਾਣਤਾ ਵੱਧ ਰਹੀ ਹੈ ਕਿ ਸ਼ੋਰ ਪ੍ਰਦੂਸ਼ਣ ਅਤੇ ਘੱਟਦੀ ਸਰੀਰਕ ਸਿਹਤ ਵਿੱਚ ਸਬੰਧ ਹੈ

ਜਦੋਂ ਆਵਾਜ਼ ਉੱਚੀ ਹੁੰਦੀ ਹੈ ਖ਼ਾਸਕਰ ਸੌਂਦੇ ਸਮੇਂ, ਅਮਿਗਡਲਾ ਸਰੀਰ ਦੇ ਉਡਾਣ ਜਾਂ ਲੜਾਈ ਵਾਲੇ ਪ੍ਰਤੀਕਰਮ ਨੂੰ ਗਤੀਸ਼ੀਲ ਕਰ ਦਿੰਦਾ ਹੈ, ਚਾਹੇ ਵਿਅਕਤੀ ਇਸ ਬਾਰੇ ਨਾ ਵੀ ਸੁਚੇਤ ਹੋਵੇ।

ਇੱਕ ਵਾਰ ਇਹ ਤਣਾਅ ਨੂੰ ਪ੍ਰਤੀਕਰਮ ਦੇਣਾ ਸ਼ੁਰੂ ਹੁੰਦਾ ਹੈ ਤਾਂ ਸਰੀਰ ਵਿੱਚ ਐਡਰੇਨਲਾਈਨ ਅਤੇ ਕੋਰਟੀਸੋਲ ਵਰਗੇ ਹਾਰਮੋਨ ਰੀਲੀਜ਼ ਕਰਨਾ ਸ਼ੁਰੂ ਕਰ ਦਿੰਦਾ ਹੈ।

ਕੁਝ ਨਾੜੀਆਂ ਸੁੰਗੜ ਜਾਂਦੀਆਂ ਹਨ ਤਾਂ ਕੁਝ ਦੁੱਗਣੀਆਂ ਫੁੱਲ ਜਾਂਦੀਆਂ ਹਨ, ਖੂਨ ਦਾ ਦਬਾਅ ਵੱਧ ਜਾਂਦਾ ਹੈ, ਪਾਚਣ ਸ਼ਕਤੀ ਘੱਟ ਜਾਂਦੀ ਹੈ ਜਦੋਂ ਕਿ ਸ਼ੂਗਰ ਅਤੇ ਚਰਬੀ ਮਾਸਪੇਸ਼ੀਆਂ ਦੀ ਤੁਰੰਤ ਵਰਤੋਂ ਲਈ ਖ਼ੂਨ ਦਾ ਪ੍ਰਵਾਹ ਵਧਾ ਦਿੰਦੀਆਂ ਹਨ।

ਕਸਕੇਡਿੰਗ ਤਣਾਅ ਪ੍ਰਤੀਕਿਰਿਆ ਹਾਨੀਕਾਰਕ ਅਣੂਆਂ ਦੀ ਸਿਰਜਣਾ ਲਈ ਵੀ ਪ੍ਰੇਰਿਤ ਕਰਦੀ ਹੈ ਜੋ ਖੂਨ ਦੀਆਂ ਨਾੜੀਆਂ ਦੀ ਪਰਤ ਵਿਚ ਆਕਸੀਡੇਟਿਵ ਤਣਾਅ ਅਤੇ ਜਲਣ ਦਾ ਕਾਰਨ ਬਣਦੀ ਹਨ।

ਇਹ ਅਕ੍ਰਿਆਸ਼ੀਲ ਐਂਡੋਥੇਲੀਅਮ ਖੂਨ ਦੇ ਪ੍ਰਵਾਹ ਵਿਚ ਦਖਲਅੰਦਾਜ਼ੀ ਕਰਦਾ ਹੈ ਅਤੇ ਕਈ ਹੋਰ ਪ੍ਰਕਿਰਿਆਵਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ ਜੋ ਜਦੋਂ ਕਮਜ਼ੋਰ ਹੁੰਦੀਆਂ ਹਨ ਤਾਂ ਦਿਲ ਦੀਆਂ ਕਈ ਬਿਮਾਰੀਆਂ ਦੀ ਲੜੀ ਵਿੱਚ ਯੋਗਦਾਨ ਪਾਉਂਦੀਆਂ ਹਨ, ਜਿਸ ਵਿੱਚ ਹਾਈ ਬਲੱਡ ਪ੍ਰੈਸ਼ਰ, ਨਾੜੀਆਂ ਜਮ੍ਹਾਂ ਬਣਾਉਣਾ, ਮੋਟਾਪਾ ਅਤੇ ਸ਼ੂਗਰ ਰੋਗ ਸ਼ਾਮਲ ਹਨ।

ਲੋਕਾਂ ਅਤੇ ਚੂਹਿਆਂ 'ਤੇ ਕੀਤੇ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਰਾਤ ਦੇ ਸਮੇਂ ਦੇ ਹਵਾਈ ਜਹਾਜ਼ ਦੇ ਸ਼ੋਰ ਨਾਲ ਸੰਪਰਕ ਦੇ ਕੁਝ ਦਿਨਾਂ ਬਾਅਦ ਤੱਕ ਵੀ ਐਂਡੋਥੈਲੀਅਮ ਕੰਮ ਨਹੀਂ ਕਰਦੇ, ਇਹ ਸੁਝਾਅ ਦਿੰਦਾ ਹੈ ਕਿ ਉੱਚੀ ਆਵਾਜ਼ ਸਿਰਫ਼ ਉਨ੍ਹਾਂ ਲੋਕਾਂ ਲਈ ਹੀ ਚਿੰਤਾ ਦਾ ਵਿਸ਼ਾ ਨਹੀਂ ਹੈ ਜੋ ਪਹਿਲਾਂ ਹੀ ਦਿਲ ਅਤੇ ਪਾਚਕ ਸਮੱਸਿਆਵਾਂ ਦੇ ਜੋਖ਼ਮ ਵਿੱਚ ਹਨ।

ਮੂੰਜ਼ੇਲ ਅਤੇ ਉਨ੍ਹਾਂ ਦੇ ਸਾਥੀਆਂ ਦੁਆਰਾ ਕੀਤੇ ਗਏ 2019 ਦੇ ਅਧਿਐਨ ਦੇ ਮੁਤਾਬਕ, ਸਿਹਤਮੰਦ ਬਾਲਗਾਂ ਨੇ ਰੇਲ ਰਿਕਾਰਡਿੰਗ ਦਾ ਸਾਹਮਣਾ ਕੀਤਾ ਜਿਉਂ ਹੀ ਉਨ੍ਹਾਂ ਨੂੰ ਨੀਂਦ ਆ ਗਈ ਸੀ, ਖੂਨ ਦੀਆਂ ਨਾੜੀਆਂ ਦਾ ਕੰਮ ਤੁਰੰਤ ਪ੍ਰਭਾਵਿਤ ਹੋਇਆ ਸੀ।

ਮੂੰਜ਼ੇਲ, ਜੋ ਰਿਵਿਊ ਆਫ਼ ਨੋਆਇਜ਼ ਐਂਡ ਕਾਰਡੀਓ ਵੈਸਕੁਲਰ ਹੈਲਥ ਦੇ ਸਹਿ-ਲੇਖਕ ਵੀ ਹਨ ਕਹਿੰਦੇ ਹਨ, "ਅਸੀਂ ਹੈਰਾਨ ਸਾਂ ਕਿ ਨੌਜਵਾਨਾਂ ਵਿੱਚ ਸਿਰਫ਼ ਇੱਕ ਰਾਤ ਇਹ ਆਵਾਜ਼ਾਂ ਸੁਣਨ ਤੋਂ ਬਾਅਦ ਹੀ ਐਂਡੋਥੇਲੀਅਮ ਅਕ੍ਰਿਆਸ਼ੀਲ ਸੀ। ਅਸੀਂ ਅਕਸਰ ਸੋਚਦੇ ਸੀ ਕਿ ਇਹ ਕੋਈ ਅਜਿਹੀ ਚੀਜ਼ ਹੈ ਜਿਸ ਨੂੰ ਹੋਣ ਵਿੱਚ ਮਹੀਨੇ ਲੱਗਦੇ ਹਨ।"

ਹਾਲਾਂਕਿ ਅੰਕੜੇ ਇਕੱਠੇ ਕਰਨਾ ਜਾਰੀ ਹੈ, ਸਿੱਧੇ ਕਾਰਨ ਅਤੇ ਪ੍ਰਭਾਵ ਦੱਸਣਾ ਮੁਸ਼ਕਿਲ ਹੈ। ਲੰਬੇ ਸਮੇਂ ਦੇ ਨੀਂਦ ਦੇ ਤਜ਼ਰਬਿਆਂ ਨੂੰ ਕਰਨਾ ਸੌਖਾ ਨਹੀਂ ਹੈ ਜਾਂ ਸ਼ੋਰ ਦੇ ਦਿਨ ਜਾਂ ਰਾਤ ਦੇ ਪ੍ਰਭਾਵਾਂ ਨੂੰ ਵੱਖ ਕਰਨਾ, ਜਾਂ ਰੌਲੇ ਦੇ ਅਸਰ ਅਤੇ ਸ਼ੋਰ ਤੇ ਹਵਾ ਪ੍ਰਦੂਸ਼ਣ ਦੇ ਇਕੱਠੇ ਅਸਰ ਬਾਰੇ ਦੱਸਣਾ (ਜੋ ਅਕਸਰ ਇਕੱਠਿਆਂ ਹੁੰਦੇ ਹਨ)।

ਲੰਡਨ ਦੇ ਕਿੰਗਜ਼ ਕਾਲਜ ਵਿੱਚ ਇੱਕ ਵਿਗਿਆਨੀ ਦੀਆਂ ਸੇਵਾਵਾਂ ਨਿਭਾ ਰਹੇ ਐਂਡਰੀਅਸ ਜ਼ਾਇਰੀਚਸ ਕਹਿੰਦੇ ਹਨ ਕਿ ਵਾਤਾਵਰਨ ਦੇ ਰੌਲੇ ਦੇ ਨਤੀਜਿਆਂ ਦੇ ਵਿਅਕਤੀਗਤ ਸੁਭਾਅ ਕਾਰਨ ਦਰਸਾਉਣਾ ਔਖਾ ਹੈ।

ਜ਼ਾਇਰੀਚਿਸ, ਹਸਪਤਾਲ ਦੇ ਇੰਨਟੈਂਸਿਵ ਕੇਅਰ ਯੂਨਿਟ ਦਾ ਅਧਿਐਨ ਕਰਦੇ ਹਨ, ਜਿੱਥੇ ਟੈਲੀਫ਼ੋਨ ਵੱਜਣਾ ਅਤੇ ਭਾਂਡਿਆਂ ਦੀ ਆਵਾਜ਼ ਸਿਹਤਯਾਬੀ ਜਾਂ ਪ੍ਰਤੀਕ੍ਰਿਆਸ਼ੀਲ ਤੰਦਰੁਸਤੀ ਦੇਣ ਵਾਲੀ ਹੋ ਸਕਦੀ ਹੈ, ਇਹ ਮਰੀਜ਼ 'ਤੇ ਨਿਰਭਰ ਕਰਦਾ ਹੈ।

ਉਹ ਕਹਿੰਦੇ ਹਨ,"ਅਸੀਂ ਸਚਮੁੱਚ ਡੈਸੀਬਲ ਦੇ ਪੱਧਰ ਅਤੇ ਸ਼ੋਰ ਦੀ ਧਾਰਨਾ ਵਿਚਲੇ ਇਸ ਫ਼ਰਕ ਦਾ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।"

ਪਰ ਬਚੇ ਹੋਏ ਸਵਾਲਾਂ ਦੇ ਬਾਵਜੂਦ, ਇਸ ਗੱਲ ਦੀ ਮਾਣਤਾ ਵੱਧ ਰਹੀ ਹੈ ਕਿ ਸ਼ੋਰ ਪ੍ਰਦੂਸ਼ਣ ਅਤੇ ਘੱਟਦੀ ਸਰੀਰਕ ਸਿਹਤ ਵਿੱਚ ਸਬੰਧ ਹੈ।

ਸਾਲ 2018 ਦੀ ਡਬਲਿਊਐੱਚਓ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਕਿ ਹਰ ਸਾਲ ਪੱਛਮੀ ਯੂਰਪੀਅਨ ਸਮੂਹਿਕ ਤੌਰ 'ਤੇ ਟ੍ਰੈਫ਼ਿਕ ਦੇ ਰੌਲੇ ਕਾਰਨ ਤੰਦਰੁਸਤੀ ਦੇ 16 ਲੱਖ ਸਾਲ ਗਵਾ ਰਿਹਾ ਹੈ।

ਇਹ ਮੁਲਾਂਕਣ ਆਵਾਜ਼ ਨਾਲ ਸਿੱਧੇ ਸੰਪਰਕ ਕਾਰਨ ਹੋਈਆਂ ਸਮੇਂ ਤੋਂ ਪਹਿਲਾਂ ਦੀਆਂ ਮੌਤਾਂ 'ਤੇ ਆਧਾਰਿਤ ਹੈ ਅਤੇ ਨਾਲ ਹੀ ਇਹ ਸ਼ੋਰ ਸ਼ਰਾਬੇ ਵਿੱਚ ਬਿਤਾਏ ਵਰ੍ਹਿਆਂ ਦੌਰਾਨ ਹੋਈ ਅਪੰਗਤਾ ਅਤੇ ਬੀਮਾਰੀਆਂ 'ਤੇ ਆਧਾਰਿਤ ਹੈ।

ਇਹ ਗਿਣਤੀ ਵੱਧ ਸਕਦੀ ਹੈ। ਯੂਨਾਈਟਿਡ ਨੇਸ਼ਨਜ਼ ਦੇ ਅੰਦਾਜ਼ੇ ਮੁਤਾਬਕ ਸਾਲ 2018 ਵਿੱਚ 55 ਫ਼ੀਸਦ ਲੋਕ ਸ਼ਹਿਰਾਂ ਵਿੱਚ ਰਹਿੰਦੇ ਸਨ ਅਤੇ 2050 ਤੱਕ ਇਹ ਗਿਣਤੀ 7 ਫ਼ੀਸਦ ਵਧਣ ਦੀ ਆਸ ਹੈ।

ਕੁਝ ਸਰਕਾਰਾਂ ਨੇ, ਜਨਤਕ ਵਿਰੋਧ ਪ੍ਰਦਰਸ਼ਨਾਂ ਨੂੰ ਸੁਣਦਿਆਂ, ਸ਼ਹਿਰੀਕਰਨ ਦੇ ਰੌਲੇ ਨੂੰ ਘਟਾਉਣ ਦੀ ਕੋਸ਼ਿਸ਼ ਵਜੋਂ ਰਾਤ ਦੀਆਂ ਉਡਾਨਾਂ 'ਤੇ ਪਾਬੰਦੀ ਲਗਾਈ ਹੈ। ਸ਼ਾਂਤ ਤਕਨਾਲੋਜੀ ਨੂੰ ਉਤਸ਼ਾਹਤ ਕਰਦਿਆਂ ਅਤੇ ਸ਼ੋਰ ਦੀਆਂ ਸ਼ਿਕਾਇਤਾਂ ਲਈ ਜੁਰਮਾਨੇ ਵੀ ਲਾਗੂ ਕੀਤੇ ਹਨ।

ਬਚਣ ਦਾ ਰਾਹ

ਵਿਅਕਤੀ ਆਪਣੀ ਮਦਦ ਆਪ ਕਰ ਸਕਦੇ ਹਨ ਇਹ ਯਕੀਨੀ ਬਣਾਕੇ ਕਿ ਉਨ੍ਹਾਂ ਦੇ ਸੌਣ ਵਾਲੇ ਕਮਰੇ ਜਿੰਨਾਂ ਹੋ ਸਕੇ ਸ਼ਾਂਤ ਹੋਣ, ਖਿੜਕੀਆਂ ਬੰਦ ਕਰਕੇ ਜਾਂ ਆਵਾਜ਼ ਘਟਾਉਣ ਵਾਲੇ ਪਰਦਿਆਂ ਦੀ ਮਦਦ ਨਾਲ ਜਾਂ ਜੇ ਉਨ੍ਹਾਂ ਦੇ ਵਿੱਤ ਵਿੱਚ ਹੋਵੇ ਤਾਂ ਕਿਸੇ ਸ਼ਾਂਤ ਰਿਹਾਇਸ਼ੀ ਇਲਾਕੇ ਵਿੱਚ ਜਾ ਕੇ।

ਤਸਵੀਰ ਸਰੋਤ, Alamy

ਤਸਵੀਰ ਕੈਪਸ਼ਨ,

ਸਸਤਾ ਹੱਲ ਕੰਨਾਂ 'ਚ ਪਲੱਗ ਲਗਾਉਣਾ ਜਾਂ ਸੌਂਣ ਵਾਲੇ ਕਮਰਿਆਂ ਨੂੰ ਘਰ ਦੇ ਕਿਸੇ ਸ਼ਾਂਤ ਹਿੱਸੇ ਵਿੱਚ ਬਣਾਉਣਾ ਹੋ ਸਕਦਾ ਹੈ

ਪੈਨੇਸਿਲਵੇਨੀਆ ਯੂਨੀਵਰਸਿਟੀ ਦੇ ਇੱਕ ਮਨੋਵਿਗਿਆਨਕ ਅਤੇ ਮਹਾਂਮਾਰੀ ਵਿਗਿਆਨੀ ਅਤੇ ਜੈਵਿਕ ਪ੍ਰਭਾਵਾਂ ਦੇ ਸ਼ੋਰ ਬਾਰੇ ਕੌਮਾਂਤਰੀ ਕਮਿਸ਼ਨ ਦੇ ਪ੍ਰਧਾਨ ਮੈਥੀਆਸ ਬਸਨੇਰ ਮੁਤਾਬਕ, ਸ਼ਾਇਦ ਸਸਤਾ ਹੱਲ ਕੰਨਾਂ ਵਿੱਚ ਪਲੱਗ ਲਗਾਉਣਾ ਹੋ ਸਕਦਾ ਹੈ ਜਾਂ ਸੌਂਣ ਵਾਲੇ ਕਮਰਿਆਂ ਨੂੰ ਘਰ ਦੇ ਕਿਸੇ ਸ਼ਾਂਤ ਹਿੱਸੇ ਵਿੱਚ ਬਣਾਉਣਾ।

ਉਨ੍ਹਾਂ ਦਾ ਮੰਨਣਾ ਹੈ ਕਿ ਲੋਕਾਂ ਨੂੰ ਅਜਿਹੇ ਕਦਮ ਚੁੱਕਣੇ ਚਾਹੀਦੇ ਹਨ ਭਾਵੇਂ ਉਹ ਆਪਣੇ ਆਪ ਨੂੰ ਸ਼ੋਰ ਨਾਲ ਖ਼ਾਸ ਪ੍ਰਭਾਵਿਤ ਮਹਿਸੂਸ ਨਹੀਂ ਕਰਦੇ।

ਉਹ ਕਹਿੰਦੇ ਹਨ, "ਜੇ ਤੁਸੀਂ ਮੈਨਹੈਟਨ ਰਹਿੰਦੇ ਹੋ, ਤੁਹਾਨੂੰ ਕੁਝ ਸਮੇਂ ਬਾਅਦ ਇਹ ਮਹਿਸੂਸ ਨਹੀਂ ਹੋਵੇਗਾ ਕਿ ਅਸਲ ਵਿੱਚ ਇਹ ਕਿੰਨਾ ਉੱਚਾ ਹੈ ਕਿਉਂਕਿ ਇਹ ਆਮ ਹੈ। ਪਰ ਜੇ ਤੁਹਾਨੂੰ ਇਸ ਦੀ ਮਾਨਸਿਕ ਤੌਰ 'ਤੇ ਆਦਤ ਪੈ ਜਾਂਦੀ ਹੈ, ਤਾਂ ਇਸ ਦਾ ਇਹ ਅਰਥ ਨਹੀਂ ਹੈ ਕਿ ਇਸ ਦੇ ਸਿਹਤ 'ਤੇ ਮਾੜੇ ਪ੍ਰਭਾਵ ਨਹੀਂ ਪੈਣਗੇ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)