ਆਸਟਰੇਲੀਆ ਦੀ ਸੰਸਦ ਵਿੱਚ ਜਿਣਸੀ ਸ਼ੋਸ਼ਣ ਦੀਆਂ ਵੀਡੀਓਜ਼ - ਕੀ ਹੈ ਪੂਰਾ ਮਾਮਲਾ

ਆਸਟਰੇਲੀਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਆਸਟਰੇਲੀਆ ਦੀ ਪਾਰਲੀਮੈਂਟ ਦੇ ਬਾਹਰ ਇਕੱਠੇ ਹੋਏ ਪ੍ਰਦਰਸ਼ਨਕਾਰੀ

ਆਸਟਰੇਲੀਆ ਦੀ ਪਾਰਲੀਮੈਂਟ ਵਿੱਚ ਸਟਾਫ਼ ਮੈਂਬਰਾਂ ਦੇ ਜਿਣਸੀ ਵਿਹਾਰ ਦੀਆਂ ਵੀਡੀਓਜ਼ ਸਾਹਮਣੇ ਆਉਣ ਤੋਂ ਬਾਅਦ ਦੇਸ਼ ਦਾ ਸਿਆਸੀ ਸੰਕਟ ਹੋਰ ਡੂੰਘਾ ਹੋ ਗਿਆ ਹੈ।

ਇੱਕ ਵਿਸਲਬਲੋਅਰ ਵੱਲੋਂ ਲੀਕ ਕੀਤੇ ਵੀਡੀਓ ਵਿੱਚ ਇੱਕ ਏਡੀ ਨੂੰ ਇੱਕ ਮਹਿਲਾ ਸੰਸਦ ਮੈਂਬਰ ਦੀ ਮੇਜ਼ ’ਤੇ ਜਿਣਸੀ ਵਿਹਾਰ ਕਰਦਿਆਂ ਦੇਖਿਆ ਜਾ ਸਕਦਾ ਹੈ।

ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਵੀਡੀਓ ਨੂੰ "ਸ਼ਰਮਨਾਕ" ਦੱਸਿਆ ਹੈ ਅਤੇ ਇੱਕ ਸੀਨੀਅਰ ਏਡੀ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ।

ਇਹ ਵੀ ਪੜ੍ਹੋ:

ਘਟਨਾਕ੍ਰਮ ਉਦੋਂ ਸ਼ੁਰੂ ਹੋਇਆ ਜਦੋਂ ਇੱਕ ਸਾਬਕਾ ਕਰਮਚਾਰੀ ਨੇ ਖੁਲਾਸਾ ਕੀਤਾ ਕਿ ਕਿਵੇਂ ਉਸ ਨਾਲ ਸੰਸਦ ਵਿੱਚ ਕਥਿਤ ਰੇਪ ਹੋਇਆ ਪਰ ਉਹ ਨੌਕਰੀ ਜਾਣ ਦੇ ਡਰ ਕਾਰਨ ਚੁੱਪ ਰਹੀ।

ਬ੍ਰਿਟਨੀ ਹਿਗਿੰਸ ਨੇ ਇਲਜ਼ਾਮ ਲਾਇਆ ਕਿ ਮਾਰਚ 2019 ਵਿੱਚ ਉਨ੍ਹਾਂ ਦਾ ਇੱਕ ਸੀਨੀਅਰ ਸਹਿਯੋਗੀ ਵੱਲੋਂ ਦਫ਼ਤਰ ਵੱਚ ਰੇਪ ਕੀਤਾ ਗਿਆ ਅਤੇ ਦਬਾਅ ਪਾਇਆ ਗਿਆ ਕਿ ਉਹ ਪੁਲਿਸ ਕੋਲ ਨਹੀਂ ਜਾਣਗੇ।

ਬ੍ਰਿਟਨੀ ਦੇ ਇਸ ਬਿਆਨ ਤੋਂ ਬਾਅਦ ਇਸ ਸਬੰਧ ਵਿੱਚ ਇਲਜ਼ਾਮ ਲੱਗਣੇ ਸ਼ੁਰੂ ਹੋਏ ਅਤੇ ਪਿਛਲੇ ਹਫ਼ਤੇ ਸੈਂਕੜੇ ਔਰਤਾਂ ਨੇ ਆਸਟਰੇਲੀਆ ਵਿੱਚ ਔਰਤਾਂ ਦੇ ਸ਼ੋਸ਼ਣ ਖ਼ਿਲਾਫ਼ ਪ੍ਰਦਰਸ਼ਨ ਵਿੱਚ ਹਿੱਸਾ ਲਿਆ।

ਇਹ ਨਵੀਆਂ ਵੀਡੀਓ?

ਆਸਟਰੇਲੀਆ ਦੀ ਪ੍ਰੈੱਸ ਨੂੰ ਇਹ ਵੀਡੀਓ ਪਾਰਲੀਮੈਂਟ ਦੇ ਇੱਕ ਸਾਬਕਾ ਸਰਕਾਰੀ ਸਟਾਫ਼ਰ ਨੇ ਲੀਕ ਕੀਤੀਆਂ। ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਇੰਨੀਆਂ ਵੀਡੀਓਜ਼ ਅਤੇ ਤਸਵੀਰਾਂ ਮਿਲਦੀਆਂ ਸਨ ਕਿ "ਉਨ੍ਹਾਂ ਉੱਪਰ ਇਨ੍ਹਾਂ ਦਾ ਅਸਰ" ਹੀ ਹੋਣੋ ਹਟ ਗਿਆ ਸੀ।

ਉਨ੍ਹਾਂ ਕਿਹਾ ਕਿ ਇਨ੍ਹਾਂ ਵੀਡੀਓਜ਼ ਵਿੱਚੋਂ ਕੁਝ ਦੋ ਸਾਲ ਪੁਰਾਣੀਆਂ ਹਨ ਅਤੇ ਲੋਕ ਪ੍ਰਾਰਥਨਾ ਕਮਰੇ ਦੀ ਵਰਤੋਂ ਵੀ ਜਿਣਸੀ ਸਬੰਧਾਂ ਲਈ ਕਰਦੇ ਸਨ ਅਤੇ ਇੱਥੋਂ ਤੱਕ ਕਿ ਇਸ ਕੰਮ ਲਈ ਪਾਰਲੀਮੈਂਟ ਵਿੱਚ ਸੈਕਸ ਵਰਕਾਂ ਨੂੰ ਵੀ ਲਿਆਂਦਾ ਜਾਂਦਾ ਸੀ।

ਵਿਸਲਬਲੋਅਰ ਨੇ ਇਸ ਨੂੰ ਕੁਝ ਇਸ ਤਰ੍ਹਾਂ ਬਿਆਨ ਕੀਤਾ,"ਬੰਦੇ ਬਸ ਇਹ ਸੋਚਦੇ ਸਨ ਕਿ ਉਹ ਜੋ ਚਾਹੁਣ ਕਰ ਸਕਦੇ ਸਨ", ਉਨ੍ਹਾਂ ਨੇ ਕਿਹਾ ਕਿ ਕੁਝ ਮੈਂਬਰ "ਇਖ਼ਲਾਕੀ ਤੌਰ ’ਤੇ ਦੀਵਾਲੀਏ" ਸਨ।

ਕਿਸ ਤਰ੍ਹਾਂ ਦੀ ਪ੍ਰਤੀਕਿਰਿਆ?

ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਇਸ ਤੋਂ "ਸਦਮੇ ਵਿੱਚ" ਸਨ। ਉਨ੍ਹਾਂ ਨੇ ਅੱਗੇ ਕਿਹਾ "ਸਾਨੂੰ ਸੰਸਦ ਨੂੰ ਠੀਕ ਕਰਨਾ ਪਵੇਗਾ। ਅਜਿਹੇ ਮਸਲਿਆਂ ਵਿੱਚ ਸਿਆਸਤ ਪਾਸੇ ਰੱਖਣੀ ਚਾਹੀਦੀ ਹੈ। ਸਾਨੂੰ ਇਸ ਨੂੰ ਪਛਾਨਣਾ, ਮੰਨਣਾ ਚਾਹੀਦਾ ਹੈ ਤੇ ਠੀਕ ਕਰਨਾ ਚਾਹੀਦਾ ਹੈ।"

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੂੰ ਰੋਹ ਦਾ ਸਾਹਮਣਾ ਕਰਨਾ ਪਿਆ ਜਦੋਂ ਉਨ੍ਹਾਂ ਨੇ ਮੁਜ਼ਾਹਰਾਕਾਰੀਆਂ ਨੂੰ ਮਿਲਣ ਤੋਂ ਮਨ੍ਹਾਂ ਕਰ ਦਿੱਤਾ ਸੀ।

ਮੌਰਿਸ ਨੇ ਆਗੂਆਂ ਨੂੰ ਸੰਸਦ ਵਿੱਚ ਮਿਲਣ ਲਈ ਸੱਦਿਆ ਸੀ ਪਰ ਆਗੂਆਂ ਨੇ ਇਹ ਕਹਿ ਕੇ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਹ "ਬੰਦ ਦਰਵਾਜ਼ਿਆਂ ਪਿੱਛੇ" ਗੱਲ ਨਹੀਂ ਕਰਨਗੇ।

ਇਸ ਤੋਂ ਇਲਾਵਾ ਸਰਕਾਰ ਦੇ ਇਸ ਪੂਰੇ ਮਾਮਲੇ ਨੂੰ ਨਜਿੱਠਣ ਦੇ ਤਰੀਕੇ ਦੀ ਵੀ ਆਲੋਚਨਾ ਹੋਈ ਹੈ। ਬੈਕਬੈਂਚ ਗਵਰਨਮੈਂਟ ਐੱਮਪੀ ਮਿਸ਼ੇਲ ਲੈਂਡਰੀ ਨੇ ਕਿਹਾ ਕਿ ਉਨ੍ਹਾਂ ਨੂੰ ਅਹੁਦੇ ਤੋਂ ਲਾਹੇ ਗਏ ਏਡੀ ਲਈ "ਅਫ਼ਸੋਸ ਹੋਇਆ"।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਹਾਲਾਂਕਿ ਕੈਬਨਿਟ ਮੰਤਰੀ ਕੈਰਨ ਐਂਡਰਿਊ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦੀ "ਜ਼ਮੀਰ ਹੁਣ ਇਸ ਸਮਲੇ ਉੱਪਰ ਚੁੱਪ ਰਹਿਣ ਦੀ ਇਜਾਜ਼ਤ ਨਹੀਂ ਦੇਵੇਗੀ।"

ਆਸਟਰੇਲੀਆ ਦੀ ਸਿਆਸਤ ਵਿੱਚ ਲਿੰਗਵਾਦ ਦੀ ਚਰਚਾ ਦੌਰਾਨ ਕੁਝ ਪ੍ਰਮੁੱਖ ਸਿਆਸੀ ਆਗੂਆਂ ਦੇ ਬਿਆਨ ਚਰਚਾ ਵਿੱਚ ਹਨ।

ਇਨ੍ਹਾਂ ਬਿਆਨਾਂ ਬਾਰੇ ਮੌਰਿਸਨ ਨੇ ਵੀ ਕਿਹਾ ਹੈ ਕਿ ਉਹ ਇਨ੍ਹਾਂ ਬਿਆਨਾਂ ਦਾ ਪੂਰਨ ਵਿਰੋਧ ਨਹੀਂ ਕਰਨਗੇ।

ਵਿਰੋਧੀ ਧਿਰ ਲੇਬਰ ਪਾਰਟੀ ਦੇ ਆਗੂ ਨੇ ਇੱਕ ਪ੍ਰੈੱਸ ਮਿਲਣੀ ਦੌਰਾਨ ਕਿਹਾ,"ਅਸੀਂ ਇਸ ਬਾਰੇ ਦੂਜੀ ਤਰ੍ਹਾਂ ਕੋਸ਼ਿਸ਼ ਕੀਤੀ ਅਤੇ ਇਸ ਤੋਂ ਸਾਨੂੰ ਨਤੀਜੇ ਨਹੀਂ ਮਿਲ ਰਹੇ ਇਸ ਲਈ ਮੈਂ ਚਾਹਾਂਗਾ ਕਿ ਅਸੀਂ ਇਸ ਬਾਰੇ ਹੋਰ ਬਿਹਤਰ ਕਰੀਏ।"

ਹੋਰ ਕੀ ਇਲਜ਼ਾਮ?

ਆਸਟਰੇਲੀਆ ਦੀ ਸਿਆਸਤ ਵਿੱਚ ਬੁਲਿੰਗ ਅਤੇ ਪਰੇਸ਼ਾਨ ਕਰਨ ਦੇ ਇਲਜ਼ਾਮ ਲਗਦੇ ਰਹੇ ਹਨ ਪਰ ਹਿਗਿੰਸ ਦੇ ਇਲਜ਼ਾਮਾਂ ਨੇ ਇਸ ਵਿਚਲੇ ਜਿਣਸੀ ਸ਼ੋਸ਼ਣ ਅਤੇ ਲਿੰਗਵਾਦ ਨੂੰ ਸੁਰਖੀਆਂ ਵਿੱਚ ਲਿਆਂਦਾ ਹੈ।

ਹਿਗਿੰਸ ਵੱਲੋਂ ਆਪਣੀ ਕਹਾਣੀ ਜਨਤਕ ਕੀਤੇ ਜਾਣ ਤੋਂ ਕੁਝ ਦਿਨਾਂ ਦੇ ਅੰਦਰ ਹੀ ਹੋਰ ਉਂਗਲਾਂ ਉੱਠਣੀਆਂ ਸ਼ੁਰੂ ਹੋਈਆਂ। ਅਟਾਰਨੀ ਜਨਰਲ ਕ੍ਰਿਸਟੀਅਨ ਪੋਰਟਰ ਬਾਰੇ ਪਤਾ ਚੱਲਿਆਂ ਕਿ ਉਨ੍ਹਾਂ ਉੱਪਰ ਸਾਲ 1988 ਵਿੱਚ ਹੋਏ ਇੱਕ ਰੇਪ ਦੇ ਇਲਜ਼ਾਮ ਸਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਬ੍ਰਿਟਨੀ ਹਿਗਿੰਸ

ਉਹ ਇਲਜ਼ਾਮਾਂ ਨੂੰ ਰੱਦ ਕਰਦੇ ਹਨ ਅਤੇ ਪੁਲਿਸ ਨੇ ਸਬੂਤਾਂ ਦੀ ਕਮੀ ਦੇ ਚਲਦਿਆਂ ਕੇਸ ਬੰਦ ਕਰ ਦਿੱਤਾ।

ਹਿਗਿੰਸ ਦੇ ਸਾਬਕਾ ਬੌਸ, ਰੱਖਿਆ ਮੰਤਰੀ ਲਿੰਡਾ ਰਿਨੌਲਡਸ ਨੂੰ ਵੀ ਮਾਫ਼ੀ ਮੰਗਣੀ ਪਈ ਅਤੇ ਆਪਣੀ ਸਾਬਕਾ ਸਹਿਯੋਗੀ ਨੂੰ ਹਰਜਾਨਾ ਦੇਣਾ ਪਿਆ ਜਦੋਂ ਉਨ੍ਹਾਂ ਨੂੰ ਇੱਕ "ਝੂਠੀ ਗਾਂ" ਕਿਹਾ ਗਿਆ।

ਆਲੋਚਕਾਂ ਦਾ ਕਹਿਣਾ ਹੈ ਕਿ ਸਰਕਾਰ ਇਸ ਮਸਲੇ 'ਤੇ ਹੌਲੀ ਅਤੇ ਅਕੁਸ਼ਲ ਸਾਬਤ ਹੋਈ ਹੈ।

ਵਿਰੋਧੀ ਧਿਰ ਲੇਬਰ ਪਾਰਟੀ ਨੇ ਕਿਹਾ ਹੈ ਕਿ ਉਹ ਵੀ ਆਪਣੀ ਪਾਰਟੀ ਵਿਚਲੇ ਬਹੁਤ ਸਾਰੇ ਪੁਰਸ਼ਾਂ ਖ਼ਿਲਾਫ਼ ਜਿਣਸੀ ਤੌਰ 'ਤੇ ਪਰੇਸ਼ਾਨ ਕਰਨ ਦੇ ਇਲਜ਼ਾਮ ਲੱਗਣ ਤੋਂ ਬਾਅਦ ਪੀੜ੍ਹੀ ਥੱਲੇ ਸੋਟਾ ਮਾਰੇਗੀ।

ਮੌਰਿਸਨ ਦਾ ਵਿਰੋਧ ਕਿਉਂ ਹੋ ਰਿਹਾ ਹੈ?

ਆਪਣੀ ਪ੍ਰੈੱਸ ਬਰੀਫਿੰਗ ਵਿੱਚ ਪ੍ਰਧਾਨ ਮੰਤਰੀ ਨੇ ਆਪਣੇ ਪਿਛਲੇ ਬਿਆਨਾਂ ਕਾਰਨ ਹੋਈ ਆਲੋਚਨਾ ਨੂੰ ਮੰਨਿਆ ਹੈ।

ਉਨ੍ਹਾਂ ਨੇ ਇੱਕ ਵਾਰ ਕਿਹਾ ਸੀ ਕਿ ਉਨ੍ਹਾਂ ਨੂੰ ਇਸ ਮਸਲੇ ਉੱਪਰ ‘ਇੱਕ ਪਿਤਾ ਅਤੇ ਪਤੀ ਵਜੋਂ ਸੋਚਣਾ ਪਵੇਗਾ’।

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ,

ਆਸਟਰੇਲੀਆ ਦ ਪ੍ਰਧਾਨ ਮੰਤਰੀ ਸੌਕਟ ਮੌਰਿਸਨ

ਇੱਕ ਹੋਰ ਮੌਕੇ ’ਤੇ ਉਨ੍ਹਾਂ ਨੇ ਮੁਜ਼ਾਹਰਾਕਾਰੀਆਂ ਬਾਰੇ ਕਿਹਾ,"ਇੱਥੋਂ ਬਹੁਤੀ ਦੂਰ ਨਹੀਂ ਪਰ ਹੁਣ ਗੋਲੀਆਂ ਚਲਾਈਆਂ ਜਾ ਰਹੀਆਂ ਪਰ ਇੱਥੇ ਇਸ ਦੇਸ਼ ਵਿੱਚ ਨਹੀਂ ਹਨ?"

ਉਨ੍ਹਾਂ ਨੇ ਮੰਨਿਆ ਕਿ ਬਹੁਤ ਸਾਰੇ ਲੋਕਾਂ ਨੂੰ ਉਨ੍ਹਾਂ ਦੀਆਂ ਟਿੱਪਣੀਆਂ ਨੂੰ ਪੰਸਦ ਨਹੀਂ ਕੀਤਾ ਗਿਆ ਹਾਂਲਾਂਕਿ ਉਨ੍ਹਾਂ ਨੇ ਕਿਹਾ ਕਿ ਉਹ ਵੱਡੇ ਸੱਭਿਆਚਾਰਕ ਬਦਲਾਅ ਦੀ ਗੱਲ ਕਰ ਰਹੇ ਸਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)