ਜਦੋਂ ਪਿਤਾ ਵੱਲ ਭੱਜ ਕੇ ਜਾ ਰਹੀ ਬੱਚੀ ਨੂੰ ਪੁਲਿਸ ਨੇ ਮਾਰੀ ਗੋਲੀ

Khin Myo Chit

ਤਸਵੀਰ ਸਰੋਤ, Khin Myo Chit's family

ਤਸਵੀਰ ਕੈਪਸ਼ਨ,

ਪਰਿਵਾਰ ਮੁਤਾਬਕ ਇਸ ਬੱਚੀ ਨੂੰ ਪੁਲਿਸ ਨੇ ਮਾਰੀ ਗੋਲੀ ਹੈ

ਮਿਆਂਮਾਰ ਵਿੱਚ ਇਕ 7 ਸਾਲਾ ਕੁੜੀ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਜੋ ਕਿ ਪਿਛਲੇ ਮਹੀਨੇ ਫੌਜ ਵੱਲੋਂ ਤਖ਼ਤਾਪਲਟ ਕੀਤੇ ਜਾਣ ਦੀ ਕਾਰਵਾਈ ਦੌਰਾਨ ਸਭ ਤੋਂ ਘੱਟ ਉਮਰ ਦੀ ਪੀੜਤ ਹੈ।

ਖਿਨ ਮਿਓ ਚਿਤ ਦੇ ਪਰਿਵਾਰ ਨੇ ਬੀਬੀਸੀ ਨੂੰ ਦੱਸਿਆ ਕਿ ਮੈਂਡੇਲੇ 'ਚ ਉਨ੍ਹਾਂ ਦੇ ਘਰ ਵਿੱਚ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ ਸੀ ਅਤੇ ਇਸ ਦੌਰਾਨ ਜਦੋਂ ਬੱਚੀ ਆਪਣੇ ਪਿਤਾ ਵੱਲ ਭੱਜ ਕੇ ਜਾਣ ਲੱਗੀ ਤਾਂ ਪੁਲਿਸ ਨੇ ਉਸ ਨੂੰ ਗੋਲੀ ਹੀ ਮਾਰ ਦਿੱਤੀ।

ਮਿਆਂਮਾਰ ਵਿੱਚ ਵਿਰੋਧ-ਪ੍ਰਦਰਸ਼ਨ ਜਾਰੀ ਹੈ ਅਤੇ ਫੌਜ ਵੀ ਆਪਣੀ ਤਾਕਤ ਦੀ ਵਰਤੋਂ 'ਚ ਵਾਧਾ ਕਰ ਰਹੀ ਹੈ।

ਇਹ ਵੀ ਪੜ੍ਹੋ-

ਇੱਕ ਫਰਵਰੀ ਦੇ ਫੌਜੀ ਤਖ਼ਤਾਪਲਟ ਨੂੰ ਲੈ ਕੇ ਮਿਆਂਮਾਰ ਵਿੱਚ ਸੁਰੱਖਿਆ ਦਲਾਂ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪਾਂ ਚੱਲ ਰਹੀਆਂ ਹਨ।

ਅਸਿਸਟੈਂਟ ਐਸੋਸੀਏਸ਼ਨ ਫਾਰ ਪ੍ਰਿਜ਼ਨਰਸ ਗਰੁੱਪ ਨੇ ਤਖ਼ਤਾਪਲਟ ਦੀ ਘਟਨਾ ਤੋਂ ਬਾਅਦ 232 ਲੋਕਾਂ ਦੀ ਮੌਤ ਦਾ ਦਾਅਵਾ ਕੀਤਾ ਹੈ। ਸਭ ਤੋਂ ਵੱਧ 38 ਮੌਤਾਂ 14 ਮਾਰਚ ਨੂੰ ਹੋਈਆਂ ਸਨ।

ਰਾਈਟਸ ਗਰੁੱਪ ਸੇਵ ਦਿ ਚਿਲਡਰਨ ਦਾ ਕਹਿਣਾ ਹੈ ਕਿ ਦਰਜਨਾਂ ਹੀ ਲੋਕ ਇਸ ਕਾਰਵਾਈ ਦਾ ਸ਼ਿਕਾਰ ਹੋਏ ਹਨ ਅਤੇ ਇਨ੍ਹਾਂ 'ਚ 20 ਦੇ ਕਰੀਬ ਬੱਚੇ ਹੀ ਹਨ।

ਫੌਜ ਦਾ ਕਹਿਣਾ ਹੈ ਕਿ ਵਿਰੋਧ ਪ੍ਰਦਰਸ਼ਨਾਂ ਦੌਰਾਨ ਕੁੱਲ ਮਿਲਾ ਕੇ 164 ਲੋਕ ਮਾਰੇ ਗਏ ਹਨ, ਪਰ ਦੂਜੇ ਪਾਸੇ ਅਸਿਸਟੈਂਸ ਐਸੋਸੀਏਸ਼ਨ ਫਾਰ ਪੋਲੀਟੀਕਲ ਪਟੀਸ਼ਨਰ, ਏਏਪੀਪੀ ਕਾਰਕੁਨ ਸਮੂਹ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਘੱਟੋ-ਘੱਟ 261 ਹੈ।

ਤਸਵੀਰ ਸਰੋਤ, Aung Kyaw Oo

ਤਸਵੀਰ ਕੈਪਸ਼ਨ,

ਬੱਚੀ ਦੀ ਮੌਤ ਤੋਂ ਬਾਅਦ ਪਰਿਵਾਰ ਸਦਮੇ ਵਿੱਚ ਹੈ

ਮੰਗਲਵਾਰ ਨੂੰ ਫੌਜ ਨੇ ਇੱਕ ਪਾਸੇ ਪ੍ਰਦਰਸ਼ਨਕਾਰੀਆਂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਨਾਲ ਹੀ ਉਨ੍ਹਾਂ ਨੂੰ ਦੇਸ਼ 'ਚ ਅਰਾਜਕਤਾ ਅਤੇ ਹਿੰਸਾ ਫੈਲਾਉਣ ਲਈ ਅਸਲ ਜ਼ਿੰਮੇਵਾਰ ਵੀ ਦੱਸਿਆ।

ਪਰ ਸੁਰੱਖਿਆ ਬਲਾਂ ਨੇ ਪ੍ਰਦਰਸ਼ਨਕਾਰੀਆਂ ਦੇ ਖ਼ਿਲਾਫ਼ ਗੋਲੀਆਂ ਦੀ ਵਰਤੋਂ ਕੀਤੀ।

ਫੌਜ ਦੀ ਇਸ ਕਾਰਵਾਈ ਦੇ ਕਈ ਚਸ਼ਮਦੀਦ ਗਵਾਹਾਂ ਨੇ ਦੱਸਿਆ ਹੈ ਕਿ ਫੌਜ ਨੇ ਕਈ ਲੋਕਾਂ ਦੀ ਬੇਰਹਿਮੀ ਨਾਲ ਮਾਰਕੁੱਟ ਕੀਤੀ ਅਤੇ ਕਈ ਕਾਰਕੁਨਾਂ ਅਤੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲੈਣ ਲਈ ਉਨ੍ਹਾਂ ਦੇ ਘਰਾਂ 'ਚ ਛਾਪੇਮਾਰੀ ਕੀਤੀ ਅਤੇ ਕਈਆਂ ਨੂੰ ਮੌਕੇ 'ਤੇ ਹੀ ਮੌਤ ਦੇ ਘਾਟ ਉਤਾਰ ਦਿੱਤਾ।

'ਫਿਰ ਉਨ੍ਹਾਂ ਨੇ ਨੰਨ੍ਹੀ ਜਿਹੀ ਕੁੜੀ ਨੂੰ ਗੋਲੀ ਮਾਰ ਦਿੱਤੀ'

ਖਿਨ ਮਿਓ ਚਿਤ ਦੀ ਵੱਡੀ ਭੈਣ ਨੇ ਬੀਬੀਸੀ ਨੂੰ ਦੱਸਿਆ ਕਿ ਮੰਗਲਵਾਰ ਦੁਪਹਿਰ ਨੂੰ ਪੁਲਿਸ ਅਧਿਕਾਰੀ ਮੈਂਡੇਲੇ 'ਚ ਉਨ੍ਹਾਂ ਦੇ ਘਰ ਦੇ ਆਸ-ਪਾਸ ਸਾਰੇ ਹੀ ਘਰਾਂ ਦੀ ਤਲਾਸ਼ੀ ਲੈ ਰਹੇ ਸਨ।

ਫਿਰ ਉਹ ਹਥਿਆਰਾਂ ਦੀ ਭਾਲ ਅਤੇ ਗ੍ਰਿਫਤਾਰੀ ਲਈ ਸਾਡੇ ਘਰ ਵੀ ਆਏ।

ਵੀਡੀਓ ਕੈਪਸ਼ਨ,

Myanmar ਦੀ ਨਨ ਜਿਸ ਨੇ ਫੌਜ ਅੱਗੇ ਗੋਡੇ ਟੇਕੇ ਤੇ ਫੌਜ ਨੇ ਉਨ੍ਹਾਂ ਅੱਗੇ

25 ਸਾਲਾ ਮੇਅ ਥੂ ਸੁਮਾਇਆ ਨੇ ਦੱਸਿਆ, "ਪੁਲਿਸ ਅਧਿਕਾਰੀਆਂ ਨੇ ਜ਼ੋਰ ਨਾਲ ਦਰਵਾਜ਼ਾ ਖੋਲ੍ਹਿਆ। ਜਦੋਂ ਦਰਵਾਜ਼ਾ ਖੁੱਲ੍ਹ ਗਿਆ ਤਾਂ ਉਨ੍ਹਾਂ ਨੇ ਮੇਰੇ ਪਿਤਾ ਜੀ ਤੋਂ ਪੁੱਛਿਆ ਕਿ ਕੀ ਘਰ 'ਚ ਕੋਈ ਹੋਰ ਮੈਂਬਰ ਹੈ।"

"ਜਦੋਂ ਮੇਰੇ ਪਿਤਾ ਨੇ ਜਵਾਬ 'ਚ 'ਨਹੀਂ' ਕਿਹਾ ਤਾਂ ਉਨ੍ਹਾਂ ਨੇ ਉਨ੍ਹਾਂ 'ਤੇ ਝੂਠ ਬੋਲਣ ਦਾ ਇਲਜ਼ਾਮ ਲਗਾਇਆ ਅਤੇ ਘਰ ਦੀ ਤਲਾਸ਼ੀ ਲੈਣੀ ਸ਼ੂਰੂ ਕਰ ਦਿੱਤੀ।

"ਇਹ ਉਹੀ ਪਲ ਸੀ ਜਦੋਂ ਖਿਨ ਮਿਓ ਚਿਤ ਆਪਣੇ ਪਿਤਾ ਵੱਲ ਭੱਜੀ ਤਾਂ ਕਿ ਉਨ੍ਹਾਂ ਦੀ ਗੋਦ 'ਚ ਬੈਠ ਸਕੇ। ਪੁਲਿਸ ਅਧਿਕਾਰੀਆਂ ਨੇ ਬਿਨਾਂ ਕੁਝ ਵੇਖੇ ਹੀ ਉਸ 'ਤੇ ਗੋਲੀ ਚਲਾ ਦਿੱਤੀ ਅਤੇ ਉਸ ਨੂੰ ਮਾਰ ਦਿੱਤਾ।"

ਕਮਿਊਨਿਟੀ ਮੀਡੀਆ ਆਊਟਲੇਟ ਮਿਆਂਮਾਰ ਮੁਸਲਿਮ ਮੀਡੀਆ ਨੂੰ ਦਿੱਤੇ ਇੱਕ ਵੱਖਰੇ ਇੰਟਰਵਿਊ 'ਚ ਉਸ ਦੇ ਪਿਤਾ ਯੂ ਮਾਂਊਂਗ ਕੋ ਹਸ਼ਿਨ ਬਾਈ ਨੇ ਆਪਣੀ ਧੀ ਦੇ ਆਖਰੀ ਸ਼ਬਦਾਂ ਨੂੰ ਬਿਆਨ ਕੀਤਾ।

ਉਸ ਨੇ ਕਿਹਾ ਸੀ, "ਬਰਦਾਸ਼ਤ ਨਹੀਂ ਹੋ ਰਿਹਾ। ਬਹੁਤ ਪੀੜ ਹੋ ਰਹੀ ਹੈ।"

ਉਨ੍ਹਾਂ ਅੱਗੇ ਦੱਸਿਆ ਕਿ ਚਿਤ ਅੱਧੇ ਘੰਟੇ ਬਾਅਦ ਹੀ ਮਰ ਗਈ ਸੀ। ਉਸ ਨੂੰ ਡਾਕਟਰੀ ਇਲਾਜ ਲਈ ਕਾਰ 'ਚ ਲੈ ਕੇ ਜਾ ਰਹੇ ਸੀ ਪਰ ਉਸ ਨੇ ਪਹਿਲਾਂ ਹੀ ਦਮ ਤੋੜ ਦਿੱਤਾ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਪੁਲਿਸ ਨੇ ਉਨ੍ਹਾਂ ਦੇ 19 ਸਾਲਾ ਪੁੱਤਰ ਦੀ ਵੀ ਕੁੱਟਮਾਰ ਕੀਤੀ ਅਤੇ ਉਸ ਨੂੰ ਹਿਰਾਸਤ 'ਚ ਲੈ ਲਿਆ।

ਫੌਜ ਨੇ ਨੰਨ੍ਹੀ ਕੁੜੀ ਦੀ ਮੌਤ 'ਤੇ ਅਜੇ ਕੋਈ ਵੀ ਟਿੱਪਣੀ ਨਹੀਂ ਕੀਤੀ ਹੈ।

ਸੇਵ ਦਿ ਚਿਲਡਰਨ ਨੇ ਇੱਕ ਬਿਆਨ 'ਚ ਕਿਹਾ ਹੈ ਕਿ ਇੱਕ ਛੋਟੀ ਜਿਹੀ ਕੁੜੀ ਦੀ ਮੌਤ ਦੀ ਘਟਨਾ ਬਹੁਤ ਹੀ ਭਿਆਨਕ ਹੈ, ਜੋ ਕਿ ਮੈਂਡੇਲੇ 'ਚ ਇੱਕ 14 ਸਾਲਾ ਮੁੰਡੇ ਦੀ ਕਥਿਤ ਤੌਰ 'ਤੇ ਗੋਲੀ ਮਾਰ ਕੇ ਕੀਤੇ ਕਤਲ ਤੋਂ ਇੱਕ ਦਿਨ ਬਾਅਦ ਵਾਪਰੀ ਹੈ।

ਸਮੂਹ ਨੇ ਕਿਹਾ, "ਇਨ੍ਹਾਂ ਬੱਚਿਆਂ ਦੀ ਮੌਤ ਵਿਸ਼ੇਸ਼ ਤੌਰ 'ਤੇ ਇਸ ਲਈ ਵੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਨ੍ਹਾਂ ਦੀ ਮੌਤ ਕਥਿਤ ਤੌਰ 'ਤੇ ਆਪਣੇ ਘਰਾਂ 'ਚ ਹੀ ਹੋਈ ਹੈ। ਇੱਕ ਪਾਸੇ ਘਰ ਨੂੰ ਸੁਰੱਖਿਅਤ ਮੰਨਿਆ ਜਾਂਦਾ ਹੈ ਪਰ ਇਨ੍ਹਾਂ ਬੱਚਿਆਂ ਨੂੰ ਇਹ ਸੁਰੱਖਿਅਤ ਸਥਾਨ ਵੀ ਬਚਾ ਨਾ ਸਕਿਆ।"

ਵੀਡੀਓ ਕੈਪਸ਼ਨ,

ਮਿਆਂਮਾਰ ਵਿੱਚ ਸੁਰੱਖਿਆ ਬਲਾਂ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪਾਂ

"ਸੱਚਾਈ ਤਾਂ ਇਹ ਹੈ ਕਿ ਰੋਜ਼ਾਨਾ ਹੀ ਬਹੁਤ ਸਾਰੇ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਅਤੇ ਇਹ ਕਾਰਵਾਈ ਫੌਜ ਦੇ ਮਨੁੱਖੀ ਜੀਵਨ ਪ੍ਰਤੀ ਗਲਤ ਵਤੀਰੇ ਅਤੇ ਅਣਗੌਲੇ ਕਾਰੇ ਨੂੰ ਦਰਸਾਉਂਦੀ ਹੈ।"

ਇਸ ਦੌਰਾਨ ਬੁੱਧਵਾਰ ਨੂੰ ਅਥਾਰਟੀ ਨੇ ਯਾਂਗਨ (ਰੰਗੂਨ) ਦੀ ਇਨਸੇਨ ਜੇਲ੍ਹ 'ਚ ਬੰਦ 600 ਦੇ ਕਰੀਬ ਬੰਦੀਆਂ ਨੂੰ ਰਿਹਾਅ ਕੀਤਾ ਹੈ, ਜਿਨ੍ਹਾਂ 'ਚੋਂ ਬਹੁਤ ਸਾਰੇ ਤਾਂ ਯੂਨੀਵਰਸਿਟੀ ਵਿਦਿਆਰਥੀ ਹੀ ਹਨ।

ਰਿਹਾਅ ਕੀਤੇ ਗਏ ਇਨ੍ਹਾਂ ਲੋਕਾਂ 'ਚ ਐਸੋਸੀਏਟਿਡ ਪ੍ਰੈੱਸ ਜਰਨਲਿਸਟ ਥੇਨ ਜ਼ਾਅ ਵੀ ਸ਼ਾਮਲ ਸਨ।

ਜ਼ਾਅ ਅਤੇ ਹੋਰ ਪੱਤਰਕਾਰ ਪਿਛਲੇ ਮਹੀਨੇ ਵਿਰੋਧ ਪ੍ਰਦਰਸ਼ਨ ਨੂੰ ਕਵਰ ਕਰ ਰਹੇ ਸਨ ਅਤੇ ਉੱਥੋਂ ਹੀ ਉਨ੍ਹਾਂ ਨੂੰ ਵੀ ਹਿਰਾਸਤ 'ਚ ਲੈ ਲਿਆ ਗਿਆ ਸੀ।

ਏਏਪੀਪੀ ਦਾ ਕਹਿਣਾ ਹੈ, "ਘੱਟ ਤੋਂ ਘੱਟ 2 ਹਜ਼ਾਰ ਲੋਕਾਂ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਸੀ।

ਪ੍ਰਦਰਸ਼ਨਕਾਰੀਆਂ ਨੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾਈ ਸੀ। ਬਹੁਤ ਸਾਰੇ ਕਾਰੋਬਾਰ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ ਅਤੇ ਲੋਕਾਂ ਨੂੰ ਘਰਾਂ 'ਚ ਹੀ ਰਹਿਣ ਦੀ ਹਿਦਾਇਤ ਕੀਤੀ ਗਈ ਸੀ।

ਮਿਆਂਮਾਰ ਬਾਰੇ ਜਾਣੋ

  • ਮਿਆਂਮਾਰ ਨੂੰ ਬਰਮਾ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਇਹ 1948 ਨੂੰ ਬ੍ਰਿਟੇਨ ਦੇ ਹੱਥੋਂ ਆਜ਼ਾਦ ਹੋਇਆ ਸੀ। ਆਪਣੇ ਆਧੁਨਿਕ ਇਤਿਹਾਸ 'ਚ ਇਹ ਜ਼ਿਆਦਾਤਰ ਸਮਾਂ ਸੈਨਿਕ ਰਾਜ ਅਧੀਨ ਰਿਹਾ ਹੈ।
  • 2010 ਤੋਂ ਪਾਬੰਦੀਆਂ 'ਚ ਕੁਝ ਢਿੱਲ ਵਿਖਾਈ ਦੇਣ ਲੱਗੀ ਅਤੇ 2015 'ਚ ਆਜ਼ਾਦ ਚੋਣਾਂ ਦਾ ਆਯੋਜਨ ਕੀਤਾ ਗਿਆ। ਅਗਲੇ ਹੀ ਸਾਲ ਵਿਰੋਧੀ ਧਿਰ ਦੀ ਆਗੂ ਆਂਗ ਸਾਨ ਸੂ ਚੀ ਦੀ ਅਗਵਾਈ 'ਚ ਸਰਕਾਰ ਦੀ ਸਥਾਪਨਾ ਹੋਈ।
  • ਸਾਲ 2017 'ਚ ਮਿਆਂਮਾਰ ਦੀ ਫੌਜ ਨੇ ਰੋਹਿੰਗਿਆ ਦਹਿਸ਼ਤਗਰਦਾਂ ਵੱਲੋਂ ਪੁਲਿਸ 'ਤੇ ਕੀਤੇ ਹਮਲਿਆਂ ਦਾ ਕਰਾਰਾ ਜਵਾਬ ਦਿੱਤਾ ਅਤੇ ਤਖ਼ਤਾ ਹੀ ਪਲਟ ਦਿੱਤਾ। ਫੌਜ ਦੀ ਇਸ ਕਾਰਵਾਈ ਤੋਂ ਬਾਅਦ 5 ਲੱਖ ਤੋਂ ਵੀ ਵੱਧ ਰੋਹਿੰਗਿਆ ਮੁਸਲਮਾਨਾਂ ਨੇ ਬੰਗਲਾਦੇਸ਼ ਵੱਲ ਪਰਵਾਸ ਕੀਤਾ, ਜਿਸ ਨੂੰ ਬਾਅਦ 'ਚ ਸੰਯੁਕਤ ਰਾਸ਼ਟਰ ਨੇ 'ਨਸਲੀ ਸਫਾਈ' ਦੀ ਇਕ ਮਿਸਾਲ ਦੱਸਿਆ।

ਇਹ ਵੀ ਪੜ੍ਹੋ: