ਨਿਊਜ਼ੀਲੈਂਡ ਸਰਕਾਰ ਨੇ 'ਮਾਂ' ਲਈ ਅਜਿਹਾ ਕੀ ਕੀਤਾ, ਜਿਸ ਬਾਰੇ ਹਰ ਪਾਸੇ ਚਰਚਾ ਹੋ ਰਹੀ ਹੈ

  • ਸਰੋਜ ਸਿੰਘ
  • ਬੀਬੀਸੀ ਪੱਤਰਕਾਰ, ਦਿੱਲੀ
ਔਰਤ ਦਾ ਪੜਛਾਵਾਂ

ਤਸਵੀਰ ਸਰੋਤ, Getty Images

“ਜਿਸ ਦਿਨ ਬੱਚਾ ਪੈਦਾ ਹੁੰਦਾ ਹੈ, ਉਸੇ ਹੀ ਦਿਨ ਮਾਂ ਦਾ ਵੀ ਮੁੜ ਜਨਮ ਹੁੰਦਾ ਹੈ। ਕੀ ਹੋਇਆ ਜੇਕਰ ਮੇਰੀ ਕੁੱਖ 'ਚੋਂ ਜਨਮ ਲੈਣ ਵਾਲਾ ਬੱਚਾ ਇਸ ਦੁਨੀਆ 'ਚ ਨਹੀਂ ਰਿਹਾ ਪਰ ਫਿਰ ਵੀ ਮੈਂ ਇਕ ਮਾਂ ਹੀ ਹਾਂ। ਕੀ ਹੋਇਆ ਜੇਕਰ ਮੈਂ ਆਪਣੀ ਕੁੱਖ 'ਚ ਉਸ ਨੂੰ 40 ਹਫ਼ਤਿਆਂ ਤੱਕ ਨਹੀਂ ਰੱਖ ਸਕੀ ?”

ਕੀ ਬੱਚੇ ਨੂੰ 20 ਹਫ਼ਤਿਆਂ ਤੱਕ ਆਪਣੇ ਗਰਭ 'ਚ ਰੱਖਣ ਵਾਲੀ ਔਰਤ ਮਾਂ ਨਹੀਂ ਹੁੰਦੀ ਹੈ?

ਇੱਕ ਨਿੱਜੀ ਕੰਪਨੀ 'ਚ ਆਪਣੀ ਐਚਆਰ ਨਾਲ ਫੋਨ 'ਤੇ ਗੱਲਬਾਤ ਕਰਦਿਆਂ ਪ੍ਰਿਆ (ਬਦਲਿਆ ਨਾਮ) ਨੇ ਇਸ ਗੱਲਬਾਤ ਦੇ ਖ਼ਤਮ ਹੋਣ ਤੋਂ ਪਹਿਲਾਂ ਹੀ ਗੁੱਸੇ 'ਚ ਫੋਨ ਕੱਟ ਦਿੱਤਾ। ਅਚਾਨਕ ਹੀ ਉਸ ਦੀਆਂ ਅੱਖਾਂ 'ਚ ਹੰਝੂ ਵਹਿ ਤੁਰੇ। ਉਸ ਦੇ ਕੋਲ ਹੀ ਖੜੇ ਉਸ ਦੇ ਪਤੀ ਰਵੀ ਨੇ ਉਸ ਦੇ ਹੰਝੂਆਂ ਨੂੰ ਰੋਕਣ ਦੀ ਕੋਸ਼ਿਸ਼ ਵੀ ਨਹੀਂ ਕੀਤੀ।

ਸਿਰਫ ਪ੍ਰਿਆ ਦੇ ਮੋਢੇ 'ਤੇ ਹੱਥ ਰੱਖ ਕੇ ਦਿਲਾਸਾ ਦਿੰਦਿਆਂ ਉਸ ਨੂੰ ਕਿਹਾ, "ਕੁਝ ਦਿਨ ਤੂੰ ਦਫ਼ਤਰ ਨਾ ਜਾ। ਤੇਰੀ ਸਿਹਤ ਨਾਲੋਂ ਵੱਧ ਕੁਝ ਹੋਰ ਨਹੀਂ ਹੈ ਮੇਰੇ ਲਈ।"

ਇਹ ਵੀ ਪੜ੍ਹੋ:

ਭਾਰਤ 'ਚ ਛੇ ਹਫ਼ਤਿਆਂ ਦੀ ਛੁੱਟੀ

ਜਿਵੇਂ ਹੀ ਪ੍ਰਿਆ ਨੇ ਫੋਨ ਕੱਟਿਆ ਤਾਂ ਦੂਜੇ ਹੀ ਪਲ ਉਸ ਦੇ ਫੋਨ 'ਤੇ ਇੱਕ ਮੈਸੇਜ ਆਇਆ। ਇਹ ਮੈਸੇਜ ਉਨ੍ਹਾਂ ਦੀ ਕੰਪਨੀ ਦੇ ਐਚਆਰ ਦੀ ਹੀ ਸੀ।

"ਤੁਸੀਂ ਛੇ ਹਫ਼ਤਿਆਂ ਤੱਕ ਘਰ 'ਚ ਹੀ ਰਹਿ ਸਕਦੇ ਹੋ। ਇਸ ਦੁੱਖ ਦੀ ਘੜੀ 'ਚ ਕੰਪਨੀ ਤੁਹਾਡੇ ਨਾਲ ਹੈ।"

ਪ੍ਰਿਆ ਨੂੰ ਇਸ ਤਰ੍ਹਾਂ ਦੀ ਕਿਸੇ ਵੀ ਛੁੱਟੀ ਬਾਰੇ ਪਤਾ ਹੀ ਨਹੀਂ ਸੀ। ਉਹ ਸਿਰਫ ਸੋਚ ਰਹੀ ਸੀ ਕਿ ਕੰਪਨੀ ਉਸ ਨੂੰ ਨੌਕਰੀ 'ਤੇ ਮੁੜ ਆਉਣ ਲਈ ਪੁੱਛ ਰਹੀ ਸੀ।

ਪ੍ਰਿਆ ਨਾਲ ਖੜਾ ਰਵੀ ਅਜੇ ਵੀ ਕੁਝ ਨਿਰਾਸ਼ ਤੇ ਉਦਾਸ ਹੀ ਸੀ। ਉਹ ਇਸ ਦੁੱਖ ਦੇ ਪਲ 'ਚ ਪ੍ਰਿਆ ਦੇ ਨਾਲ ਹੀ ਰਹਿਣਾ ਚਾਹੁੰਦੇ ਸਨ। ਹਾਲਾਂਕਿ ਭਾਰਤ 'ਚ ਕਿਰਤ ਕਾਨੂੰਨ ਤਹਿਤ ਪਤੀ ਲਈ ਇਸ ਤਰ੍ਹਾਂ ਦੀ ਛੁੱਟੀ ਦਾ ਕੋਈ ਪ੍ਰਬੰਧ ਨਹੀਂ ਹੈ।

ਹਾਲਾਂਕਿ ਰਵੀ ਆਪਣੀ ਸਲਾਨਾ ਛੁੱਟੀ ਲੈ ਕੇ ਅਜਿਹਾ ਕਰ ਸਕਦਾ ਸੀ ਅਤੇ ਉਨ੍ਹਾਂ ਨੇ ਅਜਿਹਾ ਹੀ ਕੀਤਾ। ਪ੍ਰਿਆ ਪਿਛਲੇ ਪੰਜ ਮਹੀਨਿਆਂ ਤੋਂ ਗਰਭਵਤੀ ਸੀ। ਅਚਾਨਕ ਹੀ ਇੱਕ ਰਾਤ ਨੂੰ ਸੌਣ ਦੀ ਹਾਲਤ ਵਿੱਚ ਮਹਿਸੂਸ ਹੋਇਆ ਕਿ ਜਿਵੇਂ ਪੂਰਾ ਬਿਸਤਰ ਹੀ ਗਿੱਲਾ ਹੋ ਗਿਆ ਹੋਵੇ। ਫਟਾ-ਫਟ ਹਸਪਤਾਲ ਪਹੁੰਚੇ , ਪਰ ਉੱਥੇ ਜਾ ਕੇ ਪਤਾ ਲੱਗਿਆ ਕਿ ਮਿਸਕੈਰੇਜ ਹੋ ਗਿਆ ਹੈ।

ਉਹ ਤਾਂ ਉਸ ਨੂੰ ਵੇਖ ਵੀ ਨਹੀਂ ਸਕੀ। ਪ੍ਰਿਆ ਵਾਰ-ਵਾਰ ਰਵੀ ਤੋਂ ਪੁੱਛ ਰਹੀ ਸੀ ਕਿ ਉਸ ਦੀ ਸ਼ਕਲ, ਨੈਣ-ਨਕਸ਼ ਕਿਸ 'ਤੇ ਗਏ ਸਨ। ਕੁਝ ਤਾਂ ਦੱਸੋ ਮੈਨੂੰ ਮੇਰੇ ਬੱਚੇ ਬਾਰੇ। ਕੁੜ੍ਹੀ ਸੀ ਨਾ ਮੇਰੇ ਵਰਗੀ!!! ਰਵੀ ਉਸ ਕੋਲ ਚੁੱਪ ਚਾਪ ਖੜ੍ਹਾ ਸੀ।

ਤਸਵੀਰ ਸਰੋਤ, Thinkstock

ਉਹ ਸ਼ਨੀਵਾਰ ਦਾ ਦਿਨ ਸੀ। ਅਗਲੇ 48 ਘੰਟਿਆਂ ਤੱਕ ਦੋਵਾਂ ਨੇ ਸਿਰਫ ਇੱਕ ਦੂਜੇ ਨੂੰ ਵੇਖਿਆ। ਦੋਵਾਂ ਨੇ ਕੋਈ ਗੱਲਬਾਤ ਵੀ ਨਹੀਂ ਕੀਤੀ। ਸੋਮਵਾਰ ਨੂੰ ਜਦੋਂ ਉਸ ਦਫ਼ਤਰ ਨਾ ਗਈ ਤਾਂ ਮੰਗਲਵਾਰ ਨੂੰ ਐਚਆਰ ਦਾ ਆਪਣੇ ਆਪ ਹੀ ਫੋਨ ਆ ਗਿਆ।

ਦੋਵਾਂ ਲਈ ਤਾਂ ਦੁੱਖ ਦਾ ਪਹਾੜ ਹੀ ਡਿੱਗ ਗਿਆ ਸੀ ਅਤੇ ਉਹ ਇੰਨ੍ਹੇ ਸਦਮੇ 'ਚ ਸਨ ਕਿ ਨਾ ਤਾਂ ਘਰਵਾਲਿਆਂ ਨੂੰ ਅਤੇ ਨਾ ਹੀ ਦਫ਼ਤਰ 'ਚ ਕਿਸੇ ਨੂੰ ਇਸ ਬਾਰੇ ਦੱਸ ਸਕੇ। ਉਨ੍ਹਾਂ ਨੂੰ ਸੰਭਲਣ ਦਾ ਮੌਕਾ ਹੀ ਨਾ ਮਿਲਿਆ।

ਦਿੱਲੀ 'ਚ ਪ੍ਰਿਆ 6 ਹਫ਼ਤਿਆਂ ਤੱਕ ਇੱਕਲਿਆਂ ਹੀ ਆਪਣੇ ਆਪ ਨੂੰ ਸੰਭਾਲਦੀ ਰਹੀ ਅਤੇ ਰਵੀ ਦਫ਼ਤਰ 'ਚ ਆਪਣੇ ਚਿਹਰੇ 'ਤੇ ਦਰਦ ਨੂੰ ਲੁਕਾ ਕੇ ਖੁਸ਼ੀ ਦਾ ਦਿਖਾਵਾ ਕਰਦਾ ਪਹਿਲਾਂ ਦੀ ਤਰ੍ਹਾਂ ਹੀ ਕੰਮ 'ਚ ਰੁਝ ਗਿਆ।

ਪ੍ਰਿਆ ਅਤੇ ਰਵੀ ਦੋਵੇਂ ਹੀ ਨਿਊਜ਼ੀਲੈਂਡ 'ਚ ਹੁੰਦੇ ਤਾਂ ਸ਼ਾਇਦ ਰਵੀ ਕੁਝ ਹੋਰ ਦਿਨ ਪ੍ਰਿਆ ਦੇ ਨਾਲ ਰਹਿ ਸਕਦਾ ਸੀ।

ਨਿਊਜ਼ੀਲੈਂਡ ਸਰਕਾਰ ਨੇ ਬੁੱਧਵਾਰ ਨੂੰ ਇੱਕ ਇਤਿਹਾਸਕ ਫ਼ੈਸਲਾ ਲੈਂਦਿਆਂ ਗਰਭਪਾਤ ਅਤੇ ਸਟਿੱਲਬਰਥ ਦੇ ਮੌਕੇ 'ਤੇ ਜੋੜੇ ਨੂੰ ਤਿੰਨ ਦਿਨ ਦੀ ਪੇਡ ਲੀਵ ਦੇਣ ਦੀ ਮਨਜ਼ੂਰੀ ਦਿੱਤੀ ਹੈ। ਅਜਿਹਾ ਕਰਨ ਵਾਲਾ ਸ਼ਾਇਦ ਉਹ ਦੁਨੀਆ ਦਾ ਪਹਿਲਾ ਦੇਸ਼ ਹੈ।

ਤਸਵੀਰ ਸਰੋਤ, Wales News Service

ਭਾਰਤ 'ਚ ਕੀ ਕਹਿੰਦਾ ਹੈ ਕਾਨੂੰਨ

ਭਾਰਤ 'ਚ ਗਰਭਪਾਤ ਲਈ ਵੱਖਰੇ ਤੌਰ 'ਤੇ 'ਮਿਸਕੈਰੇਜ ਲੀਵ' ਦਾ ਪ੍ਰਬੰਧ ਤਾਂ ਹੈ ਪਰ ਔਰਤ ਦੇ ਸਾਥੀ ਲਈ ਅਜਿਹੀ ਕੋਈ ਵਿਵਸਥਾ ਨਹੀਂ ਹੈ।

ਇਸ ਲਈ ਰਵੀ ਇਸ ਦੁੱਖ ਦੀ ਘੜੀ 'ਚ ਪ੍ਰਿਆ ਨਾਲ ਸਮਾਂ ਨਹੀਂ ਬਿਤਾ ਸਕਿਆ। ਰਵੀ ਦੇ ਅਨੁਸਾਰ, "ਉਨ੍ਹਾਂ 20 ਹਫ਼ਤਿਆਂ 'ਚ ਮੈਂ ਪੂਰੇ 20 ਸਾਲਾਂ ਦੇ ਸਾਥ ਬਾਰੇ ਸੋਚ ਲਿਆ ਸੀ। ਉਸ ਦਾ ਨਾਮ, ਉਸ ਦੀ ਪਹਿਲੀ ਡਰੈਸ, ਪਹਿਲਾ ਝੂਲਾ, ਡਿਜ਼ਾਈਨਰ ਜੁੱਤੇ, ਇੱਥੋਂ ਤੱਕ ਕਿ ਉਸ ਦੇ ਕਮਰੇ ਦੀਆਂ ਕੰਧਾਂ ਦਾ ਰੰਗ ਵੀ ਮੇਰੇ ਦਿਮਾਗ 'ਚ ਸੀ। ਆਖਿਰ ਕਿਉਂ ਸਰਕਾਰਾਂ ਬੱਚੇ ਦਾ ਸਬੰਧ ਸਿਰਫ ਤੇ ਸਿਰਫ ਮਾਂ ਨਾਲ ਹੀ ਜੋੜਦੀਆਂ ਹਨ। ਪਿਤਾ ਦਾ ਵੀ ਉਸ 'ਤੇ ਉਨਾਂ ਹੀ ਹੱਕ ਹੁੰਦਾ ਹੈ।"

ਪ੍ਰਿਆ ਵਰਗੀਆਂ ਕਈ ਔਰਤਾਂ ਹਨ, ਜਿੰਨ੍ਹਾਂ ਨੂੰ ਕਿਰਤ ਕਾਨੂੰਨ 'ਚ ਔਰਤਾਂ ਲਈ ਇਸ ਤਰ੍ਹਾਂ ਦੀ ਛੁੱਟੀ ਬਾਰੇ ਪਤਾ ਨਹੀਂ ਹੈ। ਉਹ ਇਸ ਗੱਲ ਤੋਂ ਜਾਣੂ ਨਹੀਂ ਹਨ ਕਿ ਭਾਰਤ 'ਚ ਕਈ ਸਾਲਾਂ ਤੋਂ ਅਜਿਹੀ ਛੁੱਟੀ ਦਾ ਪ੍ਰਬੰਧ ਮੌਜੂਦ ਹੈ।

ਭਾਰਤ ਦੇ ਜਣੇਪਾ ਲਾਭ ਐਕਟ 1961 (ਮੈਟਰਨਿਟੀ ਬੈਨੀਫਿਟ ਐਕਟ 1961) ਦੇ ਤਹਿਤ ਗਰਭਪਾਤ ਤੋਂ ਬਾਅਦ ਤਨਖਾਹ ਸਹਿਤ ਛੇ ਹਫ਼ਤਿਆਂ ਦੀ ਛੁੱਟੀ ਦੇਣਾ ਲਾਜ਼ਮੀ ਹੈ।

ਔਰਤ ਛੇ ਹਫ਼ਤਿਆਂ ਲਈ ਆਪਣੇ ਕੰਮ 'ਤੇ ਵਾਪਸ ਨਹੀਂ ਆ ਸਕਦੀ ਹੈ ਅਤੇ ਨਾ ਹੀ ਕੰਪਨੀ ਉਸ ਨੂੰ ਅਜਿਹਾ ਕਰਨ ਲਈ ਮਜਬੂਰ ਕਰ ਸਕਦੀ ਹੈ। ਇਸ ਲਈ ਉਸ ਔਰਤ ਨੂੰ ਡਾਕਟਰੀ ਸਰਟੀਫਿਕੇਟ ਵਿਖਾਉਣ ਦੀ ਜ਼ਰੂਰਤ ਹੋਵੇਗੀ। ਇਸ ਕਾਨੂੰਨ ਨੂੰ ਬਾਅਦ 'ਚ ਸਾਲ 2017 'ਚ ਸੋਧਿਆ ਗਿਆ ਹੈ, ਪਰ ਗਰਭਪਾਤ ਨਾਲ ਜੁੜੀ ਵਿਵਸਥਾ ਅਜੇ ਵੀ ਮੌਜੂਦ ਹੈ ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਇਹ ਕਾਨੂੰਨ ਭਾਰਤ ਦੀ ਹਰ ਫੈਕਟਰੀ, ਖਾਣਾਂ, ਬਗ਼ੀਚੇ, ਦੁਕਾਨ ਜਾਂ ਸੰਸਥਾ ਜਿੱਥੇ ਕਿਤੇ ਵੀ 10 ਤੋਂ ਵੱਧ ਔਰਤਾਂ ਮੁਲਾਜ਼ਮ ਹਨ, ਉਨ੍ਹਾਂ 'ਤੇ ਲਾਗੂ ਹੁੰਦਾ ਹੈ।

ਹਾਲਾਂਕਿ ਸੱਚਾਈ ਇਹ ਵੀ ਹੈ ਕਿ ਕਈ ਨਿੱਜੀ ਅਦਾਰੇ ਇਸ 'ਤੇ ਅਮਲ ਨਹੀਂ ਕਰਦੇ ਹਨ। ਕਈ ਵਾਰ ਤਾਂ ਔਰਤਾਂ ਵੀ ਇਸ 'ਤੇ ਗੱਲ ਕਰਨ ਤੋਂ ਝਿਜਕ ਦੀਆਂ ਹਨ, ਜਿਸ ਕਰਕੇ ਕੁਝ ਦਿਨ ਦੀ ਸਿਕ ਲੀਵ ਲੈ ਕੇ ਮੁੜ ਕੰਮ 'ਤੇ ਪਰਤ ਆਉਂਦੀਆਂ ਹਨ।

ਪਰ ਨਿਊਜ਼ੀਲੈਂਡ 'ਚ ਪਾਸ ਹੋਏ ਇਸ ਕਾਨੂੰਨ ਬਾਰੇ ਲੋਕ ਸੋਸ਼ਲ ਮੀਡੀਆ 'ਤੇ ਚਰਚਾ ਕਰ ਰਹੇ ਹਨ।

ਤਸਵੀਰ ਸਰੋਤ, Getty Images

ਨਿਊਜ਼ੀਲੈਂਡ ਦਾ ਕਾਨੂੰਨ ਇਤਿਹਾਸਕ ਕਿਉਂ ਹੈ?

ਨਿਊਜ਼ੀਲੈਂਡ 'ਚ ਇਸ ਬਿੱਲ ਨੂੰ ਪੇਸ਼ ਕਰਦਿਆਂ ਉੱਥੋਂ ਦੇ ਇਕ ਸੰਸਦ ਮੈਂਬਰ ਨੇ ਕਿਹਾ, " ਗਰਭਪਾਤ ਕੋਈ ਬਿਮਾਰੀ ਨਹੀਂ ਹੈ, ਜਿਸ ਦੇ ਲਈ 'ਸਿਕ ਲੀਵ' ਲੈਣ ਦੀ ਜ਼ਰੂਰਤ ਪਵੇ। ਇਹ ਤਾਂ ਇੱਕ ਤਰ੍ਹਾਂ ਨਾਲ ਨਾ ਪੂਰਾ ਹੋਣ ਵਾਲਾ ਘਾਟਾ ਹੈ, ਜਿਸ ਤੋਂ ਸੰਭਲਣ ਦਾ ਮੌਕਾ ਹਰ ਕਿਸੇ ਨੂੰ ਮਿਲਣਾ ਚਾਹੀਦਾ ਹੈ।"

ਇਸੇ ਕਰਕੇ ਹੀ ਨਿਊਜ਼ੀਲੈਂਡ ਸਰਕਾਰ ਨੇ ਜੋੜੇ ਦੇ ਲਈ ਮਿਸਕੈਰੇਜ ਲੀਵ ਦਾ ਪ੍ਰਬੰਧ ਕੀਤਾ ਹੈ।

ਨਿਊਜ਼ੀਲੈਂਡ ਗਰਭਪਾਤ ਤੋਂ ਬਾਅਦ ਮਰਦ ਸਾਥੀ ਲਈ 'ਪੇਡ ਲੀਵ' ਦੀ ਵਿਵਸਥਾ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ।

ਇਹ ਪ੍ਰਬੰਧ ਸਟਿੱਲਬਰਥ ਦੇ ਮਾਮਲੇ 'ਚ ਵੀ ਲਾਗੂ ਹੋਵੇਗਾ। ਇਸ ਤੋਂ ਇਲਾਵਾ ਸਰੋਗੈਸੀ ਦੀ ਮਦਦ ਨਾਲ ਬੱਚਾ ਪੈਦਾ ਕਰਨ ਦੀ ਸੂਰਤ 'ਚ ਵੀ ਗਰਭਪਾਸ ਹੋਣ 'ਤੇ ਦੋਵਾਂ ਸਾਥੀਆਂ 'ਤੇ ਇਸ ਨੂੰ ਲਾਗੂ ਕਰਨ ਦੀ ਗੱਲ ਵਿਚਾਰੀ ਜਾ ਰਹੀ ਹੈ।

ਤਸਵੀਰ ਸਰੋਤ, Getty Images

ਗਰਭਪਾਤ ਅਤੇ ਸਟਿੱਲਬਰਥ ਕੀ ਹੈ ?

ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਨਿਊਜ਼ੀਲੈਂਡ 'ਚ ਗਰਭਪਾਤ ਬਹੁਤ ਹੀ ਆਮ ਹੈ।

ਇਸ ਬਿੱਲ ਨੂੰ ਪੇਸ਼ ਕਰਦਿਆਂ ਸੰਸਦ ਮੈਂਬਰ ਜਿਨੀ ਐਂਡਰਸਨ ਨੇ ਦੱਸਿਆ ਕਿ ਉੱਥੇ ਹਰ ਚਾਰ ਔਰਤਾਂ 'ਚੋਂ ਇੱਕ ਔਰਤ ਨੇ ਕਦੇ ਨਾ ਕਦੇ ਆਪਣੀ ਜ਼ਿੰਦਗੀ 'ਚ ਗਰਭਪਾਤ ਦਾ ਸਾਹਮਣਾ ਕੀਤਾ ਹੈ।

ਅਮਰੀਕੀ ਸੋਸਾਇਟੀ ਫਾਰ ਰੀਪ੍ਰੋਡਕਟਿਵ ਹੈਲਥ ਦੀ ਇੱਕ ਰਿਪੋਰਟ ਅਨੁਸਾਰ, ਵਿਸ਼ਵ ਭਰ 'ਚ ਘੱਟ ਤੋਂ ਘੱਟ 30% ਪ੍ਰੇਗਨੈਂਸੀ ਗਰਭਪਾਤ ਦੇ ਕਾਰਨ ਹੀ ਖ਼ਤਮ ਹੋ ਜਾਂਦੀ ਹੈ।

ਮੈਡੀਕਲ ਸਾਇੰਸ ਦੀ ਭਾਸ਼ਾ 'ਚ ਇਸ ਨੂੰ 'ਸਪਾਰਟੇਂਸ ਅਬੌਰਸ਼ਨ' ਜਾਂ ' ਪ੍ਰੇਗਨੈਂਸੀ ਲੌਸ' ਵੀ ਕਿਹਾ ਜਾਂਦਾ ਹੈ।

ਤਸਵੀਰ ਸਰੋਤ, Getty Images

ਗਾਇਨੋਕੋਲੋਜਿਸਟ ਡਾ਼ ਅਨੀਤਾ ਗੁਪਤਾ ਦੇ ਅਨੁਸਾਰ ਗਰਭਪਾਤ ਦੋ ਸਥਿਤੀਆਂ ਵਿੱਚ ਹੋ ਸਕਦਾ ਹੈ। ਪਹਿਲਾ, ਜਦੋਂ ਭਰੂਣ ਤਾਂ ਠੀਕ ਹੋਵੇ ਪਰ ਦੂਜੇ ਕਾਰਨਾਂ ਕਰਕੇ ਬਲੀਡਿੰਗ ਹੋ ਜਾਵੇ। ਦੂਜਾ, ਜੇਕਰ ਭਰੂਣ ਦੀ ਮੌਤ ਹੋ ਜਾਵੇ , ਜਿਸ ਨਾਲ ਅਬੌਰਸ਼ਨ ਕਰਨਾ ਜ਼ਰੂਰੀ ਹੋ ਜਾਂਦਾ ਹੈ। ਮਿਸਕੈਰੇਜ ਉਸ ਸਮੇਂ ਹੁੰਦਾ ਹੈ, ਜਦੋਂ ਭਰੂਣ ਦੀ ਗਰਭ 'ਚ ਹੀ ਮੌਤ ਹੋ ਜਾਵੇ। ਪ੍ਰੇਗਨੈਂਸੀ ਦੇ 20 ਹਫ਼ਤਿਆਂ ਤੱਕ ਜੇਕਰ ਭਰੂਣ ਦੀ ਮੌਤ ਹੋ ਜਾਂਦੀ ਹੈ ਤਾਂ ਇਸ ਨੂੰ ਮਿਸਕੈਰੇਜ ਕਿਹਾ ਜਾਂਦਾ ਹੈ।

ਕੁਝ ਔਰਤਾਂ 'ਚ ਗਰਭ ਨਹੀਂ ਠਹਿਰਦਾ ਹੈ ਅਤੇ ਉਨ੍ਹਾਂ 'ਚ ਅਜਿਹਾ ਹੋਣ ਦੀ ਸੰਭਵਣਾ ਵਧੇਰੇ ਰਹਿੰਦੀ ਹੈ। ਬਲੀਡਿੰਗ, ਦਾਗ਼ ਲੱਗਣਾ (ਬਹੁਤ ਘੱਟ ਖੂਨ ਵਗਣਾ), ਪੇਟ/ ਢਿੱਡ ਅਤੇ ਲੱਕ 'ਚ ਦਰਦ, ਖੂਨ ਨਾਲ ਟਿਸ਼ੂ ਨਿਕਲਣਾ- ਮਿਸਕੈਰੇਜ ਦੇ ਆਮ ਲੱਛਣ ਹਨ।

ਹਾਲਾਂਕਿ ਇਹ ਵੀ ਜ਼ਰੂਰੀ ਨਹੀਂ ਹੈ ਕਿ ਪ੍ਰੇਗਨੈਂਸੀ ਦੌਰਾਨ ਬਲੀਡਿੰਗ ਜਾਂ ਦਾਗ਼ ਲੱਗਣ ਤੋਂ ਬਾਅਦ ਗਰਭਪਾਤ ਹੋਵੇਗਾ ਹੀ, ਪਰ ਇਸ ਸਥਿਤੀ ਤੋਂ ਬਾਅਦ ਸਾਵਧਾਨ ਹੋਣ ਦੀ ਲੋੜ ਜ਼ਰੂਰ ਹੁੰਦੀ ਹੈ।

ਡਾ. ਅਨੀਤਾ ਦੇ ਮੁਤਾਬਕ ਗਰਭਪਾਤ ਤੋਂ ਬਾਅਦ ਆਮ ਤੌਰ 'ਤੇ ਔਰਤ ਦੇ ਸਰੀਰ ਨੂੰ ਮੁੜ ਆਪਣੇ ਪੈਰਾਂ 'ਤੇ ਆਉਣ ਲਈ ਮਹੀਨੇ ਭਰ ਦਾ ਸਮਾਂ ਲੱਗਦਾ ਹੈ। ਇਸ ਦੌਰਾਨ ਕਿੰਨ੍ਹਾਂ ਖੂਨ ਵਹਿ ਗਿਆ ਹੈ ਇਸ 'ਤੇ ਵੀ ਰਿਕਵਰੀ ਨਿਰਭਰ ਕਰਦੀ ਹੈ। ਇਸ ਲਈ ਭਾਰਤੀ ਕਾਨੂੰਨ 'ਚ 6 ਹਫ਼ਤਿਆਂ ਦੀ ਛੁੱਟੀ ਦਾ ਪ੍ਰਬੰਧ ਕੀਤਾ ਗਿਆ ਹੈ।

ਸਟਿੱਲਬਰਥ ਦਾ ਮਤਲਬ ਹੈ ਕਿ ਜਦੋਂ ਬੱਚੇ ਦਾ ਜਨਮ ਹੋਇਆ ਉਸ ਸਮੇਂ ਉਸ 'ਚ ਜਾਨ-ਪ੍ਰਾਣ ਮੌਜੂਦ ਨਹੀਂ ਸਨ। ਇਸ ਨੂੰ ਬੱਚੇ ਦਾ ਪੈਦਾ ਹੋਣਾ ਹੀ ਮੰਨਿਆ ਜਾਂਦਾ ਹੈ ਅਤੇ ਇਸ ਨੂੰ ਡਿਲੀਵਰੀ ਦੀ ਸ਼੍ਰੇਣੀ 'ਚ ਰੱਖਿਆ ਗਿਆ ਹੈ, ਕਿਉਂਕਿ ਜੇਕਰ ਬੱਚਾ ਸਿਹਤਮੰਦ ਹੁੰਦਾ ਹੈ ਤਾਂ ਮਾਂ ਨੂੰ ਉਸ ਨੂੰ ਦੁੱਧ ਚੁੰਘਾਉਣਾ ਪਵੇਗਾ, ਉਸ ਦੀ ਦੇਖਭਾਲ ਕਰਨੀ ਪਵੇਗੀ, ਇਸ ਲਈ ਭਾਰਤ 'ਚ 6 ਮਹੀਨਿਆਂ ਦੀ ਜਣੇਪਾ ਛੁੱਟੀ ਦਾ ਪ੍ਰਬੰਧ ਹੈ।

ਵੀਡੀਓ ਕੈਪਸ਼ਨ,

ਜੈਸਿੰਡਾ ਆਰਡਨ ਕਿੰਨ੍ਹਾਂ ਫ਼ੈਸਲਿਆਂ ਦੀ ਬਦੌਲਤ ਇੰਨੇ ਪੰਸਦ ਕੀਤੇ ਜਾਂਦੇ ਹਨਈ

ਡਾ. ਅਨੀਤਾ ਦਾ ਕਹਿਣਾ ਹੈ ਕਿ ਸਟਿੱਲਬਰਥ ਦੌਰਾਨ ਇਸ ਛੁੱਟੀ ਦੀ ਮਿਆਦ ਨੂੰ ਘੱਟ ਕੀਤਾ ਜਾ ਸਕਦਾ ਹੈ। ਵੱਖ-ਵੱਖ ਕੰਪਨੀਆਂ 'ਚ ਇਸ ਸਬੰਧੀ ਵੱਖੋ ਵੱਖ ਵਿਵਸਥਾਵਾਂ ਮੌਜੂਦ ਹਨ।

ਨਿਊਜ਼ੀਲੈਂਡ 'ਚ ਔਰਤਾਂ ਦੇ ਹੱਕ

ਔਰਤਾਂ ਦੇ ਹੱਕ 'ਚ ਕਾਨੂੰਨ ਬਣਾਉਣ 'ਚ ਨਿਊਜ਼ੀਲੈਂਡ ਹਮੇਸ਼ਾ ਹੀ ਮੋਹਰੀ ਰਿਹਾ ਹੈ।

ਘਰੇਲੂ ਹਿੰਸਾ ਤੋਂ ਪ੍ਰਭਾਵਿਤ ਔਰਤਾਂ ਲਈ 10 ਦਿਨਾਂ ਦੀ ਸਾਲਾਨਾ ਵਾਧੂ ਛੁੱਟੀ ਦਾ ਪ੍ਰਬੰਧ ਮੌਜੂਦ ਹੈ। ਫਿਲਪੀਨਜ਼ ਤੋਂ ਬਾਅਦ ਅਜਿਹਾ ਕਦਮ ਚੁੱਕਣ ਵਾਲਾ ਉਹ ਦੂਜਾ ਦੇਸ਼ ਹੈ।

40 ਸਾਲ ਤੱਕ ਇੱਥੇ ਅਬਾਰਸ਼ਨ/ ਗਰਭਪਾਤ ਨੂੰ ਅਪਰਾਧ ਦੀ ਸ਼੍ਰੇਣੀ 'ਚ ਰੱਖਿਆ ਗਿਆ ਸੀ, ਪਰ ਪਿਛਲੇ ਸਾਲ ਇਸ ਪਾਬੰਦੀ ਨੂੰ ਹਟਾ ਦਿੱਤਾ ਗਿਆ ਹੈ। ਹੁਣ ਇਸ ਨੂੰ 'ਹੈਲਥ ਕੰਡੀਸ਼ਨ' ਮੰਨਦਿਆਂ ਇਸ 'ਤੇ ਫ਼ੈਸਲਾ ਲੈਣ ਦੀ ਆਗਿਆ ਦਿੱਤੀ ਗਈ ਹੈ।

ਅਜਿਹੇ ਅਗਾਂਹਵਧੂ ਕਾਨੂੰਨ ਦਾ ਸਿਹਰਾ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਆਰਡਨ ਨੂੰ ਜਾਂਦਾ ਹੈ। ਸਾਲ 2016 'ਚ ਜਦੋਂ ਜੇਸਿੰਡਾ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਬਿਰਾਜਮਾਨ ਹੋਏ ਤਾਂ ਉਹ ਦੇਸ਼ ਦੀ ਸਭ ਤੋਂ ਘੱਟ ਉਮਰ ਦੀ ਪ੍ਰਧਾਨ ਮੰਤਰੀ ਬਣੇ ਸਨ।

ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਰਹਿੰਦਿਆਂ ਉਨ੍ਹਾਂ ਨੇ ਸਾਲ 2018 'ਚ ਇੱਕ ਬੱਚੀ ਨੂੰ ਜਨਮ ਦਿੱਤਾ। ਅਜਿਹਾ ਕਰਨ ਵਾਲੀ ਉਹ ਦੁਨੀਆ ਦੀ ਦੂਜੀ ਨੇਤਾ ਸੀ। ਉਸੇ ਹੀ ਸਾਲ ਉਹ ਆਪਣੀ ਬੱਚੀ ਦੇ ਨਾਲ ਸੰਯੁਕਤ ਰਾਸ਼ਟਰ ਮਹਾਂਸਭਾ 'ਚ ਵੀ ਪਹੁੰਚੀ। ਕੋਰੋਨਾ ਮਹਾਮਾਰੀ ਦੌਰਾਨ ਵੀ ਉਨ੍ਹਾਂ ਨੇ ਵਧੀਆ ਕੰਮ ਕੀਤਾ, ਜਿਸ ਦੀ ਕਿ ਦੁਨੀਆ ਭਰ 'ਚ ਸ਼ਲਾਘਾ ਕੀਤੀ ਗਈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)