ਯੂਕੇ ਦਾ ਸ਼ਾਹੀ ਪਰਿਵਾਰ: ਇਸ ਵਿੱਚ ਕੌਣ-ਕੌਣ ਹੈ ਅਤੇ ਇਹ ਕਿਵੇਂ ਕੰਮ ਕਰਦਾ ਹੈ

ਤਸਵੀਰ ਸਰੋਤ, Reuters
ਡਿਊਕ ਆਫ਼ ਐਡਿਨਬਰਾ ਪ੍ਰਿੰਸ ਫਿਲਿਪ ਦਾ ਦੇਹਾਂਤ 99 ਸਾਲ ਦੀ ਉਮਰ ਵਿੱਚ ਹੋਇਆ ਹੈ।
ਉਹ 73 ਸਾਲਾਂ ਤੋਂ ਮਹਾਰਾਣੀ ਨਾਲ ਵਿਆਹੇ ਹੋਏ ਸਨ ਅਤੇ ਬ੍ਰਿਟਿਸ਼ ਇਤਿਹਾਸ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਸ਼ਾਹੀ ਸ਼ਖ਼ਸ ਸਨ।
ਸ਼ਾਹੀ ਪਰਿਵਾਰ ਵਿੱਚ ਕੌਣ-ਕੌਣ ਹੈ?
ਮਹਾਰਾਣੀ ਐਲਿਜ਼ਾਬੇਥ II 1952 ਵਿੱਚ ਬ੍ਰਿਟੇਨ ਰਾਜ ਦੇ ਮੁਖੀ ਬਣੇ ਸਨ ਜਦੋਂ ਉਨ੍ਹਾਂ ਦੇ ਪਿਤਾ ਕਿੰਗ ਜੌਰਜ VI ਦੀ ਮੌਤ ਹੋ ਗਈ ਸੀ।
ਉਨ੍ਹਾਂ ਨੇ ਹੋਰ ਬ੍ਰਿਟਿਸ਼ ਰਾਜਿਆਂ (British monarch) ਨਾਲੋਂ ਲੰਬੇ ਸਮੇਂ ਤੱਕ ਰਾਜ ਕੀਤਾ ਹੈ। ਉਹ 15 ਹੋਰ ਰਾਸ਼ਟਰਮੰਡਲ ਦੇਸ਼ਾਂ ਲਈ ਰਾਜ ਦੇ ਮੁਖੀ (head of state) ਵੀ ਹਨ।
94 ਸਾਲਾ ਮਹਾਰਾਣੀ ਅਤੇ ਉਨ੍ਹਾਂ ਦੇ ਮਰਹੂਮ ਪਤੀ ਪ੍ਰਿੰਸ ਫਿਲਿਪ ਦੇ ਚਾਰ ਬੱਚੇ, ਅੱਠ ਪੋਤੇ-ਪੋਤੀਆਂ ਅਤੇ ਨੌਂ ਪੜਪੋਤੇ-ਪੜਪੋਤੀਆਂ ਹਨ।
ਤਸਵੀਰ ਸਰੋਤ, PA Media
ਸ਼ਾਹੀ ਪਰਿਵਾਰ ਦੇ ਹੋਰ ਮੈਂਬਰਾਂ ਵਿੱਚ ਸ਼ਾਮਲ ਹਨ:
•ਪ੍ਰਿੰਸ ਆਫ਼ ਵੇਲਜ਼ (ਪ੍ਰਿੰਸ ਚਾਰਲਸ), 72 ਸਾਲਾ, ਜਿਨ੍ਹਾਂ ਦਾ ਵਿਆਹ ਡੱਚੇਸ ਆਫ਼ ਕੌਰਨਵਾਲ (ਕੈਮਿਲਾ) ਨਾਲ ਹੋਇਆ ਹੈ - ਉਹ ਮਹਾਰਾਣੀ ਦੇ ਸਭ ਤੋਂ ਵੱਡੇ ਪੁੱਤਰ ਹਨ ਅਤੇ ਮਹਾਰਾਣੀ ਦੀ ਮੌਤ ਤੋਂ ਬਾਅਦ ਗੱਦੀ ਇਨ੍ਹਾਂ ਨੂੰ ਮਿਲੇਗੀ।
•ਡਿਊਕ ਆਫ਼ ਕੈਂਬ੍ਰਿਜ (ਪ੍ਰਿੰਸ ਵਿਲੀਅਮ), ਜਿਨ੍ਹਾਂ ਦਾ ਵਿਆਹ ਡੱਚੇਸ ਆਫ਼ ਕੈਂਬ੍ਰਿਜ (ਕੈਥਰੀਨ) ਨਾਲ ਹੋਇਆ ਹੈ - ਵਿਲੀਅਮ ਪ੍ਰਿੰਸ ਆਫ਼ ਵੇਲਜ਼ (ਪ੍ਰਿੰਸ ਚਾਰਲਸ) ਅਤੇ ਪ੍ਰਿੰਸੇਸ ਆਫ਼ ਵੇਲਜ਼ (ਡਾਇਨਾ) ਦੇ ਸਭ ਤੋਂ ਵੱਡੇ ਪੁੱਤਰ ਹਨ।
•ਡਿਊਕ ਆਫ਼ ਸਸੇਕਸ (ਪ੍ਰਿੰਸ ਹੈਰੀ) ਪ੍ਰਿੰਸ ਵਿਲੀਅਮ ਦੇ ਭਰਾ ਹਨ - ਉਨ੍ਹਾਂ ਦਾ ਵਿਆਹ ਡੱਚੇਸ ਆਫ਼ ਸਸੇਕਸ (ਮੇਘਨ) ਨਾਲ ਹੋਇਆ ਹੈ, ਪਿਛਲੇ ਸਾਲ, ਉਨ੍ਹਾਂ ਨੇ ਕਿਹਾ ਸੀ ਕਿ ਉਹ ਸੀਨੀਅਰ ਰੌਇਲਜ਼ ਵਜੋਂ ਪਿੱਛੇ ਹੱਟਦੇ ਹਨ ਅਤੇ ਹੁਣ ਲਾਸ ਏਂਜਲਸ ਵਿੱਚ ਰਹਿਣਗੇ।
ਤੁਸੀਂ ਸ਼ਾਹੀ ਕਿਵੇਂ ਬਣਦੇ ਹੋ?
ਕੋਈ ਜਦੋਂ ਸ਼ਾਹੀ ਸ਼ਖ਼ਸ ਨਾਲ ਵਿਆਹ ਕਰਵਾਉਂਦਾ ਹੈ ਤਾਂ ਉਹ ਸ਼ਾਹੀ ਪਰਿਵਾਰ ਦਾ ਇੱਕ ਮੈਂਬਰ ਬਣ ਜਾਂਦਾ ਹੈ ਅਤੇ ਵਿਆਹ ਮਗਰੋਂ ਉਸ ਨੂੰ ਟਾਇਟਲ ਦਿੱਤਾ ਜਾਂਦਾ ਹੈ।
ਤਸਵੀਰ ਸਰੋਤ, PA Media
ਉਦਾਹਰਣ ਦੇ ਲਈ, ਲੇਡੀ ਡਾਇਨਾ ਸਪੈਨਸਰ ਪ੍ਰਿੰਸੇਸ ਆਫ਼ ਵੇਲਜ਼ ਬਣ ਗਏ ਜਦੋਂ ਉਨ੍ਹਾਂ ਨੇ 1981 ਵਿੱਚ ਪ੍ਰਿੰਸ ਚਾਰਲਸ ਨਾਲ ਵਿਆਹ ਕੀਤਾ ਸੀ।
ਹਾਲਾਂਕਿ, ਮਹਾਰਾਜਾ ਜਾਂ ਮਹਾਰਾਣੀ ਬਣਨ ਲਈ, ਤੁਹਾਡਾ ਜਨਮ ਜ਼ਰੂਰ ਸ਼ਾਹੀ ਪਰਿਵਾਰ ਵਿੱਚ ਹੋਇਆ ਹੋਣਾ ਚਾਹੀਦਾ ਹੈ।
ਪ੍ਰਿੰਸ ਚਾਰਲਸ ਸ਼ਾਹੀ ਪਰਿਵਾਰ ਦੀ ਗੱਦੀ ਮਿਲਣ ਦੀ ਕਤਾਰ ਵਿੱਚ ਸਭ ਤੋਂ ਪਹਿਲਾਂ ਖੜ੍ਹੇ ਹਨ। ਉਨ੍ਹਾਂ ਦੇ ਵੱਡੇ ਪੁੱਤਰ ਪ੍ਰਿੰਸ ਵਿਲੀਅਮ, ਦੂਜੇ ਨੰਬਰ 'ਤੇ ਹਨ ਅਤੇ ਵਿਲੀਅਮ ਦੇ ਵੱਡੇ ਪੁੱਤਰ ਪ੍ਰਿੰਸ ਜਾਰਜ ਤੀਜੇ ਨੰਬਰ 'ਤੇ ਹਨ।
ਸ਼ਾਹੀ ਵਿਆਹ ਵਿੱਚ ਕੀ ਹੁੰਦਾ ਹੈ?
ਸ਼ਾਹੀ ਪਰਿਵਾਰ ਦੇ ਵਿਆਹ ਅਕਸਰ ਕੁਝ ਪੁਰਾਣੀਆਂ ਅਤੇ ਸ਼ਾਨਦਾਰ ਥਾਵਾਂ 'ਤੇ ਹੁੰਦੇ ਹਨ ਅਤੇ ਇਸ ਵਿੱਚ ਲੋਕਾਂ ਦੀ ਭਾਰੀ ਭੀੜ ਸ਼ਾਮਲ ਹੁੰਦੀ ਹੈ।
ਮਹਾਰਾਣੀ ਅਤੇ ਪ੍ਰਿੰਸ ਫਿਲਿਪ ਦਾ ਵਿਆਹ 1947 ਵਿੱਚ ਵੈਸਟਮਿੰਸਟਰ ਐਬੇ ਵਿੱਚ ਹੋਇਆ ਸੀ, ਜਿਸ ਦੀ ਸਥਾਪਨਾ 960 ਏ.ਡੀ. ਵਿੱਚ ਕੀਤੀ ਗਈ ਸੀ। ਇਹ ਥਾਂ ਸੰਸਦ ਦੇ ਸਦਨ ਦਾ ਅਗਲਾ ਦਰਵਾਜ਼ਾ ਹੈ।
ਡਿਊਕ ਅਤੇ ਡੱਚੇਸ ਆਫ਼ ਕੈਮਬ੍ਰਿਜ ਵਿਨਸਟਰ ਐਬੇ ਤੋਂ ਬੰਕਿਘਮ ਪੈਲੇਜ ਜਾਂਦੇ ਹੋਏ
ਛੇ ਦਹਾਕਿਆਂ ਤੋਂ ਬਾਅਦ, 2011 ਵਿੱਚ, ਉਨ੍ਹਾਂ ਦੇ ਪੋਤੇ ਵਿਲੀਅਮ ਦੇ ਕੈਥਰੀਨ ਮਿਡਲਟਨ ਨਾਲ ਵਿਆਹ ਨੂੰ ਮਨਾਉਣ ਲਈ ਐਬੇ ਦੇ ਬਾਹਰ ਗਲੀਆਂ ਵਿੱਚ ਲੰਮੀਆਂ ਕਤਾਰਾਂ ਲੱਗੀਆਂ ਸਨ ਅਤੇ ਉਹ ਕੈਮਬ੍ਰਿਜ ਦੇ ਡਿਊਕ ਅਤੇ ਡੱਚੇਸ ਬਣ ਗਏ।
ਹੋਰ ਰੌਇਲਜ਼ ਨੇ ਵਿੰਡਸਰ ਕੈਸਟਲ ਵਿਖੇ ਸੇਂਟ ਜਾਰਜ ਦੇ ਚੈਪਲ ਵਿਖੇ ਵਿਆਹ ਦੀ ਸਹੁੰ ਖਾਦੀ ਸੀ, ਜੋ ਕਿ 900 ਸਾਲ ਤੋਂ ਵੀ ਪੁਰਾਣਾ ਹੈ।
ਉੱਥੇ ਹੋਏ ਵਿਆਹਾਂ ਵਿੱਚ ਪ੍ਰਿੰਸ ਹੈਰੀ ਦਾ 2018 ਵਿੱਚ ਮੇਘਨ ਮਾਰਕਲ ਨਾਲ ਹੋਇਆ ਵਿਆਹ ਸ਼ਾਮਲ ਹੈ।
ਜਦੋਂ ਕੋਈ ਸ਼ਾਹੀ ਬੱਚਾ ਹੁੰਦਾ ਹੈ
ਲੰਡਨ ਦੇ ਸੇਂਟ ਮੈਰੀ ਹਸਪਤਾਲ ਵਿੱਚ ਕਈ ਸੀਨੀਅਰ ਰੌਇਲਜ਼ ਦਾ ਜਨਮ ਹੋਇਆ ਹੈ।
ਰਾਜਕੁਮਾਰੀ ਡਾਇਨਾ ਨੇ ਇੱਥੇ ਪ੍ਰਿੰਸ ਵਿਲੀਅਮ ਅਤੇ ਪ੍ਰਿੰਸ ਹੈਰੀ ਨੂੰ ਜਨਮ ਦਿੱਤਾ।
ਤਸਵੀਰ ਸਰੋਤ, PA
1982 ’ਚ ਪ੍ਰਿੰਸ ਵਿਲਿਅਮ ਦਾ ਜਨਮ ਹੋਇਆ ਸੀ
ਡੱਚੇਸ ਆਫ਼ ਕੈਮਬ੍ਰਿਜ ਨੇ ਉਨ੍ਹਾਂ ਦੇ ਤਿੰਨ ਬੱਚੇ: ਪ੍ਰਿੰਸ ਜੌਰਜ, ਪ੍ਰਿੰਸੇਸ ਸ਼ਾਰਲੋਟ, ਅਤੇ ਪ੍ਰਿੰਸ ਲੂਈਸ ਨੂੰ ਇੱਥੇ ਹੀ ਜਨਮ ਦਿੱਤਾ।
ਦੋਵੇਂ ਔਰਤਾਂ ਦੀਆਂ ਫੋਟੋਆਂ ਆਪਣੇ ਪਤੀ ਅਤੇ ਬੱਚਿਆਂ ਨਾਲ ਹਸਪਤਾਲ ਦੇ ਬਾਹਰ ਖਿੱਚੀਆਂ ਗਈਆਂ ਸਨ।
ਸ਼ਾਹੀ ਪਰਿਵਾਰ ਕੀ ਕਰਦਾ ਹੈ?
ਬ੍ਰਿਟਿਸ਼ ਸਰਕਾਰ ਨੂੰ ਉਨ੍ਹਾਂ ਦੀ ਮਹਿਮਾ ਦੀ ਸਰਕਾਰ (Her Majesty's government) ਕਿਹਾ ਜਾਂਦਾ ਹੈ, ਪਰ ਮਹਾਰਾਣੀ ਦੀ ਲਗਭਗ ਕੋਈ ਰਾਜਨੀਤਿਕ ਤਾਕਤ ਨਹੀਂ ਹੁੰਦੀ ਹੈ।
ਮਹਾਰਾਣੀ ਹਫ਼ਤੇ ਵਿੱਚ ਇਕ ਵਾਰ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਦੇ ਹਨ ਜੋ ਕਿ ਸਰਕਾਰ ਵਿੱਚ ਉਨ੍ਹਾਂ ਦੀ ਜਗ੍ਹਾ ਦਰਸਾਉਂਦੀ ਹੈ, ਪਰ ਪ੍ਰਧਾਨ ਮੰਤਰੀ ਨੀਤੀਆਂ ਬਣਾਉਣ ਲਈ ਉਨ੍ਹਾਂ ਦੀ ਮਨਜ਼ੂਰੀ ਨਹੀਂ ਲੈਂਦੇ।
ਮਹਾਰਾਣੀ ਅਤੇ ਹੋਰ ਸੀਨੀਅਰ ਰੌਇਲਜ਼ ਅਧਿਕਾਰਤ ਰੁਝੇਵਿਆਂ ਨੂੰ ਪੂਰਾ ਕਰਦੇ ਹਨ।
ਪਰਿਵਾਰਕ ਮੈਂਬਰ ਵੀ ਦੂਜੇ ਦੇਸ਼ਾਂ ਦੇ ਦੌਰੇ ਦੌਰਾਨ ਉਨ੍ਹਾਂ ਦੀ ਪ੍ਰਤੀਨਿਧਤਾ ਕਰਦੇ ਹਨ।
ਤਸਵੀਰ ਸਰੋਤ, Julien Behal
ਕੈਂਬਰਿਜ ਦੇ ਡਿਊਕ ਅਤੇ ਡੱਚੇਸ ਨੇ ਪਿਛਲੇ ਮਾਰਚ ਵਿੱਚ ਆਇਰਲੈਂਡ ਦੇ ਗਣਤੰਤਰ ਦੀ ਇੱਕ ਸਰਕਾਰੀ ਯਾਤਰਾ ਕੀਤੀ ਸੀ
ਉਦਾਹਰਣ ਦੇ ਲਈ, ਕੈਂਬਰਿਜ ਦੇ ਡਿਊਕ ਅਤੇ ਡੱਚੇਸ ਨੇ ਪਿਛਲੇ ਮਾਰਚ ਵਿੱਚ ਆਇਰਲੈਂਡ ਦੇ ਗਣਤੰਤਰ ਦੀ ਇੱਕ ਸਰਕਾਰੀ ਯਾਤਰਾ ਕੀਤੀ ਸੀ।
ਉਹ ਬਹੁਤ ਸਾਰੇ ਚੈਰੀਟੀਆਂ ਦੇ ਸਰਪ੍ਰਸਤ ਹੁੰਦੇ ਹਨ ਅਤੇ ਕੁਝ ਨੇ ਆਪਣੀ ਖੁਦ ਦੀ ਸਥਾਪਨਾ ਕੀਤੀ ਹੈ - ਜਿਵੇਂ ਕਿ ਨੌਜਵਾਨਾਂ ਲਈ ਡਿਊਕ ਆਫ਼ ਐਡਿਨਬਰਾ ਦੀ ਪੁਰਸਕਾਰ ਯੋਜਨਾ।
ਉਨ੍ਹਾਂ ਦੇ ਹਥਿਆਰਬੰਦ ਬਲਾਂ ਨਾਲ ਨੇੜਲੇ ਸਬੰਧ ਹਨ। ਪ੍ਰਿੰਸ ਵਿਲੀਅਮ ਨੇ ਰੌਇਲ ਏਅਰ ਫੋਰਸ ਵਿੱਚ ਸੇਵਾ ਨਿਭਾਈ ਹੈ ਅਤੇ ਪ੍ਰਿੰਸ ਹੈਰੀ ਨੇ ਫੌਜ ਵਿੱਚ ਸੇਵਾ ਕੀਤੀ।
ਤਸਵੀਰ ਸਰੋਤ, PA Media
ਪ੍ਰਿੰਸ ਹੈਰੀ ਅਫ਼ਗਾਨਿਸਤਾਨ ’ਚ ਸੇਵਾਵਾਂ ਨਿਭਾਉਂਦੇ ਹੋਏ
ਕੀ ਰਾਇਲਸ ਹਮੇਸ਼ਾਂ ਅਧਿਕਾਰਤ ਡਿਊਟੀਆਂ ਨਿਭਾਉਂਦੇ ਹਨ?
ਨਹੀਂ। ਪਿਛਲੇ ਸਾਲ, ਪ੍ਰਿੰਸ ਹੈਰੀ ਅਤੇ ਮੇਘਨ, ਡੱਚੇਸ ਆਫ਼ ਸਸੇਕਸ, ਨੇ ਐਲਾਨ ਕੀਤੀ ਸੀ ਕਿ ਉਹ ਸ਼ਾਹੀ ਪਰਿਵਾਰ ਤੋਂ ਵੱਖ ਹੋ ਜਾਣਗੇ ਅਤੇ ਵਿੱਤੀ ਤੌਰ 'ਤੇ ਸੁਤੰਤਰ ਬਣਨ ਲਈ ਕੰਮ ਕਰਨਗੇ।
ਬਕਿੰਘਮ ਪੈਲੇਸ ਨੇ ਪੁਸ਼ਟੀ ਕੀਤੀ ਕਿ ਇਹ ਜੋੜਾ ਆਪਣੀਆਂ ਆਨਰੇਰੀ ਫੌਜੀ ਨਿਯੁਕਤੀਆਂ ਅਤੇ ਸ਼ਾਹੀ ਸਰਪ੍ਰਸਤੀ ਵਾਪਸ ਕਰੇਗਾ ਜੋ ਕਿ ਸ਼ਾਹੀ ਪਰਿਵਾਰ ਦੇ ਕਾਰਜਕਾਰੀ ਮੈਂਬਰਾਂ ਲਈ ਦੁਬਾਰਾ ਵੰਡੀ ਜਾਣਗੀਆਂ।
ਤਸਵੀਰ ਸਰੋਤ, Reuters
ਪਿਛਲੇ ਸਾਲ ਪ੍ਰਿੰਸ ਹੈਰੀ ਅਤੇ ਮੇਘਨ, ਡੱਚੇਸ ਆਫ਼ ਸੁਸੇਕਸ, ਨੇ ਐਲਾਨ ਕੀਤਾ ਸੀ ਕਿ ਉਹ ਸ਼ਾਹੀ ਪਰਿਵਾਰ ਤੋਂ ਵੱਖ ਹੋ ਜਾਣਗੇ
ਡਿਊਕ ਆਫ਼ ਯਾਰਕ (ਪ੍ਰਿੰਸ ਐਂਡਰਿਊ) ਸਾਲ 2019 ਵਿੱਚ ਸ਼ਾਹੀ ਫਰਜ਼ਾਂ ਤੋਂ ਪਿੱਛੇ ਹਟ ਗਏ ਸਨ।
ਇਹ ਇਕ ਬੀਬੀਸੀ ਨੂੰ ਦਿੱਤੇ ਇੰਟਰਵਿਊ ਤੋਂ ਬਾਅਦ ਹੋਇਆ ਸੀ ਜਦੋਂ ਉਨ੍ਹਾਂ ਨੇ ਸੈਕਸ ਅਪਰਾਧੀ (sex offender) ਜੈਫਰੀ ਐਪਸਟੀਨ ਨਾਲ ਆਪਣੀ ਦੋਸਤੀ ਦਾ ਜ਼ਿਕਰ ਕੀਤਾ ਸੀ।
ਸ਼ਾਹੀ ਪਰਿਵਾਰ ਆਪਣੇ ਪੈਸੇ ਕਿੱਥੋਂ ਹਾਸਲ ਕਰਦਾ ਹੈ?
ਹਰ ਸਾਲ, ਯੂਕੇ ਸਰਕਾਰ ਮਹਾਰਾਣੀ ਨੂੰ ਇੱਕੋ ਭੁਗਤਾਨ ਦਿੰਦੀ ਹੈ ਜਿਸ ਨੂੰ 'ਸੌਵਰਨ ਗਰਾਂਟ' ਕਿਹਾ ਜਾਂਦਾ ਹੈ।
ਇਹ ਦੋ ਸਾਲਾਂ ਦੇ ਕਰਾਉਨ ਅਸਟੇਟ ਦੇ 25% ਮਾਲੀਆ 'ਤੇ ਅਧਾਰਤ ਹੈ। ਕ੍ਰਾਊਨ ਅਸਟੇਟ ਇੱਕ ਸੁਤੰਤਰ ਵਪਾਰਕ ਪ੍ਰਾਪਰਟੀ ਦਾ ਕਾਰੋਬਾਰ ਹੈ। ਇਸ ਵਿੱਚ ਬਰਕਸ਼ਾਇਰ ਵਿੱਚ 4,800 ਏਕੜ ਵਿੰਡਸਰ ਗ੍ਰੇਟ ਪਾਰਕ ਅਤੇ ਐਸਕੋਟ ਰੇਸਕੋਰਸ ਸ਼ਾਮਲ ਹਨ, ਪਰ ਜ਼ਿਆਦਾਤਰ ਰਿਹਾਇਸ਼ੀ ਅਤੇ ਵਪਾਰਕ ਪ੍ਰਾਪਰਟੀ ਤੋਂ ਬਣਿਆ ਹੈ।
ਸੌਵਰਨ ਗ੍ਰਾਂਟ, ਜੋ ਕਿ 2020-21 ਲਈ 85.9 ਮਿਲੀਅਨ ਪਾਉਂਡ (ਲਗਭਗ 880 ਕਰੋੜ ਰੁਪਏ) ਹੈ, ਅਧਿਕਾਰਤ ਸ਼ਾਹੀ ਫਰਜ਼ਾਂ ਦਾ ਸਮਰਥਨ ਕਰਦੀ ਹੈ ਅਤੇ ਸ਼ਾਹੀ ਮਹਿਲਾਂ ਦੇ ਦੇਖਭਾਲ ਕਰਦੀ ਹੈ।
ਪ੍ਰਿੰਸ ਚਾਰਲਸ ਨੂੰ ਜਾਇਦਾਦ ਅਤੇ ਵਿੱਤੀ ਨਿਵੇਸ਼ਾਂ ਦੇ ਵਿਸ਼ਾਲ ਪੋਰਟਫੋਲੀਓ ਡੱਚ ਆਫ਼ ਕੌਰਨਵਾਲ ਤੋਂ ਆਮਦਨੀ ਮਿਲਦੀ ਹੈ, ਜੋ ਪਿਛਲੇ ਸਾਲ 22.3 ਮਿਲੀਅਨ ਪਾਉਂਡ (ਲਗਭਗ 228 ਕਰੋੜ) ਸੀ।
ਤਸਵੀਰ ਸਰੋਤ, PA Media
2019 ’ਚ ਮਹਾਰਾਣੀ ਅਲਿਜ਼ਾਬੇਥ ਦੇ ਜਨਮ ਦਿਨ ਮਨਾਉਂਦੇ ਦੀ ਤਸਵੀਰ
ਸ਼ਾਹੀ ਪਰਿਵਾਰ ਦੇ ਮੈਂਬਰ ਕਿੱਥੇ ਰਹਿੰਦੇ ਹਨ?
ਮਹਾਰਾਣੀ ਦਾ ਅਧਿਕਾਰਤ ਘਰ ਲੰਡਨ ਦਾ ਬਕਿੰਘਮ ਪੈਲੇਸ ਹੈ।
ਉਹ ਆਮ ਤੌਰ 'ਤੇ ਬਰਕਸ਼ਾਇਰ ਦੇ ਵਿੰਡਸਰ ਕੈਸਟਲ ਵਿਖੇ ਈਸਟਰ ਦਾ ਮਹੀਨਾ ਅਤੇ ਵੀਕੈਂਡ ਬਿਤਾਉਂਦੇ ਹਨ। ਹਾਲਾਂਕਿ, ਉਹ ਮਹਾਂਮਾਰੀ ਦੇ ਸਮੇਂ ਦੌਰਾਨ ਉੱਥੇ ਹੀ ਰਹੇ ਅਤੇ ਵਿੰਡਸਰ ਕੈਸਟਲ ਵਿਖੇ ਹੀ ਪ੍ਰਿੰਸ ਫਿਲਿਪ ਦਾ ਦੇਹਾਂਤ ਹੋਇਆ ਹੈ।
ਪ੍ਰਿੰਸ ਚਾਰਲਸ ਅਤੇ ਡੱਚੇਸ ਆਫ਼ ਕੌਰਨਵਾਲ, ਜਦੋਂ ਉਹ ਲੰਡਨ ਵਿੱਚ ਹੁੰਦੇ ਹਨ ਤਾਂ ਕਲੈਰੈਂਸ ਹਾਊਸ ਵਿੱਚ ਰਹਿੰਦੇ ਹਨ ਜੋ ਕਿ ਬਕਿੰਘਮ ਪੈਲੇਸ ਤੋਂ ਅੱਧੇ ਮੀਲ ਤੋਂ ਵੀ ਘੱਟ ਦੀ ਦੂਰੀ 'ਤੇ ਹੈ।
ਪ੍ਰਿੰਸ ਵਿਲੀਅਮ ਅਤੇ ਕੈਥਰੀਨ, ਡੱਚੇਸ ਆਫ਼ ਕੈਮਬ੍ਰਿਜ ਕੇਸਿੰਗਟਨ ਪੈਲੇਸ ਵਿੱਚ ਰਹਿੰਦੇ ਹਨ ਜੋ ਕਾਫ਼ੀ ਨੇੜੇ ਹੈ।