ਅਫ਼ਗਾਨਿਸਤਾਨ: ਤਾਲਿਬਾਨ ਨੇ 3 ਦਿਨਾਂ 'ਚ 5 ਸੂਬਾਈ ਰਾਜਧਾਨੀਆਂ ਕਬਜ਼ੇ 'ਚ ਲਈਆਂ, ਕੀ ਨੇ ਮੌਜੂਦਾ ਹਾਲਾਤ

ਕਈ ਸੂਬਿਆਂ ਵਿੱਚ ਫੌਜ ਅਤੇ ਤਾਲਿਬਾਨ ਆਹਮਣੇ ਸਾਹਮਣੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਕਈ ਸੂਬਿਆਂ ਵਿੱਚ ਫੌਜ ਅਤੇ ਤਾਲਿਬਾਨ ਆਹਮਣੇ ਸਾਹਮਣੇ

ਅਫਗਾਨਿਸਤਾਨ ਵਿੱਚ ਤਾਲਿਬਾਨ ਐਤਵਾਰ ਨੂੰ ਦੇਸ਼ ਦੇ ਉੱਤਰ ਵਿੱਚ ਮੌਜੂਦ ਕੁੰਦੁਜ਼ ਸਮੇਤ ਸਰ -ਏ -ਪੁਲ ਅਤੇ ਤਾਲੁਕਾਨ ’ਤੇ ਕਬਜ਼ਾ ਕਰ ਕੇ ਤੇਜ਼ੀ ਨਾਲ ਸ਼ਹਿਰਾਂ ਵੱਲ ਵਧ ਰਿਹਾ ਹੈ।

ਸ਼ੁੱਕਰਵਾਰ ਤੋਂ ਲੈ ਕੇ ਮੌਜੂਦਾ ਸਮੇਂ ਤੱਕ ਤਾਲਿਬਾਨ ਨੇ ਪੰਜ ਰਾਜਧਾਨੀਆਂ ਉੱਪਰ ਕਬਜ਼ਾ ਕਰ ਲਿਆ ਹੈ ਜਿਸ ਵਿੱਚ ਸਭ ਤੋਂ ਮਹੱਤਵਪੂਰਨ ਕੁੰਦੁਜ਼ ਹੈ ।

ਕੁੰਦੁਜ਼ ਹੁਣ ਤੱਕ ਤਾਲਿਬਾਨ ਦੇ ਹੱਥ ਵਿੱਚ ਆਇਆ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਤਾਲਿਬਾਨ ਇਸ ਨੂੰ ਆਪਣੀ ਸਭ ਤੋਂ ਵੱਡੀ ਜਿੱਤ ਮੰਨ ਰਿਹਾ ਹੈ।

ਅਮਰੀਕਾ ਦੇ ਫੌਜੀਆਂ ਦੁਆਰਾ ਅਫ਼ਗਾਨਿਸਤਾਨ ਤੋਂ ਪੂਰੀ ਤਰ੍ਹਾਂ ਵਾਪਸੀ ਦੇ ਐਲਾਨ ਤੋਂ ਬਾਅਦ ਤਾਲਿਬਾਨ ਨੇ ਇਸ ਸਾਲ ਮਈ ਵਿੱਚ ਅਫ਼ਗਾਨਿਸਤਾਨ ਦੇ ਇਲਾਕਿਆਂ ਉੱਪਰ ਆਪਣਾ ਕਬਜ਼ਾ ਕਰਨਾ ਸ਼ੁਰੂ ਕੀਤਾ ਸੀ। ਕੁੰਦੁਜ਼ ਹੁਣ ਤਕ ਉਨ੍ਹਾਂ ਦੀ ਸਭ ਤੋਂ ਵੱਡੀ ਕਾਮਯਾਬੀ ਹੈ।

ਐਤਵਾਰ ਸਵੇਰੇ ਤਾਲਿਬਾਨ ਦੇ ਬੁਲਾਰੇ ਜ਼ਬੀਓਲ੍ਹਾ ਮੁਜਾਹਿਦ ਵੱਲੋਂ ਜਾਰੀ ਕੀਤੇ ਬਿਆਨ ਵਿੱਚ ਆਖਿਆ ਗਿਆ ਹੈ ਕਿ ਤਾਲਿਬਾਨ ਨੇ ਕੁੰਦੁਜ਼ ਅਤੇ ਸਰੇ ਪੁਲ ਦੇ ਸਾਰੇ ਸਰਕਾਰੀ ਦਫ਼ਤਰਾਂ ਉੱਤੇ ਕਬਜ਼ਾ ਕਰ ਲਿਆ ਹੈ।ਮੁਜਾਹਿਦ ਅਨੁਸਾਰ ਤਾਲਿਬਾਨ ਲੜਾਕਿਆਂ ਨੇ ਸਿਲਸਿਲੇਵਾਰ ਹਮਲੇ ਕਰ ਕੇ ਐਤਵਾਰ ਸਵੇਰੇ ਰਾਜਧਾਨੀ ਉੱਪਰ ਕਬਜ਼ਾ ਕੀਤਾ ਹੈ।

ਇਹ ਵੀ ਪੜ੍ਹੋ-

ਸਮਾਚਾਰ ਏਜੰਸੀ ਏਐਫਪੀ ਮੁਤਾਬਕ ਕੁੰਦੁਜ਼ ਦੀ ਸੂਬਾ ਪ੍ਰੀਸ਼ਦ ਦੇ ਮੈਂਬਰ ਅਮਰੂਦੀਨ ਵਲੀ ਨੇ ਆਖਿਆ ਹੈ ਕਿ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਭਿਆਨਕ ਲੜਾਈ ਚੱਲ ਰਹੀ ਹੈ।

ਅਮਰੀਕੀ ਜਹਾਜ਼ਾਂ ਨੇ ਸਬਰਘਾਣ ਵਿੱਚ ਤਾਲਿਬਾਨ ਦੇ ਟਿਕਾਣਿਆਂ ਉਤੇ ਹਮਲਾ ਵੀ ਕੀਤਾ ਹੈ।

ਸੂਬਿਆਂ ਦੀਆਂ ਰਾਜਧਾਨੀਆਂ ਤਾਲਿਬਾਨ ਦੇ ਹੱਥਾਂ ਵਿੱਚ ਜਾਣ ਤੋਂ ਬਾਅਦ ਸਰਕਾਰ ਨੇ ਸਿਰਫ਼ ਇਹੀ ਆਖਿਆ ਹੈ ਕਿ ਇਨ੍ਹਾਂ ਨੂੰ ਫਿਰ ਤੋਂ ਹਾਸਲ ਕਰ ਲਿਆ ਜਾਵੇਗਾ।

ਐਤਵਾਰ ਸਵੇਰੇ ਕੁਝ ਘੰਟਿਆਂ ਵਿੱਚ ਹੀ ਦੇਸ਼ ਦੇ ਉੱਤਰੀ ਹਿੱਸੇ ਵਿੱਚ ਸਥਿਤ ਕੁੰਦੁਜ਼ ਅਤੇ ਸਰ -ਏ -ਪੁਲ ਤਾਲਿਬਾਨ ਦੇ ਹੱਥਾਂ ਵਿੱਚ ਆ ਗਏ ਸਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਭਿਆਨਕ ਲੜਾਈ ਚੱਲ ਰਹੀ ਹੈ

ਤਾਲਿਬਾਨ ਨੇ ਬਿਆਨ ਵਿੱਚ ਆਖਿਆ ਹੈ,"ਅੱਲ੍ਹਾ ਦੇ ਕਰਮ ਨਾਲ ਲੜਾਈ ਤੋਂ ਬਾਅਦ ਤਾਲਿਬਾਨ ਨੇ ਕਬਜ਼ਾ ਕਰ ਲਿਆ ਹੈ।"

ਸਰ -ਏ -ਪੁਲ ਦੀ ਮਹਿਲਾ ਅਧਿਕਾਰ ਕਾਰਕੁੰਨ ਪਰਵੀਨਾ ਆਜ਼ਮੀ ਨੇ ਖਬਰ ਏਜੰਸੀ ਏਐਫਪੀ ਨੂੰ ਦੱਸਿਆ,"ਸਰਕਾਰੀ ਅਧਿਕਾਰੀ ਅਤੇ ਸੈਨਾ ਬਲ ਸ਼ਹਿਰ ਤੋਂ ਤਿੰਨ ਕਿਲੋਮੀਟਰ ਦੂਰ ਬੈਰਕਾਂ ਵਿੱਚ ਚਲੇ ਗਏ ਹਨ"

ਉਨ੍ਹਾਂ ਨੇ ਦੱਸਿਆ ਕਿ ਇੱਕ ਜਹਾਜ਼ ਸਰ -ਏ -ਪੁਲ ਪੁੱਜਿਆ ਸੀ ਪਰ ਲੈਂਡ ਨਹੀਂ ਕਰ ਸਕਿਆ।

ਕੁੰਦੁਜ਼ ਦੀ ਅਹਿਮੀਅਤ

ਤਾਲਿਬਾਨ ਨੇ ਅਫਗਾਨਿਸਤਾਨ ਦੇ ਸਭ ਤੋਂ ਪ੍ਰਮੁੱਖ ਸ਼ਹਿਰਾਂ ਵਿੱਚੋਂ ਇੱਕ ਕੁੰਦੁਜ਼ ਉੱਤੇ ਕਬਜ਼ਾ ਕਰ ਲਿਆ ਹੈ। ਹੁਣ ਸ਼ਹਿਰ ਦੇ ਹਵਾਈ ਅੱਡੇ ਨੂੰ ਛੱਡ ਕੇ ਬਾਕੀ ਸਾਰੇ ਹਿੱਸੇ ਤਾਲਿਬਾਨ ਦੇ ਕਬਜ਼ੇ ਹੇਠ ਹਨ।

ਸ਼ਹਿਰ ਦੇ ਇੱਕ ਅਧਿਕਾਰੀ ਨੇ ਬੀਬੀਸੀ ਨੂੰ ਕਬਜ਼ੇ ਦੀ ਪੁਸ਼ਟੀ ਕੀਤੀ ਹੈ।

ਸ਼ਹਿਰ ਦੇ ਕਈ ਹਿੱਸਿਆਂ ਵਿੱਚ ਇਮਾਰਤਾਂ ਅਤੇ ਦੁਕਾਨਾਂ ਨੂੰ ਅੱਗ ਲੱਗੀ ਹੈ ਅਤੇ ਹੜਬੜੀ ਦਾ ਮਾਹੌਲ ਹੈ।

ਤਕਰੀਬਨ ਪੌਣੇ ਤਿੰਨ ਲੱਖ ਦੀ ਆਬਾਦੀ ਵਾਲੇ ਇਸ ਸ਼ਹਿਰ ਨੂੰ ਦੇਸ਼ ਦੇ ਉੱਤਰੀ ਹਿੱਸੇ ਦਾ ਗੇਟਵੇਅ ਵੀ ਆਖਿਆ ਜਾਂਦਾ ਹੈ। ਅਫਗਾਨਿਸਤਾਨ ਦੇ ਉੱਤਰੀ ਸੂਬਿਆਂ ਵਿੱਚ ਖਣਿਜ ਪਦਾਰਥਾਂ ਦੇ ਭੰਡਾਰ ਹਨ।

ਕੁੰਦੁਜ਼ ਦੀ ਭੂਗੋਲਿਕ ਸਥਿਤੀ ਇਸ ਨੂੰ ਬੇਹੱਦ ਅਹਿਮ ਬਣਾਉਂਦੀ ਹੈ ਕਿਉਂਕਿ ਇੱਥੋਂ ਰਾਜਧਾਨੀ ਕਾਬੁਲ ਸਮੇਤ ਦੇਸ਼ ਦੇ ਕਈ ਵੱਡੇ ਸ਼ਹਿਰਾਂ ਨਾਲ ਜੋੜਨ ਵਾਲੀਆਂ ਸੜਕਾਂ ਗੁਜ਼ਰਦੀਆਂ ਹਨ। ਕੁੰਦੁਜ਼ ਸੂਬੇ ਦੀ ਸਰਹੱਦ ਤਜਾਕਿਸਤਾਨ ਨਾਲ ਲੱਗਦੀ ਹੈ।

ਤਜਾਕਿਸਤਾਨ ਨਾਲ ਲੱਗਦੀ ਸਰਹੱਦ ਤੋਂ ਹੀ ਅਫ਼ਗ਼ਾਨਿਸਤਾਨ ਦੀ ਅਫ਼ੀਮ ਹੈਰੋਇਨ ਮੱਧ ਏਸ਼ੀਆ ਦੇ ਦੇਸ਼ਾਂ ਵਿਚੋਂ ਤਸਕਰੀ ਰਾਹੀਂ ਯੂਰੋਪ ਪਹੁੰਚਦੀ ਹੈ।

ਕੁੰਦੁਜ਼ ਉੱਤੇ ਕਬਜ਼ੇ ਦਾ ਮਤਲਬ ਹੈ ਨਸ਼ੇ ਦੀ ਤਸਕਰੀ ਦੇ ਸਭ ਤੋਂ ਮਹੱਤਵਪੂਰਨ ਰਾਹ ਉੱਪਰ ਕਬਜ਼ਾ। ਕੁੰਦੁਜ਼ ਅਫ਼ਗਾਨਿਸਤਾਨ ਲਈ ਇਸ ਕਰਕੇ ਵੀ ਮਹੱਤਵਪੂਰਨ ਹੈ ਕਿਉਂਕਿ 2001 ਤੋਂ ਪਹਿਲਾਂ ਇਹ ਸ਼ਹਿਰ ਅਫਗਾਨਿਸਤਾਨ ਦਾ ਗੜ੍ਹ ਸੀ।

2015-16 ਦੌਰਾਨ ਤਾਲਿਬਾਨ ਨੇ ਇਸ ਸ਼ਹਿਰ ਤੇ ਆਪਣਾ ਕਬਜ਼ਾ ਕੀਤਾ ਸੀ ਪਰ ਇਹ ਕਬਜ਼ਾ ਲੰਬੇ ਸਮੇਂ ਤਕ ਬਰਕਰਾਰ ਨਹੀਂ ਰਿਹਾ।

ਇਹ ਵੀ ਪੜ੍ਹੋ-

ਤਾਲਿਬਾਨ ਨੇ ਤਖਾਸ ਸੂਬੇ ਵਿੱਚ ਵੀ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਸਥਾਨਕ ਮੀਡੀਆ ਰਿਪੋਰਟ ਅਨੁਸਾਰ ਤਾਲਿਬਾਨ ਨੇ ਤਿਉਹਾਰ ਜੇਲ੍ਹ ਉੱਤੇ ਆਪਣਾ ਕਬਜ਼ਾ ਕਰ ਲਿਆ ਹੈ ਹਾਲਾਂਕਿ ਬੀਬੀਸੀ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਰਹੀ।

ਦੇਸ਼ ਦੇ ਜ਼ਿਆਦਾਤਰ ਪੇਂਡੂ ਖੇਤਰ ਅਤੇ ਜ਼ਿਲ੍ਹਿਆਂ ਉੱਪਰ ਪਹਿਲਾਂ ਹੀ ਤਾਲਿਬਾਨ ਕਬਜ਼ਾ ਕਰ ਚੁੱਕਿਆ ਹੈ। ਅਫ਼ਗਾਨਿਸਤਾਨ ਦੀ ਸੇਨਾ ਸੂਬਿਆਂ ਦੀਆਂ ਰਾਜਧਾਨੀਆਂ ਅਤੇ ਸ਼ਹਿਰਾਂ ਨੂੰ ਸੁਰੱਖਿਅਤ ਰੱਖਣ ਵਿਚ ਲੱਗੀ ਹੋਈ ਹੈ।

ਅਫ਼ਗਾਨ ਸਰਕਾਰ ਦੇ ਦਾਅਵੇ

ਅਫ਼ਗਾਨਿਸਤਾਨ ਦੇ ਰੱਖਿਆ ਮੰਤਰੀ ਦੇ ਡਿਪਟੀ ਬੁਲਾਰੇ ਫ਼ਵਾਦ ਅਮਾਨ ਨੇ ਦਾਅਵਾ ਕੀਤਾ ਹੈ ਕਿ ਅਮਰੀਕੀ ਜਹਾਜ਼ਾਂ ਬੀ-52 ਨੇ ਜੋਵਜਜ਼ਾਨ ਸੂਬੇ ਦੀ ਰਾਜਧਾਨੀ ਸਬਰਘਾਣ ਵਿੱਚ ਤਾਲਿਬਾਨ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਅਫ਼ਗਾਨ ਬਲ ਇਸ ਸ਼ਹਿਰ ਨੂੰ ਤਾਲਿਬਾਨ ਦੇ ਕਬਜ਼ੇ 'ਚੋਂ ਵਾਪਸ ਲੈਣ ਦੀ ਕੋਸ਼ਿਸ਼ ਕਰ ਰਹੇ ਹਨ।

ਫਵਾਦ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਹਵਾਈ ਹਮਲਿਆਂ ਵਿੱਚ ਤਾਲਿਬਾਨ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਇਸ ਵਿਚ ਘੱਟੋ ਘੱਟ 200 ਲੜਾਕੇ ਮਾਰੇ ਗਏ ਹਨ।

ਫਵਾਦ ਮੁਤਾਬਿਕ ਅਫ਼ਗਾਨ ਸੈਨਾ ਇਸ ਵੇਲੇ ਅਫ਼ਗਾਨਿਸਤਾਨ ਦੇ ਕਈ ਸ਼ਹਿਰਾਂ ਵਿੱਚ ਤਾਲਿਬਾਨ ਦਾ ਮੁਕਾਬਲਾ ਕਰ ਰਹੀ ਹੈ। ਇਨ੍ਹਾਂ ਸ਼ਹਿਰਾਂ ਵਿੱਚ ਨੰਗਰਹਾਰ, ਲਗਮਨ, ਗਜ਼ਨੀ, ਪਖਤਿਆ, ਕੰਧਾਰ, ਹੇਰਾਤ, ਫਰਾਹ ਆਦਿ ਸ਼ਾਮਿਲ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਤਾਲਿਬਾਨ ਨੇ ਇਨ੍ਹਾਂ ਘਟਨਾਵਾਂ ਤੇ ਕੋਈ ਟਿੱਪਣੀ ਨਹੀਂ ਕੀਤੀ ਹਾਲਾਂਕਿ ਜ਼ਬੀਹੁੱਲਾ ਮੁਜਾਹਿਦ ਨੇ ਸ਼ਨੀਵਾਰ ਨੂੰ ਟਵਿੱਟਰ ਉਪਰ ਆਖਿਆ ਸੀ ਕਿ ਤਾਲਿਬਾਨ ਨੇ ਸ਼ਨੀਵਾਰ ਨੂੰ ਜੋਵਜਜਾਨ ਦੇ ਗਵਰਨਰ ਹਾਊਸ ਅਤੇ ਪੁਲਿਸ ਹੈੱਡਕੁਆਰਟਰ ਉਪਰ ਵੱਡੇ ਹਮਲੇ ਕੀਤੇ ਹਨ।

ਅਫ਼ਗਾਨਿਸਤਾਨ ਦੇ ਚੈਨਲ ਟੋਲੋ ਨਿਊਜ਼ ਮੁਤਾਬਕ ਵੀ ਬਲਖ਼, ਬਦਖਸ਼ਾਂ ਹੇਮਮੰਦ, ਕੰਧਾਰ,ਕੁੰਦੁਜ਼ ਵਿਖੇ ਲੜਾਈ ਦੀਆਂ ਖ਼ਬਰਾਂ ਹਨ।

ਬੀਬੀਸੀ ਦੇ ਸਵਾਲ ਦੇ ਜਵਾਬ ਵਿਚ ਅਮਰੀਕੀ ਸੈਂਟਰਲ ਕਮਾਂਡ ਦੀ ਨਿਕੋਲ ਫਰੇਰਾ ਨੇ ਆਖਿਆ ਹੈ ਕਿ ਅਮਰੀਕੀ ਸੈਨਾ ਦੇ ਲੜਾਕੂ ਜਹਾਜ਼ਾਂ ਦੇ ਹਮਲੇ ਬਾਰੇ ਉਹ ਕੋਈ ਵਿਸ਼ੇਸ਼ ਟਿੱਪਣੀ ਨਹੀਂ ਕਰਨਗੇ ਪਰ ਅਮਰੀਕੀ ਸੈਨਾ ਨੇ ਹਾਲ ਦੇ ਦਿਨਾਂ ਵਿੱਚ ਅਫ਼ਗਾਨ ਲੋਕਾਂ ਦੇ ਬਚਾਅ ਲਈ ਕਈ ਵੱਡੇ ਹਵਾਈ ਹਮਲੇ ਕੀਤੇ ਹਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

9/11ਦੇ ਹਮਲਿਆਂ ਤੋਂ ਬਾਅਦ ਅਮਰੀਕਾ ਨੇ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਠਿਕਾਣਿਆਂ ਤੇ ਆਪਣੇ ਬੀ-52 ਜਹਾਜ਼ਾਂ ਰਾਹੀਂ ਬੰਬ ਸੁੱਟੇ ਸਨ

9/11 ਦੇ ਹਮਲਿਆਂ ਤੋਂ ਬਾਅਦ ਅਮਰੀਕਾ ਨੇ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਠਿਕਾਣਿਆਂ ਤੇ ਆਪਣੇ ਬੀ-52 ਜਹਾਜ਼ਾਂ ਰਾਹੀਂ ਬੰਬ ਸੁੱਟੇ ਸਨ।ਅਫ਼ਗਾਨਿਸਤਾਨ ਦੇ ਲੋਕ ਅਤੇ ਤਾਲਿਬਾਨ ਇਨ੍ਹਾਂ ਲੜਾਕੂ ਜੈੱਟ ਬਾਰੇ ਜਾਣਦੇ ਹਨ।

ਕਈ ਸੂਬਿਆਂ ਵਿੱਚ ਫੌਜ ਅਤੇ ਤਾਲਿਬਾਨ ਆਹਮਣੇ ਸਾਹਮਣੇ

ਜੋਵਜਜ਼ਾਨ ਦੇ ਸਾਂਸਦ ਹਲੀਮਾ ਸਦਫ਼ ਨੇ ਬੀਬੀਸੀ ਨੂੰ ਦੱਸਿਆ ਕਿ ਸ਼ਹਿਰ ਦੇ ਦੂਸਰੇ ਪਾਸੇ ਅਫਗਾਨਿਸਤਾਨ ਸੈਨਾ ਦੇ ਨਾਲ ਹਥਿਆਰਬੰਦ ਨਾਗਰਿਕ ਵੀ ਤੈਨਾਤ ਹਨ। ਉਨ੍ਹਾਂ ਮੁਤਾਬਿਕ ਲੜਾਈ ਅਜੇ ਚੱਲ ਰਹੀ ਹੈ।

ਅਫ਼ਗਾਨਿਸਤਾਨ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਮੀਰ ਵਾਇਜ਼ ਨੇ ਆਖਿਆ ਹੈ ਕਿ ਸੁਰੱਖਿਆ ਬਲ ਸਥਾਨਕ ਨਾਗਰਿਕਾਂ ਅਤੇ ਨਵੇਂ ਪਹੁੰਚੇ ਫ਼ੌਜੀਆਂ ਦੀ ਮਦਦ ਨਾਲ ਇਲਾਕਿਆਂ ਨੂੰ ਹਾਸਿਲ ਕਰਨ ਵਿੱਚ ਕਾਮਯਾਬ ਹੋ ਜਾਣਗੇ।

ਨਾਲ ਲੱਗਦੇ ਸੂਬੇ ਬਲਖ ਵਿੱਚ ਵੀ ਸੈਨਾ ਦੇ ਟਿਕਾਣਿਆਂ ਉਪਰ ਹਮਲਿਆਂ ਦੀ ਖ਼ਬਰ ਹੈ। ਬਦਖ਼ਸ਼ਾਂ ਦੇ ਕਈ ਹਿੱਸਿਆਂ ਵਿੱਚ ਲੜਾਈ ਚੱਲ ਰਹੀ ਹੈ ।ਤਾਲੁਕਾਨ ਅਤੇ ਉਸ ਦੇ ਆਸ -ਪਾਸ ਵੀ ਲੜਾਈ ਜਾਰੀ ਹੈ ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਹੇਲਮੰਦ ਸੂਬੇ ਵਿੱਚ ਵੀ ਲੜਾਈ ਚੱਲ ਰਹੀ ਹੈ

ਬਦਖ਼ਸ਼ਾਂ ਸੂਬੇ ਦੇ ਸੂਤਰਾਂ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਫੈਜ਼ਾਬਾਦ ਵਿੱਚ ਹੋਈਆਂ ਝੜਪਾਂ ਵਿੱਚ ਚਾਰ ਫੌਜੀ ਮਾਰੇ ਗਏ ਹਨ ਜਦੋਂਕਿ ਚਾਰ ਜ਼ਖ਼ਮੀ ਹਨ।ਇਸ ਦੌਰਾਨ ਕਈ ਤਾਲਿਬਾਨੀ ਵੀ ਮਾਰੇ ਗਏ ਹਨ।

ਹੇਲਮੰਦ ਸੂਬੇ ਵਿੱਚ ਵੀ ਲੜਾਈ ਚੱਲ ਰਹੀ ਹੈ ਅਤੇ ਦੋਵੇਂ ਪਾਸੇ ਲੋਕਾਂ ਦੇ ਮਾਰੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ।

ਬੇਘਰ ਹੁੰਦੇ ਲੋਕ ਰਾਜਨੀਤਿਕ ਹਾਰ ਦਾ ਨਤੀਜਾ:UNHCR

ਸੰਯੁਕਤ ਰਾਸ਼ਟਰ ਦੇ ਸ਼ਰਨਾਰਥੀ ਮਾਮਲਿਆਂ ਦੇ ਸੰਸਥਾ ਯੂਨਾਈਟਿਡ ਨੇਸ਼ਨ ਹਾਈ ਕਮਿਸ਼ਨਰ ਫਾਰ ਰਿਫਿਊਜੀਆਂ ਨੇ ਅਫ਼ਗ਼ਾਨਿਸਤਾਨ ਵਿੱਚ ਚੱਲ ਰਹੀ ਲੜਾਈ ਦੇ ਕਾਰਨ ਬੇਘਰ ਹੋ ਰਹੇ ਲੋਕਾਂ ਦੀ ਵਧ ਰਹੀ ਸੰਖਿਆ ਉੱਤੇ ਆਪਣੀ ਚਿੰਤਾ ਜ਼ਾਹਿਰ ਕੀਤੀ ਹੈ।

ਯੂਐਨਐਚਸੀਆਰ ਨੇ ਅਫ਼ਗਾਨਿਸਤਾਨ ਵਿੱਚ ਵਧ ਰਹੇ ਸੰਕਟ ਦੇ ਤੁਰੰਤ ਹੱਲ ਦੀ ਅਪੀਲ ਕੀਤੀ ਹੈ। ਸੰਸਥਾ ਦਾ ਕਹਿਣਾ ਹੈ ਕਿ ਅਫ਼ਗ਼ਾਨਿਸਤਾਨ ਵਿੱਚ ਵੱਡੇ ਪੱਧਰ ’ਤੇ ਹੋ ਰਹੇ ਉਜਾੜੇ ਦਾ ਕਾਰਨ ਰਾਜਨੀਤਕ ਹਾਰ ਹੈ।

ਅਬਦੁਲ ਸਮਦ ਉਨ੍ਹਾਂ ਹਜ਼ਾਰਾਂ ਲੋਕਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਇਸ ਲੜਾਈ ਦੇ ਕਾਰਨ ਹੇਲਮੰਦ ਛੱਡਿਆ ਹੈ।ਉਨ੍ਹਾਂ ਨੇ ਦੱਸਿਆ ਕਿ ਲਸ਼ਗਰਗਾਹ ਵਿੱਚ ਭਿਆਨਕ ਲੜਾਈ ਚੱਲ ਰਹੀ ਹੈ ਅਤੇ ਅੱਧੇ ਤੋਂ ਵੱਧ ਪਰਿਵਾਰਾਂ ਨੂੰ ਸੁਰੱਖਿਆ ਵਾਸਤੇ ਦੂਜੇ ਜ਼ਿਲ੍ਹਿਆਂ ਵੱਲ ਭੇਜਿਆ ਗਿਆ ਹੈ।

ਹੇਲਮੰਦ ਦੇ ਲੋਕਾਂ ਦਾ ਕਹਿਣਾ ਹੈ ਕਿ ਲੜਾਈ ਦੇ ਕਾਰਨ ਖਾਣੇ ਦੀ ਸਮੱਸਿਆ ਹੋ ਗਈ ਹੈ। ਲੜਾਈ ਕਾਰਨ ਬਹੁਤ ਸਾਰੇ ਲੋਕਾਂ ਨੂੰ ਖੁੱਲ੍ਹੇ ਅਸਮਾਨ ਥੱਲੇ ਸੌਣਾ ਪੈ ਰਿਹਾ ਹੈ।

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ,

ਬੇਘਰ ਹੋਏ ਲੋਕਾਂ ਦੀ ਗਿਣਤੀ ਪਿਛਲੇ ਸਾਲ ਨਾਲੋਂ ਦੁੱਗਣੀ ਹੋ ਗਈ ਹੈ।

ਸੰਯੁਕਤ ਰਾਸ਼ਟਰ ਦੇ ਅਧਿਕਾਰੀ ਨੇ ਅਫਗਾਨਿਸਤਾਨ ਨੂੰ ਚੱਲ ਰਹੇ ਯੁੱਧ ਨੂੰ ਤੁਰੰਤ ਖ਼ਤਮ ਕਰਨ ਦੀ ਅਪੀਲ ਕਰਦੇ ਹੋਏ ਆਖਿਆ ਹੈ ਕਿ ਜੇਕਰ ਮੌਜੂਦਾ ਸੰਕਟ ਦਾ ਛੇਤੀ ਹੱਲ ਨਹੀਂ ਕੀਤਾ ਗਿਆ ਤਾਂ ਵੱਡੀ ਸੰਖਿਆ ਵਿੱਚ ਲੋਕ ਘਰ ਛੱਡ ਦੇਣਗੇ ਅਤੇ ਬੇਘਰ ਹੋ ਜਾਣਗੇ।

ਦੂਜੇ ਪਾਸੇ ਅਫ਼ਗਾਨਿਸਤਾਨ ਦੇ ਸ਼ਰਨਾਰਥੀ ਮੰਤਰਾਲੇ ਦਾ ਕਹਿਣਾ ਹੈ ਕਿ ਬੇਘਰ ਹੋਏ ਲੋਕਾਂ ਦੀ ਗਿਣਤੀ ਪਿਛਲੇ ਸਾਲ ਨਾਲੋਂ ਦੁੱਗਣੀ ਹੋ ਗਈ ਹੈ।

ਮੰਤਰਾਲੇ ਦੇ ਮੁਖੀ ਮੇਹਰ ਖ਼ੁਦਾ ਸਾਬਿਰ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਪਿਛਲੇ ਮਹੀਨੇ ਹੀ ਚਾਰ ਹਜ਼ਾਰ ਪਰਿਵਾਰ ਆਪਣੇ ਘਰ ਛੱਡ ਚੁੱਕੇ ਹਨ।

ਲੜਾਈ ਦੇ ਕਾਰਨ ਕਈ ਸੂਬਿਆਂ ਵਿਚ ਰਾਹਤ ਏਜੰਸੀਆਂ ਦਾ ਕੰਮ ਵੀ ਪ੍ਰਭਾਵਿਤ ਹੋਇਆ ਹੈ ਅਤੇ ਲੜਾਈ ਵਿੱਚ ਫਸੇ ਲੋਕਾਂ ਤੱਕ ਮਦਦ ਨਹੀਂ ਪਹੁੰਚ ਪਾ ਰਹੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)