ਅਫ਼ਗਾਨਿਸਤਾਨ 'ਚ ਤਾਲਿਬਾਨ : ਕੀ ਤਾਲਿਬਾਨੀ ਸੱਤਾ ਮੁਲਕ ਨੂੰ 'ਅੱਤਵਾਦ ਦੀ ਯੂਨੀਵਰਸਿਟੀ' ਤਾਂ ਨਹੀਂ ਬਣਾਵੇਗੀ

  • ਫਰੈਂਕ ਗਾਰਡਨਰ
  • ਬੀਬੀਸੀ ਸੁਰੱਖਿਆ ਪੱਤਰਕਾਰ
ਅਫ਼ਗਾਨਿਸਤਾਨ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ,

ਤਾਲਿਬਾਨ ਮੁੜ ਸੜਕਾਂ ਆ ਗਿਆ ਪਰ ਇਸ ਵਾਰ ਉਹ ਵੱਖਰੇ ਹੋਣ ਦੀ ਗੱਲ ਆਖ ਰਿਹਾ ਹੈ

ਅਫ਼ਗਾਨਿਸਤਾਨ ਦੇ ਕੁਨਾਰ ਪ੍ਰਾਂਤ ਦੀਆਂ ਦੂਰ-ਦੁਰਾਡੇ ਦੀਆਂ ਦੇਵਦਾਰ ਦੀਆਂ ਘਾਟੀਆਂ ਅਤੇ ਆਨਲਾਈਨ ਜੇਹਾਦੀ ਚੈਟ ਫੋਰਮਾਂ ਵਿੱਚ ਅਲ-ਕਾਇਦਾ ਸਮਰਥਕ ਤਾਲਿਬਾਨ ਦੀ 'ਇਤਿਹਾਸਕ ਜਿੱਤ' ਨੂੰ ਦੇਖ ਕੇ ਖੁਸ਼ ਹੋ ਰਹੇ ਹਨ।

20 ਸਾਲ ਪਹਿਲਾਂ ਤਾਲਿਬਾਨ ਅਤੇ ਅਲ-ਕਾਇਦਾ ਦੋਵਾਂ ਨੂੰ ਅਸਥਾਈ ਤੌਰ 'ਤੇ ਬਾਹਰ ਕੱਢਣ ਵਾਲੀਆਂ ਬਹੁਤ ਸਾਰੀਆਂ ਤਾਕਤਾਂ ਦੀ ਬੇਇੱਜ਼ਤੀ ਭਰੀ ਰੁਖ਼ਸਤਗੀ ਨੇ ਪੂਰੀ ਦੁਨੀਆਂ ਵਿੱਚ ਪੱਛਮ-ਵਿਰੋਧੀ ਜੇਹਾਦੀਆਂ ਦਾ ਵੱਡੇ ਪੱਧਰ 'ਤੇ ਮਨੋਬਲ ਵਧਾਇਆ ਹੈ।

ਉਨ੍ਹਾਂ ਲਈ ਸੰਭਾਵਤ ਲੁਕਣ ਦੀਆਂ ਥਾਵਾਂ ਜੋ ਹੁਣ ਦੇਸ਼ ਦੇ ਸ਼ਾਸਨ ਰਹਿਤ ਸਥਾਨਾਂ ਵਿੱਚ ਖੁੱਲ੍ਹ ਰਹੀਆਂ ਹਨ, ਵਿਸ਼ੇਸ਼ ਤੌਰ 'ਤੇ ਇਸਲਾਮਿਕ ਸਟੇਟ (ਆਈਐੱਸ) ਦੇ ਅੱਤਵਾਦੀਆਂ ਲਈ, ਇਹ ਇੱਕ ਆਕਰਸ਼ਕ ਤੋਹਫ਼ਾ ਹੈ ਜੋ ਇਰਾਕ ਅਤੇ ਸੀਰੀਆ ਵਿੱਚ ਆਪਣੇ ਸਵੈ-ਘੋਸ਼ਿਤ ਖਲੀਫ਼ਾ ਦੀ ਹਾਰ ਤੋਂ ਬਾਅਦ ਇੱਕ ਨਵਾਂ ਅੱਡਾ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ।

ਪੱਛਮੀ ਜਰਨੈਲ ਅਤੇ ਸਿਆਸਤਦਾਨ ਚਿਤਾਵਨੀ ਦੇ ਰਹੇ ਹਨ ਕਿ ਅਲ-ਕਾਇਦਾ ਦੀ ਅਫ਼ਗਾਨਿਸਤਾਨ ਵਿੱਚ ਤਾਕਤ ਨਾਲ ਵਾਪਸੀ 'ਅਟੱਲ' ਹੈ।

ਪੱਛਮੀ ਮੁਲਕਾਂ ਦੀ ਚਿੰਤਾ

ਅਫ਼ਗਾਨਿਸਤਾਨ ਵਿਚ ਤਾਲਿਬਾਨ ਦੀ 20 ਸਾਲ ਬਾਅਦ ਸੱਤਾ ਵਿਚ ਵਾਪਸੀ ਹੋਈ ਹੈ। ਅਮਰੀਕਾ ਉੱਤੇ 9/11 ਦੇ ਅੱਤਵਾਦੀ ਹਮਲੇ ਦੇ ਮੁਲਜ਼ਮਾਂ ਨੂੰ ਪਨਾਹ ਦੇਣ ਖ਼ਿਲਾਫ਼ ਅਫ਼ਗਾਨ ਉੱਤੇ ਹਮਲਾ ਹੋਇਆ ਸੀ।

2001 ਵਿਚ ਅਮਰੀਕਾ ਤੇ ਨੈਟੋ ਗੱਠਜੋੜ ਦੀਆਂ ਫੌਜਾਂ ਨੇ ਤਾਲਿਬਾਨ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ ਸੀ। ਪਰ ਹੁਣ ਜਦੋਂ ਦੋ ਦਹਾਕੇ ਬਾਅਦ ਵਿਦੇਸ਼ੀ ਫੌਜਾਂ ਮੁੜੀਆਂ ਹਨ ਤਾਂ ਤਾਲਿਬਾਨ ਨੇ ਜ਼ਬਰੀ ਫੇਰ ਤਖ਼ਤਾ ਪਲਟ ਦਿੱਤਾ ਹੈ।

ਇਹ ਵੀ ਪੜ੍ਹੋ-

ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਇੱਕ ਐਮਰਜੈਂਸੀ ਮੀਟਿੰਗ ਤੋਂ ਬਾਅਦ ਬੋਲਦਿਆਂ ਚਿਤਾਵਨੀ ਦਿੱਤੀ ਕਿ ਅਫ਼ਗਾਨਿਸਤਾਨ ਨੂੰ ਅੰਤਰਰਾਸ਼ਟਰੀ ਅੱਤਵਾਦੀ ਸਮੂਹਾਂ ਲਈ ਇੱਕ ਪਨਾਹਗਾਹ ਬਣਨ ਤੋਂ ਰੋਕਣ ਲਈ ਪੱਛਮੀ ਦੇਸ਼ਾਂ ਨੂੰ ਇੱਕਜੁੱਟ ਹੋਣ ਦੀ ਲੋੜ ਹੈ।

ਸੋਮਵਾਰ ਨੂੰ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੂੰ 'ਅਫ਼ਗਾਨਿਸਤਾਨ ਵਿੱਚ ਵਿਸ਼ਵਵਿਆਪੀ ਅੱਤਵਾਦੀ ਖ਼ਤਰੇ ਨੂੰ ਦਬਾਉਣ ਲਈ ਆਪਣੇ ਸਾਰੇ ਸਾਧਨਾਂ ਦੀ ਵਰਤੋਂ' ਕਰਨ ਲਈ ਕਿਹਾ।

ਪਰ ਕੀ ਤਾਲਿਬਾਨ ਦੀ ਵਾਪਸੀ ਸਵੈਚਾਲਤ ਰੂਪ ਨਾਲ ਅਲ-ਕਾਇਦਾ ਦੇ ਠਿਕਾਣਿਆਂ ਦੀ ਵਾਪਸੀ ਅਤੇ ਪੱਛਮੀ ਦੇਸ਼ਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਅੰਤਰਰਾਸ਼ਟਰੀ ਅੱਤਵਾਦੀ ਹਮਲਿਆਂ ਲਈ ਇੱਕ ਪਲੇਟਫਾਰਮ ਵਿੱਚ ਬਦਲ ਜਾਂਦੀ ਹੈ?

ਨਹੀਂ, ਇਹ ਜ਼ਰੂਰੀ ਨਹੀਂ।

ਵੀਡੀਓ ਕੈਪਸ਼ਨ,

ਅਫ਼ਗਾਨਿਸਤਾਨ ਦੇ ਕਾਬੁਲ ਏਅਰਪੋਰਟ ਦੇ ਕੋਲ ਹਵਾਈ ਫਾਇਰ ਕਰਦਿਆਂ ਦੀਆਂ ਇਹ ਤਸਵੀਰਾਂ ਡਰਾ ਦੇਣ ਵਾਲੀਆਂ ਹਨ

ਸਰਕਾਰ ਨੂੰ ਮਾਨਤਾ ਦੀ ਇੱਛਾ

ਪਿਛਲੀ ਵਾਰ ਜਦੋਂ ਤਾਲਿਬਾਨ ਨੇ 1996-2001 ਤੱਕ ਪੂਰੇ ਦੇਸ਼ 'ਤੇ ਰਾਜ ਕੀਤਾ, ਉਦੋਂ ਅਫ਼ਗਾਨਿਸਤਾਨ ਵਿਵਹਾਰਕ ਤੌਰ 'ਤੇ ਇੱਕ ਅਲੱਗ-ਥਲੱਗ ਦੇਸ਼ ਸੀ।

ਸਿਰਫ਼ ਤਿੰਨ ਦੇਸ਼ਾਂ ਸਾਊਦੀ ਅਰਬ, ਪਾਕਿਸਤਾਨ ਅਤੇ ਸੰਯੁਕਤ ਅਰਬ ਅਮੀਰਾਤ ਨੇ ਉਸ ਦੀ ਸਰਕਾਰ ਨੂੰ ਮਾਨਤਾ ਦਿੱਤੀ ਸੀ।

ਤਾਲਿਬਾਨ ਨੇ ਆਪਣੀ ਆਬਾਦੀ 'ਤੇ ਜ਼ੁਲਮ ਢਾਹੁਣ ਦੇ ਨਾਲ-ਨਾਲ, ਓਸਾਮਾ ਬਿਨ ਲਾਦੇਨ ਦੇ ਅਲ-ਕਾਇਦਾ ਸੰਗਠਨ ਲਈ ਸੁਰੱਖਿਅਤ ਪਨਾਹਗਾਹ ਮੁਹੱਈਆ ਕਰਵਾਈ ਸੀ।

ਜਿਸ ਨੇ 2001 ਵਿੱਚ ਅਮਰੀਕਾ 'ਤੇ 9/11 ਦੇ ਹਮਲਿਆਂ ਨੂੰ ਅੰਜਾਮ ਦਿੱਤਾ ਸੀ, ਜਿਸ ਵਿੱਚ ਲਗਭਗ 3,000 ਲੋਕ ਮਾਰੇ ਗਏ ਸਨ।

ਦੁਨੀਆ ਭਰ ਤੋਂ ਅਨੁਮਾਨਤ 20,000 ਰੰਗਰੂਟ ਅਲ-ਕਾਇਦਾ ਦੇ ਸਿਖਲਾਈ ਕੈਂਪਾਂ ਵਿੱਚ ਸ਼ਾਮਲ ਹੋਏ, ਉਨ੍ਹਾਂ ਨੇ ਘਾਤਕ ਹੁਨਰ ਸਿੱਖੇ ਅਤੇ ਫਿਰ ਵਾਪਸ ਆਪਣੇ-ਆਪਣੇ ਦੇਸ਼ਾਂ ਵਿਚ ਫੈਲ ਗਏ, ਇਸ ਕਾਰਨ ਇਸ ਨੂੰ 'ਅੱਤਵਾਦ ਦੀ ਯੂਨੀਵਰਸਿਟੀ' ਦੇ ਰੂਪ ਵਿੱਚ ਜਾਣਿਆ ਜਾਣ ਲੱਗਿਆ।

ਤਾਲਿਬਾਨ ਅੱਜ ਵੀ ਆਪਣੇ ਆਪ ਨੂੰ 'ਇਸਲਾਮਿਕ ਅਮੀਰਾਤ ਆਫ ਅਫ਼ਗਾਨਿਸਤਾਨ' ਦੇ ਬਿਨਾਂ ਚੁਣੇ ਹੋਏ ਅਧਿਕਾਰਤ ਹੱਕਦਾਰ ਮੰਨਦੇ ਹਨ ਅਤੇ ਉਹ ਕੁਝ ਹੱਦ ਤਕ ਅੰਤਰਰਾਸ਼ਟਰੀ ਮਾਨਤਾ ਚਾਹੁੰਦੇ ਹਨ।

ਉਹ ਪਹਿਲਾਂ ਹੀ ਇਸ ਵਿਚਾਰ ਨੂੰ ਪੇਸ਼ ਕਰਨ ਲਈ ਉਤਸੁਕ ਦਿਖਾਈ ਦਿੰਦੇ ਹਨ ਕਿ ਉਹ ਪਿਛਲੇ 20 ਸਾਲਾਂ ਵਿੱਚ ਸਰਕਾਰ ਦੇ ਭ੍ਰਿਸ਼ਟਾਚਾਰ, ਅੰਦਰੂਨੀ ਲੜਾਈ-ਝਗੜੇ ਅਤੇ ਬਰਬਾਦੀ ਤੋਂ ਬਾਅਦ ਵਿਵਸਥਾ, ਸ਼ਾਂਤੀ ਅਤੇ ਅਧਿਕਾਰਾਂ ਨੂੰ ਬਹਾਲ ਕਰਨ ਲਈ ਆਏ ਹਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਓਸਾਮਾ ਬਿਨ ਲਾਦੇਨ ਦੀ ਅਗਵਾਈ ਵਾਲਾ ਅਲ-ਕਾਇਦਾ ਅਫਗਾਨਿਸਤ ਤੋਂ ਹੀ 9/11 ਹਮਲੇ ਦੀ ਯੋਜਨਾ ਬਣਾਈ ਸੀ

ਦੋਵਾਂ ਵਿੱਚ ਹੋਈ ਸ਼ਾਂਤੀ ਵਾਰਤਾ ਦੀ ਅਸਫ਼ਲਤਾ ਦੇ ਦੌਰਾਨ ਤਾਲਿਬਾਨ ਵਾਰਤਾਕਾਰਾਂ ਨੂੰ ਇਹ ਸਪੱਸ਼ਟ ਕਰ ਦਿੱਤਾ ਗਿਆ ਸੀ ਕਿ ਉਨ੍ਹਾਂ ਨੂੰ ਲੋੜੀਂਦੀ ਮਾਨਤਾ ਤਾਂ ਹੀ ਮਿਲ ਸਕਦੀ ਹੈ ਜੇਕਰ ਉਹ ਆਪਣੇ ਆਪ ਨੂੰ ਅਲ-ਕਾਇਦਾ ਤੋਂ ਪੂਰੀ ਤਰ੍ਹਾਂ ਅਲੱਗ ਕਰ ਲੈਣ।

ਤਾਲਿਬਾਨ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਇਹ ਕਰ ਚੁੱਕੇ ਹਾਂ। ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ, ਸੰਯੁਕਤ ਰਾਸ਼ਟਰ ਦੀ ਇੱਕ ਤਾਜ਼ਾ ਰਿਪੋਰਟ ਵਿੱਚ ਦੋਵਾਂ ਸਮੂਹਾਂ ਵਿਚਕਾਰ ਨਜ਼ਦੀਕੀ ਕਬਾਇਲੀ ਅਤੇ ਵਿਆਹੁਤਾ ਸਬੰਧਾਂ ਵੱਲ ਇਸ਼ਾਰਾ ਕੀਤਾ ਗਿਆ ਹੈ।

ਤਾਲਿਬਾਨ ਵੱਲੋਂ ਹਾਲ ਹੀ ਵਿੱਚ ਪੂਰੇ ਦੇਸ਼ ਉੱਤੇ ਨਾਟਕੀ ਢੰਗ ਨਾਲ ਕਬਜ਼ਾ ਕਰਨ ਦੇ ਦੌਰਾਨ, ਉਨ੍ਹਾਂ ਦੇ ਰੈਂਕਾਂ ਵਿੱਚ 'ਵਿਦੇਸ਼ੀ' ਅਰਥਾਤ ਗ਼ੈਰ-ਅਫ਼ਗਾਨ ਲੜਾਕਿਆਂ ਨੂੰ ਵੇਖਣ ਦੀਆਂ ਕਈ ਰਿਪੋਰਟਾਂ ਆਈਆਂ ਹਨ।

ਇਹ ਵੀ ਸਪੱਸ਼ਟ ਹੈ ਕਿ ਇੱਕ ਪਾਸੇ ਤਾਲਿਬਾਨ ਦੇ ਮੋਹਰੀ ਵਿਅਕਤੀਆਂ-ਵਾਰਤਾਕਾਰਾਂ ਅਤੇ ਬੁਲਾਰਿਆਂ ਵੱਲੋਂ ਬੋਲੇ ਗਏ ਵਧੇਰੇ ਉਦਾਰ, ਵਿਵਹਾਰਕ ਸ਼ਬਦ ਅਤੇ ਦੂਜੇ ਪਾਸੇ ਜ਼ਮੀਨੀ ਪੱਧਰ 'ਤੇ ਬਦਲਾ ਲੈਣ ਦੀਆਂ ਕੁਝ ਵਹਿਸ਼ੀਆਨਾ ਕਾਰਵਾਈਆਂ ਵਿੱਚ ਅੰਤਰ ਹੈ।

ਇਹ ਵੀ ਪੜ੍ਹੋ-

12 ਅਗਸਤ ਨੂੰ ਜਦੋਂ ਤਾਲਿਬਾਨ ਰਾਜਧਾਨੀ ਵਿੱਚ ਅੱਗੇ ਵੱਧ ਰਹੇ ਸਨ, ਕਾਬੁਲ ਵਿੱਚ ਯੂਐੱਸ ਦੇ ਉਪਰਾਜਦੂਤ (US charge d'affaires) ਨੇ ਟਵੀਟ ਕੀਤਾ, "ਦੋਹਾ ਵਿੱਚ ਤਾਲਿਬਾਨ ਦੇ ਬਿਆਨ ਬਦਖਸ਼ਨ, ਗਜ਼ਨੀ, ਹੇਲਮੰਡ ਅਤੇ ਕੰਧਾਰ ਵਿੱਚ ਉਨ੍ਹਾਂ ਦੀਆਂ ਕਾਰਵਾਈਆਂ ਨਾਲ ਮੇਲ ਨਹੀਂ ਖਾਂਦੇ।"

"ਹਿੰਸਾ, ਡਰ ਅਤੇ ਯੁੱਧ ਰਾਹੀਂ ਸੱਤਾ 'ਤੇ ਏਕਾਧਿਕਾਰ ਕਰਨ ਦੀ ਕੋਸ਼ਿਸ਼ ਸਿਰਫ਼ ਅੰਤਰਰਾਸ਼ਟਰੀ ਪੱਧਰ 'ਤੇ ਅਲੱਗ-ਥਲੱਗ ਹੋਣ ਦਾ ਕਾਰਨ ਬਣੇਗੀ।"

ਪੱਛਮ ਜੇਹਾਦੀਆਂ ਨੂੰ ਰੋਕਣ ਲਈ ਸੰਘਰਸ਼ ਕਰ ਸਕਦਾ ਹੈ

ਤਾਲਿਬਾਨ ਦਾ ਧਿਆਨ ਅਫ਼ਗਾਨਿਸਤਾਨ 'ਤੇ ਸ਼ਰੀਅਤ, ਇਸਲਾਮਿਕ ਕਾਨੂੰਨ ਦੀ ਸਖ਼ਤ ਵਿਆਖਿਆ ਦੇ ਅਨੁਸਾਰ ਸ਼ਾਸਨ ਕਰਨ 'ਤੇ ਹੈ, ਨਾ ਕਿ ਇਸ ਦੀਆਂ ਸਰਹੱਦਾਂ ਤੋਂ ਬਾਹਰ।

ਪਰ ਅਲ-ਕਾਇਦਾ ਅਤੇ ਆਈਐੱਸ ਦੇ ਹੋਰ ਜੇਹਾਦੀਆਂ ਦੀਆਂ ਉਨ੍ਹਾਂ ਸਰਹੱਦਾਂ ਤੋਂ ਬਾਹਰ ਵੱਖੋ-ਵੱਖਰੀਆਂ ਇੱਛਾਵਾਂ ਹੋ ਸਕਦੀਆਂ ਹਨ।

ਇਹ ਸੰਭਵ ਹੈ ਕਿ ਭਾਵੇਂ ਨਵੀਂ ਤਾਲਿਬਾਨ ਸਰਕਾਰ ਉਨ੍ਹਾਂ ਨੂੰ ਰੋਕਣਾ ਚਾਹੇ, ਪਰ ਦੇਸ਼ ਦੇ ਕੁਝ ਹਿੱਸੇ ਅਜਿਹੇ ਵੀ ਹਨ ਜਿੱਥੇ ਉਨ੍ਹਾਂ ਦੀਆਂ ਗਤੀਵਿਧੀਆਂ ਵੱਲ ਕਿਸੇ ਦਾ ਧਿਆਨ ਨਹੀਂ ਜਾ ਸਕਦਾ।

ਏਸ਼ੀਆ ਪੈਸੀਫਿਕ ਫਾਊਂਡੇਸ਼ਨ ਦੇ ਡਾਕਟਰ ਸੱਜਣ ਗੋਹੇਲ ਉਮੀਦ ਕਰ ਰਹੇ ਹਨ ਕਿ ਮੌਜੂਦਾ ਸਮੇਂ ਵਿੱਚ ਕੁਨਾਰ ਵਿੱਚ ਜੋ 200-500 ਅਲ-ਕਾਇਦਾ ਦੇ ਮੈਂਬਰ ਹਨ, ਉਨ੍ਹਾਂ ਵਿੱਚ ਵਾਧਾ ਹੋਵੇਗਾ।

'ਕੁਨਾਰ ਪ੍ਰਾਂਤ 'ਤੇ ਤਾਲਿਬਾਨ ਦਾ ਕਬਜ਼ਾ ਬਹੁਤ ਜ਼ਿਆਦਾ ਰਣਨੀਤਕ ਮਹੱਤਵ ਵਾਲਾ ਹੈ ਕਿਉਂਕਿ ਇਸ ਵਿੱਚ ਸੰਘਣੇ ਜੰਗਲਾਂ ਵਾਲੀਆਂ ਘਾਟੀਆਂ ਵਾਲਾ ਸਭ ਤੋਂ ਚੁਣੌਤੀਪੂਰਨ ਇਲਾਕਾ ਹੈ।

ਉੱਥੇ ਪਹਿਲਾਂ ਹੀ ਅਲ-ਕਾਇਦਾ ਦੀ ਮੌਜੂਦਗੀ ਹੈ, ਜਿਸ ਦਾ ਉਹ ਵਿਸਤਾਰ ਕਰਨਾ ਚਾਹੁੰਦਾ ਹੈ।'

ਵੀਡੀਓ ਕੈਪਸ਼ਨ,

ਤਾਲਿਬਾਨ ਲੜਾਕੂਆਂ ਨੇ ਕਾਬੁਲ ’ਚ ਰਾਸ਼ਟਰਪਤੀ ਭਵਨ ’ਤੇ ਇੰਝ ਕੀਤਾ ਕਬਜ਼ਾ

ਜੇ ਅਜਿਹਾ ਹੁੰਦਾ ਹੈ, ਤਾਂ ਪੱਛਮ ਲਈ ਇਸ ਨੂੰ ਰੋਕਣਾ ਸਪੱਸ਼ਟ ਤੌਰ 'ਤੇ ਬਹੁਤ ਮੁਸ਼ਕਲ ਹੋਵੇਗਾ।

ਪਿਛਲੇ 20 ਸਾਲਾਂ ਤੋਂ ਇਹ ਐੱਨਡੀਐੱਸ, ਅਫ਼ਗਾਨ ਖੁਫੀਆ ਸੇਵਾ 'ਤੇ ਬਹੁਤ ਨਿਰਭਰ ਹੈ, ਇਸ ਦੇ ਮੁਖਬਰਾਂ ਦਾ ਨੈੱਟਵਰਕ ਯੂਐੱਸ, ਯੂਕੇ ਅਤੇ ਅਫ਼ਗਾਨ ਸਪੈਸ਼ਲ ਫੋਰਸਿਜ਼ ਦੀਆਂ ਕੁਇਕ ਰਿਐਕਸ਼ਨ ਟੀਮਾਂ ਨਾਲ ਜੁੜਿਆ ਹੋਇਆ ਹੈ।

ਇਹ ਉਹ ਹੈ, ਜੋ ਸਭ ਹੁਣ ਖ਼ਤਮ ਹੋ ਗਿਆ ਹੈ, ਜਿਸ ਨੇ ਅਫ਼ਗਾਨਿਸਤਾਨ ਨੂੰ ਖ਼ੁਫ਼ੀਆ ਪੱਖ ਤੋਂ 'ਮੁਸ਼ਕਿਲ ਟੀਚਾ' ਬਣਾ ਦਿੱਤਾ ਹੈ।

ਜੇ ਦਹਿਸ਼ਤਗਰਦੀ ਸਿਖਲਾਈ ਕੈਂਪਾਂ ਦੀ ਪਛਾਣ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਦਾ ਪਤਾ ਲਗਾਇਆ ਜਾਂਦਾ ਹੈ ਤਾਂ ਵਾਸ਼ਿੰਗਟਨ ਲਈ ਵਿਕਲਪ ਦੂਰ ਦੇ ਡਰੋਨ ਹਮਲਿਆਂ ਜਾਂ ਕਰੂਜ਼ ਮਿਜ਼ਾਇਲ ਹਮਲਿਆਂ ਲਈ ਘੱਟ ਹੋ ਸਕਦੇ ਹਨ, ਜਿਵੇਂ ਕਿ 1998 ਵਿੱਚ ਓਸਾਮਾ ਬਿਨ ਲਾਦੇਨ ਤੋਂ ਖੁੰਝ ਗਏ ਸਨ।

ਡਾ. ਗੋਹੇਲ ਦਾ ਕਹਿਣਾ ਹੈ ਕਿ ਬਹੁਤ ਕੁਝ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਕੀ ਪਾਕਿਸਤਾਨੀ ਅਧਿਕਾਰੀ ਵਿਦੇਸ਼ੀ ਲੜਾਕਿਆਂ ਨੂੰ ਆਪਣੇ ਖੇਤਰ ਤੋਂ ਅਫ਼ਗਾਨਿਸਤਾਨ ਜਾਣ ਤੋਂ ਰੋਕਦੇ ਹਨ ਜਾਂ ਉਨ੍ਹਾਂ ਨੂੰ ਸਮਰੱਥ ਕਰਦੇ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)