ਅਫ਼ਗਾਨਿਸਤਾਨ: 170 ਫੁੱਟ ਉੱਚਾ ਬਾਮੀਆਨ ਬੁੱਧ ਦਾ ਬੁੱਤ 25 ਦਿਨਾਂ 'ਚ ਕਿਸ ਤਰ੍ਹਾਂ ਤੋੜਿਆ ਗਿਆ ਸੀ
- ਨਾਸਿਰ ਬੇਹਜ਼ਾਦ ਅਤੇ ਦਾਊਦ ਕਾਰੀਜ਼ਾਦਾ
- ਬੀਬੀਸੀ ਪੱਤਰਕਾਰ

ਮਿਰਜ਼ਾ ਹੁਸੈਨ ਉਸ ਸਮੇਂ 26 ਸਾਲਾਂ ਦੇ ਸਨ, ਜਦੋਂ ਤਾਲਿਬਾਨ ਨੇ ਉਨ੍ਹਾਂ ਨੂੰ ਬਾਮੀਆਨ ਦੀ ਮਸ਼ਹੂਰ ਬੁੱਧ ਦੀ ਮੂਰਤੀ ਨੂੰ ਤੋੜਨ ਲਈ ਉਸ 'ਚ ਵਿਸਫੋਟਕ ਲਗਾਉਣ ਦਾ ਹੁਕਮ ਦਿੱਤਾ ਸੀ।
ਪੁਰਾਣੇ ਰੇਤ ਦੇ ਪੱਥਰ (ਬਲੁਆ ਪੱਥਰ) ਨਾਲ ਬਣੀ ਇਹ ਮੂਰਤੀ ਕਿਸੇ ਜ਼ਮਾਨੇ 'ਚ ਦੁਨੀਆ ਭਰ 'ਚ ਬੁੱਧ ਦੀ ਸਭ ਤੋਂ ਉੱਚੀ ਮੂਰਤੀ ਹੋਣ ਦਾ ਮਾਣ ਰੱਖਦੀ ਸੀ।
ਮੀਟਰਾਂ ਵਿਚ ਇਸ ਦੀ ਉਚਾਈ 55 ਮੀਟਰ ਹੈ ਅਤੇ ਫੁੱਟਾਂ ਦੇ ਹਿਸਾਬ ਨਾਲ ਇਹ 170 ਫੁੱਟ ਦੇ ਕਰੀਬ ਬਣ ਜਾਂਦੀ ਹੈ।
ਇਸ ਮੂਰਤੀ ਨੂੰ ਢਾਹ ਢੇਰੀ ਕਰਕੇ ਤਾਲਿਬਾਨ ਨੇ ਨਾ ਸਿਰਫ ਦੁਨੀਆ ਭਰ ਨੂੰ ਵੱਡਾ ਸਦਮਾ ਪਹੁੰਚਾਇਆ ਸੀ, ਬਲਕਿ ਇਸਲਾਮਿਕ ਰਾਜ ਵਰਗੀ ਸੰਸਥਾ ਦੇ ਲਈ ਵੀ ਇੱਕ ਮਿਸਾਲ ਕਾਇਮ ਕੀਤੀ ਸੀ।
ਆਈਐਸ ਨੇ ਇਰਾਕੀ ਪੁਰਾਤੱਤਵ ਸਥਾਨਾਂ ਨੂੰ ਵੀ ਤਬਾਹ ਕੀਤਾ ਸੀ ।
ਪਿਛਲੇ 20 ਸਾਲਾਂ 'ਚ ਅਫ਼ਗਾਨਿਸਤਾਨ 'ਚ ਬਹੁਤ ਕੁਝ ਬਦਲ ਗਿਆ ਹੈ, ਪਰ ਮਿਰਜ਼ਾ ਹੁਸੈਨ ਲਈ ਬੁੱਧ ਦੀ ਮੂਰਤੀ ਨੂੰ ਤਬਾਹ ਕਰਨ ਦੀ ਯਾਦ ਅੱਜ ਵੀ ਤਾਜ਼ਾ ਹੈ।
ਅਫ਼ਗਾਨਿਸਤਾਨ ਨੂੰ 2002 ਵਿਚ ਅਮਰੀਕਾ ਨੇ ਸੱਤਾ ਤੋਂ ਬਾਹਰ ਕਰ ਦਿੱਤਾ ਸੀ। ਦੋ ਦਹਾਕਿਆਂ ਬਾਅਦ ਅਮੀਰੀਕੀ ਤੇ ਨੈਟੋ ਗੱਠਜੋੜ ਦੀ ਫੌਜਾਂ ਦੇ ਮੁਲਕ ਛੱਡਣ ਤੋਂ ਬਾਅਦ ਤਾਲਿਬਾਨ ਨੇ ਮੁੜ ਸੱਤਾ ਉੱਤੇ ਜ਼ਬਰੀ ਕਬਜ਼ਾ ਕਰ ਲਿਆ ਹੈ।
15 ਅਗਸਤ 2021 ਨੂੰ ਕੌਮੀ ਰਾਜਧਾਨੀ ਕਾਬੁਲ ਉੱਤੇ ਕਬਜ਼ੇ ਨਾਲ ਸੱਤਾ ਦਾ ਤਖ਼ਤਾ ਪਲਟ ਹੋ ਗਿਆ ਅਤੇ ਮੁੜ ਤਾਲਿਬਾਨ ਕਾਲ ਸ਼ੁਰੂ ਹੋ ਗਿਆ।
ਇਹ ਵੀ ਪੜ੍ਹੋ:
ਕਿਵੇਂ ਕੀਤਾ ਗਿਆ ਸੀ ਹਮਲਾ?
ਮਿਰਜ਼ਾ ਹੁਸੈਨ ਦੱਸਦੇ ਹਨ, " ਪਹਿਲਾਂ ਉਨ੍ਹਾਂ ਨੇ ਬੁੱਧ ਦੀ ਮੂਰਤੀ 'ਤੇ ਟੈਂਕਾਂ ਅਤੇ ਭਾਰੀ ਗੋਲਿਆਂ ਨਾਲ ਹਮਲਾ ਕੀਤਾ ਸੀ, ਪਰ ਜਦੋਂ ਉਹ ਉਸ ਨੂੰ ਨਸ਼ਟ ਕਰਨ 'ਚ ਅਸਫ਼ਲ ਰਹੇ ਤਾਂ ਉਨ੍ਹਾਂ ਨੇ ਮੂਰਤੀ ਨੂੰ ਤੋੜਨ ਲਈ ਉਸ 'ਚ ਵਿਸਫਟੋਕ ਲਗਾ ਦਿੱਤਾ।"
ਹੁਸੈਨ ਅੱਗੇ ਦੱਸਦੇ ਹਨ ਕਿ ਇਸ ਕੰਮ ਨੂੰ ਸਿਰੇ ਚਾੜ੍ਹਨ ਲਈ ਉਸ ਸਮੇਂ ਉਨ੍ਹਾਂ ਨਾਲ ਸਥਾਨਕ ਆਦਮੀ ਵੀ ਲੱਗੇ ਹੋਏ ਸਨ। ਇਹ ਸਾਰੇ ਹੀ ਲੋਕ ਤਾਲਿਬਾਨ ਦੇ ਕੈਦੀ ਸਨ।
ਬਾਮੀਆਨ ਦੇ ਜ਼ਿਆਦਾ ਲੋਕਾਂ ਦੀ ਤਰ੍ਹਾਂ ਹੀ ਮਿਰਜ਼ਾ ਹੁਸੈਨ ਵੀ ਸ਼ਿਆ ਮੁਸਲਮਾਨ ਹਨ। ਸੁੰਨੀ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ ਤਾਲਿਬਾਨ ਇੰਨ੍ਹਾਂ ਲੋਕਾਂ ਨੂੰ ਆਪਣਾ ਦੁਸ਼ਮਣ ਜਾਂ ਕਾਫ਼ਰ ਮੰਨਦੇ ਹਨ।
ਮਈ 1999 'ਚ, ਮਹੀਨਿਆਂ ਬੱਧੀ ਚੱਲੀ ਜੰਗ ਤੋਂ ਬਾਅਦ ਤਾਲਿਬਾਨ ਨੇ ਬਾਮੀਆਨ ਦੀਆਂ ਪਹਾੜੀਆਂ 'ਤੇ ਆਪਣਾ ਕਬਜ਼ਾ ਕਾਇਮ ਕਰ ਲਿਆ ਸੀ।
ਜ਼ਿਆਦਾਤਰ ਸਥਾਨਕ ਵਸਨੀਕ ਜਾਂ ਤਾਂ ਉੱਥੋਂ ਭੱਜ ਗਏ ਸਨ ਜਾਂ ਫਿਰ ਗ੍ਰਿਫ਼ਤਾਰ ਕਰ ਲਏ ਗਏ ਸਨ।
ਹੁਸੈਨ ਦੱਸਦੇ ਹਨ, " ਮੈਂ ਹਿਰਾਸਤ 'ਚ ਲਏ ਗਏ 25 ਕੈਦੀਆਂ 'ਚੋਂ ਇੱਕ ਸੀ। ਸ਼ਹਿਰ 'ਚ ਕੋਈ ਵੀ ਆਮ ਨਾਗਰਿਕ ਨਹੀਂ ਸੀ। ਚਾਰੇ ਪਾਸੇ ਤਾਲਿਬਾਨ ਲੜਾਕੇ ਹੀ ਸਨ।"
" ਇਸ ਕੰਮ ਲਈ ਸਾਨੂੰ ਇਸ ਲਈ ਚੁਣਿਆ ਗਿਆ ਸੀ ਕਿਉਂਕਿ ਸਾਡੇ ਤੋਂ ਇਲਾਵਾ ਉੱਥੇ ਹੋਰ ਕੋਈ ਹੈ ਵੀ ਨਹੀਂ ਸੀ। ਅਸੀਂ ਸਾਰੇ ਕੈਦੀ ਸੀ ਅਤੇ ਸਾਡੇ ਨਾਲ ਇਸ ਤਰ੍ਹਾਂ ਦਾ ਸਲੂਕ ਕੀਤਾ ਜਾਂਦਾ ਸੀ ਜਿਵੇਂ ਸਾਨੂੰ ਕਦੇ ਵੀ ਮੌਤ ਦੇ ਘਾਟ ਉਤਾਰਿਆ ਜਾ ਸਕਦਾ ਹੈ।"
"ਤਾਲਿਬਾਨ ਟਰੱਕਾਂ 'ਚ ਭਰ ਕੇ ਵਿਸਫੋਟਕ ਲੈ ਕੇ ਆਏ ਸਨ। ਉਸ ਤੋਂ ਬਾਅਦ ਅਸੀਂ ਆਪਣੀਆਂ ਪਿੱਠਾਂ 'ਤੇ ਲੱਦ ਕੇ ਜਾਂ ਫਿਰ ਹੱਥਾਂ 'ਚ ਚੁੱਕ ਕੇ ਵਿਸਫੋਟਕ ਨੂੰ ਮੂਰਤੀ ਤੱਕ ਲੈ ਕੇ ਗਏ ਸੀ। ਵੱਡੇ-ਵੱਡੇ ਬੰਬਾਂ ਨੂੰ ਲੱਕੜ ਨਾਲ ਬੰਨ੍ਹ ਕੇ ਉੱਤੋਂ ਤੱਕ ਲਿਜਾਇਆ ਗਿਆ ਸੀ।
ਸਾਲ 2001 ਦੀ ਬਸੰਤ ਰੁੱਤ ਦੀ ਸ਼ੁਰੂਆਤ 'ਚ ਠੰਡੀਆਂ ਹਵਾਵਾਂ 'ਚ ਕੰਮ ਕਰ ਰਹੇ ਆਦਮੀ ਕਿਸੇ ਵੀ ਮੌਕੇ ਮਰਨ ਲਈ ਤਿਆਰ ਸਨ। ਉਨ੍ਹਾਂ ਦੀ ਮੌਤ ਕਿਸੇ ਧਮਾਕੇ ਜਾਂ ਫਿਰ ਕਿਸੇ ਤਾਲਿਬਾਨ ਗਾਰਡ ਦੇ ਹੱਥੋਂ ਹੋ ਸਕਦੀ ਸੀ।
ਮਿਰਜ਼ਾ ਦੱਸਦੇ ਹਨ, "ਇੱਕ ਵਾਰ ਮੈਂ ਇੱਕ ਆਦਮੀ ਨੂੰ ਵੇਖਿਆ ਜੋ ਕਿ ਜ਼ਖਮੀ ਹੋ ਗਿਆ ਸੀ ਅਤੇ ਉਹ ਵਿਸਫੋਟਕ ਚੁੱਕ ਕੇ ਲਿਜਾਣ 'ਚ ਅਸਮਰੱਥ ਸੀ।
"ਉਸ ਦੀ ਇਸ ਹਾਲਤ 'ਤੇ ਤਰਸ ਕਰਨ ਦੀ ਬਜਾਏ ਤਾਲਿਬਾਨ ਨੇ ਉਸ ਨੂੰ ਉੱਥੇ ਹੀ ਗੋਲੀ ਮਾਰ ਦਿੱਤੀ ਅਤੇ ਇੱਕ ਦੂਜੇ ਕੈਦੀ ਨੂੰ ਉਸ ਦੀ ਲਾਸ਼ ਠਿਕਾਣੇ ਲਗਾਉਣ ਦਾ ਹੁਕਮ ਦਿੱਤਾ ਸੀ।"
ਜਸ਼ਨ ਅਤੇ ਕੁਰਬਾਨੀ
ਹੁਸੈਨ ਦੇ ਨੇ ਅੱਗੇ ਦੱਸਿਆ , " ਮੂਰਤੀ ਦੇ ਚਾਰੇ ਪਾਸੇ ਵਿਸਫੋਟਕ ਪਦਾਰਥ ਲਗਾਉਣ 'ਚ ਉਨ੍ਹਾਂ ਨੂੰ ਤਿੰਨ ਦਿਨ ਲੱਗ ਗਏ ਸਨ। ਉਸ ਤੋਂ ਬਾਅਦ ਨੇੜੇ ਦੀ ਇੱਕ ਮਸਜਿਦ ਤੱਕ ਤਾਰਾਂ ਦਾ ਜਾਲ ਵਿਛਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਚਾਰਜ ਕੀਤਾ ਗਿਆ ਅਤੇ 'ਅੱਲ੍ਹਾ ਅਕਬਰ' ਦੇ ਨਾਅਰੇ ਲਗਾਉਂਦਿਆਂ ਧਮਾਕਾ ਕਰ ਦਿੱਤਾ ਗਿਆ ਸੀ।"
" ਜਿਸ ਸਮੇਂ ਇਹ ਧਮਾਕਾ ਹੋਇਆ ਸੀ, ਉਸ ਸਮੇਂ ਬੁੱਧ ਦੀ ਮੂਰਤੀ ਅੱਗੇ ਸਿਰਫ ਤਾਂ ਸਿਰਫ ਧੂੰਆ ਨਜ਼ਰ ਆ ਰਿਹਾ ਸੀ ਅਤੇ ਹਵਾ 'ਚ ਬਾਰੂਦ ਦੀ ਬਦਬੂ ਆ ਰਹੀ ਸੀ।"
ਉਹ ਅੱਗੇ ਦੱਸਦੇ ਹਨ ਕਿ ਤਾਲਿਬਾਨ ਕਮਾਂਡਰ ਨੂੰ ਪੂਰਾ ਭਰੋਸਾ ਸੀ ਕਿ ਉਹ ਇਸ ਧਮਾਕੇ ਨਾਲ ਨਾ ਸਿਰਫ ਬੁੱਧ ਦੀ ਮੂਰਤੀ ਤਬਾਹ ਕਰ ਦੇਣਗੇ ਬਲਕਿ ਇਸ ਪੂਰੀ ਪਹਾੜੀ ਨੂੰ ਹੀ ਤਹਿਸ-ਨਹਿਸ ਕਰ ਦੇਣਗੇ।
ਪਰ ਅਜਿਹਾ ਨਾ ਹੋਇਆ। ਇਸ ਧਮਾਕੇ ਨਾਲ ਸਿਰਫ ਬੁੱਧ ਦੀ ਮੂਰਤੀ ਦੀਆਂ ਲੱਤਾਂ ਹੀ ਨੁਕਸਾਨੀਆਂ ਗਈਆਂ ਸਨ।
ਤਸਵੀਰ ਸਰੋਤ, Mary Evans Picture Library
ਬੁੱਧ ਦੀ ਇੱਕ ਮੂਰਤੀ ਤਾਂ 55 ਮੀਟਰ ਉੱਚੀ ਸੀ
ਕੌਮਾਂਤਰੀ ਆਲੋਚਨਾ ਦੇ ਬਾਵਜੂਦ ਤਾਲਿਬਾਨ ਆਪਣੇ ਅਜਿਹੇ ਕਾਰਜਾਂ ਨੂੰ ਕਰਨ ਤੋਂ ਪਿੱਛੇ ਨਾ ਹੱਟਿਆ।
ਮੂਰਤੀ ਨੂੰ ਢਾਹ ਢੇਰੀ ਕਰਨ ਲਈ ਹੋਰ ਵਿਸਫੋਟਕ ਪਦਾਰਥ ਲਿਆਂਦੇ ਗਏ, ਜੋ ਕਿ ਸਾਬਣ ਵਰਗੇ ਵਿਖਾਈ ਦੇ ਰਹੇ ਸਨ ਅਤੇ ਉਨ੍ਹਾਂ ਨੂੰ ਹੱਥ ਲਗਾਉਣ 'ਤੇ ਉਹ ਆਟੇ ਦੇ ਪੇੜੇ ਵਾਂਗ ਮਹਿਸੂਸ ਹੋ ਰਹੇ ਸਨ।
ਹੁਸੈਨ ਦੱਸਦੇ ਹਨ, " ਉਸ ਤੋਂ ਬਾਅਦ ਉਹ ਰੋਜ਼ਾਨਾ ਦੋ ਜਾਂ ਤਿੰਨ ਧਮਾਕੇ ਕਰਦੇ ਸਨ, ਤਾਂ ਕਿ ਬੁੱਧ ਦੀ ਮੂਰਤੀ ਨੂੰ ਪੂਰੀ ਤਰ੍ਹਾਂ ਨਾਲ ਤਬਾਹ ਕੀਤਾ ਜਾ ਸਕੇ।"
" ਅਸੀਂ ਮੂਰਤੀ 'ਚ ਡਰਿੱਲ ਕਰਕੇ ਡਾਇਨਾਮਾਈਟ ਲਗਾਉਂਦੇ ਸੀ। ਇਸ ਪੂਰੀ ਪ੍ਰਕਿਕਿਆ 'ਚ 25 ਦਿਨ ਦਾ ਸਮਾਂ ਲੱਗਿਆ।"
ਇਹ ਵੀ ਪੜ੍ਹੋ:
ਹੁਸੈਨ ਅੱਗੇ ਦੱਸਦੇ ਹਨ ਕਿ ਉਨ੍ਹਾਂ ਲੋਕਾਂ ਨੂੰ ਕੁਝ ਚਾਵਲ ਅਤੇ ਰੋਟੀਆਂ ਦਿੱਤੀਆਂ ਜਾਂਦੀਆਂ ਸਨ ਅਤੇ ਲਗਾਤਾਰ ਗੰਦੇ ਕੱਪੜਿਆਂ 'ਚ ਹੀ ਕੰਮ ਕਰਨਾ ਪੈਂਦਾ ਸੀ।
ਬਰਫ਼ਾਨੀ ਰਾਤਾਂ ਨੂੰ ਸਿਰਫ ਇੱਕ ਪਤਲਾ ਕੰਬਲ ਹੀ ਉਨ੍ਹਾਂ ਮੁਹੱਈਆ ਕਰਵਾਇਆ ਜਾਂਦਾ ਸੀ।
ਜਦੋਂ ਮੂਰਤੀ ਪੂਰੀ ਤਰ੍ਹਾਂ ਨਾਲ ਢਾਹ ਢੇਰੀ ਹੋ ਗਈ ਤਾਂ ਤਾਲਿਬਾਨ ਨੇ ਜਸ਼ਨ ਮਨਾਇਆ ਸੀ।
" ਉਹ ਹਵਾ 'ਚ ਗੋਲੀਆ ਚਲਾ ਰਹੇ ਸਨ, ਨੱਚ ਰਹੇ ਸਨ ਅਤੇ ਕੁਰਬਾਨੀ ਦੇ ਲਈ 9 ਗਾਵਾਂ ਨੂੰ ਵੀ ਲਿਆਂਦਾ ਗਿਆ ਸੀ।"
ਤਸਵੀਰ ਸਰੋਤ, Getty Images
ਜਦੋਂ 2001 ਵਿੱਚ ਤਾਲਿਬਾਨ ਨੇ ਮੂਰਤੀ ਨੂੰ ਤੋੜਿਆ ਤਾਂ ਉਨ੍ਹਾਂ ਨੂੰ ਕੌਮਾਂਤਰੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ
ਪਛਤਾਵਾ
ਬੀਬੀਸੀ ਨੇ ਜਦੋਂ 2015 ਵਿਚ ਸਟੋਰੀ ਕੀਤੀ ਸੀ ਉਦੋਂ ਮਿਰਜ਼ਾ ਹੁਸੈਨ ਬਾਮੀਆਨ 'ਚ ਇੱਕ ਸਾਈਕਲ ਮਕੈਨਿਕ ਵੱਜੋਂ ਕੰਮ ਕਰਦੇ ਸਨ।
ਉਦੋਂ ਉਹ ਸ਼ਹਿਰ 'ਚ ਸੁਰੱਖਿਅਤ ਮਹਿਸੂਸ ਕਰਦੇ ਸਨ ਅਤੇ ਉਮੀਦ ਕਰਦੇ ਹਨ ਕਿ ਵਿਦੇਸ਼ੀ ਦਾਨੀ ਅਤੇ ਸਰਕਾਰ ਮਿਲ ਕੇ ਬੁੱਧ ਦੀ ਮੂਰਤੀ ਦਾ ਨਿਰਮਾਣ ਕਰਨਗੇ।
ਮੂਰਤੀ ਨੂੰ ਤਬਾਹ ਕਰਨ 'ਚ ਆਪਣੀ ਭੂਮਿਕਾ ਨੂੰ ਯਾਦ ਕਰਦਿਆਂ ਹੁਸੈਨ ਨੂੰ ਬਹੁਤ ਪਛਤਾਵਾ ਸੀ ।
ਉਨ੍ਹਾਂ ਦਾ ਕਹਿਣਾ ਸੀ, " ਮੈਨੂੰ ਉਸ ਸਮੇਂ ਵੀ ਅਫ਼ਸੋਸ ਸੀ ਅਤੇ ਅੱਜ ਵੀ ਮੈਂ ਇਸ ਨਾਮੋਸ਼ੀ ਦਾ ਸ਼ਿਕਾਰ ਹਾਂ ਅਤੇ ਹਮੇਸ਼ਾ ਰਹਾਂਗਾ।
ਪਰ ਜੇਕਰ ਮੈਂ ਉਸ ਸਮੇਂ ਵਿਰੋਧ ਕੀਤਾ ਹੁੰਦਾ ਤਾਂ ਉਹ ਮੈਨੂੰ ਮਾਰ ਦਿੰਦੇ। ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਸੀ।"
ਤਸਵੀਰ ਸਰੋਤ, AFP VIA GETTY IMAGES
ਮੂਰਤੀਆਂ ਤੋੜੇ ਜਾਣ ਦੀ ਵੀਹਵੀਂ ਬਰਸੀ ਮੌਕੇ 3ਡੀ ਪ੍ਰੋਜੈਕਟਰ ਨਾਲ ਬੁੱਧ ਦੀ ਮੁਰਤੀ ਨੂੰ ਸਾਕਾਰ ਕੀਤਾ ਗਿਆ
ਉਸ ਮੂਰਤੀ ਦੇ ਮੁੜ ਨਿਰਮਾਣ ਦੀ ਉਨ੍ਹਾਂ ਦੀ ਇੱਛਾ ਨੇੜਲੇ ਭਵਿੱਖ 'ਚ ਪੂਰੀ ਹੁੰਦੀ ਨਹੀਂ ਵਿਖਾਈ ਦੇ ਰਹੀ ਹੈ।
ਉਨ੍ਹਾਂ ਬੁੱਤਾਂ 'ਚੋਂ ਕਿਸੇ ਇੱਕ ਨੂੰ ਫਿਰ ਤੋਂ ਬਣਾਉਣ ਜਾਂ ਫਿਰ ਉਸ ਵਿਸ਼ਾਲ ਜਗ੍ਹਾ ਨੂੰ ਇੱਕ ਯਾਦਗਾਰ ਦੇ ਰੂਪ 'ਚ ਖਾਲੀ ਛੱਡ ਦੇਣ ਬਾਰੇ ਬਹਿਸ ਕਈ ਸਾਲਾਂ ਵਿਚ ਚੱਲਦੀ ਰਹੀ ਹੈ।
ਪਰ ਤਾਲਿਬਾਨ ਦੀ ਅਫ਼ਗਾਨਿਸਤਾਨ ਵਿਚ ਮੁੜ ਵਾਪਸੀ ਨੇ ਇਸ ਬਹਿਸ ਨੂੰ ਨਵਾਂ ਮੋੜਾ ਦੇ ਦਿੱਤਾ ਹੈ।
ਤਾਲਿਬਾਨ ਨੇ ਪਹਿਲੀ ਪ੍ਰੈਸ ਕਾਨਫਰੰਸ ਵਿਚ ਅਫ਼ਗਾਨ ਨੂੰ ਇਸਲਾਮਿਕ ਮੁਲਕ ਦੱਸਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਸ਼ਰੀਆ ਮੁਤਾਬਕ ਚੱਲੇਗੀ।
ਅਜੇ ਤੱਕ ਇਹ ਸਾਫ਼ ਨਹੀਂ ਹੈ ਕਿ ਦੂਜੇ ਧਰਮਾਂ ਦੇ ਅਸਥਾਨਾਂ ਜਾਂ ਨਿਸ਼ਾਨਾਂ ਬਾਰੇ ਤਾਲਿਬਾਨ ਦੀ ਨਵੀਂ ਸਰਕਾਰ ਦੀ ਕੀ ਪਹੁੰਚ ਰਹੇਗੀ।
ਹੁਸੈਨ ਵਰਗੇ ਕਈ ਸਥਾਨਕ ਲੋਕਾਂ ਲਈ ਖੇਤਰ ਦੀ ਪੁਰਾਤੱਤਵ ਵਿਰਾਸਤ ਨੂੰ ਸੰਭਾਲਣ ਦਾ ਸਵਾਲ ਸਿਰਫ਼ ਬਾਮੀਆਨ ਦੀ ਪਛਾਣ ਨਾਲ ਹੀ ਜੁੜਿਆ ਹੋਇਆ ਨਹੀਂ ਹੈ।
ਬਲਕਿ ਇਹ ਸੈਰ-ਸਪਾਟੇ ਦੇ ਜ਼ਰੀਏ ਆਉਣ ਵਾਲੀ ਸਥਾਈ ਆਮਦਨੀ ਨਾਲ ਵੀ ਸਬੰਧਤ ਹੈ।
ਇਹ ਵੀ ਪੜ੍ਹੋ: