ਜਦੋਂ ਇੱਕ ਧੀ ਨੂੰ ਪਤਾ ਲਗਿਆ ਕਿ ਉਸ ਦੇ ਪਿਤਾ ਕਾਮੁਕ ਸਾਹਿਤ ਦੇ ਇੱਕ ਮਸ਼ਹੂਰ ਲੇਖਕ ਸਨ

  • ਜੌਨ ਕੈਲੀ ਅਤੇ ਮਰੀਨਾ ਫੌਰਗਸ
  • ਬੀਬੀਸੀ ਵਰਲਡ ਸਰਵਿਸ
ਸਾਰਾਹ ਫੇਥ ਅਲਟਰਮੈਨ

ਸਾਰਾਹ ਫੇਥ ਅਲਟਰਮੈਨ ਦੇ ਪਿਤਾ ਬਾਹਰੋਂ ਦੇਖਣ ਵਿੱਚ ਸਖਤ ਸੁਭਾਅ ਵਾਲੇ ਅਤੇ ਸੰਕੋਚੀ ਲੱਗਦੇ ਸਨ। ਸਾਰਾਹ ਉਨ੍ਹਾਂ ਦੇ ਕਾਫੀ ਨਜ਼ਦੀਕ ਸਨ ਪਰ ਫਿਰ.. ਸਾਰਾਹ ਨੂੰ ਆਪਣੇ ਪਿਤਾ ਦਾ ਇੱਕ ਵੱਡਾ ਰਾਜ਼ ਪਤਾ ਲੱਗਾ।

1980 ਦੇ ਦਹਾਕੇ ਦੌਰਾਨ ਮੈਸੇਚਿਉਸੇਟਸ ਦੇ ਬੋਸਟਨ ਨੇੜੇ ਵੱਡੀ ਹੋਈ ਸਾਰਾਹ ਨੇ ਹਮੇਸ਼ਾ ਆਪਣੇ ਪਿਤਾ, ਇਰਾ ਨਾਲ ਇੱਕ ਖਾਸ ਰਿਸ਼ਤਾ ਮਹਿਸੂਸ ਕੀਤਾ।

ਸਾਰਾਹ ਕਹਿੰਦੇ ਹਨ, "ਮੇਰੇ ਪਿਤਾ ਅਤੇ ਮੈਂ ਬਹੁਤ ਇੱਕੋ-ਜਿਹੇ ਸੀ। ਇੱਥੋਂ ਤੱਕ ਕਿ ਅਸੀਂ ਦੇਖਣ ਵਿੱਚ ਵੀ ਇਕੋ-ਜਿਹੇ ਲੱਗਦੇ ਸਾਂ, ਹਾਲਾਂਕਿ ਹੁਣ ਮੈਨੂੰ ਇਸ ਗੱਲ ਤੇ ਹਾਸੀ ਆਉਂਦੀ ਹੈ ਕਿ ਇੱਕ ਛੋਟੀ ਜਿਹੀ ਕੁੜੀ, 40 ਸਾਲਾ ਯਹੂਦੀ ਪੁਰਸ਼ ਵਰਗੀ ਲੱਗ ਸਕਦੀ ਹੈ। ਸਾਡੇ ਨੈਣ-ਨਕਸ਼ ਬਿਲਕੁਲ ਮਿਲਦੇ ਸਨ ਅਤੇ ਵਾਲ਼ ਵੀ ਇੱਕੋ-ਜਿਹੇ ਸਨ ਤੇ ਇੱਕ ਤਰ੍ਹਾਂ ਨਾਲ ਮੈਂ ਉਨ੍ਹਾਂ ਵਰਗੀ ਬਣਨਾ ਚਾਹੁੰਦੀ ਸੀ।"

ਸਾਰਾਹ ਆਪਣੀ ਕਿਸੇ ਵੀ ਸਮਸੱਸਿਆ ਦੇ ਹੱਲ ਲਈ ਇਰਾ ਕੋਲ ਹੀ ਜਾਂਦੀ। ਉਹ ਸਾਰਾਹ ਅਤੇ ਉਨ੍ਹਾਂ ਦੇ ਭਰਾ ਨਾਲ ਮਿੱਠੀ ਜ਼ਬਾਨ ਵਿੱਚ ਗੱਲ ਕਰਦੇ- ਮਾਰਕੀਟਿੰਗ ਵਿੱਚ ਜਾਣ ਤੋਂ ਪਹਿਲਾਂ ਉਹ ਇੱਕ ਅਖ਼ਬਾਰ ਦੇ ਪੱਤਰਕਾਰ ਸਨ ਅਤੇ ਜਦੋਂ ਉਨ੍ਹਾਂ ਦਾ ਪਰਿਵਾਰ ਯਾਤਰਾਵਾਂ 'ਤੇ ਜਾਂਦਾ ਤਾਂ ਉਹ ਸਾਰੇ ਰਸਤੇ ਵਿੱਚ ਮਜ਼ੇਦਾਰ ਨੋਕ-ਝੋਂਕ, ਵਰਡ-ਗੇਮਸ ਅਤੇ ਕਵਿਤਾਵਾਂ ਆਦਿ ਨਾਲ ਮਾਹੌਲ ਦਾ ਆਨੰਦ ਲੈਂਦੇ।

ਸਾਰਾਹ ਕਹਿੰਦੀ ਹੈ, "ਮੈਂ ਕਈ ਤਰ੍ਹਾਂ ਨਾਲ ਨਾਲ ਉਨ੍ਹਾਂ ਵਰਗਾ ਬਣਨਾ ਚਾਹੁੰਦੀ ਸੀ। ਇਸ ਲਈ ਮੈਂ ਕਾਰ ਵਿੱਚ ਖੇਡੀਆਂ ਉਨ੍ਹਾਂ ਗੇਮਾਂ/ਖੇਡਾਂ ਤੋਂ ਬਹੁਤ ਕੁਝ ਹਾਸਲ ਕੀਤਾ। ਮੈਨੂੰ ਸ਼ਬਦਾਂ ਨੂੰ ਮਰੋੜਨਾ ਅਤੇ ਨਵੇਂ ਅਰਥ ਲੱਭਣਾ ਸੱਚਮੁੱਚ ਬਹੁਤ ਮਜ਼ੇਦਾਰ ਲੱਗਦਾ ਸੀ -ਇਹ ਕੌਸ਼ਲ ਮੇਰੇ ਬਹੁਤ ਸਾਰੇ ਹੋਰ ਦੋਸਤਾਂ ਕੋਲ ਨਹੀਂ ਸੀ।"

ਇਹ ਵੀ ਪੜ੍ਹੋ:

ਸਾਰਾਹ ਦੇ ਮਾਤਾ-ਪਿਤਾ ਪਜ਼ਲ ਖੇਡਣ ਅਤੇ ਰੱਖੀਆਂ ਚੀਜ਼ਾਂ ਲੱਭਣ ਵਰਗੀਆਂ ਖੇਡਾਂ ਦੇ ਸ਼ੌਕੀਨ ਸਨ। ਬੱਚਿਆਂ ਦੀ ਮਾਸੂਮੀਅਤ ਉੱਪਰ ਅਸਰ ਰੱਖਣ ਵਾਲੀਆਂ ਚੀਜ਼ਾਂ ਉਨ੍ਹਾਂ ਨੂੰ ਬਿਲਕੁਲ ਪਸੰਦ ਨਹੀਂ ਸਨ, ਖ਼ਾਸ ਕਰ-ਸੈਕਸ।

ਸਾਰਾਹ ਕਹਿੰਦੀ ਹੈ, "ਮੇਰੇ ਮਾਪੇ ਇਸ ਤਰ੍ਹਾਂ ਵਿਵਹਾਰ ਕਰਦੇ ਸਨ ਜਿਵੇਂ ਕਿ ਇਹ ਚੀਜ਼ਾਂ ਹੁੰਦੀਆਂ ਹੀ ਨਹੀਂ।।ਮੈਨੂੰ ਨਹੀਂ ਲਗਦਾ ਕਿ ਆਪਣੀ 30 ਸਾਲ ਦੀ ਉਮਰ ਤੱਕ ਮੈਂ ਕਦੇ ਵੀ ਆਪਣੇ ਪਿਤਾ ਦੇ ਮੂੰਹੋਂ "ਸੈਕਸ" ਸ਼ਬਦ ਸੁਣਿਆ ਹੋਵੇ।"

ਟੈਲੀਵਿਜ਼ਨ 'ਤੇ ਜਦੋਂ ਕੋਈ ਪਿਆਰ ਦਾ ਦ੍ਰਿਸ਼ ਆਉਂਦਾ ਤਾਂ ਅਜੀਬ ਮਹੌਲ ਬਣ ਜਾਂਦਾ।

ਸਾਰਾਹ ਦੱਸਦੇ ਹਨ, "ਮੇਰੇ ਪਿਤਾ ਕਹਿੰਦੇ, "ਓਫ ਓ!" ਅਤੇ ਜਿਨਾਂ ਜਲਦੀ ਹੋ ਸਕੇ ਚੈਨਲ ਬਦਲ ਦਿੰਦੇ ਜਾਂ ਵੀਸੀਆਰ ਵਿੱਚੋਂ ਟੇਪ ਹੀ ਕੱਢ ਦਿੰਦੇ।

"ਕਈ ਵਾਰੀ, ਜਦੋਂ ਉਨ੍ਹਾਂ ਨੂੰ ਛੇਤੀ ਹੀ ਟੀਵੀ ਬੰਦ ਕਰਨ ਲਈ ਬਟਨ ਨਾ ਮਿਲਦਾ ਤਾਂ ਉਹ ਸਿੱਧਾ ਪਲੱਗ ਹੀ ਕੱਢ ਦਿੰਦੇ।"

"ਮੈਨੂੰ ਲਗਦਾ ਹੈ ਕਿ ਉਹ ਇਸ ਬਾਰੇ ਸਵਾਲਾਂ ਦੇ ਉੱਤਰ ਨਹੀਂ ਦੇਣਾ ਚਾਹੁੰਦੇ ਸਨ। ਮੈਨੂੰ ਇਹ ਵੀ ਲਗਦਾ ਹੈ ਕਿ ਕਿਸੇ ਹਲਕੇ-ਫੁਲਕੇ ਸੈਕਸ ਸੰਬੰਧੀ ਸੀਨ ਦੇ ਦੌਰਾਨ ਵੀ ਉਨ੍ਹਾਂ ਨੂੰ ਆਪਣੇ ਬੱਚਿਆਂ ਨਾਲ ਇੱਕੋ ਕਮਰੇ ਵਿੱਚ ਬੈਠਣਾ ਬਹੁਤ ਅਸੁਖਾਵਾਂ ਲੱਗਦਾ ਸੀ।"

ਫਿਰ ਇੱਕ ਦਿਨ, 8 ਸਾਲ ਦੀ ਸਾਰਾਹ ਨੂੰ ਆਪਣੇ ਪਿਤਾ ਕੁਝ ਅਜਿਹਾ ਪਤਾ ਚੱਲਿਆ ਕਿ ਉਹ ਇਸ ਸੋਚੀਂ ਪੈ ਗਏ ਕਿ ਕੀ ਉਹ ਆਪਣੇ ਪਿਤਾ ਨੂੰ ਜਾਣਦੇ ਵੀ ਹਨ ਜਾਂ ਨਹੀਂ।

ਇੱਕ ਦਿਨ ਸਾਰਾਹ ਆਪਣੇ ਘਰ ਦੀ ਬੈਠਕ ਵਿੱਚ ਇੱਕਲੇ ਸਨ। ਜੋ ਕਿਤਾਬ ਉਹ ਪੜ੍ਹ ਰਹੇ ਸਨ ਉਸ ਵਿੱਚ ਉਨ੍ਹਾਂ ਨੂੰ ਕੋਈ ਦਿਲਚਸਪੀ ਨਹੀਂ ਆ ਰਹੀ ਸੀ, ਇਸ ਲਈ ਸਾਰਾਹ ਨੇ ਆਪਣਾ ਮਨ ਪਰਚਾਵੇ ਲਈ ਕਿਤਾਬਾਂ ਵਾਲੀਆਂ ਸ਼ੈਲਫਾਂ ਦੇਖਣੀਆਂ ਸ਼ੁਰੂ ਕੀਤੀਆਂ।

ਸਾਰਾਹ ਨੇ ਦੇਖਿਆ ਕਿ ਸਭ ਤੋਂ ਉੱਪਰ- ਸੱਜੇ ਕੋਨੇ ਵਿੱਚ, ਕੁਝ ਹੋਰ ਕਿਤਾਬਾਂ ਦੇ ਪਿੱਛੇ ਲੁਕਿਆ ਹੋਇਆ ਚਮਕਦਾਰ ਤੇ ਰੰਗਦਾਰ ਪੇਪਰਬੈਕਸ ਦਾ ਇੱਕ ਪੈਕਟ ਸੀ ਅਤੇ ਸਾਫ ਦਿਸ ਰਿਹਾ ਸੀ ਕਿ ਉਸਨੂੰ ਲੁਕਾ ਕੇ ਰੱਖਿਆ ਗਿਆ ਸੀ।

ਸਾਰਾਹ ਕਹਿੰਦੇ ਹਨ "ਮੈਂ ਸੋਚਿਆ, 'ਬਿਲਕੁਲ, ਮੈਂ ਇਸਨੂੰ ਜ਼ਰੂਰ ਦੇਖਾਂਗੀ।" ਫਿਰ ਸਾਰਾਹ ਨੇ ਉਨ੍ਹਾਂ ਵਿੱਚੋਂ ਮੁੱਠੀ ਭਰ ਕਿਤਾਬਾਂ ਚੁੱਕ ਲਈਆਂ।

ਉਹ ਉਨ੍ਹਾਂ ਸਾਰੀਆਂ ਕਿਤਾਬਾਂ ਤੋਂ ਵੱਖ ਸਨ ਜੋ ਸਾਰਾਹ ਨੇ ਹੁਣ ਤੱਕ ਵੇਖੀਆਂ ਸਨ।

ਉਨ੍ਹਾਂ ਦੇ ਕਵਰਾਂ 'ਤੇ "ਗੁੰਦਵੇਂ ਸਰੀਰ ਵਾਲਿਆਂ ਔਰਤਾਂ ਅਤੇ ਬਹੁਤ ਉਤਸ਼ਾਹਿਤ ਦਿਸਣ ਵਾਲੇ ਪੁਰਸ਼ ਇੱਕ-ਦੂਜੇ ਦੀ ਗੋਦ ਵਿੱਚ ਬੈਠੇ ਕੇ ਚੁੰਮਣ ਕਰਦੇ ਹੋਏ" ਚਿੱਤਰ ਬਣੇ ਸਨ।

ਉਹ ਯਾਦ ਕਰਦੇ ਹਨ - ਜੇ ਉਹ ਤਸਵੀਰਾਂ ਪਰਿਵਾਰਕ ਟੀਵੀ 'ਤੇ ਦਿਖਾਈ ਦਿੰਦੀਆਂ, ਤਾਂ ਉਨ੍ਹਾਂ ਦੇ ਪਿਤਾ ਨੇ ਤੁਰੰਤ ਚੈਨਲ ਬਦਲ ਦਿੱਤਾ ਹੁੰਦਾ।

ਉਨ੍ਹਾਂ ਵਿੱਚੋਂ ਜ਼ਿਆਦਾਤਰ ਦੇ ਸਿਰਲੇਖਾਂ ਵਿੱਚ "ਸੈਕਸ" ਸ਼ਬਦ ਲਿਖਿਆ ਹੋਇਆ ਸੀ - ਜਿਨ੍ਹਾਂ ਵਿੱਚ "ਹਾਓ ਟੂ ਪਿਕ ਅਪ ਗਰਲਜ਼" ਅਤੇ "ਦਿ ਸੈਕਸ ਮੈਨੂਅਲ ਫਾਰ ਪੀਪਲ ਓਵਰ 30" ਸ਼ਾਮਲ ਸਨ।

ਉਸੇ ਵੇਲੇ, ਸਾਰਾਹ ਨੇ ਆਪਣੇ ਮਾਤਾ-ਪਿਤਾ ਨੂੰ ਆਉਂਦਿਆਂ ਸੁਣਿਆ। ਉਹ ਜਾਣਦੇ ਸਨ ਕਿ ਉਨ੍ਹਾਂ ਨੂੰ ਇਨ੍ਹਾਂ ਕਿਤਾਬਾਂ ਨੂੰ ਨਹੀਂ ਵੇਖਣਾ ਚਾਹੀਦਾ ਸੀ ਅਤੇ ਇਸ ਲਈ ਉਹ ਉਨ੍ਹਾਂ ਨੂੰ ਵਾਪਸ ਰੱਖਣ ਲੱਗੇ। ਪਰ ਉਸੇ ਸਮੇਂ, ਸਾਰਾਹ ਨੇ ਕੁਝ ਅਜਿਹਾ ਦੇਖਿਆ ਜਿਸਨੂੰ ਦੇਖ ਕੇ ਉਨ੍ਹਾਂ ਨੂੰ ਬਹੁਤ ਹੈਰਾਨੀ ਹੋਈ।

"ਮੈਂ ਉਨ੍ਹਾਂ ਵਿੱਚੋਂ ਇੱਕ ਕਿਤਾਬ ਦੇ ਸਵਰਕ 'ਤੇ ਲਿਖਿਆ ਹੋਇਆ ਸੀ "ਇਰਾ ਅਲਟਰਮੈਨ ਦੁਆਰਾ ਲਿਖਿਤ" - ਜੋ ਕਿ ਮੇਰੇ ਪਿਤਾ ਦਾ ਨਾਮ ਸੀ। ਮੈਂ ਸੋਚਿਆ, 'ਇੱਕ ਮਿੰਟ, ਇਸ ਦਾ ਕੀ ਮਤਲਬ ਹੈ? ਮੇਰੇ ਡੈਡੀ ਕਿਤਾਬਾਂ ਲਿਖਦੇ ਹਨ'।"

ਸਿਰਫ ਇੰਨਾ ਹੀ ਨਹੀਂ, ਸਾਰਾਹ ਨੇ ਦੇਖਿਆ ਕਿ ਉਨ੍ਹਾਂ ਸਾਰੀਆਂ ਕਿਤਾਬਾਂ ਦੇ ਲੇਖਕ ਉਨ੍ਹਾਂ ਦੇ ਪਿਤਾ ਸਨ। ਸਾਰਾਹ ਕਹਿੰਦੇ ਹਨ, "ਇਹ ਬਹੁਤ ਉਲਝਣ ਵਾਲਾ ਸੀ ਅਤੇ ਮੇਰੇ ਕੋਲ ਇਸ ਬਾਰੇ ਹੋਰ ਪਤਾ ਕਰਨ ਦਾ ਸਮਾਂ ਨਹੀਂ ਸੀ ਕਿਉਂਕਿ ਮੈਂ ਉਹ ਕਿਤਾਬਾਂ ਜਿੰਨੀ ਜਲਦੀ ਹੋ ਸਕੇ ਵਾਪਸ ਰੱਖਣੀਆਂ ਸਨ।"

ਉਹ ਕਹਿੰਦੇ ਹਨ, "ਮੈਨੂੰ ਇਹ ਸਮਝਣ ਵਿੱਚ ਥੋੜ੍ਹਾ ਜਿਹਾ ਸਮਾਂ ਲੱਗਾ, ਕਿ ਹਾਂ, ਮੇਰੇ ਡੈਡੀ ਨੇ ਇਹ ਸੈਕਸੀ, ਸ਼ਰਾਰਤੀ ਕਿਤਾਬਾਂ ਲਿਖੀਆਂ ਸਨ ਜਿਨ੍ਹਾਂ ਨੂੰ ਮੈਨੂੰ ਨਹੀਂ ਵੇਖਣਾ ਚਾਹੀਦਾ ਸੀ।"

ਆਖੀਰ ਉਨ੍ਹਾਂ ਨੂੰ ਇਹ ਪਤਾ ਲੱਗਾ ਕਿ 1970 ਦੇ ਦਹਾਕੇ ਤੋਂ, ਉਨ੍ਹਾਂ ਦੇ ਪਿਤਾ ਇਰਾ ਦੀਆਂ ਬਾਲਗ ਵਿਸ਼ਿਆਂ ਵਾਲੀਆਂ ਕਿਤਾਬਾਂ ਦੀਆਂ ਦੁਨੀਆ ਭਰ ਵਿੱਚ ਲੱਖਾਂ ਕਾਪੀਆਂ ਵਿਕੀਆਂ ਸਨ ਅਤੇ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਉਨ੍ਹਾਂ ਦਾ ਅਨੁਵਾਦ ਵੀ ਕੀਤਾ ਗਿਆ ਸੀ।

ਪਰ ਨਿਸ਼ਚਤ ਰੂਪ ਨਾਲ ਉਹ ਇਸ ਬਾਰੇ ਆਪਣੇ ਪਿਤਾ ਤੋਂ ਸਿੱਧੇ ਕੁਝ ਵੀ ਨਹੀਂ ਪੁੱਛ ਸਕਦੇ ਸਨ।

ਫਿਰ ਇੱਕ ਵਾਰ ਸਾਰਾਹ ਸੈਕਸ ਐਜੂਕੇਸ਼ਨ ਦੀ ਕਲਾਸ ਵਿੱਚ ਬੈਠਣ ਲਈ ਸਕੂਲੋਂ ਭੇਜੀ ਪਰਚੀ ਉੱਪਰ ਪਿਤਾ ਦੇ ਦਸਤਖ਼ਤ ਲੈ ਰਹੇ ਸਨ। ਇਹ ਮੌਕਾ ਵੀ ਬਹੁਤ ਅਜੀਬ ਜਿਹਾ ਸੀ।

ਇਰਾ ਤੋਂ ਦਸਤਖਤ ਕਰਨ ਸਮੇਂ ਸਾਰਾਹ ਨਾਲ ਅੱਖਾਂ ਵੀ ਨਹੀਂ ਮਿਲਾਈਆਂ ਜਾ ਰਹੀਆਂ ਸਨ। ਇਸ ਮੌਕੇ ਉਨ੍ਹਾਂ ਨਾਲ ਕਿਤਾਬਾਂ ਬਾਰੇ ਗੱਲ ਕਰਨ ਦਾ ਤਾਂ ਸੋਚਿਆ ਵੀ ਨਹੀਂ ਜਾ ਸਕਦਾ ਸੀ।

ਸਾਰਾਹ ਕਹਿੰਦੇ ਹਨ "ਮੈਨੂੰ ਲਗਦਾ ਹੈ ਕਿ ਸਾਰੇ ਬੱਚਿਆਂ ਦੇ ਜੀਵਨ 'ਚ ਇੱਕ ਪਲ ਆਉਂਦਾ ਹੈ ਜਦੋਂ ਉਨ੍ਹਾਂ ਨੂੰ ਇਹ ਲਗਦਾ ਹੈ ਕਿ ਉਨ੍ਹਾਂ ਦੇ ਮਾਪੇ ਕੋਈ ਅਣਛੂਹੇ ਲੋਕ ਨਹੀਂ ਹਨ, ਉਹ ਮਹਾਂ ਨਾਇਕ ਨਹੀਂ ਹਨ, ਅਤੇ ਅਜਿਹਾ ਨਹੀਂ ਹੈ ਕਿ ਉਹ ਸਭ ਕੁਝ ਜਾਣਦੇ ਹਨ।

ਇਹ ਵੀ ਪੜ੍ਹੋ:

ਬੱਚੇ ਇਹ ਸਮਝ ਜਾਂਦੇ ਹਨ ਕਿ, 'ਹਾਏ ਓਏ ਰੱਬਾ, ਮੇਰੇ ਮਾਪਿਆਂ ਨੇ ਸੈਕਸ ਕੀਤਾ ਸੀ, ਮੈਨੂੰ ਪੈਦਾ ਕਰਨ ਲਈ ਸੈਕਸ ਕੀਤਾ ਸੀ, ਸ਼ਾਇਦ ਉਹ ਅਜੇ ਵੀ ਕਰਦੇ ਹੋਣ।"

ਉਨ੍ਹਾਂ ਦੇ ਪਿਤਾ ਦੀ ਲੇਖਣੀ ਅਤੇ ਜਿਵੇਂ ਉਹ ਖ਼ੁਦ ਨੂੰ ਪੇਸ਼ ਕਰਦੇ ਸਨ, ਇਨ੍ਹਾਂ ਦੋਵਾਂ ਵਿਚਕਾਰਲੇ ਫ਼ਰਕ ਨੇ ਸਾਰਾਹ ਅਤੇ ਉਨ੍ਹਾਂ ਦੇ ਪਿਤਾ ਦੇ ਰਿਸ਼ਤੇ ਨੂੰ ਵੀ ਪ੍ਰਭਾਵਿਤ ਕੀਤਾ।

ਤਸਵੀਰ ਸਰੋਤ, Getty Images

ਸਾਰਾਹ ਦੇ ਅਨੁਸਾਰ, "ਮੈਂ ਇੱਕ ਤਰ੍ਹਾਂ ਨਾਲ ਉਨ੍ਹਾਂ 'ਤੇ ਭਰੋਸਾ ਕਰਨਾ ਛੱਡ ਦਿੱਤਾ ਕਿਉਂਕਿ ਜਿਸ ਪਿਤਾ ਨੂੰ ਮੇਰੇ ਸਾਹਮਣੇ ਪੇਸ਼ ਕਰਦੇ ਸਨ, ਉਹ ਅਸਲ ਵਿੱਚ ਉਨ੍ਹਾਂ ਦੀ ਅਸਲੀਅਤ ਨਾਲ ਮੇਲ ਨਹੀਂ ਖਾਂਦਾ ਸੀ।"

ਹਾਲਾਂਕਿ, ਜਿਵੇਂ ਹੀ ਸਾਰਾਹ ਮੁਟਿਆਰ ਹੋਏ ਅਤੇ ਹਾਈ ਸਕੂਲ ਗਏ ਤਾਂ ਉਨ੍ਹਾਂ ਨੇ ਇੱਕ ਵਾਰ ਫਿਰ ਉਨ੍ਹਾਂ ਲੁਕੀਆਂ ਹੋਈਆਂ ਕਿਤਾਬਾਂ ਵੱਲ ਰੁਖ ਕੀਤਾ। ਉਸ ਸਮੇਂ ਉਹ ਆਪਣੇ ਪਹਿਲੇ ਬੁਆਏਫ੍ਰੈਂਡ ਨਾਲ ਮਿਲੇ ਸਨ।

ਇਹ 1990 ਦਾ ਦਹਾਕਾ ਸੀ ਸਪਸ਼ਟ ਜਾਣਕਾਰੀ ਹਾਸਲ ਕਰਨਾ ਮੁਸ਼ਕਲ ਸੀ। ਹਾਲਾਂਕਿ ਇਹ ਸੁਣਨ ਵਿੱਚ ਅਜੀਬ ਲੱਗ ਸਕਦਾ ਹੈ। ਉਸ ਸਮੇਂ ਉਸਦੇ ਪਿਤਾ ਦੀਆਂ ਕਿਤਾਬਾਂ ਤੋਂ ਮਦਦ ਲੈਣ ਨਾਲੋਂ ਬਿਹਤਰ ਹੋਰ ਕੋਈ ਵਿਕਲਪ ਨਹੀਂ ਸੀ।

ਹਾਲਾਂਤਿ ਇੱਕ ਨਕਾਰਾਤਮਕ ਪੱਖ ਵੀ ਸੀ। ਇਰਾ ਦੁਆਰਾ ਲਿਖੀਆਂ ਕਿਤਾਬਾਂ ਇੱਕ ਵੱਡੀ ਪੁਸਤਕ ਲੜੀ ਦਾ ਹਿੱਸਾ ਸਨ। ਹੋਰ ਵੀ ਲੇਖਕ ਸਨ। ਇਨ੍ਹਾਂ ਕਿਤਾਬਾਂ ਵਿੱਚ ਬ੍ਰਿਜਟ ਨਾਮ ਦਾ ਦੀ ਇੱਕ ਮਹਿਲਾ ਪਾਤਰ ਸੀ।

ਸਾਰਾਹ ਦੱਸਦੇ ਹਨ, "ਬ੍ਰਿਜਟ ਇੱਕ ਮੋਟੀ ਔਰਤ ਸੀ।" ਅਤੇ ਉਸਦੇ ਕਿਰਦਾਰ ਬਾਰੇ ਬਹੁਤ ਸਾਰੇ ਚੁਟਕੁਲੇ ਘੜੇ ਗਏ ਸਨ ਜੋ ਕਿ ਇੱਕ ਮੋਟੀ ਔਰਤ ਦੇ ਸੈਕਸੀ ਹੋਣ ਦੇ ਖਿਆਲ ਬਾਰੇ ਸਨ। ਹੁਣ ਸਾਰਾਹ ਨੂੰ ਅਹਿਸਾਸ ਹੁੰਦਾ ਹੈ ਕਿ ਇਸ ਨੇ ਉਨ੍ਹਾਂ ਦੇ ਮਨ ਵਿੱਚ ਬਿਠਾ ਦਿੱਤਾ ਕਿ ਭਾਰੀਆਂ ਔਰਤਾਂ ਕਿਸੇ ਦੀ ਚਾਹਤ ਬਣਨ ਦੇ ਲਾਇਕ ਨਹੀਂ ਹੁੰਦੀਆਂ। ਇਸਦਾ ਸਾਰਾਹ ਦੇ ਆਪਣੇ ਸਰੀਰ ਬਾਰੇ ਵਿਚਾਰਾਂ 'ਤੇ ਵੀ ਮਾੜਾ ਪ੍ਰਭਾਵ ਪਿਆ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਸਾਰਾਹ ਦੇ ਅਨੁਸਾਰ, "ਇਹ ਜਾਣਨਾ ਹੋਰ ਵੀ ਬੁਰਾ ਸੀ ਕਿ ਇਹ ਸਾਰੇ ਚੁਟਕੁਲੇ ਮੇਰੇ ਪਿਤਾ ਦੇ ਘੜੇ ਹੋਏ ਸਨ ਅਤੇ ਉਨ੍ਹਾਂ ਨੂੰ ਲੱਗਦਾ ਸੀ ਕਿ ਮੋਟੀਆਂ ਔਰਤਾਂ ਸੈਕਸ ਅਤੇ ਪਿਆਰ ਦੀਆਂ ਹੱਕਦਾਰ ਨਹੀਂ ਹੁੰਦੀਆਂ।"

ਇਸ ਤਰ੍ਹਾਂ,ਅਗਲੇ ਦੋ ਦਹਾਕਿਆਂ ਲਈ ਭਾਵੇਂ ਉਹ ਨੇੜੇ-ਨੇੜੇ ਰਹੇ, ਪਰ ਇਰਾ ਦੀਆਂ ਕਿਤਾਬਾਂ ਇੱਕ ਵਰਜਿਤ ਵਿਸ਼ਾ ਹੀ ਰਹੀਆਂ, ਜਿਸ ਬਾਰੇ ਸਾਰਾਹ ਉਨ੍ਹਾਂ ਨਾਲ ਚਰਚਾ ਨਹੀਂ ਕਰ ਸਕਦੀ ਸੀ।

ਇਸ ਦੌਰਾਨ, ਸਾਰਾਹ ਨੇ ਘਰ ਛੱਡ ਦਿੱਤਾ, ਉਹ ਸੈਮ ਨਾਮ ਦੇ ਇੱਕ ਆਦਮੀ ਨੂੰ ਮਿਲੇ ਅਤੇ ਦੋਵਾਂ ਨੇ ਵਿਆਹ ਕਰਵਾ ਲਿਆ। ਵਿਆਹ ਤੋਂ ਬਾਅਦ ਸਾਰਾਹ ਆਪ ਇੱਕ ਸਫਲ ਲੇਖਿਕਾ ਬਣ ਕੇ ਉੱਭਰੇ। ਪਰ ਜਦੋਂ ਸਾਰਾਹ ਆਪਣੀ ਨਵੀਂ ਜ਼ਿੰਦਗੀ ਵਿੱਚ ਉੱਪਰ ਵੱਲ ਵਧ ਰਹੇ ਸਨ, ਉਨ੍ਹਾਂ ਦੇ ਪਿਤਾ ਬਿਲਕੁਲ ਉਲਟ ਦਿਸ਼ਾ ਵੱਲ ਜਾ ਰਹੇ ਸਨ।

60 ਸਾਲ ਦੀ ਉਮਰ ਵਿੱਚ, ਇਰਾ ਨੇ ਆਪਣੀ 30 ਸਾਲਾਂ ਤੋਂ ਚੱਲਦੀ ਆ ਰਹੀ ਮਾਰਕੀਟਿੰਗ ਦੀ ਨੌਕਰੀ ਗੁਆ ਦਿੱਤੀ।

ਸਾਰਾਹ ਯਾਦ ਕਰਦੇ ਹਨ, "ਉਹ ਆਦਮੀ ਜਿਸਨੂੰ ਮੈਂ ਹਮੇਸ਼ਾਂ ਆਪਣੇ ਤਰ੍ਹਾਂ ਦਾ ਸੁਪਰਹੀਰੋ ਸਮਝਦੀ ਸੀ ਅਤੇ ਜੋ ਮੇਰੀ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਚੀਜ਼ਾਂ ਲਈ ਮੇਰੀ ਕਸੌਟੀ ਸਨ - ਅਚਾਨਕ ਉਸਨੂੰ ਜੂਝਦਿਆਂ ਵੇਖਣਾ, ਜੋ ਮੈਂ ਪਹਿਲਾਂ ਕਦੇ ਨਹੀਂ ਵੇਖਿਆ ਸੀ, ਬਹੁਤ ਦੁਖਦਾਈ ਸੀ।

ਜਦੋਂ ਉਹ ਆਪਣੇ ਪਿਤਾ ਨੂੰ ਨੌਕਰੀ ਲੱਭਣ ਵਿੱਚ ਮਦਦ ਕਰ ਰਹੇ ਸਨ ਤਾਂ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਕੁਝ ਸੀ, ਜੋ ਠੀਕ ਨਹੀਂ ਸੀ।

ਸਾਰਾਹ ਕਹਿੰਦੇ ਹਨ, "ਡੈਡੀ ਮੈਨੂੰ ਵਾਰ-ਵਾਰ ਉਹੀ ਸਵਾਲ ਪੁੱਛਦੇ ਅਤੇ ਬਹੁਤ ਨਿਰਾਸ਼ ਹੋ ਜਾਂਦੇ।"

ਸ਼ੁਰੂ-ਸ਼ੁਰੂ ਵਿੱਚ ਸਾਰਾਹ ਨੇ ਸੋਚਿਆ ਕਿ ਇਹ ਸਿਰਫ ਵਧਦੀ ਉਮਰ ਦੀ ਨਿਸ਼ਾਨੀ ਹੈ। ਫਿਰ ਸਾਰਾਹ ਉਨ੍ਹਾਂ ਨੂੰ ਮਿਲਣ ਆਏ ਅਤੇ ਉਨ੍ਹਾਂ ਦੀ ਬੁਰੀ ਡਰਾਈਵਿੰਗ ਵੇਖ ਕੇ ਡਰ ਗਈ।

"ਇਹ ਬਹੁਤ ਡਰਾਉਣਾ ਸੀ ਪਰ ਫਿਰ ਵੀ ਮੈਂ ਇਸਨੂੰ ਵਧਦੀ ਉਮਰ ਨਾਲ ਜੋੜ ਕੇ ਹੀ ਵੇਖਿਆ।"

ਇਰਾ ਵਿੱਚ ਹੈਰਾਨੀਜਨਕ ਬਦਲਾਅ ਉਦੋਂ ਆਇਆ ਜਦੋਂ ਉਨ੍ਹਾਂ ਨੇ ਕਿਹਾ ਕਿ ਹੁਣ ਉਨ੍ਹਾਂ ਨੇ ਨੌਕਰੀ ਲੱਭਣਾ ਬੰਦ ਕਰ ਦਿੱਤਾ ਹੈ।

ਸਾਰਾਹ ਨੂੰ ਪਹਿਲਾਂ ਤਾਂ ਇਹ ਸੁਣ ਕੇ ਰਾਹਤ ਮਿਲੀ, ਅਤੇ ਉਨ੍ਹਾਂ ਨੇ ਸੋਚਿਆ ਕਿ ਇਸਦਾ ਮਤਲਬ ਹੈ ਕਿ ਉਨ੍ਹਾਂ ਦੇ ਪਿਤਾ ਹੁਣ ਖੁਸ਼ੀ ਨਾਲ ਛੇਤੀ ਮਿਲੀ ਰਿਟਾਇਰਮੈਂਟ ਲਈ ਤਿਆਰ ਹਨ। ਪਰ ਫਿਰ ਇਰਾ ਨੇ ਕਿਹਾ ਕਿ ਉਨ੍ਹਾਂ ਦੇ ਦਿਮਾਗ ਵਿੱਚ ਬਿਜ਼ਨਸ ਕਰਨ ਦਾ ਇੱਕ ਵਿਚਾਰ ਹੈ।

ਇਰਾ ਨੇ ਕਿਹਾ ਕਿ ਉਹ ਦੁਬਾਰਾ ਕਿਤਾਬਾਂ ਲਿਖਣੀਆਂ ਸ਼ੁਰੂ ਕਰਨਗੇ। ਇਹ ਸੁਣ ਕੇ ਸਾਰਾਹ ਜਿਵੇਂ ਸੁੰਨ ਹੋ ਗਈ। ਸਾਰਾਹ ਨੇ ਪੁੱਛਿਆ, ਉਨ੍ਹਾਂ ਦਾ ਕੀ ਮਤਲਬ ਸੀ, ਦੁਬਾਰਾ ਕਿਤਾਬਾਂ ਲਿਖਣਗੇ?

ਦੋਵਾਂ ਵਿੱਚ ਹਾਲੇ ਤੱਕ ਵੀ ਇਰਾ ਦੇ ਲੇਖਕ ਹੋਣ ਬਾਰੇ ਕੋਈ ਗੱਲਬਾਤ ਨਹੀਂ ਕੀਤੀ ਸੀ।

ਉਨ੍ਹਾਂ ਨੇ ਸਾਰਾਹ ਨੂੰ ਦੱਸਿਆ ਕਿ ਉਹ ਬੱਚਿਆਂ ਦੀ ਕਿਤਾਬ ਲਿਖਣ ਬਾਰੇ ਸੋਚ ਰਹੇ ਹਨ, ਜੋ ਕਿ ਇੱਕ ਪਿਆਰੇ ਅਤੇ ਪਾਲਤੂ ਕੁੱਤੇ 'ਤੇ ਅਧਾਰਿਤ ਹੋਵੇਗੀ। ਫਿਰ ਉਨ੍ਹਾਂ ਨੇ ਕਿਹਾ, “ਮੈਂ ਉਸ ਤਰ੍ਹਾਂ ਦੀਆਂ ਕਿਤਾਬਾਂ ਵੀ ਲਿਖਣਾ ਚਾਹਾਂਗਾ ਜਿਹੋ-ਜਿਹੀਆਂ ਮੈਂ ਪਹਿਲਾਂ ਲਿਖਦਾ ਸਾਂ, ਕਿਉਂਕਿ ਉਹ ਬਹੁਤ ਪ੍ਰਸਿੱਧ ਸਨ ਅਤੇ ਉਸਦੇ ਲਈ ਮੈਨੂੰ ਤੁਹਾਡੀ ਮਦਦ ਦੀ ਵੀ ਜ਼ਰੂਰਤ ਹੋਵੇਗੀ।"

ਸਾਰਾਹ ਨੇ ਉਨ੍ਹਾਂ ਨੂੰ ਪੁੱਛਿਆ ਕਿ ਉਹ ਕਿਸ ਬਾਰੇ ਗੱਲ ਕਰ ਰਹੇ ਸਨ। ਹਾਲਾਂਕਿ ਸਾਰਾਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਉਨ੍ਹਾਂ ਦੇ ਪਿਤਾ ਕੀ ਕਹਿ ਰਹੇ ਸਨ ਪਰ ਉਹ ਉਨ੍ਹਾਂ ਦੇ ਮੂੰਹੋਂ ਸੁਣਨਾ ਚਾਹੁੰਦੇ ਸਨ।

ਸਾਰਾਹ ਦੱਸਦੇ ਹਨ ਕਿ ਉਨ੍ਹਾਂ ਦਾ ਜਵਾਬ ਦੇਣ ਦੀ ਬਜਾਏ, ਇਰਾ ਨੇ ਦੱਸਿਆ ਕਿ ਉਹ ਆਪਣੀ ਧੀ ਦੇ ਨਵੇਂ-ਨਵੇਂ ਵਿਆਹ ਤੋਂ ਪ੍ਰੇਰਿਤ ਹੋ ਕੇ ਇੱਕ ਕਿਤਾਬ ਲਿਖਣ ਬਾਰੇ ਸੋਚ ਰਹੇ ਹਨ ਜਿਸਦਾ ਨਾਂ ਹੋਵੇਗਾ 'ਦਿ ਨੌਟੀ ਬਰਾਇਡਜ਼', ਜੋ ਕਿ "ਕੁਵਾਰੀਆਂ ਅਤੇ ਦੁਲਹਨਾਂ ਨੂੰ ਧਿਆਨ ਵਿੱਚ ਰੱਖ ਕੇ ਲਿਖੀ ਜਾਵੇਗੀ, ਜਿਸਨੂੰ ਪੜ੍ਹ ਕੇ ਉਨ੍ਹਾਂ ਨੂੰ ਸੁਹਾਗਰਾਤ 'ਤੇ ਆਪਣੇ ਪਤੀ ਨੂੰ ਖੁਸ਼ ਕਰਨ ਵਿਚ ਮਦਦ ਮਿਲੇਗੀ"।

"ਮੇਰੇ ਲਈ ਇਹ ਹੈਰਾਨ ਕਰਨ ਵਾਲਾ ਸੀ ਕਿਉਂਕਿ ਇਹ ਪਹਿਲੀ ਵਾਰ ਸੀ ਜਦੋਂ ਅਸੀਂ ਇਨ੍ਹਾਂ ਕਿਤਾਬਾਂ ਦੇ ਹੋਣ ਬਾਰੇ ਗੱਲ ਕਰ ਰਹੇ ਸਾਂ ਅਤੇ ਨਾਲ ਹੀ, ਇਸਤੋਂ ਪਹਿਲਾਂ ਮੈਂ ਕਦੇ ਵੀ ਆਪਣੇ ਪਿਤਾ ਦੇ ਮੂੰਹੋਂ ਸੈਕਸ ਸ਼ਬਦ ਜਾਂ ਇਸ ਨਾਲ ਜੁੜੀ ਕੋਈ ਵੀ ਗੱਲ ਨਹੀਂ ਸੁਣੀ ਸੀ।"

ਇਹ ਵੀ ਪੜ੍ਹੋ:

ਪਹਿਲਾਂ ਤਾਂ, ਸਾਰਾਹ ਨੇ ਆਪਣੇ ਪਿਤਾ ਦੀ ਇਸ ਅਜੀਬੋ-ਗਰੀਬ ਕੰਮ ਵਿੱਚ ਮਦਦ ਕਰਨੋਂ ਮਨ੍ਹਾਂ ਕਰ ਦਿੱਤਾ। ਫਿਰ ਜਲਦ ਹੀ ਇਰਾ ਦੇ ਵਿਵਹਾਰ ਵਿੱਚ ਨਾਟਕੀ ਤਬਦੀਲੀ ਦਾ ਸਹੀ ਕਾਰਨ ਸਾਹਮਣੇ ਆ ਗਿਆ।

ਅਪ੍ਰੈਲ 2014 ਵਿੱਚ, ਜਦੋਂ ਸਾਰਾਹ 34 ਸਾਲ ਦੇ ਸਨ ਅਤੇ ਉਨ੍ਹਾਂ ਦੇ ਪਿਤਾ ਇਰਾ 68 ਸਾਲ ਦੇ ਸਨ - ਸਾਰਾਹ ਨੂੰ ਆਪਣੀ ਮਾਂ ਦੀ ਇੱਕ ਈਮੇਲ ਮਿਲੀ। ਇਸ ਈਮੇਲ ਵਿੱਚ ਲਿਖਿਆ ਹੋਇਆ ਸੀ ਕਿ ਸਾਰਾਹ ਦੇ ਮਾਤਾ-ਪਿਤਾ ਇੱਕ ਨਿਊਰੋਲੋਜਿਸਟ ਨੂੰ ਦਿਖਾਉਣ ਗਏ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਇਰਾ ਨੂੰ ਅਲਜ਼ਾਈਮਰ ਰੋਗ ਹੈ। ਅਲਜ਼ਾਈਮਰ ਇੱਕ ਅਜਿਹਾ ਰੋਗ ਹੈ ਜਿਸ ਵਿਚ ਵਿਅਕਤੀ ਨੂੰ ਭੁੱਲਣ ਦੀ ਸ਼ਿਕਾਇਤ ਹੋ ਜਾਂਦੀ ਹੈ।

ਇਸਤੋਂ ਕੁਝ ਸਮਾਂ ਪਹਿਲਾਂ ਹੀ ਸਾਰਾਹ ਨੂੰ ਪਤਾ ਲੱਗਿਆ ਸੀ ਕਿ ਉਹ ਗਰਭਵਤੀ ਹਨ ਅਤੇ ਫਿਰ ਇਸ ਖ਼ਬਰ ਨਾਲ ਉਸਨੂੰ ਗਹਿਰਾ ਧੱਕਾ ਲੱਗਿਆ। ਉਹ ਆਪਣੇ ਮਨ ਦੀ ਤਸੱਲੀ ਲਈ ਇਰਾ ਦੇ ਨਿਊਰੋਲੋਜਿਸਟ ਨਾਲ ਗੱਲ ਕਰਨ ਮੈਸੇਚਿਉਸੇਟਸ ਜਾ ਪਹੁੰਚੇ।

ਨਿਊਰੋਲੋਜਿਸਟ ਨੇ ਉਨ੍ਹਾਂ ਦੱਸਿਆ ਕਿ ਅਲਜ਼ਾਈਮਰ ਇੱਕ ਦਿਮਾਗੀ ਨੁਕਸ ਹੈ ਜੋ ਹੌਲੀ-ਹੌਲੀ ਯਾਦਦਾਸ਼ਤ ਅਤੇ ਸੋਚਣ ਦੀ ਸ਼ਕਤੀ ਨੂੰ ਖ਼ਤਮ ਕਰ ਦਿੰਦੀ ਹੈ। ਇਹ ਡੀਜਨਰੇਟਿਵ ਅਤੇ ਟਰਮੀਨਲ ਹੈ - ਅੰਤ ਵਿੱਚ, ਪੀੜਿਤ ਵਿਅਕਤੀ ਸੌਖੇ ਤੋਂ ਸੌਖੇ ਕੰਮ ਨੂੰ ਕਰਨ ਵਿੱਚ ਵੀ ਅਸਮਰੱਥ ਹੋ ਜਾਂਦਾ ਹੈ।

ਸਾਰਾਹ ਨੇ ਦੱਸਿਆ, "ਡਾਕਟਰਾਂ ਦੀਆਂ ਗੱਲਾਂ ਵਿੱਚੋਂ ਇੱਕ ਇਹ ਵੀ ਸੀ ਕਿ ਅਲਜ਼ਾਈਮਰ ਰੋਗ ਵਾਲੇ ਲੋਕ ਆਪਣੀ ਸਮਾਜਿਕ ਛਵੀ ਗੁਆ ਲੈਂਦੇ ਹਨ। ਇਸ ਲਈ ਜੇ ਤੁਹਾਡੇ ਪਿਤਾ ਕੁਝ ਤਰੀਕਿਆਂ ਨਾਲ ਅਜੀਬ ਵਿਵਹਾਰ ਕਰਨ ਜਾਂ ਕੁਝ ਅਜਿਹੇ ਤਰੀਕਿਆਂ ਨਾਲ ਵਿਵਹਾਰ ਕਰਨ ਜਿਨ੍ਹਾਂ ਨੂੰ ਤੁਸੀਂ ਨਹੀਂ ਪਛਾਣਦੇ ਤਾਂ ਉਨ੍ਹਾਂ 'ਤੇ ਨਾਰਾਜ਼ ਨਾ ਹੋਣਾ - ਇਹ ਸਿਰਫ ਬਿਮਾਰੀ ਦੇ ਲੱਛਣ ਹਨ, ਅਤੇ ਇਸਦਾ ਇਹ ਮਤਲਬ ਬਿਲਕੁਲ ਵੀ ਨਹੀਂ ਹੈ ਕਿ ਤੁਹਾਡੇ ਪਿਤਾ ਅਚਾਨਕ ਬਦਲ ਗਏ ਹਨ ਜਾਂ ਬੁਰੇ ਵਿਅਕਤੀ ਹੋ ਗਏ ਹਨ।"

ਹਾਲਾਂਕਿ ਇਰਾ ਦੀ ਬਿਮਾਰੀ ਬਾਰੇ ਇਹ ਗੱਲਾਂ ਜਾਣ ਕੇ ਸਾਰਾਹ ਬਹੁਤ ਦੁਖੀ ਸਨ ਪਰ ਇੱਕ ਰਾਹਤ ਵੀ ਸੀ ਕਿ ਹੁਣ ਉਹ ਜਾਣ ਗਏ ਸਨ ਕਿ ਉਨ੍ਹਾਂ ਦੇ ਪਿਤਾ ਇਸ ਤਰ੍ਹਾਂ ਕਿਉਂ ਕਰ ਰਹੇ ਸਨ।

ਇਸ ਲਈ ਸਾਰਾਹ ਨੇ ਆਪਣੇ ਪਿਤਾ ਦੀ ਮਦਦ ਕਰਨ ਦਾ ਫੈਸਲਾ ਕੀਤਾ। ਸਾਰਾਹ ਬਿਨਾਂ ਸਮਾਂ ਗਵਾਏ ਆਪਣੇ ਪਿਤਾ ਦੀ ਕਿਤਾਬਾਂ ਲਿਖਣ ਵਿੱਚ ਮਦਦ ਕਰਨ ਲਈ ਸਹਿਮਤ ਹੋ ਗਏ।

ਉਨ੍ਹਾਂ ਲਈ ਇਹ ਸਭ ਕੁਝ ਅਜੇ ਵੀ ਸੌਖਾ ਨਹੀਂ ਸੀ - ਆਪਣੇ ਪਿਤਾ ਨਾਲ ਸੈਕਸ ਬਾਰੇ ਚਰਚਾ ਕਰਨਾ ਹਾਲੇ ਵੀ ਉਨ੍ਹਾਂ ਨੂੰ ਅਜੀਬ ਲਗਦਾ ਸੀ। ਬਚਪਨ ਵਿੱਚ ਉਨ੍ਹਾਂ ਨੂੰ ਜਿਵੇਂ ਆਪਣੇ ਪਿਤਾ ਦੀਆਂ ਕਿਤਾਬਾਂ ਲੱਭੀਆਂ ਸਨ, ਉਸ ਬਾਰੇ ਸਾਰਾਹ ਦੇ ਮਨ ਵਿੱਚ ਹੁਣ ਵੀ ਇੱਕ ਸ਼ਰਮ ਤੇ ਨਾਰਾਜ਼ਗੀ ਸੀ। ਹਾਲਾਂਕਿ ਸਾਰਾਹ ਨੇ ਇਨ੍ਹਾਂ ਸਾਰੀਆਂ ਗੱਲਾਂ 'ਤੇ ਭਾਵਨਾਵਾਂ ਨੂੰ ਇੱਕ ਪਾਸੇ ਰੱਖਣ ਦਾ ਤਰੀਕਾ ਲੱਭ ਲਿਆ ਸੀ।

ਉਹ ਕਹਿੰਦੇ ਹਨ "ਮੈਂ ਲਿਖਣ ਵਾਲਾ ਕੰਮ ਬਹੁਤ ਜ਼ਿਆਦਾ ਨਹੀਂ ਕੀਤਾ - ਇਹ ਜ਼ਿਆਦਾਤਰ ਸੰਪਾਦਨ ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਫੀਡਬੈਕ ਦੇਣ ਬਾਰੇ ਸੀ, ਉਹ ਮੈਨੂੰ ਨਵੀਆਂ ਕਿਤਾਬਾਂ ਜਾਂ ਚੈਪਟਰਾਂ ਦੇ ਬਾਰੇ ਜਿਨ੍ਹਾਂ ਵਿੱਚ ਸੈਕਸ ਰੁਝਾਨ ਜਾਂ ਆਸਨਾਂ ਬਾਰੇ ਜਾਂ ਜੋ ਵੀ ਉਹ ਉਸ ਸਮੇਂ ਸੋਚ ਰਹੇ ਹੁੰਦੇ, ਬਾਰੇ ਗੱਲ ਕਰਨ ਲਈ ਫੋਨ ਕਰਦੇ ਸਨ।"

"ਮੈਨੂੰ ਫੋਨਾਂ ਦੇ ਜਵਾਬ ਅਤੇ ਉਨ੍ਹਾਂ ਨੂੰ ਸਲਾਹ ਦੇਣੀ ਪੈਂਦੀ, ਜਾਂ ਫਿਰ ਉਹ ਮੈਨੂੰ ਆਪਣੀਆਂ ਕਿਤਾਬਾਂ ਦੇ ਖਰੜੇ ਭੇਜਦੇ, ਮੈਨੂੰ ਉਨ੍ਹਾਂ ਨੂੰ ਸੰਪਾਦਿਤ ਕਰਨਾ ਪੈਂਦਾ ਅਤੇ ਰਚਨਾਤਮਕ ਸਹਿਯੋਗੀ ਦੀ ਤਰ੍ਹਾਂ ਕੰਮ ਕਰਨਾ ਪੈਂਦਾ। ਹਾਲਾਂਕਿ ਕਈ ਵਾਰ ਮੈਂ ਇਹ ਕੰਮ ਆਪਣੀ ਇੱਕ ਅੱਖ ਮੀਚ ਕੇ ਕਰਦੀ ਸੀ।"

ਇਸਤੋਂ ਕੁਝ ਸਮੇਂ ਬਾਅਦ, ਇਰਾ ਨੇ ਕਿਹਾ ਕਿ ਉਹ ਪੈਨਸਿਲਵੇਨੀਆ ਵਿੱਚ ਆਪਣੇ ਗ੍ਰਹਿ ਸ਼ਹਿਰ ਪਰਕਾਸੀ ਵਾਪਸ ਜਾ ਕੇ ਆਪਣੇ ਬਚਪਨ ਦੇ ਨਾਲ ਜੁੜੀਆਂ ਸਾਰੀਆਂ ਥਾਵਾਂ ਨੂੰ ਦੇਖਣਾ ਚਾਹੁੰਦੇ ਹਨ ਇਸ ਤੋਂ ਪਹਿਲਾਂ ਕਿ ਉਹ ਭੁੱਲ ਜਾਣ।

ਸਾਰਾਹ ਦੱਸਦੇ ਹਨ, "ਉਹ ਉਨ੍ਹਾਂ ਮੈਦਾਨਾਂ ਵਿੱਚ ਜਾਣਾ ਅਤੇ ਵੇਖਣਾ ਚਾਂਹੁੰਦੇ ਸਨ ਜਿੱਥੇ ਉਹ ਅਤੇ ਉਨ੍ਹਾਂ ਦੇ ਭਰਾ ਬੇਸਬਾਲ ਖੇਡਦੇ ਹੁੰਦੇ ਸਨ ...।"

"ਉਹ ਜਾਣਦੇ ਸਨ ਕਿ ਉਨ੍ਹਾਂ ਦੀ ਜ਼ਿੰਦਗੀ ਖਤਮ ਹੋ ਰਹੀ ਹੈ ਅਤੇ ਇਹ ਯਾਤਰਾ ਉਨ੍ਹਾਂ ਨਾਲ ਕੁਝ ਯਾਦਗਾਰ ਸਮਾਂ ਬਿਤਾਉਣ ਦਾ ਇੱਕ ਮੌਕਾ ਸੀ।"

ਸੜਕ ਯਾਤਰਾ ਵਿੱਚ ਇੱਕ ਹੋਰ ਦਿੱਕਤ ਇਹ ਸੀ ਕਿ - ਸਾਰਾਹ ਉਸ ਸਮੇਂ ਛੇ ਮਹੀਨਿਆਂ ਦੇ ਗਰਭਵਤੀ ਸਨ। ਇਰਾ ਆਪਣੇ ਦੋਹਤੇ ਨੂੰ ਮਿਲਣ ਲਈ ਜ਼ਿੰਦਾ ਸਨ ਪਰ ਉਹ ਜਾਣਦੇ ਸਨ ਕਿ ਉਹ ਕਦੇ ਵੀ ਉਸ ਬੱਚੇ ਨੂੰ ਵੱਡੇ ਹੁੰਦਿਆਂ ਨਹੀਂ ਦੇਖ ਸਕਣਗੇ।

ਆਪਣੇ 70ਵੇਂ ਜਨਮਦਿਨ ਤੋਂ ਦੋ ਦਿਨ ਬਾਅਦ, 6 ਜੁਲਾਈ 2015 ਨੂੰ ਇਰਾ ਅਲਟਰਮੈਨ ਦੀ ਮੌਤ ਹੋ ਗਈ। ਇਸ ਤੋਂ ਕੁਝ ਸਮੇਂ ਬਾਅਦ, ਉਹ ਕਿਤਾਬਾਂ ਵੀ ਪ੍ਰਕਾਸ਼ਿਤ ਹੋ ਗਈਆਂ ਅਤੇ ਸਫਲ ਰਹੀਆਂ ਜਿਨ੍ਹਾਂ ਨੂੰ ਲਿਖਣ ਵਿੱਚ ਸਾਰਾਹ ਨੇ ਮਦਦ ਕੀਤੀ ਸੀ।

ਪਰ ਇੱਕ ਹੋਰ ਪ੍ਰੋਜੈਕਟ ਵੀ ਸੀ ਜਿਸ ਲਈ ਉਨ੍ਹਾਂ ਨੇ ਸਾਰਾਹ ਤੋਂ ਮਦਦ ਮੰਗੀ ਸੀ।

ਸਾਰਾਹ ਕਹਿੰਦੇ ਹਨ, ਇਰਾ ਹਮੇਸ਼ਾ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਭਰਾ ਨੂੰ ਸੌਣ ਵੇਲੇ ਕਹਾਣੀਆਂ ਸੁਣਾਉਂਦੇ ਸਨ - "ਉਨ੍ਹਾਂ ਨੇ ਸਾਡੇ ਪਰਿਵਾਰ ਅਤੇ ਸਾਡੀਆਂ ਪਾਲਤੂ ਬਿੱਲੀਆਂ ਜਾਂ ਜਾਦੂਈ ਜੀਵਾਂ ਬਾਰੇ ਬਹੁਤ ਤਰ੍ਹਾਂ ਦੀਆਂ ਸ਼ਾਨਦਾਰ ਕਹਾਣੀਆਂ ਬਣਾਈਆਂ"।

ਹਾਲੇ, ਜਦੋਂ ਤੱਕ ਉਨ੍ਹਾਂ ਨੂੰ ਉਹ ਕਹਾਣੀਆਂ ਯਾਦ ਸਨ, ਸਾਰਾਹ ਅਤੇ ਉਨ੍ਹਾਂ ਦੀ ਮਾਂ ਨੇ ਇਨ੍ਹਾਂ ਕਹਾਣੀਆਂ ਨੂੰ ਲਿਖਤੀ ਰੂਪ ਦੇਣ ਵਿੱਚ ਮਦਦ ਕੀਤੀ ਤਾਂ ਜੋ ਉਹ ਇਨ੍ਹਾਂ ਨੂੰ ਆਪਣੇ ਪੋਤੇ-ਪੋਤੀਆਂ / ਦੋਹਤੇ-ਦੋਹਤੀਆਂ ਨੂੰ ਵੀ ਸੁਣਾ ਸਕਣ।

ਇਰਾ ਦੇ ਬੋਲੇ ਸ਼ਬਦਾਂ ਨੂੰ ਲਿਖਦਿਆਂ ਸਾਰਾਹ ਨੇ ਕਿਵੇਂ ਮਹਿਸੂਸ ਕੀਤਾ। ਸਾਰਾਹ ਕਹਿੰਦੇ ਹਨ, "ਮੈਨੂੰ ਦੁਬਾਰਾ ਇੱਕ ਛੋਟੀ ਕੁੜੀ ਬਣ ਗਈ ਸੀ ਅਤੇ ਮੇਰੇ ਪਿਤਾ ਦੀ ਸ਼ਬਦਾਂ ਨਾਲ ਖੇਡਣ ਦੀ ਕਲਾ 'ਤੇ ਹੈਰਾਨ ਸੀ। ਬਿਲਕੁਲ ਉਵੇਂ ਜਿਵੇਂ ਮੈਂ ਕਾਰ ਵਿੱਚ ਉਨ੍ਹਾਂ ਨਾਲ ਖੇਡਦੇ ਸਮੇਂ.. ਉਨ੍ਹਾਂ ਦੇ ਸ਼ਾਬਦਿਕ ਖੇਡਾਂ ਖੇਡਣ ਸਮੇਂ ਹੈਰਾਨ ਹੁੰਦੀ ਸੀ।"

ਸਾਰਾਹ ਨੇ ਆਪਣੇ ਪਿਤਾ ਨਾਲ ਆਪਣੇ ਰਿਸ਼ਤੇ ਬਾਰੇ ਇੱਕ ਸਿਮਰਿਤੀ ਲਿਖੀ ਹੈ, ਜਿਸਦਾ ਨਾਂ ਹੈ- 'ਲੇਟਸ ਨੇਵਰ ਟਾਕ ਅਬਾਉਟ ਦਿਸ ਅਗੇਨ' ਜਿਸਦੇ ਅੰਤ ਵਿੱਚ, ਇਰਾ ਦੁਆਰਾ ਸੁਣਾਈ ਗਈ ਇੱਕ ਕਹਾਣੀ ਹੈ - 'ਦਿ ਬੁਆਏ ਵਿਦ ਦਿ ਅਗਲੀ ਸਵੈਟਰ'।

ਇਸਦੇ ਮੁੱਖ ਪਾਤਰ ਦਾ ਨਾਮ ਸਾਰਾਹ ਦੇ ਪੁੱਤਰ ਕੋਲਿਨ ਦੇ ਨਾਮ 'ਤੇ ਰੱਖਿਆ ਗਿਆ ਹੈ। ਹਾਲਾਂਕਿ ਸਾਰਾਹ ਦਾ ਪੁੱਤਰ ਇਰਾ ਨੂੰ ਜਾਣੇ ਬਗੈਰ ਹੀ ਵੱਡਾ ਹੋ ਜਾਵੇਗਾ, ਪਰ ਇਹ ਕਹਾਣੀ ਹਮੇਸ਼ਾ ਉਸਨੂੰ ਆਪਣੇ ਨਾਨੇ ਦੀ ਯਾਦ ਦਿਵਾਉਂਦੀ ਰਹੇਗੀ।

ਕੋਲਿਨ ਦੇ ਜਨਮਦਿਨ ਮੌਕੇ ਉਸਦੀ ਨਾਨੀ ਨੇ ਉਸਨੂੰ ਇੱਕ ਬਹੁਤ ਵੱਡੇ ਡੱਬੇ ਵਿੱਚ ਇੱਕ ਤੋਹਫ਼ਾ ਭੇਜਿਆ ਸੀ।

ਇਸ ਡੱਬੇ ਉੱਤੋਂ ਸੁੰਦਰ ਰਿਬਨ ਅਤੇ ਰੰਗੀਨ ਕਾਗਜ਼ ਖੋਲਦੇ ਹੋਏ ਉਸਨੇ ਸੋਚਿਆ - "ਓ ਵਾਹ! ਇਹ ਬਹੁਤ ਸ਼ਾਨਦਾਰ ਹੋਵੇਗਾ"।

ਉਸਨੇ ਅੰਦਰ ਰੱਖੇ ਤੋਹਫੇ 'ਤੇ ਲਪੇਟੇ ਸੁਨਹਿਰੀ-ਚਮਕਦਾਰ ਕਾਗਜ਼ ਨੂੰ ਉਤਾਰਿਆ ਅਤੇ ਉਸਨੂੰ ਇਸਦੇ ਅੰਦਰੋਂ ਮਿਲਿਆ... ਸਭ ਤੋਂ ਭੈੜਾ ਸਵੈਟਰ, ਜੋ ਉਸਨੇ ਹੁਣ ਤੱਕ ਵੇਖਿਆ ਸੀ।

ਉਹ ਚੀਕਿਆ "ਇਹ ਹੁਣ ਤੱਕ ਦਾ ਸਭ ਤੋਂ ਭੈੜਾ ਸਵੈਟਰ ਹੈ ਜੋ ਮੈਂ ਦੇਖਿਆ ਹੈ।"

ਸਾਰਾਹ ਕਹਿੰਦੇ ਹਨ "ਮੇਰਾ ਆਪਣਾ ਬੇਟਾ ਇਸ ਕਹਾਣੀ ਨੂੰ ਬਹੁਤ ਪਸੰਦ ਕਰਦਾ ਹੈ। ਅਤੇ ਇਸ ਤਰ੍ਹਾਂ ਅਸੀਂ ਮੇਰੇ ਪਿਤਾ ਦੇ ਉਸ ਸੁਪਨੇ ਨੂੰ ਪੂਰਾ ਕਰਨ ਵਿੱਚ ਸਫਲ ਹੋਏ ਜਿਸ ਵਿੱਚ ਉਹ ਆਪਣੇ ਦੋਹਤੇ-ਦੋਹਤੀਆਂ ਨਾਲ ਰਿਸ਼ਤਾ ਕਾਇਮ ਰੱਖਣਾ ਚਾਹੁੰਦੇ ਸਨ।"

ਫੋਟੋ ਕਾਪੀਰਾਈਟ ਸਾਰਾਹ ਫੇਥ ਅਲਟਰਮੈਨ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)