ਅਫ਼ਗਾਨਿਸਤਾਨ : ਤਾਲਿਬਾਨ ਦੇ ਕਬਜ਼ੇ ਤੋਂ ਬਾਅਦ 4 ਵੱਡੇ ਸ਼ਹਿਰਾਂ ਦੇ ਲੋਕਾਂ ਤੋਂ ਜਾਣੋ ਹੁਣ ਕੀ ਕੁਝ ਬਦਲ ਗਿਆ ਹੈ

  • ਰਜਨੀ ਵੈਦਿਆਨਾਥਨ
  • ਬੀਬੀਸੀ ਦੱਖਣੀ ਏਸ਼ੀਆ ਪੱਤਰਕਾਰ
ਅਫ਼ਗਾਨਿਸਤਾਨ ਦੇ ਹੇਰਾਤ ਸ਼ਹਿਰ ਵਿੱਚ ਇੱਕ ਰਿਹੜੀ ਵਾਲਾ
ਤਸਵੀਰ ਕੈਪਸ਼ਨ,

ਅਫ਼ਗਾਨਿਸਤਾਨ ਦੇ ਹੇਰਾਤ ਸ਼ਹਿਰ ਵਿੱਚ ਇੱਕ ਰਿਹੜੀ ਵਾਲਾ

ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਤੋਂ ਆਖ਼ਰੀ ਵਿਦੇਸ਼ੀ ਫ਼ੌਜੀਆਂ ਨੂੰ ਗਏ ਹਫ਼ਤਾ ਹੋਣ ਵਾਲਾ ਹੈ।

ਉਨ੍ਹਾਂ ਦੇ ਜਾਣ ਤੋਂ ਬਾਅਦ ਪਿੱਛੇ ਰਹੇ ਗਏ ਲੋਕਾਂ ਦੀ ਜ਼ਿੰਦਗੀ ਕਿਵੇਂ ਲੰਘ ਰਹੀ ਹੈ?

ਵੱਖ-ਵੱਖ ਸ਼ਹਿਰਾਂ ਅਤੇ ਸੂਬਿਆਂ ਦੇ ਚਾਰ ਲੋਕਾਂ ਨੇ ਇਸ ਬਾਰੇ ਬੀਬੀਸੀ ਨਾਲ ਗੱਲਬਾਤ ਕੀਤੀ।

ਉਨ੍ਹਾਂ ਨੇ ਦੱਸਿਆ ਕਿ ਉਹ ਆਪਣੀ ਆਜ਼ਾਦੀ ਗੁਆ ਚੁੱਕੇ ਹਨ ਅਤੇ ਜ਼ਿੰਦਾ ਰਹਿਣ ਲਈ ਸੰਘਰਸ਼ ਕਰ ਰਹੇ ਹਨ। ਅਸੀਂ ਇਨ੍ਹਾਂ ਲੋਕਾਂ ਦੀ ਸੁਰੱਖਿਆ ਲਈ ਕੁਝ ਨਾਮ ਬਦਲ ਦਿੱਤੇ ਹਨ।

ਮਜ਼ਾਰ-ਏ-ਸ਼ਰੀਫ਼

ਮਜ਼ਾਰ-ਏ-ਸ਼ਰੀਫ਼ ਉੱਤਰੀ ਅਫ਼ਗਾਨਿਸਤਾਨ ਦਾ ਇੱਕ ਵੱਡਾ ਸ਼ਹਿਰ ਅਤੇ ਅਹਿਮ ਆਰਥਿਕ ਕੇਂਦਰ ਹੈ। ਇਹ ਤਜਾਕਿਸਤਾਨ ਅਤੇ ਉਜ਼ਬੇਕਿਸਤਾਨ ਦੇ ਬਾਰਡਰ ਦੇ ਕੋਲ ਹੈ। ਮਜ਼ਾਰ-ਏ-ਸ਼ਰੀਫ਼ ਕਦੇ ਅਫ਼ਗਾਨਿਸਤਾਨ ਦੀ ਚੁਣੀ ਹੋਈ ਸਰਕਾਰ ਦਾ ਇੱਕ ਮਜ਼ਬੂਤ ਗੜ੍ਹ ਹੁੰਦਾ ਸੀ।

ਪਰ ਕਾਬੁਲ ਵਿੱਚ ਦਾਖ਼ਲ ਹੋਣ ਤੋਂ ਇੱਕ ਦਿਨ ਪਹਿਲਾਂ 14 ਅਗਸਤ ਨੂੰ ਤਾਲਿਬਾਨ ਨੇ ਇਸ ਸ਼ਹਿਰ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ।

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ,

ਮਜ਼ਾਰ-ਏ-ਸ਼ਰੀਫ਼ ਦਾ ਇੱਕ ਸੁੰਨਾ ਪਿਆ ਬਜ਼ਾਰ

ਮਜੀਬ ਇੱਥੇ ਇੱਕ ਰੈਸਟੋਰੈਂਟ 'ਚ ਕੰਮ ਕਰਦੇ ਸਨ। ਹੁਣ ਉਹ ਖਾਣ-ਪੀਣ ਦਾ ਇੰਤਜ਼ਾਮ ਕਰਨ ਲਈ ਸੰਘਰਸ਼ ਕਰ ਰਹੇ ਹਨ।

ਮਜ਼ਾਰ-ਏ-ਸ਼ਰੀਫ਼ ਤੋਂ ਵੀਡੀਓ ਕਾਲ ਰਾਹੀਂ ਗੱਲਬਾਤ ਦੌਰਾਨ ਉਨ੍ਹਾਂ ਨੇ ਇੱਕ ਖਾਲ੍ਹੀ ਇਮਾਰਤ ਦੇ ਗੰਦੇ ਫਰਸ਼ ਵੱਲ ਇਸ਼ਾਰਾ ਕੀਤਾ।

ਉੱਥੇ ਕੁਝ ਕੰਬਲਾਂ ਦਾ ਢੇਰ ਲੱਗਿਆ ਹੋਇਆ ਸੀ, ਫ਼ਿਲਹਾਲ ਉਨ੍ਹਾਂ ਲਈ ਇਹੀ ਉਨ੍ਹਾਂ ਦਾ ਨਵਾਂ ਘਰ ਹੈ।

ਵੀਡੀਓ ਕੈਪਸ਼ਨ,

ਅਫ਼ਗਾਨਿਸਤਾਨ ’ਚ ਨਵੀਆਂ ‘ਕੰਧਾਂ’ ਉਸਾਰਦੀ ਕੁੜੀ

ਮਜੀਬ ਕੁਝ ਹਫ਼ਤਿਆਂ ਪਹਿਲਾਂ ਇੱਥੇ ਪਹੁੰਚੇ ਸਨ। ਉਹ ਉਨ੍ਹਾਂ ਲੱਖਾਂ ਅਫ਼ਗਾਨਾਂ ਵਿੱਚੋਂ ਹਨ, ਜਿਨ੍ਹਾਂ ਨੂੰ ਤਾਲਿਬਾਨ ਅਤੇ ਸੱਤਾ ਤੋਂ ਬੇਦਖ਼ਲ ਹੋਏ ਪਿਛਲੀ ਸਰਕਾਰ ਦੇ ਸੁਰੱਖਿਆ ਬਲਾਂ ਦੀ ਲੜਾਈ ਕਾਰਨ ਆਪਣਾ ਘਰ-ਬਾਰ ਛੱਡਣਾ ਪਿਆ ਸੀ।

ਮਜੀਬ ਨੇ ਦੱਸਿਆ ਕਿ ਦਸ ਸਾਲ ਪਹਿਲਾਂ ਤਾਲਿਬਾਨ ਨੇ ਉਨ੍ਹਾਂ ਦੇ ਪਿਤਾ ਦਾ ਕਤਲ ਕਰ ਦਿੱਤਾ ਸੀ। ਇਸ ਗੱਲ ਨੂੰ 10 ਸਾਲ ਲੰਘ ਗਏ ਹਨ ਪਰ ਉਨ੍ਹਾਂ ਨੂੰ ਘਰ ਤੋਂ ਬਾਹਰ ਨਿਕਲਣ 'ਤੇ ਡਰ ਲਗਦਾ ਹੈ ਕਿਉਂਕਿ ਬਾਹਰ ਹਰ ਰੋਜ਼ ਕਿਸੇ ਨਾ ਕਿਸੇ ਨੂੰ ਕੁੱਟਿਆ-ਮਾਰਿਆ ਜਾ ਰਿਹਾ ਹੈ।

ਪਿਛਲੇ ਹਫ਼ਤੇ ਮਜ਼ਾਰ-ਏ-ਸ਼ਰੀਫ਼ ਤੋਂ ਆ ਰਹੀਆਂ ਤਸਵੀਰਾਂ ਵਿੱਚ ਇਹ ਦੇਖਿਆ ਜਾ ਸਕਦਾ ਸੀ ਕਿ ਦਰਜਨਾਂ ਅਫ਼ਗਾਨ ਹੱਥਾਂ ਵਿੱਚ ਸੂਟਕੇਸ ਅਤੇ ਪਲਾਸਟਿਕ ਦੀਆਂ ਥੈਲੀਆਂ ਦੇ ਨਾਲ ਕਾਬੁਲ ਜਾਣ ਵਾਲੀਆਂ ਬੱਸਾਂ 'ਚ ਸਵਾਰ ਹੋ ਰਹੇ ਸਨ। ਉਹ ਦੇਸ਼ ਛੱਡਣ ਦੀ ਉਮੀਦ ਨਾਲ ਕਾਬੁਲ ਜਾ ਰਹੇ ਸਨ।

ਪਰ ਜਦੋਂ ਤੋਂ ਅਮਰੀਕੀ ਫ਼ੌਜੀ ਕਾਬੁਲ ਤੋਂ ਗਏ ਹਨ, ਪਿਛਲੇ ਕੁਝ ਦਿਨਾਂ 'ਚ ਮਜ਼ਾਰ-ਏ-ਸ਼ਰੀਫ਼ ਤੋਂ ਕਾਬੁਲ ਆਉਣ ਵਾਲੇ ਲੋਕਾਂ ਦੀ ਗਿਣਤੀ ਵੱਧ ਗਈ ਹੈ। ਮਜੀਬ ਵੀ ਉਜ਼ਬੇਕਿਸਤਾਨ ਬਾਰਡਰ ਰਾਹੀਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ।

ਮਜੀਬ ਵੀ ਦੇਸ਼ ਛੱਡਣ ਲਈ ਬੇਕਰਾਰ ਹਨ ਕਿਉਂਕਿ ਉਹ ਨਹੀਂ ਜਾਣਦੇ ਕਿ ਇਸ 'ਚ ਸਫ਼ਲ ਹੋਣਗੇ ਜਾਂ ਨਹੀਂ। ਉਹ ਕਹਿੰਦੇ ਹਨ, ''ਤਾਲਿਬਾਨ ਇੱਥੇ ਹਨ ਅਤੇ ਉਹ ਨਹੀਂ ਚਾਹੁੰਦੇ ਕਿ ਲੋਕ ਦੇਸ਼ ਛੱਡ ਕੇ ਜਾਣ।''

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਲਸ਼ਕਾਰ ਗਾਹ, ਹੇਲਮੰਦ ਸੂਬਾ

ਅਫ਼ਗਾਨਿਸਤਾਨ ਦੇ ਦੱਖਣੀ ਸੂਬੇ ਹੇਲਮੰਦ 'ਚ ਸੰਘਰਸ਼ ਦੌਰਾਨ ਬਰਤਾਨਵੀ ਫ਼ੌਜੀਆਂ ਦਾ ਅੱਡਾ ਹੁੰਦਾ ਸੀ। ਤਾਲਿਬਾਨ ਨੇ 13 ਅਗਸਤ ਨੂੰ ਇਸ ਨੂੰ ਆਪਣੇ ਅਧਿਕਾਰ ਵਿੱਚ ਲੈ ਲਿਆ। ਹੇਲਮੰਦ ਦੀ ਰਾਜਧਾਨੀ ਲਸ਼ਕਰ ਗਾਹ ਵਿੱਚ ਹਫ਼ਤਿਆਂ ਤੱਕ ਭਿਆਨਕ ਲੜਾਈ ਚੱਲੀ।

ਡਾਕਟਰ ਵਿਕਟਰ ਯੂਰੋਸੇਵਿਕ ਆਪਣੇ ਦਫ਼ਤਰ ਦੇ ਨੋਟਿਸ ਬੋਰਡ ਵੱਲ ਇਸ਼ਾਰਾ ਕਰਦੇ ਹਨ, ਜਿਸ 'ਤੇ ਪਲਾਸਟਿਕ ਦੀਆਂ ਕਈ ਛੋਟੀਆਂ ਥੈਲੀਆਂ ਟੰਗੀਆਂ ਹਨ। ਇਨ੍ਹਾਂ ਥੈਲੀਆਂ 'ਚ ਗੋਲੀਆਂ ਹਨ। ਉਹ ਕਹਿੰਦੇ ਹਨ, ''ਅਸੀਂ ਇਸ ਨੂੰ ਸ਼ਰਮ ਦੀ ਕੰਧ ਕਹਿੰਦੇ ਹਾਂ।''

ਉਹ ਇੱਕ ਥੈਲੀ ਹਟਾ ਕੇ ਆਪਣਾ ਕੈਮਰਾ ਫਿੱਟ ਕਰਦੇ ਹਨ ਤਾਂ ਜੋ ਉਹ ਸਾਨੂੰ ਵੀਡੀਓ ਇੰਟਰਵੀਊ ਦੇ ਸਕਣ। ਉਹ ਦੱਸਦੇ ਹਨ, ''ਮੈਂ ਇਹ ਗੋਲੀਆਂ ਆਪਣੇ ਨੌਜਵਾਨ ਮਰੀਜ਼ਾਂ ਦੇ ਸ਼ਰੀਰ 'ਚੋਂ ਕੱਢੀਆਂ ਹਨ। ਇਨ੍ਹਾਂ 'ਚ ਜ਼ਿਆਦਾਤਰ ਵੱਡੇ ਹਥਿਆਰਾਂ ਦੀਆਂ ਗੋਲੀਆਂ ਹਨ।''

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਲਸ਼ਕਰ ਗਾਹ ਦੇ ਇੱਕ ਮੋਬਾਇਲ ਕਲੀਨਿਕ ਤੇ ਔਰਤਾਂ ਤੇ ਬੱਚੇ

ਡਾ. ਵਿਕਟਰ ਯੂਰੋਸੇਵਿਕ ਲਸ਼ਕਰ ਗਾਹ ਦੇ ਇੱਕ ਹਸਪਤਾਲ ਦੇ ਟ੍ਰੋਮਾ ਸੈਂਟਰ 'ਚ ਕੰਮ ਕਰਦੇ ਹਨ। ਹੁਣ ਲੜਾਈ ਖ਼ਤਮ ਹੋ ਗਈ ਹੈ। ਹਸਪਤਾਲ ਵਿੱਚ ਪਹਿਲਾਂ ਵਾਂਗ ਮਰੀਜ਼ਾਂ ਦੀ ਭੀੜ ਨਹੀਂ ਹੈ। ਬਾਹਰ ਬੰਬਾਂ ਅਤੇ ਗੋਲੀਆਂ ਦੀ ਬਰਸਾਤ ਰੁਕ ਗਈ ਹੈ, ਸੜਕਾਂ ਉੱਤੇ ਸ਼ਾਂਤੀ ਹੈ।

ਉਹ ਕਹਿੰਦੇ ਹਨ, ''ਬੜਾ ਅਜੀਬ ਲੱਗਦਾ ਹੈ। ਮੈਂ ਇੱਥੇ ਕਈ ਸਾਲਾਂ ਤੋਂ ਹਾਂ ਪਰ ਇੰਨੀ ਚੁੱਪ ਪਹਿਲਾਂ ਕਦੇ ਨਹੀਂ ਦੇਖੀ। ਮੈਂ ਇਸ ਨੂੰ ਤੂਫ਼ਾਨ ਤੋਂ ਪਹਿਲਾਂ ਵਾਲੀ ਖਾਮੋਸ਼ੀ ਦੇ ਤੌਰ 'ਤੇ ਦੇਖ ਰਿਹਾਂ ਹਾਂ। ਮੈਂ ਉਮੀਦ ਕਰਦਾ ਹਾਂ ਕਿ ਅਜਿਹਾ ਨਾ ਹੋਵੇ, ਦੇਖਦੇ ਹਾਂ ਕਿ ਅੱਗੇ ਕੀ ਹੁੰਦਾ ਹੈ।''

ਡਾ. ਵਿਕਟਰ ਦੱਸਦੇ ਹਨ, ''ਲਸ਼ਕਰ ਗਾਹ 'ਚ ਬੰਬਾਂ ਦੇ ਬਰਸਾਤ ਕਾਰਨ ਕਈ ਇਮਾਰਤਾਂ ਬਰਬਾਦ ਹੋਈ ਗਈਆਂ ਹਨ। ਲੜਾਈ ਸਮੇਂ ਜੋ ਲੋਕ ਇੱਥੋਂ ਚਲੇ ਗਏ ਸਨ, ਉਹ ਹੁਣ ਵਾਪਸ ਆ ਗਏ ਹਨ। ਉਹ ਸੜਕਾਂ 'ਤੇ ਅਤੇ ਮਸਜਿਦਾਂ ਦੇ ਸਾਹਮਣੇ ਸੌਂ ਰਹੇ ਹਨ। ਉਨ੍ਹਾਂ ਦੇ ਕੋਲ ਆਪਣੇ ਘਰ ਫ਼ਿਰ ਤੋਂ ਬਣਾਉਣ ਲਈ ਪੈਸਾ ਨਹੀਂ ਹੈ। ਉਨ੍ਹਾਂ ਵਿੱਚੋਂ ਕਈ ਲੋਕ ਬੇਘਰ ਹਨ ਜਾਂ ਆਪਣੇ ਰਿਸ਼ਤੇਦਾਰਾਂ ਦੇ ਨਾਲ ਰਹਿਣ ਨੂੰ ਮਜਬੂਰ ਹਨ।''

ਵੀਡੀਓ ਕੈਪਸ਼ਨ,

ਅਮਰੀਕਾ ਤਾਲਿਬਾਨ ਲਈ ਕਿਹੜੇ 'ਬੇਕਾਰ' ਹਥਿਆਰ ਛੱਡ ਗਿਆ

ਉਨ੍ਹਾਂ ਨੇ ਦੱਸਿਆ ਕਿ ਬਹੁਤ ਸਾਰੇ ਪਰਿਵਾਰ ਗ਼ਰੀਬੀ ਵਿੱਚ ਰਹਿ ਰਹੇ ਹਨ, ਦਿਨ ਵੇਲੇ ਇੱਕ ਸਮਾਂ ਹੀ ਖਾਣੇ ਦੇ ਮੋਹਤਾਜ ਹਨ, ਕਈ ਦਿਨਾਂ ਤੋਂ ਬੈਂਕ ਬੰਦ ਹਨ, ਇਸ ਕਾਰਨ ਵੀ ਪਰੇਸ਼ਾਨੀ ਹੋਰ ਵੱਧ ਗਈ ਹੈ।

ਤਾਲਿਬਾਨ ਦੇ ਆਉਣ ਤੋਂ ਬਾਅਦ ਕਈ ਵਿਦੇਸ਼ੀ ਸਹਾਇਤਾ ਕਰਮੀ ਜੋ ਇੱਥੇ ਲੋਕਾਂ ਨੂੰ ਮਦਦ ਪਹੁੰਚਾ ਰਹੇ ਸੀ, ਦੇਸ਼ ਛੱਡ ਕੇ ਜਾ ਚੁੱਕੇ ਹਨ। ਸਰਬੀਆ ਦੇ ਡਾਕਟਰ ਵਿਕਟਰ ਯੂਰੋਸੇਵਿਕ ਉਨ੍ਹਾਂ ਲੋਕਾਂ ਵਿੱਚੋਂ ਹਨ, ਜਿਨ੍ਹਾਂ ਨੇ ਇੱਥੇ ਰੁਕਣ ਦਾ ਫ਼ੈਸਲਾ ਕੀਤਾ ਹੈ।

ਉਹ ਕਹਿੰਦੇ ਹਨ, ''ਸਾਡੀ ਇੱਕ ਜ਼ਿੰਮੇਵਾਰੀ ਹੈ। ਅਸੀਂ ਇਸ ਸੂਬੇ ਦਾ ਇੱਕੋ-ਇੱਕ ਟ੍ਰੋਮਾ ਸੈਂਟਰ ਚਲਾ ਰਹੇ ਹਾਂ। ਲੋਕਾਂ ਨੂੰ ਖਾਣੇ ਦੀ ਲੋੜ ਹੈ, ਲੋਕਾਂ ਨੂੰ ਪੈਸਾ ਚਾਹੀਦਾ ਹੈ। ਉਨ੍ਹਾਂ ਨੂੰ ਦਵਾਈਆਂ ਦੀ ਲੋੜ ਹੈ।''

ਬਦਖ਼ਸ਼ਾਨ

ਅਫ਼ਗਾਨਿਸਤਾਨ ਦੇ ਸਭ ਤੋਂ ਗ਼ਰੀਬ ਸੂਬਿਆਂ ਵਿੱਚੋਂ ਇੱਕ ਬਦਖ਼ਸ਼ਾਨ ਦੇਸ਼ ਦੇ ਪੂਰਬੀ ਉੱਤਰੀ ਪਾਸੇ ਪੈਂਦਾ ਹੈ। ਤਜਾਕਿਸਤਾਨ ਨਾਲ ਇਸ ਦੀ ਸਰਹੱਦ ਲਗਦੀ ਹੈ। ਤਾਲਿਬਾਨ ਨੇ 11 ਅਗਸਤ ਨੂੰ ਬਦਖ਼ਸ਼ਾਨ ਦੀ ਰਾਜਧਾਨੀ ਨੂੰ ਆਪਣੇ ਹੇਠਾਂ ਲੈ ਲਿਆ ਸੀ।

ਅਬਦੁਲ ਇਸੇ ਬਦਖ਼ਸ਼ਾਨ ਵਿੱਚ ਡਾਕਟਰ ਹਨ। ਪਿਛਲੀ ਵਾਰ ਜਦੋਂ ਤਾਲਿਬਾਨ ਇਸ ਦੇਸ਼ ਦੀ ਹਕੂਮਤ ਚਲਾ ਰਿਹਾ ਸੀ ਤਾਂ ਅਬਦੁਲ ਉਸ ਸਮੇਂ ਮੈਡੀਕਲ ਦੀ ਪੜ੍ਹਾਈ ਕਰ ਰਹੇ ਸਨ।

ਉਹ ਦੱਸਦੇ ਹਨ, ''ਉਸ ਸਮੇਂ ਹਾਲਾਤ ਬਹੁਤ ਹੀ ਖ਼ਰਾਬ ਸਨ ਅਤੇ ਉਨ੍ਹਾਂ ਦਾ ਵਤੀਰਾ ਉਸੇ ਤਰ੍ਹਾਂ ਦਾ ਹੈ ਜਿਵੇਂ ਪਹਿਲਾਂ ਹੁੰਦਾ ਸੀ। ਮੈਂ ਕੋਈ ਫ਼ਰਕ ਨਹੀਂ ਦੇਖਿਆ।''

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਬਦਖ਼ਸ਼ਾਨ 'ਚ ਵਿਸਥਾਪਿਤ ਹੋਣ ਵਾਲੇ ਲੋਕਾਂ ਦੀ ਫ਼ਾਈਲ ਫੋਟੋ

ਅਬਦੁਲ ਨੇ ਬੀਬੀਸੀ ਨੂੰ ਇੱਕ ਹਸਪਤਾਲ ਦੀਆਂ ਕਈ ਤਸਵੀਰਾਂ ਭੇਜੀਆਂ। ਹਸਪਤਾਲ ਜਿਸ ਇਲਾਕੇ ਵਿੱਚ ਹੈ, ਉੱਥੇ ਤਾਲਿਬਾਨ ਦਾ ਸਖ਼ਤ ਪਹਿਰਾ ਹੈ।

ਇੱਕ ਤਸਵੀਰ 'ਚ ਡੇਢ ਸਾਲ ਦਾ ਇੱਕ ਕਮਜ਼ੋਰ ਬੱਚਾ ਬਿਸਤਰੇ 'ਤੇ ਪਿਆ ਹੈ। ਉਸ ਦੀ ਮਾਂ ਸਟਾਫ਼ ਨੂੰ ਬੱਚੇ ਨੂੰ ਬਚਾਉਣ ਲਈ ਮਿੰਨਤਾਂ ਕਰ ਰਹੀ ਹੈ।

ਅਬਦੁਲ ਦੱਸਦੇ ਹਨ ਕਿ ਬੱਚੇ ਨੂੰ ਕੁਝ ਖਵਾਉਣ ਲਈ ਉਸ ਔਰਤ ਕੋਲ ਪੈਸੇ ਨਹੀਂ ਸਨ। ਉਹ ਦੱਸਦੇ ਹਨ, ''ਹਰ ਲੰਘਦੇ ਦਿਨ ਦੇ ਨਾਲ ਬੱਚਿਆਂ ਵਿੱਚ ਕੁਪੋਸ਼ਨ ਦੀ ਸਮੱਸਿਆ ਵੱਧਦੀ ਜਾ ਰਹੀ ਹੈ।''

ਸੰਯੁਕਤ ਰਾਸ਼ਟਰ ਦੇ ਅੰਦਾਜ਼ੇ ਮੁਤਾਬਕ ਅਫ਼ਗਾਨਿਸਤਾਨ 'ਚ ਪੰਜ ਸਾਲ ਤੋਂ ਘੱਟ ਉਮਰ ਦੇ ਅੱਧੇ ਤੋਂ ਵੱਧ ਬੱਚੇ ਅਗਲੇ ਸਾਲ ਭਿਆਨਕ ਕੁਪੋਸ਼ਨ ਦੀ ਸਮੱਸਿਆ ਦਾ ਸ਼ਿਕਾਰ ਹੋ ਸਕਦੇ ਹਨ।

ਬਦਖ਼ਸ਼ਾਨ 'ਚ ਬਹੁਤ ਸਾਰੇ ਲੋਕ ਪਹਿਲਾਂ ਹੀ ਗ਼ਰੀਬੀ ਨਾਲ ਜੂਝ ਰਹੇ ਸਨ। ਪਰ ਤਾਲਿਬਾਨ ਨੇ ਜਦੋਂ ਤੋਂ ਕਮਾਨ ਸੰਭਾਲੀ ਹੈ, ਖਾਣ-ਪੀਣ ਦੀਆਂ ਚੀਜ਼ਾਂ ਅਤੇ ਤੇਲ ਦੀਆਂ ਕੀਮਤਾਂ ਵੱਧ ਗਈਆਂ ਹਨ। ਸਰਕਾਰੀ ਕਰਮਚਾਰੀਆਂ ਦਾ ਕੰਮ ਬੰਦ ਹੋ ਗਿਆ ਹੈ। ਕੁਝ ਲੋਕਾਂ ਨੂੰ ਪਿਛਲੇ ਕਈ ਮਹੀਨਿਆਂ ਤੋਂ ਉਨ੍ਹਾਂ ਦੀ ਤਨਖ਼ਾਹ ਨਹੀਂ ਮਿਲੀ ਹੈ।

ਵੀਡੀਓ ਕੈਪਸ਼ਨ,

ਤਾਲਿਬਾਨ ਤੇ ਜੰਗ ਵਿਚਾਲੇ ਇੱਕ ਅਫ਼ਗਾਨਿਸਤਾਨ ਇਹ ਵੀ ਹੈ

ਡਾਕਟਰ ਅਬਦੁਲ ਨੂੰ ਔਰਤਾਂ ਦੇ ਅਧਿਕਾਰਾਂ ਨੂੰ ਲੈ ਕੇ ਵੀ ਚਿੰਤਾ ਮਹਿਸੂਸ ਹੁੰਦੀ ਹੈ। ਹਾਲਾਂਕਿ ਮਹਿਲਾ ਮੈਡੀਕਲ ਸਟਾਫ਼ ਨੂੰ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਹੋਰ ਔਰਤਾਂ ਨੂੰ ਕੰਮ 'ਤੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ।

ਅਬਦੁਲ ਨੇ ਦੱਸਿਆ ਕਿ 6ਵੀਂ ਜਮਾਤ ਤੋਂ ਉੱਤੇ ਦੀਆਂ ਕਲਾਸਾਂ 'ਚ ਪੜ੍ਹਨ ਵਾਲੀਆਂ ਕੁੜੀਆਂ ਨੂੰ ਸਕੂਲ ਜਾਣ ਤੋਂ ਮਨ੍ਹਾਂ ਕਰ ਦਿੱਤਾ ਗਿਆ ਹੈ।

ਉਹ ਕਹਿੰਦੇ ਹਨ, ''ਲੋਕਾਂ ਨੂੰ ਹੁਣ ਭਵਿੱਖ ਦੀ ਕੋਈ ਉਮੀਦ ਨਹੀਂ ਰਹਿ ਗਈ ਹੈ। ਬਦਖ਼ਸ਼ਾਨ 'ਚ ਲੋਕਾਂ ਲਈ ਹੁਣ ਕੋਈ ਮੌਕਾ ਨਹੀਂ ਰਹਿ ਗਿਆ ਹੈ।''

ਹੇਰਾਤ

ਸਿਲਕ ਰੂਟ 'ਤੇ ਪੈਣ ਵਾਲੇ ਹੇਰਾਤ ਸ਼ਹਿਰ ਦੀਆਂ ਸਰਹੱਦਾਂ ਈਰਾਨ ਨਾਲ ਲਗਦੀਆਂ ਹਨ। ਇਸ ਨੂੰ ਅਫ਼ਗਾਨਿਸਤਾਨ ਦੇ ਸਭ ਤੋਂ ਉਦਾਰਵਾਦੀ ਸ਼ਹਿਰਾਂ ਵਿੱਚ ਦੇਖਿਆ ਜਾਂਦਾ ਰਿਹਾ ਹੈ।

ਕਾਬੁਲ ਤੋਂ ਅਮਰੀਕੀ ਫ਼ੌਜੀਆਂ ਦੇ ਜਾਣ ਤੋਂ ਅਗਲੇ ਹੀ ਦਿਨ ਸੈਂਕੜੇ ਤਾਲਿਬਾਨ ਸਮਰਥਕ ਸ਼ਹਿਰ ਦੀਆਂ ਸੜਕਾਂ 'ਤੇ ਉੱਤਰ ਆਏ ਸਨ।

ਤਸਵੀਰ ਕੈਪਸ਼ਨ,

ਹੇਰਾਤ ਸ਼ਹਿਰ ਵਿੱਚ ਤਾਲਿਬਾਨ ਦੀ ਟੀਮ ਗਸ਼ਤ ਕਰਦੀ ਹੋਈ

ਲੋਕ ਡਰ ਦੇ ਕਾਰਨ ਆਪਣੇ ਘਰਾਂ ਵਿੱਚ ਰਹੇ। ਗੁਲ ਜਦੋਂ ਬੀਬੀਸੀ ਨਾਲ ਗੱਲ ਕਰ ਰਹੇ ਸਨ, ਤਾਂ ਉਹ ਥੋੜ੍ਹੀ ਦੇਰ ਪਹਿਲਾਂ ਹੀ ਬਜ਼ਾਰ ਤੋਂ ਘਰ ਪਰਤੇ ਸਨ।

ਉਨ੍ਹਾਂ ਨੇ ਦੱਸਿਆ ''ਪੂਰੇ ਬਜ਼ਾਰ 'ਚ ਤਾਲਿਬਾਨ ਬੰਦੂਕਾਂ ਦੇ ਨਾਲ ਖੜ੍ਹੇ ਹਨ। ਤੁਸੀਂ ਸੜਕਾਂ ਉੱਤੇ ਧਨੀ ਲੋਕ ਜਾਂ ਔਰਤਾਂ ਤੇ ਕੁੜੀਆਂ ਨੂੰ ਨਹੀਂ ਦੇਖ ਸਕੋਗੇ ਕਿਉਂਕਿ ਉਹ ਸਾਰੇ ਤਾਲਿਬਾਨ ਤੋਂ ਡਰੇ ਹੋਏ ਹਨ।''

ਗੁਲ ਦੀ ਪਤਨੀ ਅਫ਼ਸੂਨ ਹੁਣ ਬਿਨਾਂ ਕਿਸੇ ਮਰਦ ਦੇ ਘਰ ਤੋਂ ਬਾਹਰ ਨਹੀਂ ਨਿਕਲ ਸਕਦੇ।

ਉਨ੍ਹਾਂ ਨੂੰ ਬੁਰਕਾ ਪਹਿਨਣਾ ਪੈਂਦਾ ਹੈ, ਜਿਸ 'ਚ ਉਨ੍ਹਾਂ ਦਾ ਚਿਹਰਾ ਪੂਰੀ ਤਰ੍ਹਾਂ ਝਕਿਆ ਹੋਇਆ ਰਹਿੰਦਾ ਹੈ। ਅਫ਼ਸੂਨ ਕਹਿੰਦੇ ਹਨ, ''ਮੇਰੀ ਬੇਟੀ ਦਾ ਭਵਿੱਖ ਹਨੇਰੇ ਵਿੱਚ ਚਲਾ ਗਿਆ ਹੈ।''

ਗੁਲ ਦੀ ਭੈਣ ਇੱਕ ਡਾਕਟਰ ਹਨ। ਗੁਲ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਨੂੰ ਕਿਹਾ ਗਿਆ ਸੀ ਕਿ ਉਹ ਕੁਝ ਹਫ਼ਤਿਆਂ ਤੱਕ ਆਪਣੇ ਕਲੀਨਿਕ ਨਾ ਜਾਣ ਜਦਕਿ ਤਾਲਿਬਾਨ ਆਗੂਆਂ ਨੇ ਮੈਡੀਕਲ ਖ਼ੇਤਰ ਦੀਆਂ ਔਰਤਾਂ ਨੂੰ ਕੰਮ ਉੱਤੇ ਪਰਤਣ ਦੀ ਇਜਾਜ਼ਤ ਦੇ ਦਿੱਤੀ ਹੈ।

ਹਾਲਾਂਕਿ ਕੁਝ ਦਿਨਾਂ ਬਾਅਦ ਉਹ ਹੋਰ ਔਰਤਾਂ ਦੇ ਨਾਲ ਕੰਮ ਉੱਥੇ ਜਾ ਸਕੇ।

ਵੀਡੀਓ ਕੈਪਸ਼ਨ,

ਇਸ ਪੱਤਰਕਾਰ ਨੂੰ ਤਾਲਿਬਾਨ ਨੇ ਰੋਕ ਕੇ ਕੀ ਕਿਹਾ

ਉਹ ਕਹਿੰਦੇ ਹਨ ਕਿ ਅਜੇ ਵੀ ਕਈ ਔਰਤਾਂ ਘਰ ਵਿੱਚ ਹੀ ਰਹਿਣ ਨੂੰ ਮਜਬੂਰ ਹਨ। ਗੁਲ ਅਤੇ ਉਨ੍ਹਾਂ ਦਾ ਪਰਿਵਾਰ ਅਜੇ ਵੀ ਦੇਸ਼ ਛੱਡਣ ਦੀ ਉਮੀਦ ਕਰ ਰਿਹਾ ਹੈ।

ਉਹ ਕਹਿੰਦੇ ਹਨ, ''ਅਸੀਂ ਕਿਤੇ ਵੀ ਚਲੇ ਜਾਵਾਂਗੇ। ਅਮਰੀਕਾ, ਜਰਮਨੀ, ਫਰਾਂਸ, ਕਿਤੇ ਵੀ।''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)