ਅਫ਼ਗਾਨਿਸਤਾਨ: ਤਾਲਿਬਾਨ ਦਾ ਪੰਜਸ਼ੀਰ ਘਾਟੀ 'ਤੇ ਪੂਰੀ ਤਰ੍ਹਾਂ ਕਬਜ਼ੇ ਦਾ ਦਾਅਵਾ, ਵਿਰੋਧੀ ਲੜਾਕਿਆਂ ਨੇ ਦਾਅਵੇ ਨੂੰ ਨਕਾਰਿਆ

ਤਸਵੀਰ ਸਰੋਤ, Alamy
ਪੰਜਸ਼ੀਰ ਘਾਟੀ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਉੱਤਰ ਵਿਚ ਮੌਜੂਦ ਹੈ
ਤਾਲਿਬਾਨ ਦੇ ਬੁਲਾਰੇ ਜਬੀਉੱਲਾਹ ਮੁਜਾਹਿਦ ਨੇ ਦਾਅਵਾ ਕੀਤਾ ਹੈ ਕਿ ਤਾਲਿਬਾਨ ਨੇ ਅਫ਼ਗਾਨਿਸਤਾਨ ਦੇ ਪੰਜਸ਼ੀਰ ਸੂਬੇ ਉੱਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ।
ਕਾਬੁਲ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਤਾਲਿਬਾਨ ਆਗੂ ਨੇ ਐਲਾਨ ਕੀਤਾ, ''ਘਾਟੀ ਹੁਣ ਪੂਰੀ ਤਰ੍ਹਾਂ ਸਾਡੇ ਕਬਜ਼ੇ ਵਿਚ ਹੈ।''
ਇਹ ਪੰਜਸ਼ੀਰ ਘਾਟੀ ਉੱਤੇ ਤਾਲਿਬਾਨ ਦੇ ਕਬਜ਼ੇ ਦਾ ਇਹ ਪਹਿਲਾ ਅਧਿਕਰਾਤ ਐਲਾਨ ਹੈ।
ਪੰਜਸ਼ੀਰ ਦੇ ਲੜਾਕੇ ਕਿਵੇਂ ਤਾਕਤਵਰ ਤਾਲਿਬਾਨ ਅੱਗੇ ਟਿਕ ਪਾ ਰਹੇ ਹਨ
ਪਰ ਤਾਲਿਬਾਨ ਨਾਲ ਟੱਕਰ ਲੈ ਰਹੇ ਨੈਸ਼ਨਲ ਰਜ਼ਿਸਟੈਂਸ ਫ਼ਰੰਟ ਆਫ਼ ਅਫ਼ਗਾਨਿਸਤਾਨ ਦੇ ਆਗੂ ਅਹਿਮਦ ਮਸੂਦ ਨੇ ਇੱਕ ਟਵੀਟ ਕਰਕੇ ਕਿਹਾ, ''ਮੈਂ ਸੁਰੱਖਿਅਤ ਹਾਂ, ਫਿਕਰ ਨਾ ਕਰੋ।''
ਮਸੂਦ ਨੇ ਆਡੀਓ ਸੰਦੇਸ਼ ਜਾਰੀ ਕਰਕੇ ਤਾਲਿਬਾਨ ਖਿਲਾਫ਼ ਜੰਗ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਤਾਲਿਬਾਨ ਨੂੰ ਕੌਮਾਂਤਰੀ ਪੱਧਰ ’ਤੇ ਮਾਨਤਾ ਦੇਣ ਦੀ ਆਲੋਚਨਾ ਕੀਤੀ ਹੈ। ਮਸੂਦ ਨੇ ਆਪਣੇ ਸੰਦੇਸ਼ ਵਿੱਚ ਤਾਲਿਬਾਨ ਦਾ ਦੇਸ ਵਿਆਪੀ ਵਿਰੋਧ ਕਰਨ ਦੀ ਅਪੀਲ ਕੀਤੀ ਹੈ।
ਭਾਵੇਂ ਤਾਲਿਬਾਨ ਦੇ ਪੰਜਸ਼ੀਰ ਉੱਤੇ ਪਹਿਲੇ ਦਾਅਵੇ ਨੂੰ ਮਸੂਦ ਦੇ ਬੁਲਾਰੇ ਨੇ ਰੱਦ ਕੀਤਾ ਸੀ ਪਰ ਤਾਜ਼ਾ ਟਵੀਟ ਵਿਚ ਮਸੂਦ ਨੇ ਸਿਰਫ਼ ਆਪਣੇ ਠੀਕ ਹੋਣ ਦੀ ਹੀ ਗੱਲ ਕਹੀ ਹੈ।
ਤਾਲਿਬਾਨ ਆਗੂ ਨੇ ਐਲਾਨ ਕੀਤਾ, ''ਜੋ ਲੋਕ ਪੰਜਸ਼ੀਰ ਉਪਰ ਕਾਬਜ਼ ਸਨ ਉਹ ਇਸ ਵੇਲੇ ਗੁੰਮਸ਼ੁਦਾ ਹਨ। ਅਫ਼ਗਾਨਿਸਤਾਨ ਉਨ੍ਹਾਂ ਦਾ ਘਰ ਹੈ ਅਤੇ ਜੇ ਉਹ ਚਾਹੁਣ ਤਾਂ ਵਾਪਿਸ ਆ ਸਕਦੇ ਹਨ।''
''ਪੰਜਸ਼ੀਰ ਤੋਂ ਮਿਲੇ ਹਥਿਆਰ ਅਫ਼ਗਾਨਿਸਤਾਨ ਦੇ ਹਥਿਆਰਾਂ ਵਿੱਚ ਸ਼ਾਮਿਲ ਕੀਤੇ ਜਾਣਗੇ।''
ਤਾਲਿਬਾਨ ਬੁਲਾਰੇ ਨੇ ਕਿਹਾ ਹੈ ਕਿ ਪੰਜਸ਼ੀਰ ਵਿੱਚ ਅੱਜ ਤੋਂ ਬਿਜਲੀ ਅਤੇ ਇੰਟਰਨੈੱਟ ਦੁਬਾਰਾ ਹੋਵੇਗਾ। ਇਸਲਾਮਿਕ ਕੱਟੜਪੰਥੀ ਸਮੂਹ ਤਾਲਿਬਾਨ ਨੇ ਇਲਾਕੇ ਵਿੱਚ ਫ਼ੋਨ, ਬਿਜਲੀ ਅਤੇ ਇੰਟਰਨੈੱਟ ਨੂੰ ਬੰਦ ਕੀਤਾ ਸੀ।
ਇਹ ਵੀ ਪੜ੍ਹੋ:
ਅਫ਼ਗਾਨਿਸਤਾਨ ਉੱਤੇ ਕਬਜ਼ੇ ਤੋਂ ਬਾਅਦ ਪੰਜਸ਼ੀਰ ਇੱਕੋ-ਇੱਕ ਅਜਿਹਾ ਸੂਬਾ ਬਚਿਆ ਸੀ ਜੋ ਤਾਲਿਬਾਨ ਦੇ ਕੰਟਰੋਲ ਵਿਚ ਨਹੀਂ ਸੀ। ਇਸ ਸੂਬੇ ਉੱਤੇ ਕਬਜ਼ੇ ਨੂੰ ਲੈ ਕੇ ਕਈ ਦਿਨਾਂ ਤੋਂ ਜੰਗ ਚੱਲ ਰਹੀ ਸੀ।
ਤਾਲਿਬਾਨ ਨੇ ਪੰਜਸ਼ੀਰ ਦੀ ਪੂਰੀ ਤਰ੍ਹਾਂ ਨਾਕੇਬੰਦੀ ਕਰਕੇ ਬਿਜਲੀ, ਪਾਣੀ ਅਤੇ ਇੰਟਰਨੈੱਟ ਦੀ ਸਪਲਾਈ ਬੰਦ ਕੀਤੀ ਹੋਈ ਸੀ।
ਅਫ਼ਗਾਨਿਸਤਾਨ ’ਚ ਨਵੀਆਂ ‘ਕੰਧਾਂ’ ਉਸਾਰਦੀ ਕੁੜੀ
ਅਹਿਮਦ ਮਸੂਦ ਦੀ ਅਗਵਾਈ ਵਿਚ ਨੈਸ਼ਨਲ ਰਜ਼ਿਸਟੈਂਸ ਫ਼ਰੰਟ ਆਫ਼ ਅਫ਼ਗਾਨਿਸਤਾਨ ਦੇ ਲੜਾਕੇ ਤਾਲਿਬਾਨ ਨੂੰ ਸਖ਼ਤ ਟੱਕਰ ਦੇ ਰਹੇ ਸਨ।
ਤਾਲਿਬਾਨ ਨੇ ਹੋਰ ਕੀ ਕਿਹਾ
- ਤਾਲਿਬਾਨ ਬੁਲਾਰੇ ਮੁਤਾਬਕ ਦੇਸ਼ ਵਿੱਚ ਘਰੇਲੂ ਉਡਾਨਾਂ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ। ਅੰਤਰਰਾਸ਼ਟਰੀ ਉਡਾਨਾਂ ਨੂੰ ਮੁੜ ਸ਼ੁਰੂ ਕਰਨ ਵਾਸਤੇ ਤਾਲਿਬਾਨ ਵਿਚਾਰ ਕਰ ਰਿਹਾ ਹੈ।
- ਤਾਲਿਬਾਨ ਦੇ ਬੁਲਾਰੇ ਨੇ ਕਿਹਾ ਹੈ ਕਿ ਅਮਰੀਕਾ ਨੇ ਜਾਣ ਤੋਂ ਪਹਿਲਾਂ ਕਾਬੁਲ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਨੁਕਸਾਨ ਪਹੁੰਚਾਇਆ ਹੈ।
- ਸਾਬਕਾ ਉਪ ਰਾਸ਼ਟਰਪਤੀ ਅਮਰੁੱਲਾ ਸਾਲੇਹ ਨੇ ਅਫ਼ਗਾਨਿਸਤਾਨ ਛੱਡ ਦਿੱਤਾ ਹੈ ਅਤੇ ਗੁਆਂਢੀ ਮੁਲਕ ਤਜਾਕਿਸਤਾਨ ਵਿੱਚ ਮੌਜੂਦ ਹਨ।
- ਸਾਬਕਾ ਉਪ ਰਾਸ਼ਟਰਪਤੀ ਅਮਰੁੱਲਾ ਸਾਲੇਹ ਤਾਲਿਬਾਨ ਦੇ ਆਉਣ ਤੋਂ ਬਾਅਦ ਪੰਜਸ਼ੀਰ ਵਿੱਚ ਤਾਲਿਬਾਨ ਵਿਰੋਧੀ ਸਮੂਹ ਵਿਚ ਸ਼ਾਮਲ ਹੋਏ ਸਨ।
- ਪਿਛਲੇ ਹਫਤੇ ਇੱਕ ਵੀਡੀਓ ਰਾਹੀਂ ਆਪਣੇ ਘਾਟੀ ਵਿੱਚ ਹੀ ਹੋਣ ਬਾਰੇ ਆਖਿਆ ਸੀ ਅਤੇ ਦੇਸ਼ ਛੱਡਣ ਦੇ ਦਾਅਵੇ ਨੂੰ ਝੂਠਾ ਕਰਾਰ ਦਿੱਤਾ ਸੀ।
- ਅਫ਼ਗਾਨਿਸਤਾਨ ਦੀ ਨਵੀਂ ਸਰਕਾਰ ਬਾਰੇ ਪੁੱਛੇ ਜਾਣ 'ਤੇ ਤਾਲਿਬਾਨ ਬੁਲਾਰੇ ਨੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਸਿਰਫ਼ ਇੰਨਾ ਕਿਹਾ ਕਿ ਸਰਕਾਰ ਸਭ ਵਰਗਾਂ ਦੀ ਸਾਂਝੀ ਹੋਵੇਗੀ।
- ਤਾਲਿਬਾਨ ਨੇ ਚਮਨ ਅਤੇ ਤੋਰਖ਼ਮ ਸਰਹੱਦ ਉੱਤੇ ਅਫਗਾਨ ਲੋਕਾਂ ਦੀ ਵਾਇਆ ਪਾਕਿਸਤਾਨ ਐਂਟਰੀ ਨਾ ਰੋਕਣ ਦੇ ਆਪਣੇ ਲੜਾਕਿਆਂ ਨੂੰ ਹੁਕਮ ਦਿੱਤੇ ਹਨ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਤਾਲਿਬਾਨ ਦੇ ਪਹਿਲੇ ਦਾਅਵੇ ਨੂੰ ਐੱਨਆਰਐੱਫ਼ ਨੇ ਰੱਦ ਕੀਤਾ ਸੀ
ਇਸ ਤੋਂ ਪਹਿਲਾਂ ਸੋਮਵਾਰ ਸਵੇਰ ਨੂੰ ਤਾਲਿਬਾਨ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਅਫ਼ਗਾਨਿਸਤਾਨ ਦੇ ਸੂਬੇ ਪੰਜਸ਼ੀਰ ਉੱਪਰ ਉਨ੍ਹਾਂ ਦਾ ਪੂਰਨ ਰੂਪ ਵਿੱਚ ਕਬਜ਼ਾ ਹੋ ਗਿਆ ਹੈ।
ਤਾਲਿਬਾਨ ਦੇ ਇੱਕ ਬੁਲਾਰੇ ਨੇ ਆਖਿਆ ਸੀ, "ਇਸ ਜਿੱਤ ਤੋਂ ਬਾਅਦ ਸਾਡਾ ਦੇਸ਼ ਯੁੱਧ ਵਿੱਚੋਂ ਪੂਰੀ ਤਰ੍ਹਾਂ ਬਾਹਰ ਆ ਗਿਆ ਹੈ।"
ਅਮਰੀਕਾ ਤਾਲਿਬਾਨ ਲਈ ਕਿਹੜੇ 'ਬੇਕਾਰ' ਹਥਿਆਰ ਛੱਡ ਗਿਆ
ਤਾਲਿਬਾਨ ਦਾ ਕਹਿਣਾ ਸੀ ਕਿ ਜਿਹੜਾ ਥੋੜ੍ਹਾ ਜਿਹਾ ਏਰੀਆ ਬਚਿਆ ਹੈ, ਉਹ ਕਦੇਂ ਵੀ ਪੰਜਸ਼ੀਰ ਦੇ ਸਾਸ਼ਨ ਦਾ ਹਿੱਸਾ ਨਹੀਂ ਰਿਹਾ ਹੈ, ਉੱਥੇ ਵੀ ਗਹਿਗੱਚ ਲੜਾਈ ਦਾ ਦਾਅਵਾ ਕੀਤਾ ਗਿਆ ਹੈ।
ਤਾਲਿਬਾਨ ਵਿਰੋਧੀ ਨੈਸ਼ਨਲ ਰਜ਼ਿਸਟੈਂਸ ਫ਼ਰੰਟ ਆਫ਼ ਅਫ਼ਗਾਨਿਸਤਾਨ (ਐੱਨਆਰਐਫ) ਨੇ ਤਾਲਿਬਾਨ ਦੇ ਕਬਜ਼ੇ ਦੇ ਦਾਅਵਿਆਂ ਨੂੰ ਖਾਰਜ ਕੀਤਾ ਸੀ ।
ਐੱਨਆਰਐਫ ਦੇ ਬੁਲਾਰੇ ਅਲੀ ਮਾਈਸਮ ਨੇ ਕਿਹਾ ਸੀ , "ਇਹ ਸੱਚ ਨਹੀਂ ਹੈ। ਤਾਲਿਬਾਨ ਨੇ ਪੰਜਸ਼ੀਰ ਉੱਪਰ ਕਬਜ਼ਾ ਨਹੀਂ ਕੀਤਾ। ਮੈਂ ਤਾਲਿਬਾਨ ਦੇ ਇਨ੍ਹਾਂ ਦਾਅਵਿਆਂ ਨੂੰ ਨਕਾਰਦਾ ਹਾਂ।"
ਸੋਸ਼ਲ ਮੀਡੀਆ 'ਤੇ ਮੌਜੂਦ ਤਸਵੀਰਾਂ ਵਿਚ ਤਾਲਿਬਾਨ ਲੜਾਕੇ ਸੂਬੇ ਦੇ ਗਵਰਨਰ ਹਾਊਸ ਦੇ ਕੰਪਾਊਂਡ ਦੇ ਮੁੱਖ ਦੁਆਰ ਅੱਗੇ ਦਿਖ ਰਹੇ ਸਨ।
ਇਸ ਤੋਂ ਪਹਿਲਾਂ ਐਤਵਾਰ ਦੇਰ ਸ਼ਾਮਲ ਐੱਨਆਰਐਫ ਦੇ ਆਗੂ ਅਹਿਮਦ ਮਸੂਦ ਨੇ ਫੇਸਬੁੱਕ ਪੋਸਟ ਵਿੱਚ ਆਖਿਆ ਸੀ ਕਿ ਜੇ ਤਾਲਿਬਾਨ ਆਪਣੇ ਹਮਲੇ ਰੋਕ ਦੇਵੇ ਤਾਂ ਐੱਨਆਰਐਫ ਵੀ ਲੜਾਈ ਬੰਦ ਕਰ ਸਕਦਾ ਹੈ।
ਅਹਿਮਦ ਅਨੁਸਾਰ ਧਾਰਮਿਕ ਆਗੂਆਂ ਨੂੰ ਦਿੱਤੇ ਗਏ ਇਸ ਸੁਝਾਅ ਦਾ ਉਹ ਸਮਰਥਨ ਕਰਦੇ ਹਨ। ਤਾਲਿਬਾਨ ਵੱਲੋਂ ਇਸ ਬਾਰੇ ਕੋਈ ਜਵਾਬ ਨਹੀਂ ਦਿੱਤਾ ਗਿਆ ਸੀ ।
ਅਹਿਮਦ ਮਸੂਦ ਕੌਣ ਹਨ
ਅਹਿਮਦ ਮਸੂਦ ਸਾਬਕਾ ਅਫ਼ਗਾਨ ਆਗੂ ਅਹਿਮਦ ਸ਼ਾਹ ਮਸੂਦ ਦੇ ਪੁੱਤਰ ਹਨ, ਜਿਨ੍ਹਾਂ ਨੇ 80 ਅਤੇ 90 ਦੇ ਦਹਾਕੇ ਵਿੱਚ ਪਹਿਲਾਂ ਸੋਵੀਅਤ ਅਤੇ ਫੇਰ ਤਾਲਿਬਾਨ ਦਾ ਵਿਰੋਧ ਕੀਤਾ ਸੀ।
ਲਗਭਗ ਦੋ ਦਹਾਕੇ ਮਗਰੋਂ ਅਮਰੀਕੀ ਅਤੇ ਸਹਾਇਕ ਦੇਸ਼ਾਂ ਦੀਆਂ ਫ਼ੌਜਾਂ ਵੱਲੋਂ ਅਫ਼ਗ਼ਾਨਿਸਤਾਨ ਤੋਂ ਵਾਪਸੀ ਦੇ ਫੈਸਲੇ ਤੋਂ ਬਾਅਦ ਤਾਲਿਬਾਨ ਦੇਸ਼ ਉੱਤੇ ਮੁੜ ਕਾਬਜ਼ ਹੋ ਗਿਆ ਹੈ।
ਤਸਵੀਰ ਸਰੋਤ, Getty Images
ਅਹਿਮਦ ਮਸੂਦ
ਤਾਲਿਬਾਨ ਦਾ ਵਿਰੋਧ ਕਰ ਰਹੇ ਸਮੂਹ ਵਿੱਚ ਅਫ਼ਗਾਨਿਸਤਾਨ ਦੇ ਸਾਬਕਾ ਫੌਜੀ ਅਧਿਕਾਰੀ ਅਤੇ ਸਥਾਨਕ ਅਫ਼ਗਾਨ ਵੀ ਸ਼ਾਮਿਲ ਹਨ।
ਪੰਜਸ਼ੀਰ ਦੇਸ਼ ਦੀ ਰਾਜਧਾਨੀ ਕਾਬੁਲ ਦੇ ਉੱਤਰ ਵਿੱਚ ਸਥਿਤ ਸੂਬਾ ਹੈ, ਜਿਥੇ ਹਮੇਸ਼ਾਂ ਤੋਂ ਤਾਲਿਬਾਨ ਦਾ ਵਿਰੋਧ ਕੀਤਾ ਗਿਆ ਹੈ।
ਅਫ਼ਗਾਨਿਸਤਾਨ ਦੇ ਪਹਾੜੀ ਇਲਾਕਿਆਂ ਵਿੱਚ ਸ਼ਾਮਿਲ ਪੰਜਸ਼ੀਰ ਵਿੱਚ ਲਗਭਗ ਡੇਢ ਤੋਂ ਦੋ ਲੱਖ ਲੋਕ ਰਹਿੰਦੇ ਹਨ ਅਤੇ ਤਾਲਿਬਾਨ ਦੇ 1996-2001 ਦੇ ਦੌਰ ਦੌਰਾਨ ਵੀ ਇਸ ਨੇ ਤਾਲਿਬਾਨ ਦਾ ਵਿਰੋਧ ਕੀਤਾ ਸੀ।
ਤਾਲਿਬਾਨ ਤੇ ਜੰਗ ਵਿਚਾਲੇ ਇੱਕ ਅਫ਼ਗਾਨਿਸਤਾਨ ਇਹ ਵੀ ਹੈ
ਇਹ ਪਹਿਲੀ ਵਾਰ ਹੈ ਕਿ ਤਾਲਿਬਾਨ ਨੇ ਪੰਜਸ਼ੀਰ ਘਾਟੀ ਉੱਤੇ ਕਬਜ਼ੇ ਦਾ ਦਾਅਵਾ ਕੀਤਾ ਹੈ।
ਦੋਹੇਂ ਪਾਸਿਓਂ ਜਾਨੀ ਮਾਲੀ ਨੁਕਸਾਨ ਦੇ ਦਾਅਵੇ
ਐੱਨਆਰਐਫ ਵੱਲੋਂ ਆਖਿਆ ਗਿਆ ਸੀ ਕਿ ਉਨ੍ਹਾਂ ਦੇ ਬੁਲਾਰੇ ਫਾਹਿਮ ਦਸਤੀ ਅਤੇ ਕਮਾਂਡਰ ਜਨਰਲ ਅਬਦੁਲ ਵਦੂਦ ਜ਼ਾਰਾ ਸੰਘਰਸ਼ ਦੌਰਾਨ ਮਾਰੇ ਗਏ ਹਨ ਅਤੇ ਇਹ ਵੀ ਦਾਅਵਾ ਕੀਤਾ ਗਿਆ ਕਿ ਸੀ ਤਾਲਿਬਾਨ ਜਰਨੈਲ ਅਤੇ 13 ਅੰਗ ਰੱਖਿਅਕਾਂ ਦੀ ਵੀ ਮੌਤ ਹੋ ਗਈ ਹੈ।
ਤਾਲਿਬਾਨ ਵੱਲੋਂ ਆਖਿਆ ਗਿਆ ਸੀ ਕਿ ਉਹ ਪੰਜਸ਼ੀਰ ਦੀ ਰਾਜਧਾਨੀ ਬਜ਼ਾਰਕ ਵਿਖੇ ਪਹੁੰਚ ਗਏ ਹਨ। ਜਿੱਥੇ ਵਿਰੋਧੀਆਂ ਦਾ ਵੱਡਾ ਨੁਕਸਾਨ ਹੋਇਆ ਹੈ ਜਦੋਂ ਕਿ ਐੱਨਆਰਐਫ ਨੇ ਇਸ ਨੂੰ ਨਕਾਰਿਆ ਸੀ।
ਤਸਵੀਰ ਸਰੋਤ, Getty Images
ਪੰਜਸ਼ੀਰ ਘਾਟੀ ਵਿਚ ਤਾਲਿਬਾਨ ਵਿਰੋਧੀ ਲੜਾਕੇ
ਸਾਲੇਹ ਮੁਤਾਬਕ ਤਾਲਿਬਾਨ ਨੇ ਫੋਨ, ਇੰਟਰਨੈੱਟ ਅਤੇ ਬਿਜਲੀ ਬੰਦ ਕਰ ਦਿੱਤੀ ਸੀ, ਜਿਸ ਕਾਰਨ ਪੰਜਸ਼ੀਰ ਵਿਚ ਹਾਲਾਤ ਮੁਸ਼ਕਲ ਹੋ ਗਏ ਸਨ।
ਬੀਬੀਸੀ ਨੂੰ ਭੇਜੇ ਗਏ ਇਕ ਵੀਡੀਓ ਵਿੱਚ ਸਾਲੇਹ ਨੇ ਆਖਿਆ ਸੀ ਕਿ ਦੋਵੇਂ ਪਾਸੇ ਜਾਨੀ ਨੁਕਸਾਨ ਹੋਇਆ ਹੈ।
ਪੰਜਸ਼ੀਰ ਉੱਪਰ ਜਿੱਤ ਦੀਆਂ ਅਫ਼ਵਾਹਾਂ ਤੋਂ ਬਾਅਦ ਕਾਬੁਲ ਵਿੱਚ ਖ਼ੁਸ਼ੀ ਵਿੱਚ ਗੋਲੀਆਂ ਚਲਾਈਆਂ ਗਈਆਂ ਸਨ, ਜਿਸ ਵਿੱਚ ਕਈ ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਸੀ।
ਤਸਵੀਰ ਸਰੋਤ, Alamy
ਤਾਲਿਬਾਨ ਅਤੇ ਪੰਜਸ਼ੀਰ ਦੇ ਲੜਾਕੇ ਆਉਣ ਵਾਲੇ ਕੁਝ ਹਫਤਿਆਂ ਨੂੰ ਮਹੱਤਵਪੂਰਨ ਮੰਨ ਰਹੇ ਸਨ । ਤਾਲਿਬਾਨ ਚਾਹੁੰਦੇ ਸਨ ਕਿ ਸਰਕਾਰ ਦੇ ਐਲਾਨ ਤੋਂ ਪਹਿਲਾਂ ਅਮਰੁਲਾ ਸਾਲੇਹ ਅਤੇ ਉਨ੍ਹਾਂ ਦੇ ਸਮੂਹ ਦੇ ਵਿਦਰੋਹ ਨੂੰ ਖ਼ਤਮ ਕੀਤਾ ਜਾਵੇ।
ਜੇਕਰ ਅਕਤੂਬਰ ਤੱਕ ਇਹ ਵਿਦਰੋਹ ਖ਼ਤਮ ਨਹੀਂ ਹੁੰਦਾ ਤਾਂ ਆਉਣ ਵਾਲੇ ਮਹੀਨਿਆਂ ਵਿੱਚ ਠੰਢ ਦੇ ਕਾਰਨ ਹਾਲਾਤ ਹੋਰ ਮੁਸ਼ਕਿਲ ਹੋ ਜਾਣੇ ਸਨ।
ਇਸ ਨਾਲ ਪੰਜਸ਼ੀਰ ਲੜਾਕਿਆਂ ਨੂੰ ਵਿਦੇਸ਼ੀ ਤਾਕਤਾਂ ਤੋਂ ਸਹਾਇਤਾ ਮੰਗਣ ਲਈ ਹੋਰ ਸਮਾਂ ਮਿਲ ਜਾਣਾ ਸੀ।
ਇਹ ਵੀ ਪੜ੍ਹੋ: