ਮਿਆਂਮਾਰ ਤਖਤਾਪਲਟ ਤੋਂ ਬਾਅਦ ਨਜ਼ਰਬੰਦ ਔਰਤਾਂ ਨੂੰ ਇੰਝ ਦਿੱਤੇ ਗਏ ‘ਰੂਹ ਕੰਬਾਊ ਤਸੀਹੇ’

  • ਲਾਰਾ ਓਵੇਨ ਅਤੇ ਕੋ ਕੋ ਆਂਗ
  • ਬੀਬੀਸੀ
ਦੁਰਵਿਵਹਾਰ
ਤਸਵੀਰ ਕੈਪਸ਼ਨ,

ਮਿਆਂਮਾਰ ਵਿੱਚ ਤਖ਼ਤਾ ਪਲਟ ਤੋਂ ਬਾਅਦ ਅਜਿਹੀ ਹਿੰਸਾ ਵਧੇਰੇ ਵਿਆਪਕ ਹੋ ਗਈ ਹੈ

ਬੀਬੀਸੀ ਦੁਆਰਾ ਪ੍ਰਾਪਤ ਕੀਤੀ ਜਾਣਕਾਰੀ ਦੇ ਅਨੁਸਾਰ, ਮਿਆਂਮਾਰ ਵਿੱਚ ਹਿਰਾਸਤ ਵਿੱਚ ਲਈਆਂ ਗਈਆਂ ਔਰਤਾਂ ਨੂੰ ਤਸੀਹੇ ਦਿੱਤੇ ਗਏ ਹਨ, ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਹੈ ਅਤੇ ਬਲਾਤਕਾਰ ਦੀ ਧਮਕੀ ਦਿੱਤੀ ਗਈ ਹੈ।

ਇਸ ਸਾਲ ਦੇ ਸ਼ੁਰੂ ਵਿੱਚ ਦੇਸ਼ ਵਿੱਚ ਫੌਜੀ ਤਖਤਾਪਲਟ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰਨ ਵਾਲੀਆਂ, ਨਜ਼ਰਬੰਦ ਕੀਤੀਆਂ ਗਈਆਂ ਪੰਜ ਔਰਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਨਜ਼ਰਬੰਦੀ ਪ੍ਰਕਿਰਿਆ ਵਿੱਚ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਗਿਆ ਅਤੇ ਤਸੀਹੇ ਦਿੱਤੇ ਗਏ।

ਮਹਿਲਾਵਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਲੇਖ ਵਿੱਚ ਉਨ੍ਹਾਂ ਦੇ ਨਾਮ ਬਦਲ ਦਿੱਤੇ ਗਏ ਹਨ।

ਚੇਤਾਵਨੀ: ਇਸ ਲੇਖ ਵਿੱਚ ਦੁਰਵਿਵਹਾਰ ਦੇ ਕੁਝ ਵਰਣਨ ਪਰੇਸ਼ਾਨ ਕਰਨ ਵਾਲੇ ਹਨ।

ਜਦੋਂ ਤੋਂ ਮਿਆਂਮਾਰ ਦੀ ਸੈਨਾ ਨੇ ਫਰਵਰੀ ਵਿੱਚ ਸੱਤਾ 'ਤੇ ਕਬਜ਼ਾ ਕੀਤਾ ਹੈ, ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਹੋਏ ਹਨ ਅਤੇ ਔਰਤਾਂ ਨੇ ਇਸ ਵਿਰੋਧ ਅੰਦੋਲਨ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ ਹੈ।

ਮਨੁੱਖੀ ਅਧਿਕਾਰ ਸਮੂਹਾਂ ਦਾ ਕਹਿਣਾ ਹੈ ਕਿ ਹਾਲਾਂਕਿ ਮਿਆਂਮਾਰ (ਬਰਮਾ ਵਜੋਂ ਵੀ ਜਾਣਿਆ ਜਾਂਦਾ ਹੈ) ਵਿੱਚ ਸੈਨਾ ਪਹਿਲਾਂ ਵੀ ਬੰਦੀ ਬਣਾਉਣ, ਗਾਇਬ ਕਰਨ ਅਤੇ ਤਸੀਹੇ ਦੇਣ ਵਰਗੇ ਤਰੀਕਿਆਂ ਦੀ ਵਰਤੋਂ ਕਰਦੀ ਸੀ, ਪਰ ਤਖ਼ਤਾ ਪਲਟ ਤੋਂ ਬਾਅਦ ਅਜਿਹੀ ਹਿੰਸਾ ਵਧੇਰੇ ਵਿਆਪਕ ਹੋ ਗਈ ਹੈ।

ਅਸਿਸਟੈਂਸ ਐਸੋਸੀਏਸ਼ਨ ਫਾਰ ਪੋਲੀਟਿਕਲ ਪ੍ਰਿਜ਼ਨਰਜ਼ (AAPP) ਇੱਕ ਗੈਰ-ਮੁਨਾਫ਼ਾ ਮਨੁੱਖੀ ਅਧਿਕਾਰ ਸੰਗਠਨ ਹੈ, ਜਿਸਦੇ ਅਨੁਸਾਰ 8 ਦਸੰਬਰ ਤੱਕ, ਲੋਕਤੰਤਰ ਦੇ ਪੱਖ 'ਚ ਹੋ ਰਹੇ ਅੰਦੋਲਨ 'ਤੇ ਸੈਨਿਕ ਕਾਰਵਾਈ ਦੌਰਾਨ 1,318 ਨਾਗਰਿਕ ਮਾਰੇ ਗਏ ਹਨ, ਜਿਨ੍ਹਾਂ ਵਿੱਚ 93 ਔਰਤਾਂ ਵੀ ਸ਼ਾਮਲ ਹਨ।

ਇਨ੍ਹਾਂ ਵਿੱਚੋਂ ਘੱਟੋ-ਘੱਟ ਅੱਠ ਔਰਤਾਂ ਦੀ ਹਿਰਾਸਤ ਦੌਰਾਨ ਮੌਤ ਹੋ ਗਈ, ਜਿਨ੍ਹਾਂ ਵਿੱਚੋਂ ਚਾਰ ਦੀ ਇੱਕ ਪੁੱਛਗਿੱਛ ਕੇਂਦਰ ਵਿੱਚ ਤਸੀਹੇ ਝੱਲਣ ਦੌਰਾਨ ਮੌਤ ਹੋ ਗਈ।

ਵੀਡੀਓ ਕੈਪਸ਼ਨ,

ਮਿਆਂਮਾਰ: ਕਿਵੇਂ ਫ਼ੌਜ ਔ ਸਾਂ ਸੂ ਚੀ ’ਤੇ ਲਗਾਤਾਰ ਇਲਜ਼ਾਮ ਲਗਾ ਰਹੀ ਹੈ (ਵੀਡੀਓ ਅਪ੍ਰੈਲ 2021 ਦਾ ਹੈ)

ਕੁੱਲ 10,200 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਜਿਨ੍ਹਾਂ ਵਿੱਚ 2,000 ਤੋਂ ਵੱਧ ਔਰਤਾਂ ਵੀ ਸ਼ਾਮਲ ਹਨ।

ਡੈਮੋਕਰੇਸੀ ਕਾਰਕੁਨ ਇਨ ਸੋਏ ਮੇਅ ਨੂੰ ਲਗਭਗ ਛੇ ਮਹੀਨਿਆਂ ਲਈ ਕੈਦ ਕੀਤਾ ਗਿਆ ਸੀ। ਕੈਦ ਦੇ ਦੌਰਾਨ ਪਹਿਲੇ 10 ਦਿਨ ਉਨ੍ਹਾਂ ਨੂੰ ਮਿਆਂਮਾਰ ਦੇ ਇੱਕ ਅਜਿਹੇ ਪੁੱਛਗਿੱਛ ਕੇਂਦਰ ਵਿੱਚ ਰੱਖਿਆ ਗਿਆ ਸੀ, ਜੋ ਕਿ ਤਸੀਹੇ ਦੇਣ ਲਈ ਜਾਣਿਆ ਜਾਂਦਾ ਹੈ। ਸੋਏ ਮੇਅ ਦਾ ਇਲਜ਼ਾਮ ਹੈ ਕਿ ਉੱਥੇ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਅਤੇ ਤਸੀਹੇ ਦਿੱਤੇ ਗਏ।

ਇਹ ਵੀ ਪੜ੍ਹੋ:

ਸੋਅ ਮੇਅ ਨੇ ਬੀਬੀਸੀ ਨੂੰ ਦੱਸਿਆ, ਵਿਰੋਧ ਪ੍ਰਦਰਸ਼ਨ ਲਈ ਨਾਅਰਿਆਂ ਵਾਲੀਆਂ ਪੱਟੀਆਂ(ਪਲੇਕਾਰਡ) ਬਣਾਉਂਦੇ ਸਮੇਂ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਬੰਨ੍ਹ ਕੇ ਇੱਕ ਵੈਨ ਦੇ ਪਿਛਲੇ ਪਾਸੇ ਸੁੱਟ ਦਿੱਤਾ ਗਿਆ।

ਉਨ੍ਹਾਂ ਕਿਹਾ, "ਜਦੋਂ ਮੈਂ [ਕਿਸੇ ਅਣਦੱਸੀ ਥਾਂ 'ਤੇ] ਪਹੁੰਚੀ ਤਾਂ ਰਾਤ ਹੋ ਚੁੱਕੀ ਸੀ। ਜਦੋਂ ਮੈਨੂੰ ਪੁੱਛਗਿੱਛ ਲਈ ਕਮਰੇ ਵਿੱਚ ਲਿਜਾਇਆ ਜਾ ਰਿਹਾ ਸੀ ਤਾਂ ਮੇਰੀਆਂ ਅੱਖਾਂ 'ਤੇ ਪੱਟੀ ਬੰਨ੍ਹੀ ਹੋਈ ਸੀ ਤਾਂ ਜੋ ਉਹ ਮੈਨੂੰ ਮੂਰਖ ਬਣਾ ਸਕਣ।''

ਪੁੱਛਗਿੱਛ ਕਰਨ ਵਾਲਿਆਂ ਨੇ ਉਨ੍ਹਾਂ ਤੋਂ ਸਵਾਲ ਕੀਤੇ ਅਤੇ ਜਿਸ ਵੀ ਜਵਾਬ ਨਾਲ ਉਹ ਖੁਸ਼ ਜਾਂ ਸੰਤੁਸ਼ਟ ਨਾ ਹੁੰਦੇ, ਉਸਦੇ ਲਈ ਉਹ ਸੋਅ ਮੇਅ ਨੂੰ ਬਾਂਸ ਦੀ ਸੋਟੀ ਨਾਲ ਮਾਰਦੇ।

ਸੋਏ ਮੇਅ ਨੇ ਕਿਹਾ ਕਿ ਆਪਣੀ ਸੈਕਸ ਲਾਈਫ ਬਾਰੇ ਦੱਸਣ ਲਈ ਵੀ ਉਨ੍ਹਾਂ 'ਤੇ ਵਾਰ-ਵਾਰ ਦਬਾਅ ਪਾਇਆ ਗਿਆ। ਪੁੱਛ-ਪੜਤਾਲ ਕਰਨ ਵਾਲੇ ਇੱਕ ਵਿਅਕਤੀ ਨੇ ਧਮਕੀ ਦਿੱਤੀ: "ਕੀ ਤੈਨੂੰ ਪਤਾ ਹੈ ਕਿ ਅਸੀਂ ਇੱਥੇ ਆਉਣ ਵਾਲੀਆਂ ਔਰਤਾਂ ਨਾਲ ਕੀ ਕਰਦੇ ਹਾਂ? ਅਸੀਂ ਉਨ੍ਹਾਂ ਦਾ ਬਲਾਤਕਾਰ ਕਰਦੇ ਹਾਂ ਅਤੇ ਉਨ੍ਹਾਂ ਨੂੰ ਮਾਰ ਦਿੰਦੇ ਹਾਂ।"

ਫਿਰ ਅੱਖਾਂ 'ਤੇ ਪੱਟੀ ਬੰਨ੍ਹ ਕੇ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ। ਸੋਏ ਨੇ ਕਿਹਾ, "ਉਨ੍ਹਾਂ ਨੇ ਮੇਰੇ ਵੱਡੇ ਆਕਾਰ ਵਾਲੇ ਟੌਪ ਨੂੰ ਹੇਠਾਂ ਖਿੱਚਿਆ, ਉਨ੍ਹਾਂ ਮੈਨੂੰ ਛੂਹਿਆ ਅਤੇ ਮੇਰੇ ਸਰੀਰ ਨੂੰ ਬੇਪਰਦਾ ਕੀਤਾ।''

ਬਾਅਦ ਵਿੱਚ ਸੋਏ ਦੀਆਂ ਅੱਖਾਂ ਤੋਂ ਪੱਟੀ ਹਟਾ ਦਿੱਤੀ ਗਈ ਅਤੇ ਉਨ੍ਹਾਂ ਨੇ ਦੇਖਿਆ ਕਿ ਇੱਕ ਗਾਰਡ ਨੇ ਆਪਣੇ ਰਿਵਾਲਵਰ ਵਿੱਚੋਂ ਇੱਕ ਗੋਲੀ ਨੂੰ ਛੱਡ ਕੇ ਬਾਕੀ ਸਾਰੀਆਂ ਗੋਲੀਆਂ ਕੱਢ ਦਿੱਤੀਆਂ।

ਉਨ੍ਹਾਂ ਅੱਗੇ ਦੱਸਿਆ ਕਿ ਜਦੋਂ ਸੋਏ ਨੇ ਉਨ੍ਹਾਂ ਨੂੰ ਆਪਣੇ ਸੰਪਰਕਾਂ ਦੀ ਜਾਣਕਾਰੀ ਨਹੀਂ ਦਿੱਤੀ, ਤਾਂ ਉਨ੍ਹਾਂ ਨੇ ਸੋਅ ਦਾ ਮੂੰਹ ਖੋਲ੍ਹਿਆ ਅਤੇ "ਜ਼ਬਰਦਸਤੀ ਇਸ ਵਿੱਚ ਲੋਡਿਡ ਰਿਵਾਲਵਰ ਪਾ ਦਿੱਤਾ"।

ਤਸਵੀਰ ਕੈਪਸ਼ਨ,

ਪੁੱਛਗਿੱਛ ਦੌਰਾਨ ਇੱਕ ਕਾਰਕੁਨ ਦੇ ਮੂੰਹ ਵਿੱਚ ਰਿਵਾਰਲਵਰ ਧੁੰਨਿਆ ਗਿਆ (ਸੰਕੇਤਕ ਤਸਵੀਰ)

ਆਰਜੀ ਨਜ਼ਰਬੰਦੀ ਕੇਂਦਰ

ਹਿਊਮਨ ਰਾਈਟਸ ਵਾਚ (HRW) ਦੇ ਮਿਆਂਮਾਰ ਰਿਸਰਚਰ ਮੈਨੀ ਮੌਂਗ ਦੇ ਅਨੁਸਾਰ, "ਆਰਜੀ ਤੌਰ 'ਤੇ ਰੱਖਣ ਵਾਲੀਆਂ ਥਾਵਾਂ, ਫੌਜੀ ਬੈਰਕ ਵਿੱਚ ਇੱਕ ਕਮਰਾ ਜਾਂ ਇੱਥੋਂ ਤੱਕ ਕਿ ਇੱਕ ਖਾਲੀ ਪਈ ਜਨਤਕ ਇਮਾਰਤ ਆਦਿ ਕੋਈ ਵੀ ਥਾਂ'' ਇੱਕ ਪੁੱਛਗਿੱਛ ਕੇਂਦਰ ਹੋ ਸਕਦਾ ਹੈ।

ਮਿਆਂਮਾਰ ਦੇ ਇੱਕ ਵਕੀਲ ਨੇ ਆਪਣੀ ਸੁਰੱਖਿਆ ਲਈ ਨਾਮ ਨਾ ਦੱਸਣ ਦੀ ਸ਼ਰਤ 'ਤੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਈ ਨਜ਼ਰਬੰਦਾਂ ਦੀ ਨੁਮਾਇੰਦਗੀ ਕੀਤੀ ਹੈ, ਜਿਨ੍ਹਾਂ ਨੇ ਪੁੱਛ-ਗਿੱਛ ਦੌਰਾਨ ਤਸ਼ੱਦਦ ਅਤੇ ਜਿਨਸੀ ਸ਼ੋਸ਼ਣ ਕੀਤੇ ਜਾਣ ਦੀ ਸ਼ਿਕਾਇਤ ਕੀਤੀ।

ਵਕੀਲ ਨੇ ਕਿਹਾ, "ਮੇਰੇ ਮੁਵੱਕਿਲਾਂ ਵਿੱਚੋਂ ਇੱਕ ਦੀ ਗਲਤ ਪਛਾਣ ਕੀਤੀ ਗਈ ਸੀ ਪਰ ਫਿਰ ਵੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਦੋਂ ਉਨ੍ਹਾਂ ਨੇ ਸਮਝਾਇਆ ਕਿ ਉਹ, ਉਹ ਵਿਅਕਤੀ ਨਹੀਂ ਹਨ ਜਿਸ ਦੀ ਅਧਿਕਾਰੀ ਭਾਲ ਕਰ ਰਹੇ ਹਨ ਤਾਂ ਅਧਿਕਾਰੀਆਂ ਨੇ ਉਸ 'ਤੇ ਉਸ ਵਿਅਕਤੀ ਵਰਗਾ ਬਣਨ ਦਾ ਦੋਸ਼ ਲਗਾਇਆ।”

ਉਨ੍ਹਾਂ ਨੂੰ ਲੋਹੇ ਦੀ ਸਲਾਖ ਨਾਲ ਤਸੀਹੇ ਦਿੱਤੇ ਗਏ, ਲਗਾਤਾਰ ਉਨ੍ਹਾਂ ਦੀਆਂ ਲੱਤਾਂ ’ਤੇ ਸਲਾਖ ਲਗਾਈ ਗਈ ਜਦੋਂ ਤੱਕ ਕਿ ਉਹ ਬੇਹੋਸ਼ ਨਹੀਂ ਹੋ ਗਏ।

ਵਕੀਲ ਨੇ ਅੱਗੇ ਦੱਸਿਆ ਕਿ ਫਿਰ ਮਹਿਲਾ ਨੂੰ "ਇੱਕ ਹੋਰ ਪੁੱਛਗਿੱਛ ਕੇਂਦਰ ਵਿੱਚ ਭੇਜਿਆ ਗਿਆ, ਮਹਿਲਾ ਨੇ ਦੋਸ਼ ਲਗਾਇਆ ਕਿ ਉੱਥੇ ਇੱਕ ਪੁਰਸ਼ ਗਾਰਡ ਨੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਉਹ ਉਸਦੇ ਨਾਲ ਸੌਂਦੀ ਹੈ, ਤਾਂ ਉਹ ਉਸਨੂੰ ਛੱਡ ਦੇਵੇਗਾ"।

ਵਕੀਲ ਨੇ ਮਿਆਂਮਾਰ ਵਿੱਚ ਇੱਕ ਕਾਨੂੰਨੀ ਪ੍ਰਣਾਲੀ ਨੂੰ ਅਪਾਰਦਰਸ਼ੀ ਦੱਸਿਆ, ਜਿੱਥੇ ਉਨ੍ਹਾਂ ਵਰਗੇ ਵਕੀਲ ਵੀ ਕਈ ਵਾਰ ਸ਼ਕਤੀਹੀਣ ਹੋ ਜਾਂਦੇ ਹਨ।

"ਅਸੀਂ (ਗ੍ਰਿਫਤਾਰੀਆਂ ਅਤੇ ਪੁੱਛਗਿੱਛਾਂ) ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਸਾਨੂੰ ਦੱਸਿਆ ਗਿਆ ਹੈ ਕਿ ਪ੍ਰਕਿਰਿਆਵਾਂ ਕਾਨੂੰਨੀ ਹਨ ਅਤੇ (ਪੁੱਛਗਿੱਛ ਕਰਨ ਵਾਲਿਆਂ) ਨੂੰ ਆਦੇਸ਼ ਦਿੱਤੇ ਗਏ ਹਨ।"

ਇਹ ਵੀ ਪੜ੍ਹੋ:

ਤਸਵੀਰ ਕੈਪਸ਼ਨ,

ਮਿਆਂਮਾਰ ਵਿੱਚ ਤਖਤਾਪਲਟ ਤੋਂ ਬਾਅਦ ਹੋਏ ਲੋਕਤੰਤਰ ਪੱਖੀ ਅੰਦੋਲਨ ਵਿੱਚ ਖੜ੍ਹੀਆਂ ਕੀਤੀਆਂ ਤਿੰਨ ਉਂਗਲਾਂ ਵੱਡਾ ਸੰਕੇਤ ਸਨ

ਹਾਲਾਂਕਿ ਸੋਏ ਮੇਅ ਦੇ ਨੇ ਜੋ ਦੱਸਿਆ ਹੈ ਉਸ ਦੀ ਪੁਸ਼ਟੀ ਕਰਨਾ ਅਸੰਭਵ ਹੈ, ਬੀਬੀਸੀ ਨੇ ਹੋਰ ਨਜ਼ਰਬੰਦ ਰਹਿ ਚੁੱਕੀਆਂ ਔਰਤਾਂ ਨਾਲ ਗੱਲ ਕੀਤੀ, ਜਿਨ੍ਹਾਂ ਨੇ ਵੀ ਇਹੀ ਕਿਹਾ ਕਿ ਉਨ੍ਹਾਂ ਨੂੰ ਪੁੱਛਗਿੱਛ ਕੇਂਦਰਾਂ ਵਿੱਚ ਤਸੀਹੇ ਦਿੱਤੇ ਗਏ ਸਨ ਅਤੇ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ।

ਨਜ਼ਰਬੰਦ ਰਹੀ ਅਜਿਹੀ ਹੀ ਇੱਕ ਔਰਤ ਨੇ ਕਿਹਾ, "ਉਨ੍ਹਾਂ ਨੇ ਮੈਨੂੰ ਇੱਕ ਘੰਟੇ ਤੋਂ ਵੱਧ ਸਮੇਂ ਲਈ ਤਿੰਨ ਉਂਗਲਾਂ ਵਾਲੀ ਸਲਾਮੀ (ਮਿਆਂਮਾਰ ਵਿੱਚ ਵਿਰੋਧ ਦਾ ਪ੍ਰਤੀਕ) ਕਰਨ ਲਈ ਮਜ਼ਬੂਰ ਕੀਤਾ ਤੇ ਇੱਕ ਗਾਰਡ ਨੇ ਮੈਨੂੰ ਡਰਾਉਣ ਲਈ ਮੇਰੇ ਵਾਲਾਂ ਨੂੰ ਸਹਿਲਾਇਆ।"

ਇੱਕ ਹੋਰ ਮਹਿਲਾ, ਜਿਸ ਨੂੰ ਸ਼ਵੇ ਪਾਈ ਥਾਰ ਟਾਊਨਸ਼ਿਪ ਵਿੱਚ ਇੱਕ ਪੁੱਛਗਿੱਛ ਕੇਂਦਰ ਵਿੱਚ ਲਿਜਾਇਆ ਗਿਆ ਸੀ, ਨੇ ਕਿਹਾ: "ਉਨ੍ਹਾਂ ਨੇ ਕੁੜੀਆਂ ਨੂੰ ਕਮਰੇ ਵਿੱਚੋਂ ਬਾਹਰ ਧੱਕਿਆ। ਕੁਝ ਕੁੜੀਆਂ ਦੇ ਕੱਪੜਿਆਂ ਦੇ ਬਟਨ ਖੁੱਲ੍ਹੇ ਹੋਏ ਸਨ ਜਾਂ ਗਾਇਬ ਸਨ।"

'ਜਾਅਲੀ ਖ਼ਬਰਾਂ'

ਬੀਬੀਸੀ ਨੇ ਸੋਏ ਮੇਅ ਦੀ ਗਵਾਹੀ ਨੂੰ ਮਿਆਂਮਾਰ ਦੇ ਸੂਚਨਾ ਉਪ ਮੰਤਰੀ ਮੇਜਰ ਜਨਰਲ ਜ਼ੌ ਮਿਨ ਤੁਨ ਦੇ ਸਾਹਮਣੇ ਰੱਖਿਆ, ਜਿਨ੍ਹਾਂ ਨੇ ਸੈਨਾ ਦੁਆਰਾ ਕਿਸੇ ਵੀ ਤਸ਼ੱਦਦ ਤੋਂ ਇਨਕਾਰ ਕੀਤਾ ਅਤੇ ਇਸਨੂੰ "ਜਾਅਲੀ ਖ਼ਬਰਾਂ" ਵਜੋਂ ਖਾਰਜ ਕਰ ਦਿੱਤਾ।

ਇਸ ਸਾਲ ਦੇ ਸ਼ੁਰੂ ਵਿੱਚ, ਸੈਨਾ ਨੇ ਨਜ਼ਰਬੰਦ ਕੀਤੀ ਗਈ ਇੱਕ ਮਹਿਲਾ ਦੀ ਇੱਕ ਤਸਵੀਰ ਪ੍ਰਸਾਰਿਤ ਕੀਤੀ ਸੀ। ਉਸਦਾ ਚਿਹਰਾ ਇਸ ਹੱਦ ਤੱਕ ਕੁੱਟਿਆ ਗਿਆ ਸੀ ਕਿ ਉਹ ਪਛਾਣੀ ਵੀ ਨਹੀਂ ਜਾ ਸਕਦੀ ਸੀ। ਉਹ ਤਸਵੀਰ ਵਾਇਰਲ ਹੋ ਗਈ ਸੀ।

ਆਪਣੇ ਫ਼ੋਨ ਦੀ ਹੋਮ ਸਕਰੀਨ 'ਤੇ ਇੰਜ ਵੇਖੋ ਬੀਬੀਸੀ ਪੰਜਾਬੀ

ਤਸਵੀਰ ਕੈਪਸ਼ਨ,

ਇੱਕ ਨਜ਼ਰਬੰਦ ਔਰਤ ਦੀ ਪਹਿਲਾਂ ਅਤੇ ਬਾਅਦ ਦੀ ਤਸਵੀਰ, ਜਿਸ 'ਚ ਉਨ੍ਹਾਂ ਦਾ ਚਿਹਰਾ ਬੁਰੀ ਤਰ੍ਹਾਂ ਬਦਸ਼ਕਲ ਦਿਖਾਇਆ ਗਿਆ

ਉਹ ਮਹਿਲਾ ਅਜੇ ਵੀ ਜੇਲ੍ਹ ਵਿੱਚ ਹੈ ਤੇ ਹਥਿਆਰਾਂ ਨਾਲ ਸਬੰਧਤ ਇਲਜ਼ਾਮਾਂ ਦਾ ਸਾਹਮਣਾ ਕਰ ਰਹੀ ਹੈ।

ਬੀਬੀਸੀ ਨੇ ਮੇਜਰ ਜਨਰਲ ਜ਼ੌ ਮਿਨ ਤੁਨ ਨੂੰ ਪੁੱਛਿਆ ਕਿ ਸੈਨਾ ਨੇ ਮਹਿਲਾ ਦੀਆਂ ਸੱਟਾਂ ਕਿਉਂ ਨਹੀਂ ਲਕੋਈਆਂ।

ਉਨ੍ਹਾਂ ਨੇ ਕਿਹਾ: "ਜਦੋਂ ਗ੍ਰਿਫਤਾਰੀਆਂ ਕੀਤੀਆਂ ਜਾਂਦੀਆਂ ਹਨ, ਉਦੋਂ ਇਹ ਹੋ ਸਕਦਾ ਹੈ। ਉਹ ਭੱਜਣ ਦੀ ਕੋਸ਼ਿਸ਼ ਕਰਦੇ ਹਨ ਅਤੇ ਸਾਨੂੰ ਉਨ੍ਹਾਂ ਨੂੰ ਫੜਨਾ ਪਵੇਗਾ।"

ਇਕਾਂਤ ਕੈਦ

ਇਹ ਦੁਰਵਿਵਹਾਰ ਸਿਰਫ਼ ਪੁੱਛਗਿੱਛ ਵਾਲਿਆਂ ਗੁਪਤ ਥਾਵਾਂ 'ਤੇ ਹੀ ਨਹੀਂ ਹੁੰਦਾ।

ਵੀਡੀਓ ਕੈਪਸ਼ਨ,

BBC exclusive:ਮਿਆਂਮਾਰ ਦੀ ਫੌਜ ਖਿਲਾਫ਼ ਲੋਕ ਗਦਰ ਦੀ ਫੁਟੇਜ, ਜੋ ਤੁਸੀਂ ਨਹੀਂ ਦੇਖੀ ਹੋਵੇਗੀ (ਵੀਡੀਓ ਮਈ 2021 ਦਾ ਹੈ)

50 ਸਾਲ ਤੋਂ ਵੱਧ ਦੀ ਉਮਰ ਦੇ ਇੱਕ ਕਾਰਕੁਨ, ਜਿਨ੍ਹਾਂ ਨੂੰ ਅਸੀਂ ਲਿਨ ਕਹਿ ਰਹੇ ਹਾਂ, ਨੇ ਬੀਬੀਸੀ ਨੂੰ ਦੱਸਿਆ ਕਿ ਕਿਵੇਂ ਉਨ੍ਹਾਂ ਨੂੰ ਯੰਗੋਨ ਦੀ ਇਨਸੀਨ ਜੇਲ੍ਹ ਵਿੱਚ 40 ਦਿਨਾਂ ਤੋਂ ਵੱਧ ਸਮੇਂ ਲਈ ਇਕਾਂਤਵਾਸ ਵਿੱਚ ਰੱਖਿਆ ਗਿਆ ਸੀ।

ਲਿਨ ਕੋਲ ਉਨ੍ਹਾਂ ਦੇ ਸੈੱਲ ਵਿੱਚ ਆਪਣੇ ਦੁਆਰਾ ਪਹਿਨੇ ਹੋਏ ਕੱਪੜਿਆਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸੀ - ਲੋੜੀਂਦੀ ਦਵਾਈ ਵੀ ਨਹੀਂ। ਨਜ਼ਰਬੰਦੀ ਦੌਰਾਨ ਉਹ ਲਗਾਤਾਰ ਕਮਜ਼ੋਰ ਹੁੰਦੇ ਗਏ।

ਉਨ੍ਹਾਂ ਦੱਸਿਆ, "ਮੈਂ ਹਨੇਰੇ ਵਿੱਚ ਲੇਟ ਜਾਂਦੀ ਅਤੇ ਚਿੰਤਾ ਕਰਦੀ ਕਿ ਮੈਂ ਮਰ ਜਾਵਾਂਗੀ। ਕਈ ਵਾਰ ਮੈਨੂੰ ਆਲੇ-ਦੁਆਲੇ ਦੀਆਂ ਕੋਠੜੀਆਂ ਤੋਂ ਚੀਕਣ ਅਤੇ ਰੋਣ ਦੀਆਂ ਆਵਾਜ਼ਾਂ ਸੁਣਾਈ ਦਿੰਦਿਆਂ। ਮੈਂ ਸੋਚਦੀ ਰਹਿੰਦੀ ਕਿ ਕਿਸ ਨੂੰ ਕੁੱਟਿਆ ਜਾ ਰਿਹਾ ਹੋਵੇਗਾ।"

ਉਹ ਯਾਦ ਕਰਦੇ ਹਨ ਕਿ ਕਿਵੇਂ ਇੱਕ ਦਿਨ ਇੱਕ ਪੁਰਸ਼ ਅਫ਼ਸਰ ਕਈ ਮਹਿਲਾ ਅਫਸਰਾਂ ਨਾਲ ਉਨ੍ਹਾਂ ਦੀ ਕੋਠੜੀ ਵਿੱਚ ਆਇਆ।

ਉਨ੍ਹਾਂ ਦੱਸਿਆ, "ਜਦੋਂ ਉਹ ਜਾਣ ਵਾਲੇ ਸਨ, ਮੈਂ ਦੇਖਿਆ ਕਿ ਪੁਰਸ਼ ਅਧਿਕਾਰੀ ਮੇਰਾ ਵੀਡੀਓ ਬਣਾ ਰਿਹਾ ਸੀ।" ਉਨ੍ਹਾਂ ਨੇ ਇਸਦੀ ਸ਼ਿਕਾਇਤ ਵੀ ਕੀਤੀ, ਪਰ ਇਹ "ਵਿਅਰਥ" ਸੀ।

ਤਸਵੀਰ ਕੈਪਸ਼ਨ,

ਹਿਰਾਸਤ ਵਿੱਚ ਲਈਆਂ ਮਹਿਲਾਵਾਂ ਨੂੰ ਕਈ ਤਰ੍ਹਾਂ ਦੇ ਤਸੀਹੇ ਦਿੱਤੇ ਗਏ

ਐਚਆਰਡਬਲਯੂ ਦੇ ਖੋਜਕਰਤਾ ਮੈਨੀ ਮੌਂਗ ਨੇ ਬੀਬੀਸੀ ਨੂੰ ਦੱਸਿਆ ਕਿ ਜੇਲ੍ਹਾਂ ਵਿੱਚ ਅਕਸਰ ਲਗਭਗ 500 ਔਰਤਾਂ ਨੂੰ ਅਜਿਹੇ ਕਮਰਿਆਂ ਵਿੱਚ ਬੰਦ ਕੀਤਾ ਜਾਂਦਾ ਹੈ, ਜੋ ਕਿ ਸਿਰਫ 100 ਕੈਦੀਆਂ ਲਈ ਹੁੰਦੇ ਹਨ। ਉਨ੍ਹਾਂ ਨੂੰ ਸੌਣ ਲਈ ਵਾਰੀ-ਵਾਰੀ ਲੇਟਣਾ ਪੈਂਦਾ ਹੈ, ਕਿਉਂਕਿ ਉਹ ਸਾਰੇ ਇੱਕੋ ਸਮੇਂ ਲੇਟ ਵੀ ਨਹੀਂ ਸਕਦੇ।

ਮੈਨੀ ਨੇ ਦੱਸਿਆ ਕਿ ਉਨ੍ਹਾਂ ਲਈ ਬੁਨਿਆਦੀ ਸਵੱਛਤਾ ਤੋਂ ਵੀ ਵਾਂਝਿਆਂ ਰੱਖਿਆ ਗਿਆ, ਅਜਿਹਾ ਕਰਨਾ "ਉਨ੍ਹਾਂ ਨੂੰ ਮੌਲਿਕ ਅਧਿਕਾਰ ਦੇਣ ਤੋਂ ਇਨਕਾਰ" ਕਰਨਾ ਸੀ।

ਜਿਸ ਔਰਤ ਨੂੰ ਸ਼ਵੇ ਪਾਈ ਥਾਰ ਪੁੱਛਗਿੱਛ ਕੇਂਦਰ ਲਿਜਾਇਆ ਗਿਆ, ਉਨ੍ਹਾਂ ਨੇ ਵੀ ਜੇਲ੍ਹ ਵਿੱਚ ਇਹ ਅਨੁਭਵ ਕੀਤਾ ਸੀ।

ਵੀਡੀਓ ਕੈਪਸ਼ਨ,

ਮਿਆਂਮਾਰ ਵਿੱਚ ਹਿੰਸਾਂ ਦੇ ਸਤਾਏ ਸ਼ਰਨਾਰਥੀ: 'ਫੌਜੀ ਘਰਾਂ ਵਿੱਚ ਵੜ ਕੇ ਰੇਪ ਕਰਦੇ ਨੇ ਫਿਰ ਮਾਰ ਦਿੰਦੇ ਹਨ' (ਵੀਡੀਓ ਅਪ੍ਰੈਲ 2021 ਦੀ ਹੈ)

ਉਨ੍ਹਾਂ ਨੇ ਕਿਹਾ, "ਜੋ ਔਰਤਾਂ ਪੁੱਛ-ਗਿੱਛ ਕੇਂਦਰਾਂ ਤੋਂ ਹੁਣੇ ਆਈਆਂ ਸਨ, ਉਨ੍ਹਾਂ ਦੇ ਜ਼ਖ਼ਮ ਠੀਕ ਵੀ ਨਹੀਂ ਹੋਏ ਸਨ, ਜਦਕਿ ਕੁਝ ਦੀ ਮਾਹਵਾਰੀ ਚੱਲ ਰਹੀ ਸੀ ਅਤੇ ਉਨ੍ਹਾਂ ਨੂੰ ਨਜ਼ਰਬੰਦੀ ਵਿੱਚ ਸੱਤ ਦਿਨਾਂ ਤੋਂ ਬਾਅਦ ਹੀ ਨਹਾਉਣ ਦੀ ਇਜਾਜ਼ਤ ਦਿੱਤੀ ਗਈ ਸੀ।''

ਅਕਤੂਬਰ ਵਿੱਚ 5,000 ਤੋਂ ਵੱਧ ਕੈਦੀਆਂ ਨੂੰ ਮੁਆਫ਼ੀ ਦਿੱਤੀ ਗਈ ਸੀ, ਜਿਸ ਵਿੱਚ ਸੋਏ ਮੇਅ ਨੂੰ ਵੀ ਰਿਹਾਅ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਗਰਮੀ ਦੁਬਾਰਾ ਗ੍ਰਿਫਤਾਰ ਕੀਤੇ ਜਾਣ ਦੇ ਡਰ ਦੇ ਲਾਇਕ ਸੀ।

ਉਨ੍ਹਾਂ ਕਿਹਾ, "ਮੈਂ ਸਮਝਦੀ ਹਾਂ ਕਿ ਹਮੇਸ਼ਾ ਇਹ ਸੰਭਾਵਨਾ ਬਣੀ ਹੋਈ ਹੈ ਕਿ ਮੈਨੂੰ ਦੁਬਾਰਾ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਅਤੇ ਹੋ ਸਕਦਾ ਹੈ ਕਿ ਮੇਰੀ ਮੌਤ ਹੋ ਜਾਵੇ, ਪਰ ਮੈਂ ਆਪਣੇ ਦੇਸ਼ ਲਈ ਕੁਝ ਕਰਨਾ ਚਾਹੁੰਦੀ ਹਾਂ।''

"ਹਾਲਾਂਕਿ ਮੈਂ ਸੁਰੱਖਿਅਤ ਮਹਿਸੂਸ ਨਹੀਂ ਕਰਦੀ, ਪਰ ਮੈਂ ਫਿਰ ਵੀ ਇਸ ਅੰਦੋਲਨ ਦਾ ਹਿੱਸਾ ਬਣੀ ਰਹਿਣਾ ਚਾਹੁੰਦੀ ਹਾਂ।''

ਇਸਲਟ੍ਰੇਸ਼ਨਜ਼: ਡੇਵਿਸ ਸੂਰਿਆ ਅਤੇ ਜਿਲਾ ਦਸਤਮਾਲਚੀ

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)