ਓਮੀਕਰੋਨ ਖ਼ਿਲਾਫ਼ ਟੀਕੇ ਦੀ ਤੀਜੀ ਖੁਰਾਕ ਕਿੰਨੀ ਕਾਰਗਰ, ਨਤੀਜੇ ਇਹ ਦੱਸਦੇ ਹਨ

  • ਜੇਮਜ਼ ਗੈਲੇਹਰ
  • ਹੈਲਥ ਅਤੇ ਸਾਇੰਸ ਪੱਤਰਕਾਰ
ਕੋਰੋਨਾਵਾਇਰਸ
ਤਸਵੀਰ ਕੈਪਸ਼ਨ,

ਸ਼ੁੱਕਰਵਾਰ ਨੂੰ ਭਾਰਤ ਵਿੱਚ ਓਮੀਕਰੋਨ ਮਾਮਲਿਆਂ ਦੀ ਕੁੱਲ ਸੰਖਿਆ 32 ਹੋ ਗਈ

ਕੋਵਿਡ-19 ਦੇ ਨਵੇਂ ਵੇਰੀਐਂਟ ਓਮੀਕਰੋਨ ਨੂੰ ਲੈ ਕੇ ਦੁਨੀਆਂ ਭਰ ਦੇ ਦੇਸ਼ਾਂ ਵਿੱਚ ਚਿੰਤਾ ਦੀ ਸਥਿਤੀ ਬਣੀ ਹੋਈ ਹੈ। ਇਸ ਦੌਰਾਨ ਯੂਕੇ ਦੇ ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਕੋਰੋਨਾਵਾਇਰਸ ਦੇ ਨਵੇਂ ਵੇਰੀਐਂਟ ਤੋਂ ਬਚਣ ਲਈ ਟੀਕੇ ਦੀਆਂ ਦੋ ਖੁਰਾਕਾਂ ਕਾਫੀ ਨਹੀਂ ਹਨ।

ਯੂਕੇ ਵਿੱਚ ਓਮੀਕਰੋਨ ਅਤੇ ਡੇਲਟਾ ਵੇਰੀਐਂਟਜ਼ ਦੇ ਮਾਮਲਿਆਂ ਦੇ ਸ਼ੁਰੂਆਤੀ ਅਧਿਐਨ ਵਿੱਚ ਪਤਾ ਲਗਿਆ ਹੈ ਕਿ ਇਸ ਨਵੇਂ ਵੇਰੀਐਂਟ ਓਮੀਕਰੋਨ 'ਤੇ ਟੀਕੇ ਘੱਟ ਅਸਰਦਾਰ ਸਨ।

ਪਰ ਟੀਕੇ ਦੀ ਤੀਜੀ ਖੁਰਾਕ ਲਗਭਗ 75% ਲੋਕਾਂ ਨੂੰ ਕੋਵਿਡ ਦੇ ਲੱਛਣ ਵਿਕਸਿਤ ਹੋਣ ਤੋਂ ਬਚਾਉਂਦੀ ਹੈ।

ਇਸ ਵਿਚਕਾਰ, ਲੈਵਲਿੰਗ ਅੱਪ ਸੈਕਰੇਟਰੀ ਮਾਈਕਲ ਗੋਵ ਨੇ ਚੇਤਾਵਨੀ ਦਿੱਤੀ ਹੈ ਕਿ ਯੂਕੇ "ਡੂੰਘੀ ਚਿੰਤਾ ਵਾਲੀ ਸਥਿਤੀ" ਦਾ ਸਾਹਮਣਾ ਕਰ ਰਿਹਾ ਹੈ।

ਸਰਕਾਰ ਦੀ ਐਮਰਜੈਂਸੀ ਕਮੇਟੀ 'ਕੋਬਰਾ' ਦੀ ਬੈਠਕ ਤੋਂ ਬਾਅਦ ਉਨ੍ਹਾਂ ਕਿਹਾ ਕਿ ਹੁਣ ਤੱਕ ਕੀਤੇ ਗਏ ਉਪਾਅ "ਅਨੁਪਾਤਕ (ਹਾਲਾਤ ਅਨੁਸਾਰ)" ਸਨ, ਪਰ ਮੰਤਰੀ ਸਭ ਕੁਝ "ਬਿਲਕੁਲ" ਸਮੀਖਿਆ ਅਧੀਨ ਰੱਖ ਰਹੇ ਸਨ।

ਉਨ੍ਹਾਂ ਅੱਗੇ ਕਿਹਾ, "ਬੇਸ਼ੱਕ ਕਾਰਵਾਈ ਜ਼ਰੂਰੀ ਹੈ ਅਤੇ ਜਿਵੇਂ ਹੀ ਨਵਾਂ ਡੇਟਾ ਆਉਂਦਾ ਹੈ, ਅਸੀਂ ਵਿਚਾਰ ਕਰਾਂਗੇ ਕਿ ਉਸ ਡੇਟਾ ਦੇ ਮੱਦੇਨਜ਼ਰ ਸਾਨੂੰ ਕੀ ਕਰਨ ਦੀ ਲੋੜ ਹੈ।''

ਇਹ ਵੀ ਪੜ੍ਹੋ:

ਹੋਰ ਸਖ਼ਤ ਹੋਈਆਂ ਹਿਦਾਇਤਾਂ

ਯੂਕੇ ਵਿੱਚ ਓਮੀਕਰੋਨ ਦੇ 448 ਹੋਰ ਕੇਸਾਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਹੁਣ ਤੱਕ ਰਿਪੋਰਟ ਕੀਤੇ ਗਏ ਮਾਮਲਿਆਂ ਦੀ ਕੁੱਲ ਗਿਣਤੀ 1,265 ਹੋ ਗਈ ਹੈ। ਸ਼ੁੱਕਰਵਾਰ ਨੂੰ ਦਰਜ ਕੀਤੇ ਗਏ ਕੋਵਿਡ ਮਾਮਲਿਆਂ ਦੀ ਕੁੱਲ ਗਿਣਤੀ 58,194 ਸੀ - ਜੋ ਕਿ 9 ਜਨਵਰੀ ਤੋਂ ਬਾਅਦ ਸਭ ਤੋਂ ਵੱਧ ਹੈ।

ਸਰਕਾਰ ਵੱਲੋਂ ਕਿਹਾ ਹੈ ਕਿ ਉਹ ਇੰਗਲੈਂਡ ਵਿੱਚ ਕੇਅਰ ਹੋਮਜ਼ ਲਈ ਜਾਰੀ ਹਿਦਾਇਤਾਂ ਨੂੰ ਅਪਡੇਟ ਕਰ ਰਹੇ ਹਨ ਜਿਸ ਵਿੱਚ ਹਰੇਕ ਨਿਵਾਸੀ ਨੂੰ ਮਿਲਣ ਆਉਣ ਵਾਲੇ ਲੋਕਾਂ ਦੀ ਗਿਣਤੀ ਨੂੰ ਸੀਮਤ ਕਰਨਾ ਅਤੇ "ਮੌਜੂਦਾ ਕੋਵਿਡ-19 ਦੇ ਜੋਖਮ ਨੂੰ ਘੱਟ ਕਰਨ ਲਈ" ਟੈਸਟਿੰਗ ਨੂੰ ਵਧਾਉਣਾ ਸ਼ਾਮਲ ਹੈ।

ਓਮੀਕਰੋਨ 'ਤੇ ਕਿੰਨੇ ਅਸਰਦਾਰ ਹਨ ਟੀਕੇ

ਬਹੁਤ ਜ਼ਿਆਦਾ ਮਿਊਟੇਡ ਓਮੀਕਰੋਨ ਵੇਰੀਐਂਟ ਦੇ ਪਹਿਲੀ ਵਾਰ ਸਾਹਮਣੇ ਆਉਣ ਤੋਂ ਬਾਅਦ ਜੋ ਇੱਕ ਮੁੱਖ ਚਿੰਤਾ ਬਣੀ ਹੋਈ ਹੈ, ਉਹ ਇਹ ਹੈ ਕਿ ਇਹ ਵੇਰੀਐਂਟ ਟੀਕਿਆਂ ਨੂੰ ਘੱਟ ਪ੍ਰਭਾਵਸ਼ਾਲੀ ਬਣਾ ਸਕਦਾ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਯੂਕੇ ਦੀ ਸਿਹਤ ਸੁਰੱਖਿਆ ਏਜੰਸੀ ਅਨੁਸਾਰ ਇਹ ਟੀਕੇ ਅਜੇ ਵੀ ਗੰਭੀਰ ਕੋਵਿਡ ਵਿਰੁੱਧ ਚੰਗੀ ਸੁਰੱਖਿਆ ਪ੍ਰਦਾਨ ਕਰਨ ਦੀ ਸੰਭਾਵਨਾ ਰੱਖਦੇ ਹਨ

ਦਿ ਯੂਕੇ ਹੈਲਥ ਸਿਕਿਉਰਿਟੀ ਏਜੰਸੀ ਦੀ ਰਿਪੋਰਟ ਵਿੱਚ 581 ਓਮੀਕਰੋਨ ਕੇਸਾਂ ਅਤੇ ਹਜ਼ਾਰਾਂ ਡੈਲਟਾ ਕੇਸਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਟੀਕੇ ਵਾਇਰਸ ਦੇ ਨਵੇਂ ਰੂਪ ਖਿਲਾਫ ਕਿੰਨੇ ਅਸਰਦਾਰ ਸਨ।

ਭਾਵੇਂ ਇਹ ਵਿਸ਼ਲੇਸ਼ਣ ਸੀਮਤ ਡੇਟਾ 'ਤੇ ਅਧਾਰਿਤ ਹੈ, ਪਰ ਇਹ ਫਾਈਜ਼ਰ ਦੀਆਂ ਦੋ ਖੁਰਾਕਾਂ ਦੇ ਪ੍ਰਭਾਵ ਵਿੱਚ ਵੱਡੀ ਗਿਰਾਵਟ ਅਤੇ ਆਕਸਫੋਰਡ-ਐਸਟਰਾਜ਼ੇਨੇਕਾ ਵੈਕਸੀਨ ਦੀ ਪ੍ਰਭਾਵਸ਼ੀਲਤਾ ਵਿੱਚ ਹੈਰਾਨੀਜਨਕ ਗਿਰਾਵਟ ਦਿਖਾਉਂਦਾ ਹੈ।

ਬੂਸਟਰ ਖੁਰਾਕ ਤੋਂ ਬਾਅਦ ਕੋਵਿਡ ਦੇ ਲੱਛਣਾਂ ਵਿਰੁੱਧ ਮਿਲਣ ਵਾਲੀ 75% ਸੁਰੱਖਿਆ ਉਸ ਤਰ੍ਹਾਂ ਨਹੀਂ ਸੀ ਜਿਵੇਂ ਕਿ ਪਿਛਲੇ ਵੇਰੀਐਂਟਜ਼ ਲਈ ਸੀ।

ਹਾਲਾਂਕਿ ਮੋਡੇਰਨਾ ਜਾਂ ਜੌਨਸਨ ਟੀਕਿਆਂ ਦਾ ਵਿਸ਼ਲੇਸ਼ਣ ਕਰਨ ਲਈ ਵਧੇਰੇ ਡੇਟਾ ਨਹੀਂ ਸੀ, ਪਰ ਅਨੁਮਾਨ ਇਹੀ ਹੈ ਕਿ ਉਨ੍ਹਾਂ ਦੇ ਨਤੀਜੇ ਵੀ ਕੁਝ ਵੱਖਰੇ ਨਹੀਂ ਹੋਣਗੇ।

ਬੂਸਟਰ ਖੁਰਾਕ ਨਾਲ ਮਿਲੇਗੀ ਰਾਹਤ

ਯੂਕੇ ਦੀ ਸਿਹਤ ਸੁਰੱਖਿਆ ਏਜੰਸੀ ਨੇ ਕਿਹਾ ਕਿ ਇਹ ਟੀਕੇ ਅਜੇ ਵੀ ਗੰਭੀਰ ਕੋਵਿਡ ਦੇ ਵਿਰੁੱਧ ਚੰਗੀ ਸੁਰੱਖਿਆ ਪ੍ਰਦਾਨ ਕਰਨ ਦੀ ਸੰਭਾਵਨਾ ਰੱਖਦੇ ਹਨ।

ਹੁਣ ਤੱਕ ਲਗਭਗ 22 ਮਿਲੀਅਨ ਲੋਕਾਂ ਨੂੰ ਬੂਸਟਰ ਖੁਰਾਕ ਮਿਲ ਚੁੱਕੀ ਹੈ, ਪਰ ਚਾਹੇ ਹਰ ਕਿਸੇ ਨੂੰ ਬੂਸਟਰ ਖੁਰਾਕ ਲੱਗ ਚੁਕੀ ਹੋਵੇ, ਫਿਰ ਵੀ ਟੀਕਿਆਂ ਦਾ ਪ੍ਰਭਾਵ ਘੱਟ ਹੋਣ ਕਾਰਨ ਲੋਕਾਂ ਨੂੰ ਕੁਝ ਹੱਦ ਤੱਕ ਖਤਰਾ ਬਣਿਆ ਰਹੇਗਾ।

ਤਸਵੀਰ ਸਰੋਤ, STR/AFP via Getty Images

ਤਸਵੀਰ ਕੈਪਸ਼ਨ,

ਓਮੀਕਰੋਨ ਦੀ ਇੱਕ ਹਲਕੀ ਜਿਹੀ ਲਹਿਰ ਵੀ ਵੱਡੀ ਸਮੱਸਿਆ ਸਾਬਿਤ ਹੋ ਸਕਦੀ ਹੈ

ਰੀਅਲ ਵਰਲਡ ਡੇਟਾ, ਪ੍ਰਯੋਗਸ਼ਾਲਾ ਦੇ ਅਧਿਐਨਾਂ ਦਾ ਸਮਰਥਨ ਕਰਦਾ ਹੈ। ਇਹ ਅਧਿਐਨ ਦੋ ਖੁਰਾਕਾਂ ਲੈ ਚੁੱਕੇ ਲੋਕਾਂ ਵਿੱਚੋਂ ਵਾਇਰਸ ਨੂੰ ਬਾਹਰ ਕੱਢਣ ਲਈ ਐਂਟੀਬਾਡੀਜ਼ ਦੀ ਸਮਰੱਥਾ ਵਿੱਚ 40 ਗੁਣਾ ਕਮੀ ਦਰਸਾਉਂਦੇ ਹਨ।

ਉਮੀਦ ਕੀਤੀ ਜਾ ਰਹੀ ਹੈ ਕਿ ਟੀਕੇ ਅਜੇ ਵੀ ਬਹੁਤ ਸਾਰੇ ਲੋਕਾਂ ਨੂੰ ਕੋਵਿਡ ਨਾਲ ਸੰਕਰਮਿਤ ਹੋਣ ਤੋਂ ਬਾਅਦ ਵੀ ਹਸਪਤਾਲ ਜਾਣ ਵਾਲੀ ਸਥਿਤੀ ਤੋਂ ਬਚਾ ਲੈਣਗੇ। ਸਥਿਤੀ ਦੀ ਗੰਭੀਰਤਾ ਬਾਰੇ ਡੇਟਾ ਅਗਲੇ ਹਫਤੇ ਪ੍ਰਕਾਸ਼ਿਤ ਕੀਤਾ ਜਾ ਸਕਦਾ ਹੈ।

ਹਾਲਾਂਕਿ, ਓਮੀਕਰੋਨ ਦੀ ਇੱਕ ਹਲਕੀ ਜਿਹੀ ਲਹਿਰ ਵੀ ਵੱਡੀ ਸਮੱਸਿਆ ਸਾਬਿਤ ਹੋ ਸਕਦੀ ਹੈ। ਇੱਕ ਵੱਡੀ ਅਤੇ ਅਚਾਨਕ ਲਹਿਰ ਹਰ ਕਿਸੇ ਨੂੰ ਆਪਣੀ ਚਪੇਟ ਵਿੱਚ ਲੈ ਸਕਦੀ ਹੈ।

ਓਮਿਕਰੋਨ ਦੇ ਕੇਸਾਂ ਵਿੱਚ ਤੇਜ਼ੀ ਨਾਲ ਵਾਧਾ ਪਹਿਲਾਂ ਹੀ ਸੰਕੇਤ ਦੇ ਰਿਹਾ ਸੀ ਕਿ ਵੇਰੀਐਂਟ ਖਿਲਾਫ ਵੈਕਸੀਨ ਨਾਲ ਮਿਲੀ ਸੁਰੱਖਿਆ ਕੁਝ ਹੱਦ ਤੱਕ ਹੀ ਪ੍ਰਭਾਵੀ ਹੈ।

ਕਿੰਨੀ ਤੇਜ਼ੀ ਨਾਲ ਵਧ ਸਕਦੇ ਹਨ ਮਾਮਲੇ

ਅੰਦਾਜ਼ਾ ਲਗਾਇਆ ਗਿਆ ਹੈ ਕਿ ਹਰ ਦੋ ਤੋਂ ਤਿੰਨ ਦਿਨਾਂ ਵਿੱਚ ਓਮੀਕਰੋਨ ਦੇ ਕੇਸਾਂ ਦੀ ਗਿਣਤੀ ਦੁੱਗਣੀ ਹੋ ਰਹੀ ਹੈ।

ਯੂਕੇਐੱਚਐੱਸਏ (UKHSA) ਦਾ ਅੰਦਾਜ਼ਾ ਹੈ ਕਿ ਦਸੰਬਰ ਦੇ ਅੱਧ ਤੱਕ ਦੇਸ਼ ਵਿੱਚ ਕੋਵਿਡ ਦੇ ਸਾਰੇ ਕੇਸਾਂ ਵਿੱਚੋਂ ਅੱਧੇ ਤੋਂ ਵੱਧ ਓਮੀਕਰੋਨ ਦੇ ਹੋਣਗੇ ਅਤੇ ਜੇਕਰ ਇਹ ਵਾਧਾ ਲਗਾਤਾਰ ਜਾਰੀ ਰਿਹਾ ਤਾਂ ਮਹੀਨੇ ਦੇ ਅੰਤ ਤੱਕ ਇੱਕ ਦਿਨ ਵਿੱਚ 100,000 ਤੋਂ ਵੱਧ ਕੇਸ ਸਾਹਮਣੇ ਆਉਣਗੇ।

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ,

ਅਨੁਮਾਨ ਮੁਤਾਬਕ, ਹਰ 2-3 ਦਿਨਾਂ ਵਿੱਚ ਓਮਿਕਰੋਨ ਦੇ ਕੇਸਾਂ ਦੀ ਗਿਣਤੀ ਦੁੱਗਣੀ ਹੋ ਰਹੀ ਹੈ

ਯੂਕੇਐੱਚਐੱਸਏ ਵਿੱਚ ਟੀਕਾਕਰਨ ਦੇ ਮੁਖੀ ਡਾਕਟਰ ਮੈਰੀ ਰਾਮਸੇ ਕਹਿੰਦੇ ਹਨ: "ਇਨ੍ਹਾਂ ਸ਼ੁਰੂਆਤੀ ਅਨੁਮਾਨਾਂ ਲਈ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ ਪਰ ਉਹ ਇਹ ਸੰਕੇਤ ਦਿੰਦੇ ਹਨ ਕਿ ਦੂਜੀ ਖੁਰਾਕ ਤੋਂ ਕੁਝ ਮਹੀਨਿਆਂ ਬਾਅਦ, ਡੈਲਟਾ ਸਟ੍ਰੇਨ ਦੇ ਮੁਕਾਬਲੇ ਓਮੀਕਰੋਨ ਵੇਰੀਐਂਟ ਨਾਲ ਸੰਕਰਮਿਤ ਹੋਣ ਦਾ ਜੋਖਮ ਵਧੇਰੇ ਹੁੰਦਾ ਹੈ।"

ਉਨ੍ਹਾਂ ਕਿਹਾ, "ਅਸੀਂ ਉਮੀਦ ਕਰਦੇ ਹਾਂ ਕਿ ਟੀਕੇ ਕੋਵਿਡ-19 ਦੇ ਗੰਭੀਰ ਮਾਮਲਿਆਂ ਵਿਰੁੱਧ ਵਧੇਰੇ ਸੁਰੱਖਿਆ ਦੇਣਗੇ, ਇਸ ਲਈ ਜੇਕਰ ਤੁਸੀਂ ਅਜੇ ਤੱਕ ਆਪਣੀਆਂ ਪਹਿਲੀਆਂ ਦੋ ਖੁਰਾਕਾਂ ਨਹੀਂ ਲਈਆਂ ਹਨ, ਤਾਂ ਕਿਰਪਾ ਕਰਕੇ ਤੁਰੰਤ ਲੈ ਲਓ।"

ਯੂਕੇ ਵਿੱਚ ਓਮੀਕਰੋਨ ਮਾਮਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਜਿਸ ਨਾਲ ਚਿੰਤਾ ਦੀ ਸਥਿਤੀ ਬਣੀ ਹੋਈ ਹੈ। ਸਕਾਟਲੈਂਡ ਦੇ ਫਰਸਟ ਮਿਨਿਸਟਰ, ਨਿਕੋਲਾ ਸਟਰਜਨ ਨੇ ਕੋਵਿਡ ਮਾਮਲਿਆਂ ਦੀ "ਸੁਨਾਮੀ" ਦੀ ਚੇਤਾਵਨੀ ਦਿੰਦਿਆਂ ਕੋਵਿਡ ਆਈਸੋਲੇਸ਼ਨ ਨਿਯਮਾਂ ਨੂੰ ਹੋਰ ਸਖ਼ਤ ਕਰ ਦਿੱਤਾ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕ੍ਰਿਸਮਸ ਪਾਰਟੀਆਂ ਨਾ ਕਰਨ।

ਇੰਗਲੈਂਡ ਵਿੱਚ ਕੇਅਰ ਹੋਮਜ਼ ਲਈ ਨਵੀਆਂ ਹਿਦਾਇਤਾਂ ਦੇ ਤਹਿਤ, ਨਿਵਾਸੀਆਂ ਨੂੰ ਸਿਰਫ਼ ਤਿੰਨ ਲੋਕਾਂ ਸਮੇਤ ਜ਼ਰੂਰੀ ਦੇਖਭਾਲ ਕਰਨ ਵਾਲੇ ਸਿਰਫ ਇੱਕ ਵਿਅਕਤੀ ਨਾਲ ਮਿਲਣ ਦੀ ਆਗਿਆ ਹੈ।

ਸਿਹਤ ਅਤੇ ਸਮਾਜਿਕ ਦੇਖਭਾਲ ਵਿਭਾਗ ਨੇ ਕਿਹਾ ਕਿ ਟੀਕਿਆਂ ਦੀਆਂ ਸਾਰੀਆਂ ਖੁਰਾਕਾਂ ਲੈ ਚੁੱਕੇ ਲੋਕ ਅਤੇ ਸਟਾਫ, ਜੋ ਕਿ ਬਾਹਰ ਆਉਂਦੇ-ਜਾਂਦੇ ਰਹਿੰਦੇ ਹਨ, ਲਈ ਟੈਸਟਿੰਗ ਵੀ ਵਧਾਈ ਜਾਵੇਗੀ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)