Got a TV Licence?

You need one to watch live TV on any channel or device, and BBC programmes on iPlayer. It’s the law.

Find out more
I don’t have a TV Licence.

ਲਾਈਵ ਰਿਪੋਰਟਿੰਗ

ਸਾਰੇ ਦੱਸੇ ਗਏ ਸਮੇਂ ਯੂ.ਕੇ. ਦੇ ਹਨ

 1. Post update

  ਅਸੀਂ ਆਪਣਾ ਲਾਈਵ ਪੇਜ ਇੱਥੇ ਹੀ ਸਮਾਪਤ ਕਰ ਰਹੇ ਹਾਂ। ਤੁਸੀਂ ਦੇਸ-ਵਿਦੇਸ਼ ਦੀਆਂ ਖ਼ਬਰਾਂ ਲਈ ਬੀਬੀਸੀ ਪੰਜਾਬੀ ਨਾਲ ਜੁੜੇ ਰਹੋ

 2. ਅਸੀਂ ਕਾਬੁਲ ਹਮਲਿਆਂ ਤੋਂ ਦੁਖੀ ਹਾਂ˸ ਓਬਾਮਾ

  ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ

  ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦਾ ਕਹਿਣਾ ਹੈ ਕਿ ਕਾਬੁਲ ਹਵਾਈ ਅੱਡੇ ਦੇ ਬਾਹਰ ਹੋਏ ਮਾਰੂ ਧਮਾਕਿਆਂ ਕਾਰਨ “ਬੇਹੱਦ ਦੁਖੀ” ਹਨ।

  ਓਬਾਮਾ, ਜਿਨ੍ਹਾਂ ਨੂੰ ਜੌਰਜ ਡਬਲਿਊ ਬੁਸ਼ ਤੋਂ ਤਾਲਿਬਾਨ ਖ਼ਿਲਾਫ਼ ਮਿਸ਼ਨ ਵਿਰਾਸਤ ਵਿੱਚ ਮਿਲਿਆ ਸੀ, ਉਨ੍ਹਾਂ ਨੇ ਅਫ਼ਗਾਨਿਸਤਾਨ ਵਿੱਚ ਤਾਇਨਾਤ ਹਜ਼ਾਰਾਂ ਸੈਨਿਕਾਂ ਨੂੰ “ਅਜਿਹੇ ਹੀਰੋ ਦੱਸਿਆ ਜੋ ਦੂਜਿਆਂ ਦੇ ਜੀਵਨ ਨੂੰ ਬਚਾਉਣ ਲਈ ਖ਼ਤਰਨਾਕ, ਨਿਰਸਵਾਰਥ ਮਿਸ਼ਨ ਵਿੱਚ ਲੱਗੇ ਰਹੇ।”

  ਆਪਣੇ ਬਿਆਨ ਵਿੱਚ ਓਬਾਮਾ ਨੇ ਕਿਹਾ, “ਰਾਸ਼ਟਰਪਤੀ ਵਜੋਂ ਅਜਿਹੇ ਅਮਰੀਕੀਆਂ ਦੇ ਪਰਿਵਾਰ ਵਾਲਿਆਂ ਦੇ ਨਾਲ ਸੋਗ ਮਨਾਉਣ ਤੋਂ ਜ਼ਿਆਦਾ ਦਰਦਨਾਕ ਕੁਝ ਵੀ ਨਹੀਂ ਸੀ, ਜਿਨ੍ਹਾਂ ਨੇ ਸਾਡੇ ਦੇਸ਼ ਦੀ ਸੇਵਾ ਵਿੱਚ ਆਪਣੀ ਜਾਨ ਗੁਆ ਦਿੱਤੀ।”

  ਉਨ੍ਹਾਂ ਨੇ ਕਿਹਾ ਕਿ ਉਹ ਆਪਣਿਆਂ ਨੂੰ ਗੁਆਉਣ ਵਾਲੇ ਅਮਰੀਕੀਆਂ ਅਤੇ ਅਫ਼ਗਾਨਾਂ ਲਈ ਦੁਖੀ ਹਨ।

  “ਉਨ੍ਹਾਂ ਅਫ਼ਗਾਨਾਂ ਦੇ ਪਰਿਵਾਰਾਂ ਬਾਰੇ ਸੋਚ ਰਹੇ ਹਾਂ ਜੋ ਮਾਰੇ ਗਏ, ਜਿਨ੍ਹਾਂ ਵਿੱਚ ਕਈ ਅਮਰੀਕੀਆਂ ਦੇ ਨਾਲ ਖੜ੍ਹੇ ਸਨ ਅਤੇ ਬਿਹਤਰ ਜੀਵਨ ਦੇ ਮੌਕਿਆਂ ਲਈ ਸਭ ਕੁਝ ਜੋਖ਼ਮ ਵਿੱਚ ਪਾਉਣ ਲਈ ਤਿਆਰ ਹਨ।”

  ਹਾਲ ਵਿੱਚ ਜਾਰੀ ਅਮਰੀਕੀ ਸੁਰੱਖਿਆ ਅੰਕੜਿਆਂ ਮੁਤਾਬਕ, ਸਾਲ 2001 ਤੋਂ ਸ਼ੁਰੂ ਸੰਘਰਸ਼ ਵਿੱਚ ਹੁਣ ਤੱਕ 2400 ਅਮਰੀਕੀ ਸੈਨਿਕ ਅਫ਼ਗਾਨਿਸਤਾਨ ਵਿੱਚ ਮਾਰੇ ਗਏ ਹਨ।

 3. ਅਫ਼ਗਾਨਿਸਤਾਨ ਵਿੱਚ ਫਸੇ ਅਫ਼ਗਾਨ ਹਿੰਦੂ-ਸਿੱਖਾਂ ਬਾਰੇ ਭਾਰਤੀ ਵਿਦੇਸ਼ ਮੰਤਰਾਲੇ ਨੇ ਕੀ ਕਿਹਾ

  ਅਰਿੰਦਮ ਬਾਗਚੀ

  ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ਛੱਡਣ ਵਾਲੇ ਜ਼ਿਆਦਾਤਰ ਭਾਰਤੀਆਂ ਨੂੰ ਬਾਹਰ ਕੱਢ ਲਿਆ ਹੈ।

  ਹਾਲਾਂਕਿ ਕੁਝ ਲੋਕਾਂ ਦੇ ਅਜੇ ਵੀ ਫਸੇ ਹੋਣ ਦਾ ਖਦਸ਼ਾ ਹੈ।

  ਵਿਦੇਸ਼ ਮੰਤਰਾਲੇ ਦੇਬੁਲਾਰੇ ਅਰਿੰਦਰ ਬਾਗਚੀ ਨੇ ਕਿਹਾ, “ਸਾਡਾ ਅੰਦਾਜ਼ਾ ਹੈ ਕਿ ਉੱਥੋਂ ਵਾਪਸ ਆਉਣ ਦੀ ਇੱਛਾ ਰੱਖਣ ਵਾਲੇ ਜ਼ਿਆਦਾਤਰ ਭਾਰਤੀਆਂ ਨੂੰ ਕੱਢ ਲਿਆ ਗਿਆ ਹੈ। ਕੁਝ ਹੋਰ ਲੋਕਾਂ ਦੇ ਅਫ਼ਗਾਨਿਸਤਾਨ ਵਿੱਚ ਹੋਣ ਦਾ ਖਦਸ਼ਾ ਹੈ ਪਰ ਇਸ ਬਾਰੇ ਸਟੀਕ ਜਾਣਕਾਰੀ ਨਹੀਂ ਹੈ।”

  ਉਨ੍ਹਾਂ ਨੇ ਕਿਹਾ, “ਆਖਰੀ ਉਡਾਣ ਵਿੱਚ ਕਰੀਬ 40 ਲੋਕ ਸਨ। ਸਾਨੂੰ ਅਜਿਹੀਆਂ ਖ਼ਬਰਾਂ ਮਿਲ ਰਹੀਆਂ ਹਨ ਕਿ ਲੋਕਾਂ ਨੂੰ ਹਵਾਈ ਅੱਡੇ ਤੱਕ ਪਹੁੰਚਣ ਵਿੱਚ ਦਿੱਕਤ ਆ ਰਹੀ ਹੈ।”

  “ਅਸੀਂ ਜਾਣਦੇ ਹਾਂ ਕਿ ਅਫ਼ਗਾਨਸਿੱਖਾਂ ਤੇ ਹਿੰਦੂਆਂ ਸਹਿਤ ਕੁਝ ਅਫ਼ਗਾਨ ਨਾਗਰਿਕ 25 ਅਗਸਤ ਨੂੰ ਹਵਾਈ ਅੱਡੇ ਤੱਕ ਨਹੀਂ ਪਹੁੰਚ ਸਕੇ। ਸਾਨੂੰ ਉਨ੍ਹਾਂ ਦੇ ਬਿਨਾਂ ਆਉਣਾ ਪਿਆ ਸੀ।”

  ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਦੱਸਿਆ ਕਿ ਭਾਰਤ ਅਫ਼ਗਾਨਿਸਤਾਨ ਦੇ ਹਾਲਾਤ ਦੀ ਬਰੀਕੀ ਨਾਲ ਨਿਗਰਾਨੀ ਕਰ ਰਿਹਾ ਹੈ ਅਤੇ ਹੋਰਨਾਂ ਦੇਸ਼ਾਂ ਦੇ ਸੰਪਰਕ ਵਿੱਚ ਵੀ ਹੈ।

  ਖ਼ਬਰ ਏਜੰਸੀ ਏਐੱਨਆਈ ਮੁਤਾਬਕ, ਅਰਿੰਦਮ ਬਾਗਚੀ ਨੇ ਹਫ਼ਤਾਵਾਰੀ ਬ੍ਰੀਫਿੰਗ ਵਿੱਚ ਕਿਹਾ, “ਅਸੀਂ ਅਫ਼ਗਾਨਿਸਤਾਨ ਦੇ ਹਾਲਾਤ ਦੀ ਨਿਗਰਾਨੀ ਕਰ ਰਹੇ ਹਾਂ ਅਤੇ ਹਰ ਦੇਸ਼ ਖ਼ਾਸ ਤੌਰ ’ਤੇ ਅਮਰੀਕਾ ਦੇ ਸੰਪਰਕ ਵਿੱਚ ਹਾਂ।”

  ਉਨ੍ਹਾਂ ਨੇ ਅੱਗੇ ਦੱਸਿਆ, “ਅਸੀਂ ਸ਼ਾਂਤਮਈ, ਖੁਸ਼ਹਾਲ ਅਤੇ ਲੋਕਤਾਂਤਰਿਕ ਅਫ਼ਗਾਨ ਦੀ ਮੰਗ ਕਰ ਰਹੇ ਹਾਂ। ਸਾਡਾ ਮੌਜੂਦਾ ਧਿਆਨ ਅਫ਼ਗਾਨਿਸਤਾਨ ਵਿੱਚੋਂ ਸੁਰੱਖਿਅਤ ਨਿਕਾਸੀ ਵੱਲ ਹੈ ਅਤੇ ਇਹ ਕਿਵੇਂ ਨੇਪਰੇ ਚੜ੍ਹਦਾ ਹੈ। ਹੋਰ ਦੇਸ਼ ਇੰਤਜ਼ਾਰ ਕਰ ਰਹੇ ਹਨ ਅਤੇ ਦੇਖ ਰਹੇ ਹਨ।”

  ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਦਿੱਲੀ ਵਿੱਚ ਇੱਕ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਕਾਬੁਲ ਜਾਂ ਤਜਾਕਿਸਤਾਨ ਦੀ ਰਾਜਧਾਨੀ ਦੁਸ਼ਾਂਬੇ ਤੋਂ 550 ਲੋਕਾਂ ਨੂੰ ਬਾਹਰ ਕੱਢ ਲਿਆ ਹੈ।

 4. ਅਫ਼ਗਾਨਿਸਤਾਨ: ਪਿਤਾ ਵੱਲੋਂ ‘ਛੱਡ ਜਾਣ ਕਾਰਨ’ ਟੁੱਟਿਆ ਪਰਿਵਾਰ

  ਤਾਲਿਬਾਨ

  ਇੱਕ ਨੌਜਵਾਨ ਔਰਤ ਪੱਤਰਕਾਰ ਦਾ ਕਹਿਣਾ ਹੈ ਕਿ ਉਹ, ਉਸ ਦੀ ਮਾਂ, ਸੱਤ ਭਰਾ ਅਤੇ ਤਿੰਨ ਭੈਣਾਂ ਨੂੰ ਉਨ੍ਹਾਂ ਦੇ ਪਿਤਾ ਪਿੱਛੇ ਛੱਡ ਕੇ ਆਪ ਅਫ਼ਗਾਨਿਸਤਾਨ ਤੋਂ ਆਪਣੀ ਦੂਜੀ ਪਤਨੀ ਨਾਲ ਭੱਜ ਗਏ ਹਨ।

  ਜ਼ਲਾਸ਼ (ਬਦਲਿਆ ਹੋਇਆ ਨਾਮ) ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਤਾਲਿਬਾਨ ਨੇ ਕਿਹਾ ਹੈ ਕਿ ਜੇਕਰ ਉਹ ਪੱਤਰਕਾਰ ਵਜੋਂ ਵਾਪਸ ਆਪਣੀ ਨੌਕਰੀ ’ਤੇ ਆਏ ਤਾਂ ਉਨ੍ਹਾਂ ਮਾਰ ਦਿੱਤਾ ਜਾਵੇਗਾ।

  ਉਨ੍ਹਾਂ ਨੇ ਬੀਬੀਸੀ 5 ਲਾਈਵ ਵਿੱਚ ਦੱਸਿਆ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਅਸਥਾਈ ਨਿਵਾਸ ਵਿੱਚ ਹਾਂ ਅਤੇ ਡਰੇ ਹੋਏ ਹਾਂ।

  ਉਨ੍ਹਾਂ ਨੇ ਦੱਸਿਆ, “ਮੈਂ ਆਪਣੇ ਪਰਿਵਾਰ ਦੀ ਜ਼ਿੰਦਗੀ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹਾਂ। ਉਹ ਯੂਨੀਵਰਸਿਟੀ ਅਤੇ ਸਕੂਲ ਜਾਣਾ ਚਾਹੁੰਦੇ ਹਨ। ਅਸੀਂ ਗਰੀਬ ਹਾਂ। ਸਾਡੇ ਕੋਲ ਇੱਕ ਹੀ ਪੈਨ ਹੈ ਅਤੇ ਪੂਰਾ ਪਰਿਵਾਰ ਸਕੂਲ ਦਾ ਕੰਮ ਕਰਨ ਲਈ ਉਹੀ ਵਰਤਦਾ ਹੈ।”

  18 ਸਾਲਾ ਜ਼ਲਾਸ਼ ਨੂੰ ਉਨ੍ਹਾਂ ਦੇ ਪਿਤਾ ਨੇ ਏਅਰਪੋਰਟ ਜਾਣ ਲਈ ਕਿਹਾ ਅਤੇ ਉਨ੍ਹਾਂ ਨੇ ਉੱਥੇ 24 ਘੰਟੇ ਇੰਤਜ਼ਾਰ ਕੀਤਾ।

  ਉਹ ਕਹਿੰਦੇ ਹਨ, “ਸਾਡਾ ਸਮਾਂ ਮੁਸ਼ਕਿਲ ਸੀ, ਅਸੀਂ ਸੁੱਤੇ ਵੀ ਨਹੀਂ, ਅਸੀਂ ਗਰਮੀ ਹੇਠਾਂ ਰਹੇ। ਉਹ ਗੰਦੀ ਥਾਂ ਸੀ।”

  “ਸੈਨਿਕਾਂ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਪਿਤਾ ਨਹੀਂ ਚਾਹੁੰਦੇ ਸੀ ਕਿ ਉਹ ਜਹਾਜ਼ ਵਿੱਚ ਜਾਣ। ਉਹ ਆਪਣੀ ਦੂਜੀ ਪਤਨੀ ਅਤੇ ਪਰਿਵਾਰ ਲੈ ਗਏ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਨਹੀਂ ਉੱਠੇ ਤਾਂ ਉਹ ਮੈਨੂੰ ਥੱਪੜ ਮਾਰ ਦੇਣਗੇ।”

  “ਅਸੀਂ ਅੱਖਾਂ ਵਿੱਚ ਅਥਰੂ ਭਰੀ ਅਤੇ ਟੁੱਟੇ ਹੋਏ ਦਿਲ ਨਾਲ ਉੱਠ ਗਏ। ਹੁਣ ਸਾਨੂੰ ਸਿਰਫ਼ ਰੱਬ ਦਾ ਆਸਰਾ ਹੈ।”

 5. 'ਮੈਂ ਇੱਕ ਗੋਲੀ ਤੋਂ ਅੱਜ ਵੀ ਉਭਰ ਰਹੀਂ ਹਾਂ, ਅਫ਼ਗਾਨ ਲੋਕਾਂ ਨੇ ਝੱਲੀਆਂ ਲੱਖਾਂ ਗੋਲੀਆਂ'

  2012 ਵਿੱਚ ਹਸਪਤਾਲ ਵਿਖੇ ਮਲਾਲਾ
  Image caption: 2012 ਵਿੱਚ ਹਸਪਤਾਲ ਵਿਖੇ ਮਲਾਲਾ

  ਮਲਾਲਾ ਯੂਸਫ਼ਜ਼ਈ ਨੇ ਆਪਣੇ ਉੱਪਰ ਪਾਕਿਸਤਾਨੀ ਤਾਲਿਬਾਨ ਦੇ ਹਮਲੇ ਦਾ ਜ਼ਿਕਰ ਕਰਦਿਆਂ ਅਫ਼ਗਾਨਿਸਤਾਨ ਦੇ ਲੋਕਾਂ ਪ੍ਰਤੀ ਸੰਵੇਦਨਾ ਜ਼ਾਹਰ ਕੀਤੀ ਹੈ।

  ਨੋਬਲ ਸ਼ਾਂਤੀ ਪੁਰਸਕਾਰ ਜੇਤੂ ਮਲਾਲਾ ਯੂਸਫ਼ਜ਼ਈ ਨੇ ਪਾਕਿਸਤਾਨੀ ਤਾਲਿਬਾਨ ਦੁਆਰਾ ਆਪਣੇ ਉਪਰ ਹੋਏ ਹਮਲੇ ਨੂੰ ਯਾਦ ਕਰਦਿਆਂ ਅਫ਼ਗਾਨਿਸਤਾਨ ਵਿੱਚ ਮੌਜੂਦ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ।

  ਇੱਕ ਬਲਾਗ ਪੋਸਟ 'ਚ ਮਲਾਲਾ ਨੇ ਲਿਖਿਆ ਹੈ ਕਿ ਉਨ੍ਹਾਂ ਨੇ ਅਮਰੀਕਾ ਦੇ ਬੋਸਟਨ ਤੋਂ ਅਫ਼ਗਾਨਿਸਤਾਨ ਉਪਰ ਨਜ਼ਰ ਰੱਖੀ ਹੋਈ ਹੈ।

  ਬੋਸਟਨ ਵਿਖੇ ਮਲਾਲਾ ਦਾ ਇਲਾਜ ਚੱਲ ਰਿਹਾ ਹੈ। ਮਲਾਲਾ ਨੂੰ ਸਰਜਰੀ ਪਾਕਿਸਤਾਨੀ ਤਾਲਿਬਾਨ ਵੱਲੋਂ ਮਾਰੀ ਗਈ ਗੋਲੀ ਕਾਰਨ ਕਰਵਾਉਣੀ ਪੈ ਰਹੀ ਹੈ। ਅਕਤੂਬਰ 2012 ਵਿੱਚ ਪਾਕਿਸਤਾਨੀ ਤਾਲਿਬਾਨ ਚਰਮਪੰਥੀ ਨੇ ਮਲਾਲਾ ਨੂੰ ਸਕੂਲ ਜਾਂਦੇ ਸਮੇਂ ਗੋਲੀ ਮਾਰੀ ਸੀ।

  'ਮੈਂ ਇੱਕ ਗੋਲੀ ਤੋਂ ਅੱਜ ਵੀ ਉਭਰ ਰਹੀਂ ਹਾਂ, ਅਫ਼ਗਾਨ ਲੋਕਾਂ ਨੇ ਝੱਲੀਆਂ ਲੱਖਾਂ ਗੋਲੀਆਂ'

  2012 ਵਿੱਚ ਹਸਪਤਾਲ ਵਿਖੇ ਮਲਾਲਾ

  ਮਲਾਲਾ ਯੂਸਫ਼ਜ਼ਈ ਨੇ ਆਪਣੇ ਉੱਪਰ ਪਾਕਿਸਤਾਨੀ ਤਾਲਿਬਾਨ ਦੇ ਹਮਲੇ ਦਾ ਜ਼ਿਕਰ ਕਰਦਿਆਂ ਅਫ਼ਗਾਨਿਸਤਾਨ ਦੇ ਲੋਕਾਂ ਪ੍ਰਤੀ ਸੰਵੇਦਨਾ ਜ਼ਾਹਰ ਕੀਤੀ ਹੈ।

  ਹੋਰ ਪੜ੍ਹੋ
  next
 6. ਅਮਰੀਕੀ ਅੱਤਵਾਦੀ ਮਾਹਿਰ˸ ਏਅਰਪੋਰਟ ਸੁਰੱਖਿਆ ਲਈ ਤਾਲਿਬਾਨ ’ਤੇ ਭਰੋਸ ਨਾ ਕਰੋ

  ਇੱਕ ਅੱਤਵਾਦ ਵਿਰੋਧੀ ਅਮਰੀਕੀ ਮਾਹਿਰ ਦਾ ਕਹਿਣਾ ਹੈ ਕਿ ਅਮਰੀਕੀ ਸੈਨਿਕਾਂ ਦੀ ਨਿਕਾਸੀ ਦੌਰਾਨ ਇੱਕ ਹੋਰ ਹਮਲੇ ਨੂੰ ਰੋਕਣ ਲਈ ਅਮਰੀਕੀ ਸੈਨਿਕਾਂ ਨੂੰ ਏਅਰਪੋਰਟ ’ਤੇ ਤੁਰੰਤ ਕੰਟ੍ਰੋਲ ਕਰ ਲੈਣਾ ਚਾਹੀਦਾ ਹੈ।

  ਅਫ਼ਗਾਨਿਸਤਾਨ

  ਸਾਬਕਾ ਰਾਸ਼ਟਰਪਤੀ ਟਰੰਪ ਦੌਰਾਨ ਆਈਐੱਸਆਈਐੱਸ ਨੂੰ ਹਰਾਉਣ ਲਈ ਗਲੋਬਲ ਗਠਜੋੜ ਦੇ ਸਾਬਕਾ ਅੰਬੈਸਡਰ ਨਾਥਨ ਸਾਲੇਸ ਨੇ ਬੀਬੀਸੀ ਟੂਡੇ ਵਿੱਚ ਪ੍ਰੋਗਰਾਮ ਕਿਹਾ, “ਇਹ ਬਿਲਕੁਲ ਅਸਵੀਕਾਰਨਯੋਗ ਹੈ ਕਿ ਸੁਰੱਖਿਆ ਨੂੰ ਲੈ ਕੇ ਅਮਰੀਕਾ ਜਾਂ ਕੋਈ ਮੁਲਕ ਤਾਲਿਬਾਨ ’ਤੇ ਭਰੋਸਾ ਕਰੇ।”

  ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਜੋ ਬਾਈਡਨ ਨੂੰ ਹਮਲੇ ਦੇ ਜ਼ਿੰਮੇਵਾਰ ਲੋਕਾਂ ਨੂੰ ਫੜ੍ਹਨ ਵਾਲੇ ਆਪਣੇ ਵਾਅਦੇ ’ਤੇ ਕੰਮ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੇ ਅਮਰੀਕੀ ਸਰਕਾਰ ਨੂੰ ਅਪੀਲ ਕੀਤੀ ਕਿ 31 ਅਗਸਤ ਤੱਕ ਬਾਹਰ ਨਿਕਲਣ ਦੇ ਆਪਣੇ ਵਿਚਾਰ ਬਾਰੇ ਮੁੜ ਸੋਚੇ।

 7. ਦੱਖਣੀ ਕੋਰੀਆ ਨੇ ਅਫ਼ਗਾਨਾਂ ਦਾ ਇੰਝ ਕੀਤਾ ਸਵਾਗਤ

  ਅਫ਼ਗਾਨਿਸਤਾਨ

  ਅਫ਼ਗਾਨਿਸਤਾਨ ਤੋਂ ਕੁੱਲ 390 ਵਿਅਕਤੀ ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਪਹੁੰਚੇ ਹਨ। ਇਨ੍ਹਾਂ ਵਿੱਚ ਮੈਡੀਕਲ ਕਰਮੀ, ਵੋਕੇਸ਼ਨਲ ਟਰੇਨਰ ਅਤੇ ਦੁਭਾਸ਼ੀਏ ਸ਼ਾਮਲ ਹਨ ਜਿਨ੍ਹਾਂ ਨੇ ਅਫ਼ਗਾਨਿਸਤਾਨ ਵਿੱਚ ਕੋਰੀਆ ਦੀ ਅੰਬੈਸੀ ਨਾਲ ਕੰਮ ਕੀਤਾ ਸੀ।

  ਪੱਤਰਕਾਰ ਰਾਫ਼ੇਲ ਰਾਸ਼ਿਦ ਮੁਤਾਬਕ ਅਫ਼ਗਾਨਿਸਤਾਨ ਤੋਂ ਸਿਓਲ ਪਹੁੰਚੇ ਬੱਚਿਆਂ ਨੂੰ ਸਵਾਗਤ ਵਿੱਚ ਟੈਡੀ-ਬੀਅਰ ਦਿੱਤੇ ਗਏ।

  ਅਫ਼ਗਾਨਿਸਤਾਨ ਤੋਂ ਸਿਓਲ ਪਹੁੰਚਣ ਵਾਲੇ ਲੋਕਾਂ ਨੂੰ ਰਿਫ਼ਿਊਜੀ ਦੀ ਬਜਾਏ ਖ਼ਾਸ ਗੁਣਵੱਤਾ ਵਾਲੇ ਲੋਕ ਕਿਹਾ ਜਾ ਰਿਹਾ। ਇਨ੍ਹਾਂ ਸਾਰਿਆਂ ਨੂੰ ਥੋੜ੍ਹੇ ਸਮੇਂ ਦੇ ਵੀਜ਼ੇ ਜਾਰੀ ਕੀਤੇ ਗਏ ਹਨ।

  ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇੰਝ ਕਹਿਣਾ ਉਨ੍ਹਾਂ ਨੂੰ ਰਿਫ਼ਿਊਜੀਆਂ ਵਜੋਂ ਮਾਨਤਾ ਦੇਣ ਦੇ ਤੁੱਲ ਹੈ।

  ਦੱਖਣੀ ਕੋਰੀਆ ਦੇ ਰਾਹਾਂ ਵਿੱਚ ਅਫ਼ਗਾਨਾਂ ਦਾ ਦੁੱਖ ਵੰਡਾਉਣ ਬਾਰੇ ਬੈਨਰ ਵੀ ਲਗਾਏ ਗਏ।

  View more on twitter
 8. ਕਾਬੁਲ ਹਵਾਈ ਅੱਡੇ 'ਤੇ ਲੋਕਾਂ ਨੂੰ ਕੱਢਣ ਦਾ ਕੰਮ ਜਾਰੀ

  ਬੰਬ ਧਮਾਕਿਆਂ ਤੋਂ ਬਾਅਦ ਕਾਬੁਲ ਦੇ ਹਾਮਿਦ ਕਰਜ਼ਈ ਕੌਮਾਂਤਰੀ ਹਵਾਈ ਅੱਡੇ ਤੋਂ ਲੋਕਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਮੁੜ ਸ਼ੁਰੂ ਹੋ ਗਈਆਂ ਹਨ।

  ਖ਼ਬਰ ਏਜੰਸੀ ਰੌਇਟਰਜ਼ ਦੀ ਫੁਟੇਜ ਮੁਤਾਬਕ ਲੋਕ ਜਹਾਜ਼ ਵਿੱਚ ਚੜ੍ਹਦੇ ਦੇਖੇ ਜਾ ਸਕਦੇ ਹਨ ਜਦਕਿ ਇੱਕ ਹੋਰ ਉਡਾਣ ਭਰ ਰਿਹਾ ਹੈ।

  ਇੱਕ ਨਾਟੋ ਕੂਟਨੀਤਿਕ ਨੇ ਕਿਹਾ ਸੀ ਕਿ ਵਿਦੇਸ਼ੀ ਤਾਕਤਾਂ ਆਪਣੇ ਨਾਗਰਿਕਾਂ ਅਤੇ ਅੰਬੈਸੀ ਕਰਮਚਾਰੀਆਂ ਨੂੰ 30 ਅਗਸਤ ਤੱਕ ਕੱਢ ਲੈਣ ਦਾ ਟੀਚਾ ਰੱਖ ਰਹੀਆਂ ਹਨ।

  ਇਸੇ ਦੌਰਾਨ ਹਵਾਈ ਅੱਡੇ ਦੀ ਸੁਰੱਖਿਆ ਲਈ ਤਾਲਿਬਾਨ ਉੱਪਰ ਨਿਰਭਰ ਰਹਿਣ ਲਈ ਅਮਰੀਕਾ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

  ਅਫ਼ਗਾਨਿਸਤਾਨ
 9. ਰੂਸੀ ਮੀਡੀਆ ਕਾਬੁਲ ਹਮਲੇ ਨੂੰ ਕਿਵੇਂ ਦੇਖ ਰਿਹਾ ਹੈ?

  ਰੂਸ ਦੇ ਅਖ਼ਬਾਰ ਅਤੇ ਖ਼ਬਰ ਵੈਬਸਾਈਟਾਂ ਅਫ਼ਗਾਨਿਸਤਾਨ ਵਿਚਲੀ ਅਫ਼ਰਾ-ਤਫ਼ਰੀ ਲਈ ਅਮਰੀਕਾ ਦੇ ਉੱਥੋਂ ਨਿਕਲ ਜਾਣ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ।

  ਬੀਬੀਸੀ ਦੇ ਮਾਸਕੋ ਤੋਂ ਪੱਤਰਕਾਰ ਸਟੀਵ ਰੋਜ਼ਨਬਰਗ ਨੇ ਕੁਝ ਰੂਸ ਦੇ ਮੀਡੀਆ ਵਿੱਚ ਪ੍ਰਕਾਸ਼ਿਤ ਕੁਝ ਖ਼ਬਰਾਂ ਦੀ ਸਾਰ ਪੇਸ਼ ਕੀਤਾ।

  View more on twitter
 10. ਕਾਬੁਲ ਧਮਾਕਿਆਂ ਦੀ ਮਗਰੋਂ ਅੱਖੋਂ-ਦੇਖੀ

  ਕਾਬੁਲ ਏਅਰਪੋਰਟ ਕੋਲ ਦੋ ਧਮਾਕਿਆਂ ’ਚ ਹੁਣ ਤੱਕ ਘੱਟੋ-ਘੱਟ 90 ਲੋਕਾਂ ਦੀ ਮੌਤ ਹੋਈ ਹੈ ਤੇ 150 ਜ਼ਖਮੀ ਹਨ।

  ਮ੍ਰਿਤਕਾਂ ਵਿੱਚ ਅਮਰੀਕਾ ਦੇ 13 ਫੌਜੀ ਵੀ ਹਨ। ਤਾਲਿਬਾਨ ਨੇ ਵੀ ਕਿਹਾ ਹੈ ਕਿ ਉਨ੍ਹਾਂ ਦੇ ਵੀ 28 ਲੋਕ ਮਾਰੇ ਗਏ ਹਨ।

  ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਜਥੇਬੰਦੀ ਨੇ ਲਈ ਹੈ। ਕਾਬੁਲ ਏਅਰਪੋਰਟ ’ਤੇ ਮੁਲਕ ਛੱਡਣ ਵਾਲੇ ਲੋਕਾਂ ਦੀ ਵੱਡੀ ਭੀੜ ਸੀ ਜਦੋਂ ਇਹ ਖੁਦਕੁਸ਼ ਧਮਾਕੇ ਹੋਏ।

  ਅਮਰੀਕਾ ਸਣੇ ਹੋਰ ਮੁਲਕ ਆਪਣੇ ਲੋਕਾਂ ਨੂੰ ਤੇਜ਼ੀ ਨਾਲ ਮੁਲਕ ਤੋਂ ਬਾਹਰ ਕੱਢ ਰਹੇ ਹਨ। ਅਗਸਤ ਮਹੀਨੇ ਦੇ ਮੱਧ ਵਿੱਚ ਤਾਲਿਬਾਨ ਨੇ ਅਫ਼ਗਾਨਿਤਾਨ ’ਤੇ ਕਬਜ਼ਾ ਕੀਤਾ ਸੀ।

  ਵੀਡੀਓ- AFP/Reuters/1TV/Tolo

  Video content

  Video caption: ਕਾਬੁਲ ਬਲਾਸਟ ਮਗਰੋਂ ਪ੍ਰਤੱਖਦਰਸ਼ੀਆਂ ਨੇ ਕੀ ਦੇਖਿਆ
 11. ਸੰਗੀਤ ਅਤੇ ਔਰਤਾਂ ਬਾਰੇ ਤਾਲਿਬਾਨ ਨੇ ਕੀ ਕਿਹਾ

  ਪਿਆਨੋ

  ਤਾਲਿਬਾਨ ਦੇ ਬੁਲਾਰੇ ਜ਼ਬੀਉੱਲਾਹ ਮੁਜਾਹਿਦ ਨੇ ਨਿਊ ਯਾਰਕ ਟਾਈਮਜ਼ ਨੂੰ ਦੱਸਿਆ ਕਿ ਤਾਲਿਬਾਨ ਨੇ ਸੰਗੀਤ ਉੱਪਰ ਪਾਬੰਦੀ ਲਗਾ ਦਿੱਤੀ ਹੈ।

  ਇਸਲਾਮ ਵਿੱਚ ਸੰਗੀਤ ਦੀ ਮਨਾਹੀ ਹੈ... ਪਰ ਸਾਨੂੰ ਉਮੀਦ ਹੈ ਕਿ ਅਸੀਂ ਲੋਕਾਂ ਉੱਪਰ ਦਬਾਅ ਪਾਉਣ ਦੀ ਥਾਂ ਉਨ੍ਹਾਂ ਨੂੰ ਅਜਿਹਾ ਕਰਨ ਲਈ ਮਨਾ ਲਵਾਂਗੇ।

  ਤਾਲਿਬਾਨ ਨੇ ਪਿਛਲੇ ਪੰਜ ਸਾਲਾਂ ਦੇ ਰਾਜ ਦੌਰਾਨ ਵੀ ਸੰਗੀਤ, ਟੈਲੀਵਿਜ਼ਨ ਅਤੇ ਸਿਨੇਮਾ ਉੱਪਰ ਸਖ਼ਤ ਪਾਬੰਦੀ ਸੀ ਅਤੇ ਹੁਕਮ ਅਦੂਲੀ ਕਰਨ ਵਾਲ਼ਿਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ।

  ਅਫ਼ਗਾਨਿਸਤਾਨ

  ਮੁਜਾਹਿਦ ਨੇ ਅਖ਼ਬਾਰ ਨੂੰ ਇਹ ਵੀ ਕਿਹਾ ਕਿ ਔਰਤਾਂ ਦੀ ਸੁਰੱਖਿਆ ਬਾਰੇ ਜਤਾਏ ਜਾ ਰਹੇ ਖ਼ਦਸ਼ੇ ਵੀ ‘ਬੇਬੁਨਿਆਦ’ ਹਨ।

  ਉਨ੍ਹਾਂ ਨੇ ਕਿਹਾ ਕਿ ਨਾ ਤਾਂ ਔਰਤਾਂ ਨੂੰ ਹਮੇਸ਼ਾ ਘਰੇ ਰਹਿਣ ਲਈ ਕਿਹਾ ਜਾਵੇਗਾ ਅਤੇ ਨਾ ਹੀ ਉਨ੍ਹਾਂ ਨੂੰ ਆਪਣਾ ਚਿਹਰਾ ਢਕ ਕੇ ਰੱਖਣ ਲਈ ਕਿਹਾ ਜਾਵੇਗਾ।

  ਇਸ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ ਸੀ ਕਿ ਔਰਤਾਂ ਦੇ ਹੱਕਾਂ ਦਾ ਇਸਲਾਮਿਕ ਕਾਨੂੰਨ ਮੁਤਾਬਕ ਸਤਿਕਾਰ ਕੀਤਾ ਜਾਵੇਗਾ।

  ਫਿਰ ਅਗਲੀ ਵਾਰ ਉਨ੍ਹਾਂ ਨੇ ਕਿਹਾ ਸੀ ਕਿ ਔਰਤਾਂ ਨੂੰ ਕੰਮ 'ਤੇ ਵਾਪਸ ਲਿਆਉਣ ਲਈ ਅਤੇ ਉਨ੍ਹਾਂ ਦੀ ਹਿਫ਼ਾਜ਼ਤ ਯਕੀਨੀ ਬਣਾਉਣ ਲਈ ਢੁਕਵੇਂ ਕਦਮ ਚੁੱਕੇ ਜਾ ਰਹੇ ਹਨ।

  ਉਨ੍ਹਾਂ ਨੇ ਕਿਹਾ ਕਿ ਸਾਨੂੰ ਕੰਮ ਦੀਆਂ ਥਾਵਾਂ ਬਾਰੇ ਨਿਯਮ ਬਣਾਉਣੇ ਪੈਣਗੇ ਤਾਂ ਜੋ ਸਾਰਿਆਂ ਨੂੰ ਪਤਾ ਹੋਵੇ ਕਿ ਔਰਤਾਂ ਨਾਲ਼ ਕਿਵੇਂ ਪੇਸ਼ ਆਉਣਾ ਹੈ।

  ਹਾਲਾਂਕਿ ਮੁਜਾਹਿਦ ਨੇ ਇਸ ਬਾਰੇ ਵੇਰਵੇ ਨਹੀਂ ਦਿੱਤੇ।

 12. ਕੈਨੇਡਾ ਤੇ ਆਸਟਰੇਲੀਆ ਵੱਲੋਂ ਹਮਲਿਆਂ ਦੀ ਨਿੰਦਾ

  ਜਸਟਿਨ ਟਰੂਡੋ

  ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਾਬੁਲ ਦੇ ਹਾਮਿਦ ਕਰਜ਼ਈ ਕੌਮਾਂਤਰੀ ਹਵਾਈ ਅੱਡੇ ਉੱਪਰ ਹੋਏ ਹਮਲਿਆਂ ਦੀ ਨਿੰਦਾ ਕੀਤੀ ਹੈ।

  ਉਨ੍ਹਾਂ ਨੇ ਕਿਹਾ ਇਨ੍ਹਾਂ ਘਿਨਾਉਣੇ ਹਮਲਿਆਂ ਨੇ ਉਨ੍ਹਾਂ ਕਈ ਮਸੂਮ ਲੋਕਾਂ ਦੀ ਜਾਨ ਲਈ ਹੈ ਜੋ ਦੇਸ਼ ਛੱਡਣਾ ਚਾਹੁੰਦੇ ਸਨ ਅਤੇ ਜੋ ਲੋਕਾਂ ਨੂੰ ਕੱਢਣ ਵਿੱਚ ਮਦਦ ਕਰ ਰਹੇ ਸਨ, ਜਿਨ੍ਹਾਂ ਵਿੱਚ ਅਮਰੀਕੀ ਫ਼ੌਜ ਅਤੇ ਮੈਡੀਕਲ ਸੇਵਾ ਦੇ ਲੋਕ ਵੀ ਸ਼ਾਮਲ ਸਨ।”

  ਇਸ ਦੇ ਨਾਲ਼ ਹੀ ਕੈਨੇਡਾ ਨੇ ਵੀ ਲੋਕਾਂ ਨੂੰ ਕੱਢਣ ਦਾ ਕੰਮ ਰੋਕ ਦਿੱਤਾ ਹੈ ਹਾਲਾਂਕਿ ਅਜੇ ਸਪਸ਼ਟ ਨਹੀਂ ਕਿ ਅਫ਼ਗਾਨਿਸਤਾਨ ਵਿੱਚ ਅਜੇ ਵੀ ਕਿੰਨੇ ਕੈਨੇਡੀਅਨ ਨਾਗਰਕਿ ਬਾਕੀ ਹਨ।

  ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰਿਸਨ

  ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰਿਸਨ ਨੇ ਕਾਬੁਲ ਹਵਾਈ ਅੱਡੇ ’ਤੇ ਹਮਲਿਆਂ ਦੀ ਨਿੰਦਾ ਕੀਤੀ ਹੈ ਅਤੇ ਇਸ ਨੂੰ “ਮਾਸੂਮ ਅਤੇ ਬਹਾਦਰ ਲੋਕਾਂ ਉੱਪਰ ਸ਼ੈਤਾਨੀ, ਗਿਣਿਆ-ਮਿੱਥਿਆ ਅਤੇ ਗੈਰ-ਮਨੁੱਖੀ ਹਮਲੇ” ਦੱਸਿਆ ਹੈ।

  ਉਨ੍ਹਾਂ ਨੇ ਖ਼ਾਸ ਤੌਰ ’ਤੇ ਐਬੀ ਗੇਟ ਉੱਪਰ ਜਾਨ ਗਵਾਉਣ ਵਾਲ਼ੇ 13 ਅਮਰੀਕੀ ਫ਼ੌਜੀਆਂ ਨੂੰ ਦੁਖੀ ਦਿਲ ਨਾਲ ਯਾਦ ਕੀਤਾ ਜਿੱਥੇ ਕੁਝ ਘੰਟੇ ਪਹਿਲਾ ਆਸਟਰੇਲੀਆਈ ਜਵਾਨ ਖੜ੍ਹੇ ਸਨ।

  ਆਸਟਰੇਲੀਆ ਵੱਲੋਂ ਇਵੈਕੂਏਸ਼ਨ ਕੋਸ਼ਿਸ਼ਾਂ ਮੁਕੰਮਲ ਕਰ ਲੈਣ ਅਤੇ ਜ਼ਮੀਨੀ ਗਤੀਵਿਧੀਆਂ ਰੋਕ ਦੇਣ ਦਾ ਐਲਾਨ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਅਮਰੀਕਾ ਅਤੇ ਬ੍ਰਿਟੇਨ ਵੱਲੋਂ ਰਹਿੰਦਾ ਕੰਮ ਸੰਭਾਲ ਲੈਣ ਲਈ ਧੰਨਵਾਦ ਕੀਤਾ।

 13. ਕਾਬੁਲ: ਮਰਨ ਵਾਲ਼ਿਆਂ ਦੀ ਗਿਣਤੀ 90 ਹੋਈ

  ਅਫ਼ਗਾਨਿਸਤਾਨ
  Image caption: ਧਮਾਕਿਆਂ ਤੋਂ ਬਾਅਦ ਕਾਬੁਲ ਦੀ ਸਹਿਮੀ ਸਵੇਰ ਦਾ ਦ੍ਰਿਸ਼

  ਅਫ਼ਗਾਨ ਸਿਹਤ ਵਿਭਾਗ ਦੇ ਇੱਕ ਅਧਿਕਾਰੀ ਨੇ ਨਾਮ ਨਾ ਛਾਪੇ ਜਾਣ ਦੀ ਸ਼ਰਤ ਤੇ ਬੀਬੀਸੀ ਕੋਲ ਪੁਸ਼ਟੀ ਕੀਤੀ ਹੈ ਕਿ ਧਮਾਕਿਆਂ ਵਿੱਚ ਮਰਨ ਵਾਲ਼ਿਆਂ ਦੀ ਗਿਣਤੀ 90 ਹੋ ਗਈ ਹੈ ਅਤੇ ਫਟੱੜਾਂ ਦੀ ਗਿਣਤੀ 150 ਤੋਂ ਪਾਰ ਹੋ ਗਈ ਹੈ।

  ਤਾਲਿਬਾਨ ਨੇ ਕਿਹਾ ਹੈ ਕਿ ਧਮਾਕੇ ਵਿੱਚ ਮਾਰੇ ਗਏ 28 ਅਫ਼ਗਾਨ ਤਾਲਿਬਾਨ ਦੇ ਮੈਂਬਰ ਸਨ।

 14. ਧਮਾਕੇ ਮਗਰੋਂ ਦਰਦਨਾਕ ਤਸਵੀਰਾਂ

  ਵੀਰਵਾਰ ਨੂੰ ਕਾਬੁਲ ਹਵਾਈ ਅੱਡੇ ਦੇ ਬਾਹਰ ਧਮਾਕਿਆਂ ਵਿੱਚ 60 ਜਾਨਾਂ ਚਲੀਆਂ ਗਈਆਂ ਅਤੇ 140 ਤੋਂ ਵਧੇਰੇ ਲੋਕ ਫਟੱੜ ਹੋ ਗਏ।

  ਧਮਾਕਿਆਂ ਤੋਂ ਬਾਅਦ ਜ਼ਖਮੀਆਂ, ਪੀੜਤਾਂ ਅਤੇ ਹਸਪਤਾਲਾਂ ਵਿੱਚੋਂ ਦਰਦਨਾਕ ਤਸਵੀਰਾਂ ਸਾਹਮਣੇ ਆਈਆਂ।

  ਅਫ਼ਗਾਨਿਸਤਾਨ
  ਅਫ਼ਗਾਨਿਸਤਾਨ
 15. ਬਾਇਡਨ ਦੀ ਹਮਲਾਵਰਾਂ ਨੂੰ ਚੇਤਾਵਨੀ

  ਅਮਰੀਕੀ ਰਾਸ਼ਟਰਪਤੀ ਬਾਇਡਨ

  ‘ਅਸੀਂ ਤੁਹਾਨੂੰ ਮਾਰ ਮੁਕਾਵਾਂਗੇ’

  ਇਹ ਚੇਤਾਵਨੀ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਾਬੁਲ ਹਵਾਈ ਅੱਡੇ ਦੇ ਹਮਲਾਵਰਾਂ ਨੂੰ ਦਿੱਤੀ ਹੈ।

  "ਅਸੀਂ ਮਾਫ਼ ਨਹੀਂ ਕਰਾਂਗੇ। ਅਸੀਂ ਭੁੱਲਾਂਗੇ ਨਹੀਂ। ਅਸੀਂ ਤੁਹਾਨੂੰ ਮਾਰ ਮੁਕਾਵਾਂਗੇ ਅਤੇ ਤੁਹਾਡੇ ਤੋਂ ਕੀਮਤ ਭਰਵਾਵਾਂਗੇ।“

  ਰਾਸ਼ਟਰਪਤੀ ਨੇ ਇਸ਼ਾਰਾ ਕੀਤਾ ਕਿ ਸੰਭਾਵੀ ਤੌਰ 'ਤੇ ਹਮਲਾਵਰ ਤਾਲਿਬਾਨ ਵੱਲੋਂ ਰਿਹਾ ਕੀਤੇ ਗਏ ਕੈਦੀਆਂ ਵਿੱਚੋਂ ਹੋ ਸਕਦੇ ਹਨ

  ਇਸ ਦੇ ਨਾਲ਼ ਹੀ ਉਨ੍ਹਾਂ ਨੇ ISIS-K ਦਹਿਸ਼ਤਗਰਦ ਸਮੂਹ ਵੱਲ ਵੀ ਇਸ਼ਾਰਾ ਕੀਤਾ। ਸਮੂਹ ਨੇ ਪਹਿਲਾਂ ਕਿਹਾ ਸੀ ਕਿ ਉਹ ਧਮਾਕਿਆਂ ਦੇ ਪਿੱਛੇ ਹਨ।

  ਬਾਇਡਨ ਨੇ ਕਿਹਾ,“ਅਮਰੀਕਾ ਦਹਿਸ਼ਤਗਰਦਾਂ ਤੋਂ ਡਰੇਗਾ ਨਹੀਂ।”

  “ਅਸੀਂ ਮਿਸ਼ਨ ਨਹੀਂ ਰੋਕਾਂਗੇ। ਅਸੀਂ ਲੋਕਾਂ ਨੂੰ ਕੱਢਣਾ ਜਾਰੀ ਰੱਖਾਂਗੇ।”

 16. ਕਾਬੁਲ ਏਅਰਪੋਰਟ ਦੇ ਬਾਹਰ ਧਮਾਕੇ ਤੋਂ ਬਾਅਦ ਕੀ ਹੋਇਆ

  • ਅਫ਼ਗਾਨਿਸਤਾਨ ਛੱਡ ਕੇ ਜਾ ਰਹੇ ਆਮ ਲੋਕਾਂ ਨੂੰ ਨਿਸ਼ਾਨਾਂ ਬਣਾ ਕੇ ਕਾਬੁਲ ਏਅਰ ਪੋਰਟ ਅੱਗੇ ਦੋ ਧਮਾਕੇ ਕੀਤੇ ਗਏ।
  • ਸਿਹਤ ਅਧਿਕਾਰੀਆਂ ਨੇ ਬੀਬੀਸੀ ਨੂੰ ਦੱਸਿਆ ਕਿ 60 ਜਣੇ ਮਾਰੇ ਗਏ ਹਨ, 140 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ।
  • ਅਮਰੀਕਾ ਨੇ ਧਮਾਕਿਆਂ ਤੋਂ ਬਾਅਦ ਲੋਕਾਂ ਨੂੰ ਏਅਰਪੋਰਟ ਤੋਂ ਬਾਹਰ ਲੈ ਜਾਣ ਦਾ ਕੰਮ ਠੱਪ ਕਰ ਦਿੱਤਾ ਹੈ।
  • ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਧਮਾਕਾ ਕਰਨ ਵਾਲਿਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਨ੍ਹਾਂ ਨੂੰ ਛੱਡਿਆ ਨਹੀਂ ਜਾਵੇਗਾ।
  • ਪੱਛਮੀ ਦੇਸ਼ਾਂ ਨੇ ਹਮਲੇ ਦੀ ਨਿਖੇਦੀ ਕੀਤੀ ਹੈ
  • ਏਅਰਪੋਰਟ ਦੇ ਬਾਹਰ ਹੋਏ ਦੋ ਧਮਾਕਿਆਂ ਤੋਂ ਬਾਅਦ ਗੋਲੀਆਂ ਵੀ ਚੱਲੀਆਂ
  Afghanistan
 17. Post update

  ਬੀਬੀਸੀ ਪੰਜਾਬੀ ਦੇ ਲਾਈਵ ਪੇਜ 'ਤੇ ਤੁਹਾਡਾ ਸਵਾਗਤ ਹੈ। ਇਸ ਪੇਜ ਰਾਹੀਂ ਅਸੀਂ ਤੁਹਾਨੂੰ ਅਫ਼ਗਾਨਿਸਤਾਨ ਵਿੱਚ ਹੋ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦੇਵਾਂਗੇ।

  26 ਅਗਸਤ ਦੇ ਲਾਈਵ ਅਪਡੇਟਸ ਲਈ ਇੱਥੇ ਕਲਿੱਕ ਕਰੋ