ਸਪਰੇਅ ਕੀੜਿਆਂ ਦੀ ਥਾਂ ਕਿਸਾਨਾਂ ਨੂੰ ਕਿਉਂ ਮਾਰ ਰਹੀ ਹੈ?

ਸਪਰੇਅ ਕੀੜਿਆਂ ਦੀ ਥਾਂ ਕਿਸਾਨਾਂ ਨੂੰ ਕਿਉਂ ਮਾਰ ਰਹੀ ਹੈ?

ਕਿਸਾਨਾਂ ਤੇ ਮਾਹਿਰਾਂ ਮੁਤਾਬਕ ਬੀ.ਟੀ ਕਾਟਨ ਲਈ ਕੀਟਨਾਸ਼ਕਾਂ ਦੀ ਲੋੜ ਨਹੀਂ ਪੈਣ ਦਾ ਦਾਅਵਾ ਖੋਖਲ਼ਾ ਸਾਬਿਤ ਹੋਇਆ ਹੈ।

ਮਹਾਰਾਸ਼ਟਰਾ ਦੇ ਕਿਸਾਨਾਂ ਦੀਆਂ ਪਰੇਸ਼ਾਨੀਆਂ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ।

ਜੇ ਪੰਜਾਬ ਦੀ ਗੱਲ ਕਰੀਏ ਤਾਂ ਖੇਤੀ ਵਿਰਾਸਤ ਕਮਿਸ਼ਨ ਦੇ ਨਿਰਦੇਸ਼ਕ ਉਮੇਂਦਰ ਦੱਤ ਮੁਤਾਬਕ ਪੰਜਾਬ ਵਿੱਚ ਬੀ.ਟੀ ਕਾਟਨ ਪੂਰੇ ਤਰੀਕੇ ਨਾਲ ਫੇਲ੍ਹ ਸਾਬਿਤ ਹੋਈ ਹੈ। ਉਨ੍ਹਾਂ ਇਹ ਦਾਅਵਾ ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਕੀਤਾ।

ਉਮੇਂਦਰ ਦੱਤ ਪੰਜਾਬ ਵਿੱਚ ਟਿਕਾਊ ਖੇਤੀ ਅਤੇ ਵਾਤਾਵਰਨ ਦੇ ਮੁੱਦਿਆਂ 'ਤੇ ਪਿਛਲੇ ਦੋ ਦਹਾਕਿਆਂ ਤੋਂ ਕੰਮ ਕਰ ਰਹੇ ਹਨ।

ਬੀ.ਟੀ ਕਾਟਨ ਤੇ 10-12 ਸਪਰੇਅ

ਖੇਤੀ ਵਿਰਾਸਤ ਕਮਿਸ਼ਨ ਨਾਲ ਸਬੰਧਤ ਕੁਦਰਤੀ ਖੇਤੀ ਕਰ ਰਹੇ ਕਿਸਾਨਾਂ ਦੇ ਹਵਾਲੇ ਨਾਲ ਉਮੇਂਦਰ ਦੱਤ ਨੇ ਕਿਹਾ ਕਿ ਪੰਜਾਬ ਵਿੱਚ ਮਹਾਰਾਸ਼ਟਰ ਵਾਂਗ ਸਪਰੇਅ ਕਰਨ ਨਾਲ ਕਿਸਾਨਾਂ ਦੇ ਬਿਮਾਰ ਪੈਣ ਅਤੇ ਕਈ ਥਾਵਾਂ 'ਤੇ ਮੌਤਾਂ ਹੋਣ ਦੀਆਂ ਵੀ ਰਿਪੋਰਟਾਂ ਹਨ।

ਉਨ੍ਹਾਂ ਕਿਹਾ ਕਿ ਬੀ.ਟੀ ਕਾਟਨ ਦੀ ਤਕਨੀਕ ਇਸ ਦਾਅਵੇ ਨਾਲ ਆਈ ਸੀ ਕਿ ਕਿਸਾਨਾਂ ਦਾ ਰਸਾਇਣਾਂ ਤੋਂ ਛੁਟਕਾਰਾ ਹੋ ਜਾਵੇਗਾ ਪਰ ਪੰਜਾਬ ਵਿੱਚ ਬੀ.ਟੀ ਕਾਟਨ ਉੱਤੇ ਹੀ 10-12 ਸਪਰੇਆਂ ਹੋ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਹੁਣ ਪੰਜਾਬ ਵਿੱਚ ਨਦੀਨ ਨਾਸ਼ਕ ਰੋਧੀ ਬੀ.ਟੀ ਕਾਟਨ ਲਿਆਉਣ ਦੀ ਕੋਸ਼ਿਸ਼ ਹੋ ਰਹੀ ਹੈ। ਗੈਰ ਕਨੂੰਨੀ ਤਰੀਕੇ ਨਾਲ ਇਹ ਪਹਿਲਾਂ ਹੀ ਦਾਖ਼ਲ ਹੋ ਚੁੱਕੀ ਹੈ।

ਤਸਵੀਰ ਸਰੋਤ, AAMIR QURESHI/getty images

ਉਮੇਂਦਰ ਦੱਤ ਨੇ ਦੱਸਿਆ ਕਿ ਪੰਜਾਬ ਦੀ ਭੋਜਨ ਲੜੀ ਫਸਲਾਂ 'ਤੇ ਵਧੇਰੇ ਛਿੜਕਾਅ ਕਾਰਨ ਜਹਿਰੀ ਹੋ ਗਈ ਹੈ।

ਬੀ.ਕਾਟਨ ਉੱਤੇ ਸਪਰੇਆਂ ਕਰਨ ਦੇ ਬਾਵਜੂਦ ਕੀੜੇ ਕੰਟਰੋਲ ਵਿੱਚ ਨਹੀਂ ਆ ਰਹੇ। ਪੰਜਾਬ ਵਿੱਚ ਪਿਛਲੇ ਸਮੇਂ ਦੌਰਾਨ ਚਿੱਟੇ ਮੱਛਰ ਨੇ ਨਰਮੇ ਦੀ ਫ਼ਸਲ ਦੀ ਭਾਰੀ ਤਬਾਹੀ ਕੀਤੀ ਸੀ। ਜਿਸ ਕਾਰਨ ਕਿਸਾਨਾਂ ਨੂੰ ਆਰਥਿਕ ਨੁਕਸਾਨ ਸਹਿਣਾ ਪਿਆ ਸੀ।

ਉਨ੍ਹਾਂ ਵਾਰ-ਵਾਰ ਇਸ ਗੱਲ ਦਾ ਦਾਅਵਾ ਕੀਤਾ ਕਿ ਪੰਜਾਬ ਵਿੱਚ ਵੀ ਸਪਰੇਅ ਕਾਰਨ ਕਿਸਾਨਾਂ ਦੀਆਂ ਮੌਤਾਂ ਹੋਈਆਂ ਹਨ, ਜਿਸਨੂੰ ਭਾਵੇਂ ਸਰਕਾਰੀ ਅੰਕੜਿਆਂ ਵਿੱਚ ਸ਼ਾਮਲ ਕੀਤਾ ਹੋਵੇ ਜਾਂ ਨਹੀਂ।

ਰਿਪੋਰਟਰ: ਯਵਤਮਾਲ ਤੋਂ ਮਾਯੂਰੇਸ਼ ਕੋਣੂਰ