ਆਮ ਬਜਟ ਤੋਂ ਲੋਕਾਂ ਨੂੰ ਕੀ ਉਮੀਦਾਂ ਹਨ?

ਆਮ ਬਜਟ ਤੋਂ ਲੋਕਾਂ ਨੂੰ ਕੀ ਉਮੀਦਾਂ ਹਨ?

1 ਫਰਵਰੀ ਨੂੰ ਵਿੱਤ ਮੰਤਰੀ ਅਰੁਣ ਜੇਟਲੀ 2018 ਦਾ ਆਮ ਬਜਟ ਪੇਸ਼ ਕਰਨਗੇ। ਇਸ ਬਜਟ ਨੂੰ ਲੈ ਕੇ ਆਮ ਲੋਕਾਂ ਨੂੰ ਕੀ ਉਮੀਦਾਂ ਹਨ ਇਸ ਬਾਰੇ ਗੱਲ ਕੀਤੀ ਸਾਡੇ ਪੱਤਰਕਾਰ ਅਰਵਿੰਦ ਛਾਬੜਾ ਨੇ।

ਬੀਜੇਪੀ ਨੇ 2014 ਵਿੱਚ ਦੇਸ਼ ਦੀਆਂ ਆਮ ਚੋਣਾਂ ਤੋਂ ਪਹਿਲਾਂ ਇੱਕ ਨਾਅਰਾ ਦਿੱਤਾ ਸੀ 'ਅੱਛੇ ਦਿਨ ਆਉਣ ਵਾਲੇ ਨੇ"।

ਅੱਛੇ ਦਿਨ ਦਾ ਮਤਲਬ ਇਹ ਸੀ ਕਿ ਦੇਸ਼ ਦੇ ਹਰ ਨਾਗਰਿਕ ਦੀ ਕਿਸਮਤ ਬਦਲੇਗੀ, ਜਿਸ ਵਿੱਚ ਰੋਟੀ-ਕੱਪੜਾ ਅਤੇ ਮਕਾਨ ਦੇ ਵਾਅਦੇ ਤੋਂ ਇਲਾਵਾ ਵਿਦੇਸ਼ਾਂ ਦੀਆਂ ਬੈਂਕਾਂ ਵਿੱਚ ਪਿਆ ਕਾਲਾ ਧਨ ਹਰ ਨਾਗਰਿਕ ਦੇ ਖਾਤੇ ਵਿੱਚ ਵੰਡਣ ਦਾ ਵਾਅਦਾ ਕੀਤਾ ਗਿਆ ਸੀ।

ਅੱਛੇ ਦਿਨ ਅਜੇ ਤੱਕ ਤਾਂ ਨਹੀਂ ਆਏ

ਮੋਦੀ ਸਰਕਾਰ ਦੇ ਚਾਰ ਸਾਲਾਂ ਬਾਅਦ ਦੇਸ਼ ਦੇ ਆਮ ਨਾਗਰਿਕਾਂ ਦੇ ਅੱਛੇ ਦਿਨ ਆਏ ਜਾ ਨਹੀਂ ਇਸ ਮੁੱਦੇ ਨੂੰ ਲੈ ਕੇ ਅਸੀਂ ਚੰਡੀਗੜ੍ਹ ਦੇ ਸੈਕਟਰ 38 ਡੀ ਦੀ ਮਾਰਕੀਟ ਵਿੱਚ ਨਾਈ ਦਾ ਕੰਮ ਕਰਨ ਵਾਲੇ ਸੱਯਾਦ ਅਲੀ ਨਾਲ ਗੱਲ ਕੀਤੀ।

ਉਸ ਨੇ ਦੱਸਿਆ ਕਿ "ਉਸ ਦੇ ਅੱਛੇ ਦਿਨ ਅਜੇ ਤੱਕ ਤਾਂ ਨਹੀਂ ਆਏ ਅੱਗੇ ਦਾ ਕੁਝ ਕਹਿ ਨਹੀਂ ਸਕਦਾ"

ਤਸਵੀਰ ਕੈਪਸ਼ਨ,

ਸੱਯਾਦ ਆਪਣੇ ਕੰਮ ਵਿੱਚ ਮਗਨ

ਦਰਖ਼ਤ ਥੱਲੇ ਕੁਰਸੀ ਲਾ ਕੇ ਪਿਛਲੇ ਦਸ ਸਾਲਾਂ ਤੋਂ ਆਪਣੀ ਰੋਜ਼ੀ ਰੋਟੀ ਕਮਾਉਣ ਵਾਲੇ ਸੱਯਾਦ ਅਲੀ ਨੇ ਦੱਸਿਆ,

"ਸੁਣਿਆ ਤਾਂ ਬਹੁਤ ਸੀ ਅਤੇ ਵਾਅਦੇ ਵੀ ਜ਼ੋਰ-ਸ਼ੋਰ ਨਾਲ ਕੀਤੇ ਗਏ ਸਨ ਕਿ ਅੱਛੇ ਦਿਨ ਆਉਣਗੇ ਪਰ ਅਜੇ ਤੱਕ ਮੈ ਨਹੀਂ ਦੇਖੇ। ਸੱਯਾਦ ਨੇ ਦੱਸਿਆ ਕਿ ਮਹਿੰਗਾਈ ਦਿਨੋਂ-ਦਿਨ ਵਧ ਰਹੀ ਹੈ।

ਖਾਣ-ਪੀਣ ਦੀਆਂ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਹਨ, ਇਸ ਉੱਤੇ ਲਗਾਮ ਲਗਾਉਣ ਵਾਲਾ ਕੋਈ ਨਹੀਂ ਹੈ। ਸੱਯਾਦ ਮੁਤਾਬਕ ਪਹਿਲਾਂ ਉਹ ਦੋ ਹਜ਼ਾਰ ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ।

ਹੁਣ ਇਹ ਵੱਧ ਕੇ ਤਿੰਨ ਹਜ਼ਾਰ ਰੁਪਏ ਹੋ ਗਿਆ ਹੈ। ਇਸ ਤੋਂ ਸਪਸ਼ਟ ਕਿ ਮਹਿੰਗਾਈ ਕਿੰਨੀ ਹੋ ਗਈ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਬਾਰੇ ਸੱਯਾਦ ਨੇ ਦੱਸਿਆ ਕਿ ਉਸ ਨੂੰ ਪਤਾ ਨਹੀਂ ਹੈ।

ਆਉਣ ਵਾਲੇ ਬਜਟ ਤੋਂ ਸੱਯਾਦ ਦੀਆਂ ਉਮੀਦਾਂ

ਆਉਣ ਵਾਲੇ ਬਜਟ ਤੋਂ ਉਮੀਦਾਂ ਬਾਰੇ ਸੱਯਾਦ ਨੇ ਆਖਿਆ ਕਿ ਛੱਤ ਅਤੇ ਰੋਟੀ ਹਰ ਇੱਕ ਲਈ ਜ਼ਰੂਰੀ ਹੈ ਇਸ ਲਈ ਇਹ ਸਭ ਨੂੰ ਮਿਲੇ। ਬਜਟ ਵਿੱਚ ਇਸ ਗੱਲ ਦੀ ਵਿਵਸਥਾ ਹੋਣੀ ਚਾਹੀਦੀ ਹੈ।

ਇਸ ਤੋਂ ਇਲਾਵਾ ਇਲਾਜ ਵੀ ਸਸਤਾ ਹੋਣਾ ਚਾਹੀਦਾ ਹੈ। ਸੱਯਾਦ ਨੇ ਦੱਸਿਆ ਕਿ ਨਿੱਜੀ ਤੌਰ ਉੱਤੇ ਮੈਨੂੰ ਅਜੇ ਤੱਕ ਸਰਕਾਰ ਤੋਂ ਕੋਈ ਫ਼ਾਇਦਾ ਨਹੀਂ ਹੋਇਆ ਪਹਿਲਾਂ ਵੀ ਰੋਟੀ ਕੰਮ ਕਰ ਕੇ ਮਿਲਦੀ ਸੀ ਹੁਣ ਵੀ ਉਸੀ ਤਰ੍ਹਾਂ ਮਿਲ ਰਹੀ ਹੈ।

ਸੱਯਾਦ ਨੇ ਦੱਸਿਆ ਕਿ ਅਕਸਰ ਸਿਆਸੀ ਆਗੂ ਚੋਣਾਂ ਸਮੇਂ ਵਾਅਦੇ ਬਹੁਤ ਕਰਦੇ ਹਨ ਅਤੇ ਇਸ ਦੇ ਸਹਾਰੇ ਹੀ ਸਰਕਾਰਾਂ ਬਣਾਉਂਦੇ ਹਨ ਪਰ ਮੇਰੀ ਇਹਨਾਂ ਸਾਰਿਆਂ ਨੂੰ ਅਪੀਲ ਹੈ ਕਿ ਇਹਨਾਂ ਵਾਅਦਿਆਂ ਨੂੰ ਪੂਰਾ ਵੀ ਕਰਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)