ਕੀ ਪੋਰਨ ਭਾਰਤ ’ਚ ਔਰਤਾਂ ਵਿਰੁੱਧ
ਹਿੰਸਾ ਨੂੰ ਵਧਾ ਰਿਹਾ ਹੈ?

ਦੁਨੀਆਂ ਦੀ ਸਭ ਤੋਂ ਵੱਡੀ ਪੋਰਨ ਵੈੱਬਸਾਈਟ ਮੰਨੀ ਜਾਣ ਵਾਲੀ 'ਪੋਰਨਹੱਬ' ਅਨੁਸਾਰ, ਭਾਰਤ ਉਸ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਬਾਜ਼ਾਰਾਂ ਵਿੱਚੋਂ ਇੱਕ ਹੈ।

ਅਮਰੀਕਾ ਅਤੇ ਯੂਕੇ ਤੋਂ ਬਾਅਦ ਪੋਰਨਹੱਬ ’ਤੇ ਪੋਰਨ ਵੇਖਣ ਵਾਲੀ ਤੀਜੀ ਸਭ ਤੋਂ ਵੱਡੀ ਗਿਣਤੀ ਭਾਰਤੀਆਂ ਦੀ ਹੈ। ਜ਼ਿਆਦਾਤਰ ਲੋਕ ਮੋਬਾਈਲ ਦੀ ਵਰਤੋਂ ਕਰ ਰਹੇ ਹਨ।

ਭਾਰਤ ਵਿੱਚ ਸਸਤੇ ਹੋਏ ਸਮਾਰਟਫੋਨ ਅਤੇ ਇੰਟਰਨੈੱਟ ਪੈਕੇਜ ਕਾਰਨ ਪੋਰਨ ਵੀਡੀਓਜ਼ ਵੇਖਣਾ ਸੌਖਾ ਹੋ ਗਿਆ ਹੈ ।

ਬਹੁਤ ਸਾਰੇ ਨੌਜਵਾਨਾਂ ਨੂੰ ਸੈਕਸ ਬਾਰੇ ਪਹਿਲੀ ਜਾਣਕਾਰੀ ਪੋਰਨ ਤੋਂ ਹੀ ਮਿਲਦੀ ਹੈ ।

ਇਹ ਮਦਦਗਾਰ ਹੋ ਸਕਦਾ ਹੈ ਪਰ ਜਦੋਂ ਇੰਟਰਨੈੱਟ 'ਤੇ ਸਾਧਾਰਨ ਪੋਰਨ ਤੋਂ ਲੈ ਕੇ ਬੱਚਿਆਂ ਨਾਲ ਸੈਕਸ, ਬਗ਼ੈਰ ਸਹਿਮਤੀ ਦੇ ਗਰਲ ਫਰੈਂਡ ਦੀਆਂ ਵੀਡੀਓ ਅਤੇ ਬਲਾਤਕਾਰ ਦੀਆਂ ਵੀਡੀਓ ਤੱਕ ਹਨ ਤਾਂ ਇਹ ਬਹੁਤ ਉਲਝਣ ਪੈਦਾ ਕਰ ਸਕਦਾ ਹੈ।

ਜਾਗਰੂਕਤਾ ਫੈਲਾਉਣ ਦੀ ਆੜ ਵਿਚ ਪੱਤਰਕਾਰਾਂ ਅਤੇ ਸਮਾਜਿਕ ਕਾਰਕੂਨਾਂ ਦੇ ਵੱਟਸਐਪ ਗਰੁੱਪ ’ਤੇ ਬਲਾਤਕਾਰ ਦੀ ਕੋਸ਼ਿਸ਼ ਦਾ ਵੀਡੀਓ ਮੇਰੇ ਕੋਲ ਵੀ ਆਇਆ।

ਵੀਡੀਓ ਵਿੱਚ ਕਰੀਬ ਇੱਕ ਦਰਜਨ ਮੁੰਡੇ 16 ਸਾਲ ਦੀ ਕੁੜੀ ਦੇ ਕੱਪੜੇ ਪਾੜ ਰਹੇ ਸਨ ਅਤੇ ਉਸ ਦਾ ਵੀਡੀਓ ਬਣਾ ਰਹੇ ਸਨ।

ਬੀਬੀਸੀ ਨੇ ਇਹ ਫ਼ੈਸਲਾ ਕੀਤਾ ਕਿ ਨੌਜਵਾਨਾਂ ਵਿਚਕਾਰ ਪੋਰਨ ਅਤੇ ਬਲਾਤਕਾਰ ਦੀਆਂ ਵੀਡੀਓਜ਼ ਦੇਖਣ ਅਤੇ ਸਾਂਝਾ ਕਰਨ ਦਾ ਕੀ ਪ੍ਰਭਾਵ ਹੈ, ਇਸ ਰੁਝਾਨ ਦੀ ਪੜਤਾਲ ਕੀਤੀ ਜਾਵੇ।

ਬਲਾਤਕਾਰ ਦੀਆਂ ਵੀਡੀਓਜ਼

ਬਿਹਾਰ ਦੇ ਜਹਾਨਾਬਾਦ ਵਿੱਚ ਬਣਾਇਆ ਗਿਆ ਇਹ ਵੀਡੀਓ ਇੰਨਾ ਫੈਲਿਆ ਕਿ ਪੁਲਿਸ ਨੂੰ ਕਾਰਵਾਈ ਕਰਨੀ ਪਈ ਅਤੇ ਇਸ ਨਾਲ ਸੰਬੰਧਤ ਮੁੰਡਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਗ੍ਰਿਫ਼ਤਾਰੀ ਕਾਰਨ ਉਸ ਪਿੰਡ ਵਿੱਚ ਬਹੁਤ ਡਰ ਹੈ। ਪਿੰਡ ਦੇ ਬਜ਼ੁਰਗ ਅਚਾਨਕ ਇੰਟਰਨੈੱਟ ਦੇ ਆਉਣ ਨਾਲ ਬਹੁਤ ਪਰੇਸ਼ਾਨ ਹਨ।

ਸੁਜੈ ਪ੍ਰਸਾਦ ਕਰਿਆਨੇ ਦੀ ਦੁਕਾਨ ਚਲਾਉਂਦੇ ਹਨ। ਉਨ੍ਹਾਂ ਕੋਲ ਵੀ ਵੀਡੀਓ ਪਹੁੰਚਿਆ ਸੀ।

ਉਨ੍ਹਾਂ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਵਿੱਚ ਹੀ ਸਮਾਰਟਫੋਨ ਪਿੰਡ ਵਿੱਚ ਪਹੁੰਚਿਆ ਹੈ ਅਤੇ ਜ਼ਿਆਦਾਤਰ ਮੁੰਡਿਆ ਨੂੰ ਇਹ ਸਮਝ ਨਹੀਂ ਹੈ ਕਿ ਇਸ ਦੀ ਵਰਤੋਂ ਕਿਵੇਂ ਕੀਤੀ ਜਾਵੇ।

ਦਿਹਾਤੀ ਅਤੇ ਸ਼ਹਿਰੀ ਭਾਰਤ ਵਿੱਚ 20 ਕਰੋੜ ਤੋਂ ਵੱਧ ਲੋਕ ਵੱਟਸਐਪ ਦੀ ਵਰਤੋਂ ਕਰਦੇ ਹਨ। ਦੁਨੀਆਂ ’ਚ ਭਾਰਤ ਵੱਟਸਐਪ ਦਾ ਸਭ ਤੋਂ ਵੱਡਾ ਬਾਜ਼ਾਰ ਹੈ।

ਇੰਟਰਨੈਟ ਅਤੇ ਸੋਸ਼ਲ ਮੀਡੀਆ ਇਨਕਲਾਬ ਤੋਂ ਪਹਿਲਾਂ, ਲੋਕ ਪੋਰਨ ਵੀਡੀਓਜ਼ ਦੇਖਣ ਲਈ ਛੋਟੀਆਂ ਦੁਕਾਨਾਂ ’ਤੇ ਨਿਰਭਰ ਸਨ, ਜਿੱਥੇ ਅਜਿਹੇ ਵੀਡੀਓਜ਼ 10 ਤੋਂ 15 ਰੁਪਏ ’ਚ ਮਿਲਦੇ ਸਨ।

ਬਹੁਤ ਸਾਰੇ ਦੁਕਾਨਦਾਰਾਂ ਨੇ ਸਾਨੂੰ ਦੱਸਿਆ ਕਿ ਉਹ ਕਾਰੋਬਾਰ ਹੁਣ ਠੱਪ ਹੋ ਗਿਆ ਹੈ। ਸ਼ਹਿਰ ਦੇ ਨੇੜੇ ਕੁਝ 15-16 ਸਾਲ ਦੇ ਮੁੰਡਿਆਂ ਨੇ ਵੀ ਇਸ ਰੁਝਾਨ ਦੀ ਪੁਸ਼ਟੀ ਕੀਤੀ।

11ਵੀਂ ਜਮਾਤ ਵਿਚ ਪੜ੍ਹਨ ਵਾਲੇ ਇਕ ਮੁੰਡੇ ਨੇ ਦੱਸਿਆ ਕਿ ਉਹ ਅਜਿਹੇ 25-30 ਵੀਡੀਓਜ਼ ਦੇਖ ਚੁੱਕਿਆ ਹੈ ਅਤੇ ਜਿਉਂ ਹੀ ਅਜਿਹਾ ਵੀਡੀਓ ਆਉਂਦਾ ਹੈ ਤੁਰੰਤ ਹੀ ਸਾਰੇ ਦੋਸਤਾਂ ਵਿੱਚ ਵੰਡ ਜਾਂਦਾ ਹੈ।

ਦੂਜੇ ਨੇ ਕਿਹਾ, "ਜ਼ਿਆਦਾਤਰ ਮੁੰਡੇ ਕਲਾਸ ਵਿੱਚ ਇਕੱਠੇ ਹੋ ਕੇ ਅਜਿਹੇ ਵੀਡੀਓ ਦੇਖਦੇ ਹਨ, ਕਈ ਵਾਰ ਇਕੱਲੇ ਵੀ, ਠੀਕ ਲੱਗਦਾ ਹੈ, ਸਾਰੇ ਦੇਖਦੇ ਹਨ।"

ਸਪੱਸ਼ਟ ਹੈ ਕਿ ਜਹਾਨਾਬਾਦ ਦਾ ਵੀਡੀਓ ਹਜ਼ਾਰਾਂ ’ਚੋਂ ਇੱਕ ਸੀ ਅਤੇ ਇਸ ਰੁਝਾਨ ਨਾਲ ਬਿਹਾਰ ਦੀ ਐਮਪੀ ਰਣਜੀਤ ਰੰਜਨ ਪਰੇਸ਼ਾਨ ਹੈ। ਉਹ ਰਾਜ ਦੇ 80 ਸੰਸਦ ਮੈਂਬਰਾਂ ਵਿੱਚੋਂ ਕੇਵਲ ਤਿੰਨ ਔਰਤਾਂ 'ਚੋਂ ਇੱਕ ਹੈ।

ਵੀਡੀਓ ਉਨ੍ਹਾਂ ਤੱਕ ਵੀ ਪਹੁੰਚਿਆ ਹੈ, ਨਾ ਕੇਵਲ ਇੱਕ ਵਾਰ ਸਗੋਂ 6-7 ਵਾਰ।

ਉਹ ਦੱਸਦੀ ਹੈ, "ਹੁਣ ਤਾਂ ਵੀਡੀਓ ਬਣਾਉਣ ਦੀ ਦੌੜ ਹੀ ਲੱਗ ਗਈ ਹੈ। ਕਿਸੇ ਨੂੰ ਚਿੰਤਾ ਨਹੀਂ ਹੈ। ਜੇਕਰ ਲੋਕਾਂ ਨੂੰ ਸੱਚਮੁੱਚ ਕੁੜੀ ਬਾਰੇ ਚਿੰਤਾ ਹੁੰਦੀ ਤਾਂ ਉਹ ਵੀਡੀਓ ਸ਼ੇਅਰ ਨਹੀਂ ਕਰਦੇ ਸਗੋਂ ਪੁਲਿਸ ਕੋਲ ਲੈ ਜਾਂਦੇ।"

ਵੀਡੀਓ ਦੇ ਪ੍ਰਭਾਵ

ਰਣਜੀਤ ਰੰਜਨ ਮੁਤਾਬਕ ਹਿੰਸਾ ਦੇ ਵੀਡੀਓ ਪੁਰਾਣੀ ਵਿਚਾਰਧਾਰਾ ਨੂੰ ਹੋਰ ਠੋਸ ਬਣਾਉਂਦੇ ਹਨ, ਜਿਸਦੇ ਤਹਿਤ ਇਹ ਮੰਨਿਆ ਜਾਂਦਾ ਹੈ ਕਿ ਔਰਤਾਂ ਕੋਲ ਆਪਣੀ ਕੋਈ ਸੋਚ ਨਹੀਂ ਹੈ ਅਤੇ ਆਜ਼ਾਦੀ ਦੇ ਲਈ ਉਨ੍ਹਾਂ ਦੇ ਫ਼ੈਸਲਿਆਂ ਦਾ ਸਨਮਾਨ ਕਰਨ ਦੀ ਕੋਈ ਲੋੜ ਨਹੀਂ।

ਪਰ ਇਨ੍ਹਾਂ ਮੁੱਦਿਆਂ 'ਤੇ ਖੁੱਲ੍ਹੀ ਗੱਲਬਾਤ ਦੀ ਘਾਟ ਹੈ, ਜਿਸ ਕਾਰਨ ਅਜਿਹੇ ਵੀਡੀਓਜ਼ ਦੇ ਸ਼ਿਕਾਰ ਹੋਣ ਵਾਲੀਆਂ ਕੋਲ ਮਦਦ ਦੇ ਰਸਤੇ ਬਹੁਤ ਘੱਟ ਹਨ।

ਉਹ ਅਕਸਰ ਸ਼ਰਮ ਅਤੇ ਡਰ ਦੇ ਬੋਝ ਥੱਲੇ ਚੁੱਪ ਹੋ ਜਾਂਦੀਆਂ ਹਨ। ਅਜਿਹੀ ਚੁੱਪੀ ਗੰਭੀਰ ਹੋ ਸਕਦੀ ਹੈ ਤੇ ਜਾਨਲੇਵਾ ਵੀ, ਜਿਵੇਂ ਕਿ ਗੀਤਾ ਦੇ ਮਾਮਲੇ ਵਿੱਚ ਹੋਇਆ ਹੈ।

40 ਵਰ੍ਹਿਆਂ ਦੀ ਗੀਤਾ ਉੱਤਰ ਪ੍ਰਦੇਸ਼ ਦੇ ਇੱਕ ਪਿੰਡ ਵਿੱਚ ਆਸ਼ਾ ਵਰਕਰ ਵਜੋਂ ਕੰਮ ਕਰਦੀ ਸੀ। ਜਦੋਂ ਉਸ ਨਾਲ ਬਲਾਤਕਾਰ ਦਾ ਵੀਡੀਓ ਵੱਟਸਐਪ ਰਾਹੀਂ ਵਾਇਰਲ ਹੋ ਗਿਆ ਤਾਂ ਪੁਲਿਸ, ਪਿੰਡ ਦੇ ਮੁਖੀ ਅਤੇ ਪ੍ਰਭਾਵਸ਼ਾਲੀ ਲੋਕਾਂ ਵੱਲੋਂ ਉਸ 'ਤੇ ਹੀ ਉਂਗਲੀ ਚੁੱਕਣ ਕਾਰਨ ਗੀਤਾ ਨੇ ਖੁਦਕੁਸ਼ੀ ਕਰ ਲਈ ।

ਪਰ ਇਹ ਸਿਰਫ ਪੇਂਡੂ ਮੁੱਦਾ ਨਹੀਂ ਹੈ। ਸ਼ਹਿਰਾਂ ਵਿਚ ਵੀ ਇਹ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਬੱਚਿਆਂ ਨਾਲ ਬਲਾਤਕਾਰ ਦੇ ਵੀ ਵੀਡੀਓ ਸ਼ੇਅਰ ਕੀਤੇ ਜਾ ਰਹੇ ਹਨ।

ਸਾਲ 2015 ਵਿੱਚ ਹੈਦਰਾਬਾਦ ਵਿੱਚ ਜਿਨਸੀ ਹਿੰਸਾ ਅਤੇ ਤਸਕਰੀ ਦੇ ਮੁੱਦਿਆਂ ’ਤੇ ਕੰਮ ਕਰ ਰਹੀ ਸੰਸਥਾ ਪ੍ਰਜਵਤਾ ਦੀ ਬਾਨੀ ਸੁਨੀਤਾ ਕ੍ਰਿਸ਼ਨਨ ਦੇ ਵੱਟਸਐਪ ’ਤੇ ਵੀ ਇੱਕ ਵਿਅਕਤੀ ਨੇ ਜਾਗਰੂਕਤਾ ਫੈਲਾਉਣ ਦੇ ਕਥਿਤ ਇਰਾਦੇ ਨਾਲ ਦੋ ਵੀਡਿਓ ਭੇਜੇ।

ਇਕ ਵੀਡੀਓ ਵਿੱਚ 8 ਲੋਕ 12 ਸਾਲ ਦੀ ਬੱਚੀ ਦਾ ਬਲਾਤਕਾਰ ਕਰ ਰਹੇ ਸਨ। ਦੂਜੇ ਵਿੱਚ ਇੱਕ ਲੜਕੀ ਨਾਲ ਬਲਾਤਕਾਰ ਹੋ ਰਿਹਾ ਸੀ ਅਤੇ ਇੱਕ ਲੜਕਾ ਜੋ ਸ਼ਾਇਦ ਉਸਦਾ ਬੁਆਏਫਰੈਂਡ ਸੀ, ਉਸ ਨੂੰ ਕੁੱਟੀ ਜਾ ਰਿਹਾ ਸੀ ਅਤੇ ਕੋਈ ਤੀਜਾ ਵਿਅਕਤੀ ਵੀਡੀਓ ਬਣਾ ਰਿਹਾ ਸੀ।

ਆਪ ਬਲਾਤਕਾਰ ਦਾ ਦਰਦ ਸਹਿ ਚੁੱਕੀ ਸੁਨੀਤਾ ਨੇ 24 ਘੰਟਿਆ ’ਚ ‘ਸ਼ੇਮ ਦਿ ਰੇਪਿਸਟ’ ਮਤਲਬ ਬਲਾਤਕਾਰੀ ਨੂੰ ਸ਼ਰਮਸ਼ਾਰ ਕਰੋ ਨਾਮ ਦੀ ਇਕ ਮੁਹਿੰਮ ਸ਼ੁਰੂ ਕਰ ਦਿੱਤੀ ਅਤੇ ਵੀਡੀਓ ਵਿੱਚ ਪੀੜਤ ਔਰਤ ਦਾ ਚਿਹਰਾ ਲੁੱਕੋ ਕੇ ਉਸ ਨੂੰ ਸੋਸ਼ਲ ਮੀਡੀਆ ’ਤੇ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਜੋ ਹਿੰਸਾ ਕਰਨ ਵਾਲਿਆਂ ਦੇ ਚਿਹਰੇ ਦੀ ਪਛਾਣ ਕੀਤੀ ਜਾ ਸਕੇ।

ਪਰ ਮਹਿਲਾਵਾਦੀ ਅੰਦੋਲਨਕਾਰੀਆਂ ਨੇ ਉਸ ਦੀ ਮੁਹਿੰਮ ਦੀ ਆਲੋਚਨਾ ਕੀਤੀ ਕਿਉਂਕਿ ਉਨ੍ਹਾਂ ਨੇ ਸੋਚਿਆ ਕਿ ਪੀੜਤਾਂ ਨੂੰ ਇਸ ਨਾਲ ਨੁਕਸਾਨ ਹੋਵੇਗਾ। ਸੁਨੀਤਾ ਨੇ ਮੁਹਿੰਮ ਤਾਂ ਰੋਕ ਦਿੱਤੀ ਪਰ ਲੋਕਾਂ ਨੇ ਉਨ੍ਹਾਂ ਨੂੰ ਵੀਡੀਓ ਭੇਜਣਾ ਬੰਦ ਨਾ ਕੀਤਾ।

ਸੁਨੀਤਾ ਨੇ ਸੁਪਰੀਮ ਕੋਰਟ ਤੋਂ ਪੜਤਾਲ ਕਰਨ ਦੀ ਮੰਗ ਕੀਤੀ, "ਜਿਵੇਂ ਜਿਵੇਂ ਪੜਤਾਲ ਅੱਗੇ ਵਧੀ, ਇਹ ਸਪੱਸ਼ਟ ਹੋ ਗਿਆ ਕਿ ਬਲਾਤਕਾਰ ਅਤੇ ਸਮੂਹਿਕ ਬਲਾਤਕਾਰ ਦੇ ਵੀਡੀਓਜ਼ ਦਾ ਵੱਡਾ ਬਾਜ਼ਾਰ ਹੈ। ਵੀਡੀਓ ਨੂੰ ਅਪਲੋਡ ਕਰਨ ਵਾਲੇ ਤੱਕ ਦਾ ਪਤਾ ਲਗਾ ਲਿਆ ਗਿਆ ਅਤੇ ਉਸ ਕੋਲੋਂ 498 ਵੀਡੀਓ ਪ੍ਰਾਪਤ ਕੀਤੇ ਜਿਨ੍ਹਾਂ ਤੋਂ ਸਾਨੂੰ ਅੰਦਾਜ਼ਾ ਲੱਗਣ ਲੱਗਾ ਕਿ ਸਮੱਸਿਆ ਕਿੰਨੀ ਵੱਡੀ ਹੈ।”

ਕੁਝ ਮਾਮਲਿਆਂ ਵਿਚ ਸੁਨੀਤਾ ਅਜਿਹੇ ਵੀਡੀਓਜ਼ ਨੂੰ ਹਟਾਉਣ ਵਿੱਚ ਕਾਮਯਾਬ ਵੀ ਰਹੀ। ਪਰ ਉਹ ਚੰਗੀ ਤਰ੍ਹਾਂ ਜਾਣਦੀ ਹੈ ਕਿ ਇੰਟਰਨੈੱਟ ਤੋਂ ਹਮੇਸ਼ਾ ਲਈ ਕੋਈ ਵੀ ਚੀਜ਼ ਹਟਾਉਣਾ ਅਸੰਭਵ ਹੈ।

ਮੈਂ ਜਿੰਨੇ ਲੋਕਾਂ ਨਾਲ ਗੱਲ ਕੀਤੀ ਉਸ ਤੋਂ ਸਪੱਸ਼ਟ ਹੁੰਦਾ ਗਿਆ ਕਿ ਇਸ ਸਮੱਸਿਆ ਦੀ ਜੜ੍ਹ ਪੋਰਨ ਅਤੇ ਬਲਾਤਕਾਰ ਦੀਆਂ ਵੀਡੀਓਜ਼ ਨੂੰ ਸਾਂਝੇ ਕਰਨ ਅਤੇ ਵੇਖਣ ਦੀ ਸੁਵਿਧਾ ਤਾਂ ਹੈ ਹੀ ਪਰ ਸਭ ਤੋਂ ਵੱਡੀ ਚੁਣੌਤੀ ਅਜਿਹੇ ਵੀਡੀਓਜ਼ ਨੂੰ ਦੇਖਣ ਦੀ ਲਾਲਸਾ ਹੈ।

ਪੋਰਨ ਦੀ ਮਾਰਕੀਟ

ਇਸ ਇੱਛਾ ਨੂੰ ਸਮਝਣ ਅਤੇ ਇਸਦੇ ਪ੍ਰਭਾਵ ਦਾ ਮੁਲਾਂਕਣ ਕਰਨ ਲਈ ਕਈ ਮਹੀਨੇ ਖੋਜ ਕਰਨ ਤੋਂ ਬਾਅਦ ਆਦਿਤਿਆ ਗੌਤਮ ਨੇ ਕਿਤਾਬ ਲਿਖੀ, 'ਪੋਰਨਿਸਤਾਨ: ਹਾਉ ਟੂ ਸਰਵਾਈਵ ਦਿ ਪੋਰਨ ਐਪੀਡੈਮਿਕ ਇਨ ਇੰਡੀਆ' ਮਤਲਬ ਕਿ ਭਾਰਤ ਵਿਚ ਪੋਰਨ ਮਹਾਂਮਾਰੀ ਤੋਂ ਕਿਵੇਂ ਬਚਿਆ ਜਾਵੇ।

ਪੁਸਤਕ ਵਿੱਚ ਅਦਿੱਤਿਆ ਨੇ ਆਪਣੇ ਅਨੁਭਵਾਂ ਨੂੰ ਬੇਬਾਕ ਹੋ ਕੇ ਸਾਂਝਾ ਕੀਤਾ ਹੈ।
ਅਦਿਤਿਆ ਖ਼ੁਦ ਬਹੁਤ ਪੋਰਨ ਦੇਖਦੇ ਸੀ। ਪਹਿਲਾਂ ਆਮ ਸੈਕਸ ਦੇ ਵੀਡੀਓ ਹੁੰਦੇ ਸਨ ਪਰ ਜਦੋਂ ਉਹ ਹਿੰਸਕ ਵੀਡੀਓਜ਼ ਦੇ ਪਾਸੇ ਵੱਲ ਝੁਕਿਆ ਤਾਂ ਉਹ ਵਾਪਸ ਨਹੀਂ ਜਾ ਸਕਿਆ।

ਇੱਥੋਂ ਤੱਕ ਕਿ ਉਹ ਆਪਣੇ ਸਬੰਧਾਂ ਵਿੱਚ ਵੀ ਇਹੀ ਸਭ ਦੀ ਤਲਾਸ਼ ਕਰਨ ਲੱਗ ਗਏ। ਇੱਕ ਉਹ ਸਮਾਂ ਆਇਆ ਸੀ ਕਿ ਉਹ ਆਪਣੀ ਗਰਲ ਫ਼ਰੈਂਡ ਨਾਲ ਅਜਿਹਾ ਮਹਿਸੂਸ ਨਹੀਂ ਕਰ ਸਕਦੇ ਸਨ ਜਿਵੇਂ ਕਿ ਪੋਰਨ ਦੇਖ ਕੇ ਲਗਦਾ ਸੀ। ਫਿਰ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਕੁਝ ਬਹੁਤ ਗਲਤ ਹੈ ਅਤੇ ਤਬਦੀਲੀ ਸ਼ੁਰੂ ਹੋਈ। ਪਰ ਉਹ ਕਹਿੰਦਾ ਹਨ ਕਿ ਇਹ ਬਹੁਤ ਹੀ ਆਮ ਹੋਣ ਲੱਗ ਗਿਆ ਹੈ।

ਅਦਿੱਤਿਆ ਦੱਸਦੇ ਹਨ, “ਕੁੜੀ ਦੀ ਸਹਿਮਤੀ ਤੋਂ ਬਿਨਾਂ ਬਣਾਏ ਗਏ ਉਨ੍ਹਾਂ ਦੇ ਨਜ਼ਦੀਕੀ ਪਲਾਂ ਦੇ ਵੀਡੀਓ, ਪ੍ਰੋਫੈਸ਼ਨਲ ਮਾਡਲ ਵਿਚਕਾਰ ਬਲਾਤਕਾਰ ਵਰਗੇ ਰਫ਼ ਸੈਕਸ ਦੇ ਵੀਡੀਓ, ਇਥੋਂ ਤੱਕ ਕਿ ਅਸਲ ਵਿੱਚ ਹੋਏ ਬਲਾਤਕਾਰ ਦੇ ਵੀਡੀਓ, ਇਹ ਭਾਰਤ ਵਿਚ ਬਹੁਤ ਪ੍ਰਸਿੱਧ ਹਨ।"

ਮੈਂ ਦਿੱਲੀ ਯੂਨੀਵਰਸਿਟੀ ਵਿੱਚ ਅਦਿੱਤਿਆ ਨਾਲ ਪੜ੍ਹਦੇ ਕੁਝ ਮੁੰਡਿਆਂ ਨਾਲ ਮੁਲਾਕਾਤ ਕੀਤੀ ਅਤੇ ਪੁੱਛਿਆ ਕਿ ਉਨ੍ਹਾਂ ਨੇ ਪਹਿਲੀ ਵਾਰ ਪੋਰਨ ਕਦੋਂ ਦੇਖਿਆ ਸੀ? ਉਹ ਕਿਵੇਂ ਦਾ ਪੋਰਨ ਪਸੰਦ ਕਰਦੇ ਹਨ?

"ਮੈਂ 12 ਸਾਲਾਂ ਦਾ ਸੀ, ਆਪਣੇ ਮੋਬਾਈਲ 'ਤੇ ਪਹਿਲੀ ਫਿਲਮ ਦੇਖੀ, ਹਾਰਡ-ਕੋਰ ਅਤੇ ਤੀਬਰ ਪੋਰਨ ਦੇਖਦਾ ਹਾਂ।"

"ਮੈਂ 11 ਸਾਲ ਦਾ ਸੀ, ਮੋਬਾਈਲ 'ਤੇ ਦੇਖਿਆ, ਹਾਰਡਕੋਰ ਪੋਰਨ ਅਤੇ ਥ੍ਰਿਸਮ ਸਭ ਤੋਂ ਜ਼ਿਆਦਾ ਪਸੰਦ ਹੈ।"

"ਮੈਂ 12 ਸਾਲਾਂ ਦਾ ਸੀ, ਆਪਣੇ ਦੋਸਤ ਦੇ ਮੋਬਾਈਲ ’ਤੇ ਦੇਖਿਆ, ਰਫ ਸੈਕਸ ਅਤੇ ਤੀਬਰ ਪੋਰਨ ਚੰਗਾ ਲੱਗਦਾ ਹੈ।"

ਇਹ ਮੁੰਡੇ ਸਾਰੇ ਭਾਰਤੀਆਂ ਦੀ ਨੁਮਾਇੰਦਗੀ ਨਹੀਂ ਕਰਦੇ ਪਰ ਇਕ ਗੱਲ ਜੋ ਮੇਰੇ ਦਿਮਾਗ ਵਿਚ ਰਹਿ ਗਈ ਉਹ ਇਹ ਹੈ ਕਿ ਇਨ੍ਹਾਂ ਸਾਰੀਆਂ ਦੀ ਪਸੰਦ 'ਹਾਰਡ ਕੋਰ' ਪੋਰਨ ਸੀ।

ਅਦਿੱਤਿਆ ਹੈਰਾਨ ਨਹੀਂ ਸੀ, "ਮੇਰੀ ਖੋਜ ਵਿੱਚ, ਮੈਨੂੰ ਪਤਾ ਲੱਗਾ ਹੈ ਕਿ ਹਿੰਸਕ ਪੋਰਨ ਬਹੁਤ ਜ਼ਿਆਦਾ ਦੇਖਿਆ ਜਾ ਰਿਹਾ ਹੈ, ਕਿਸੇ ਵੀ ਸਹਿਮਤੀ ਤੋਂ ਬਿਨਾਂ ਵੈਬਕੈਮ ਜ਼ਰੀਏ ਬਣਾਈ ਗਈ ਵੀਡੀਓ ਅਤੇ ਐਮਐਮਐਸ ਦੇਖੇ ਜਾ ਰਹੇ ਹਨ ਕਿਉਂਕਿ ਹਰ ਤਰ੍ਹਾਂ ਦਾ ਵੀਡੀਓ ਮੋਬਾਈਲ ਦੇ ਨਿੱਜੀ ਸੰਸਾਰ ਬਿਨਾਂ ਕਿਸੇ ਰੋਕ-ਟੋਕ ਦੇ ਦੇਖਿਆ ਜਾ ਸਕਦਾ ਹੈ।"

ਇੱਕ ਲੜਕੇ ਨੇ ਕਿਹਾ ਕਿ ਉਸ ਨੂੰ ਅਜਿਹੇ ਪੋਰਨ ਵੇਖਣ ਵਿੱਚ ਗੰਦਾ ਨਹੀਂ ਲਗਦਾ ਕਿਉਂਕਿ ਇਹ ਵੱਡੇ ਹੋਣ ਦੀ ਪ੍ਰਕਿਰਿਆ ਦਾ ਹਿੱਸਾ ਹੈ।

ਦੂਜੇ ਨੇ ਕਿਹਾ ਕਿ ਇਹ ਮਜ਼ਾ ਤਾਂ ਦਿੰਦਾ ਹੀ ਹੈ ਅਤੇ ਨਾਲ ਹੀ ਉਨ੍ਹਾਂ ਨੂੰ 'ਸੈਕਸ ਸਿੱਖਿਆ' ਵੀ ਮਿਲਦੀ ਹੈ।

ਸੈਕਸ ਐਜੂਕੇਸ਼ਨ

ਪੁਣੇ ਵਿਚ ਫੈਸ਼ਨ ਡਿਜ਼ਾਈਨਰ ਅਤੇ ਲੇਖਕ ਐਂਡੀ ਬਰਵੇ ਦਾ ਕਹਿਣਾ ਹੈ ਕਿ ਉਸ ਨੂੰ ਪੋਰਨ ਦੁਆਰਾ ਸੈਕਸ ਬਾਰੇ ਪਹਿਲੀ ਜਾਣਕਾਰੀ ਮਿਲੀ ਪਰ ਹੌਲੀ-ਹੌਲੀ ਪੋਰਨ ਦੇਖਣਾ ਆਦਤ ਬਣ ਗਈ।

ਉਹ ਪੋਰਨ ਨਾਲ ਇੰਨਾ ਪ੍ਰਭਾਵਿਤ ਸੀ ਕਿ ਆਪਣੇ ਜੀਵਨ ਵਿੱਚ ਪੋਰਨ ਸਟਾਰ ਵਾਂਗ ਬਣਨ ਦੀ ਕੋਸ਼ਿਸ਼ ਸ਼ੁਰੂ ਕਰਨ ਲੱਗ ਗਿਆ ਸੀ ।

ਐਂਡੀ ਨੇ ਕਿਹਾ, "ਅਜਿਹੀਆਂ ਫਿਲਮਾਂ ਵਿੱਚ ਜਿਹੋ ਜਿਹੇ ਸਰੀਰ ਦਿਖਾਏ ਜਾਂਦੇ ਹਨ ਸਾਡੇ ਕੋਲ ਅਜਿਹੇ ਸਰੀਰ ਨਹੀਂ ਹਨ। ਪਰ ਜਦੋਂ ਤੱਕ ਮੈਂ ਇਹ ਸਮਝ ਸਕਦਾ ਕਿ ਮੈਂ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਕਰਨ ਦੀ ਕੋਸ਼ਿਸ਼ ਕਰਨ ਲੱਗ ਗਿਆ ਸੀ, ਜਿਸ ਨਾਲ ਮੇਰੇ ਸਰੀਰ ਨੂੰ ਬਹੁਤ ਨੁਕਸਾਨ ਹੋਇਆ ਸੀ।" ਐਂਡੀ ਬਿਮਾਰ ਹੋ ਗਿਆ ਤੇ ਉਸ ਨੂੰ ਹੈਪੇਟਾਈਟਿਸ-ਏ ਦੀ ਵੀ ਸ਼ਿਕਾਇਤ ਹੋ ਗਈ ਸੀ। ਲੰਬੇ ਅਤੇ ਮਹਿੰਗੇ ਇਲਾਜ ਤੋਂ ਬਾਅਦ ਉਹ ਠੀਕ ਹੋਇਆ।

ਦਿੱਲੀ ਵਿਚ ਸੈਕਸੋਲੋਜਿਸਟ ਅਤੇ ਮਨੋਵਿਗਿਆਨਕ ਡਾਕਟਰ ਸ਼ਵੇਤਾਂਕ ਬਾਂਸਲ ਮੁਤਾਬਕ, “ਪੋਰਨ ਨਾਲ ਸੈਕਸ ਦੀ ਸਮਝ ਬਣਾਉਣਾ ਠੀਕ ਅਜਿਹਾ ਹੀ ਹੈ ਜਿਵੇਂ ਫ਼ਾਸਟ ਐਂਡ ਫਿਊਰੀਅਸ ਫਿਲਮ ਦੇਖਣ ਤੋਂ ਬਾਅਦ ਡ੍ਰਾਈਵਿੰਗ ਸਿੱਖਣਾ।"

ਅਸਲ ਜੀਵਨ ਵਿੱਚ ਰਿਸ਼ਤਿਆ ਅਤੇ ਜਿਨਸੀ ਸੰਬੰਧਾਂ ਬਾਰੇ ਸਹੀ ਜਾਣਕਾਰੀ ਦੀ ਘਾਟ ਕਾਰਨ ਪੋਰਨ ਦੇਖਣ ਨਾਲ ਨੌਜਵਾਨ ਆਪਣੇ ਆਪ ਤੋਂ ਵੱਡੀਆਂ ਉਮੀਦਾਂ ਰੱਖਣ ਲੱਗ ਜਾਂਦੇ ਹਨ। ਡਾ. ਬਾਂਸਲ ਦੱਸਦੇ ਹਨ ਕਿ ਉਨ੍ਹਾਂ ਕੋਲ 8-9 ਸਾਲਾਂ ਦੇ ਬੱਚੇ ਆਉਂਦੇ ਹਨ, "ਬੱਚਿਆਂ ਦੇ ਮਾਂ-ਬਾਪ ਹੈਰਾਨ ਹੋ ਜਾਂਦੇ ਹਨ ਜਦੋਂ ਉਨ੍ਹਾਂ ਨੂੰ ਪਤਾ ਲਗਦਾ ਹੈ ਕਿ ਉਨ੍ਹਾਂ ਦੇ ਬੱਚਿਆਂ ਵਿੱਚ ਨਿਰਾਸ਼ਾ ਜਾਂ ਘਬਰਾਹਟ ਪੋਰਨ ਵੇਖਣ ਦੇ ਕਾਰਨ ਹੈ।”

ਭਾਰਤ ਵਿੱਚ 'ਸੈਕਸ ਸਿੱਖਿਆ' ਪ੍ਰੋਗਰਾਮ ਹੈ ਪਰ ਕੁਝ ਥਾਵਾਂ 'ਤੇ ਹੀ ਇਸ ਦੇ ਫਾਇਦੇ ਹੋ ਰਹੇ ਹਨ।

ਸਾਲ 2007 ਵਿੱਚ ਪਹਿਲੀ ਵਾਰ ਮਨੁੱਖੀ ਵਸੀਲਿਆਂ ਦੇ ਮੰਤਰਾਲੇ ਨੇ 'ਕਿਸ਼ੋਰ ਸਿੱਖਿਆ ਪ੍ਰੋਗਰਾਮ' ਸ਼ੁਰੂ ਕੀਤਾ ਸੀ ਪਰ ਕਈ ਮਾਪਿਆਂ ਨੇ ਇਸ ਨੂੰ ਅਸ਼ਲੀਲ ਦੱਸ ਕੇ ਵਿਰੋਧ ਕੀਤਾ ਅਤੇ ਸਰਕਾਰ ਨੂੰ ਇਸ ਨੂੰ ਵਾਪਸ ਲੈਣਾ ਪਿਆ।

ਫਿਰ ਦੋ ਸਾਲ ਬਾਅਦ ਸਾਲ 2009 ਵਿਚ ਸੰਯੁਕਤ ਰਾਸ਼ਟਰ ਆਬਾਦੀ ਫੰਡ ਮਤਲਬ ਕਿ ਯੂਐਨਐਫਪੀਏ ਨਾਲ ਮਿਲ ਕੇ ਇਹ ਮੁੜ ਲਿਆਂਦਾ ਗਿਆ।

ਇਸ ਵਿੱਚ ਕਿਸ਼ੋਰ ਸਥਿਤੀ 'ਚ ਹੋਣ ਵਾਲੇ ਬਦਲਾਅ, ਲਿੰਗ ਅਤੇ ਲਿੰਗਤਾ ਦੇ ਆਧਾਰ ਤੇ ਬਣੇ ਮਿਥਕ ਤੇ ਰੂੜੀਵਾਦੀ ਵਿਚਾਰ, ਸਰੀਰ ਕਿਵੇਂ ਦਾ ਹੋਣਾ ਚਾਹੀਦੀ ਹੈ, ਇਸ ’ਤੇ ਚਰਚਾਵਾਂ, ਹਿੰਸਾ, ਐੱਚਆਈਵੀ, ਨਸ਼ੀਲੀਆਂ ਦਵਾਈਆਂ ਆਦਿ ਮੁੱਦੇ ਸ਼ਾਮਿਲ ਹਨ।

ਪਰ ਇਸ ਨੂੰ ਹਰ ਜਗ੍ਹਾਂ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਜਾ ਰਿਹਾ ਹੈ। ਮਿਸਾਲ ਵਜੋਂ ਜਦੋਂ ਮੈਂ ਬਿਹਾਰ ਦੇ ਜਹਾਨਾਬਾਦ ਦੇ ਸਕੂਲ ਗਈ ਤਾਂ ਪ੍ਰਿੰਸੀਪਲ ਨੇ ਇਸ ਬਾਰੇ ਕੁਝ ਸੁਣਿਆ ਤੱਕ ਨਹੀਂ ਸੀ।

ਕੰਨਿਆ ਬਾਲਿਕਾ ਵਿਦਿਆਲੇ ਸਿਰਫ਼ ਲੜਕੀਆਂ ਦਾ ਸਕੂਲ ਹੈ। ਪ੍ਰਿੰਸੀਪਲ ਰਵਿੰਦਰ ਕੁਮਾਰ ਅਨੁਸਾਰ ਨੇੜੇ ਹੀ ਲੜਕਿਆਂ ਅਤੇ ਲੜਕੀਆਂ ਦਾ ਸਕੂਲ ਹੋਣ ਦੇ ਬਾਵਜੂਦ ਮਾਂ-ਬਾਪ ਆਪਣੀਆਂ ਕੁੜੀਆਂ ਨੂੰ ਇਸ ਸਕੂਲ ਵਿੱਚ ਭੇਜਣਾ ਚਾਹੁੰਦੇ ਹਨ।

ਛੋਟੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ, ਲੜਕਿਆਂ ਅਤੇ ਲੜਕੀਆਂ ਵਿਚਕਾਰ ਅਜੇ ਵੀ ਬਹੁਤ ਘੱਟ ਗੱਲਬਾਤ ਹੁੰਦੀ ਹੈ।

ਜਹਾਨਾਬਾਦ ਦੇ ਜਿਸ ਕੋਚਿੰਗ ਸੈਂਟਰ ਵਿੱਚ ਮੈਂ ਗਈ ਸੀ ਉਥੇ ਲਗਭਗ 100 ਬੱਚੇ ਪੜ੍ਹ ਰਹੇ ਸਨ ਪਰ ਮੁੰਡੇ ਵੱਖ ਅਤੇ ਕੁੜੀਆਂ ਵੱਖ ਬੈਠੀਆਂ ਹੋਈਆਂ ਸਨ।

ਰਵਿੰਦਰ ਕੁਮਾਰ ਦਾ ਵਿਸ਼ਵਾਸ ਹੈ ਕਿ ਸੈਕਸ ਸਿੱਖਿਆ ਦੀ ਸਖ਼ਤ ਜ਼ਰੂਰਤ ਹੈ, "ਇਹ ਗੱਲਾਂ ਸਕੂਲ ਵਿਚ ਦੱਸੀਆਂ ਜਾਣੀਆਂ ਚਾਹੀਦੀਆਂ ਹਨ, ਇਹ ਸਿਰਫ਼ ਪਿਤਾ ਦੇ ਵਸ ਦੀ ਗੱਲ ਨਹੀਂ। ਮਾਤਾ ਘਰ ਵਿੱਚ ਰਹਿੰਦੀ ਹੈ ਇਸ ਲਈ ਉਹ ਬਹੁਤ ਜ਼ਿਆਦਾ ਮਾਡਰਨ ਨਹੀਂ ਹੁੰਦੀ। ਸਾਨੂੰ ਸਰਕਾਰ ਵੱਲੋਂ ਦੱਸਿਆ ਜਾਵੇਗਾ ਤਾਂ ਅਸੀਂ ਯਕੀਨੀ ਤੌਰ 'ਤੇ ਲਾਗੂ ਕਰਾਂਗਾ।"

ਬਿਹਾਰ ਦੀ ਸੰਸਦ ਮੈਂਬਰ ਰਣਜੀਤ ਰੰਜਨ ਨੇ ਕਿਹਾ ਕਿ ਲਿੰਗ ਸਿੱਖਿਆ ਦਾ ਉਦੇਸ਼ ਕੇਵਲ ਸਰੀਰ ਅਤੇ ਸਰੀਰਕ ਸਬੰਧਾਂ ਦੀ ਜਾਣਕਾਰੀ ਦੇਣਾ ਨਹੀਂ ਹੈ, ਇਹ ਡੂੰਘੇ ਪੱਧਰ 'ਤੇ ਔਰਤਾਂ ਪ੍ਰਤੀ ਮਰਦਾਂ ਦੇ ਰਵੱਈਏ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਉਹ ਕਹਿੰਦੀ ਹੈ, "ਤੁਸੀਂ ਚਾਹੇ ਜਿੰਨੀ ਵੀ ਤਰੱਕੀ ਕਰ ਲਵੋ ਜੇਕਰ ਇਹ ਨਹੀਂ ਹੋਵੇਗਾ ਅਤੇ ਵੀਡੀਓਜ਼ ਇਵੇਂ ਹੀ ਸਾਂਝੇ ਹੁੰਦੇ ਰਹੇ ਤਾਂ ਫਿਰ ਇਸ ਸਭ ਨਾਲ ਉਸੇ ਮਾਨਸਿਕਤਾ ਨੂੰ ਉਤਸ਼ਾਹ ਮਿਲੇਗਾ ਕਿ ਕੁੜੀ ਆਨੰਦ ਦੀ ਵਸਤੂ ਹੈ, ਉਸ ਨੂੰ ਦੇਖ ਕੇ ਮਜ਼ੇ ਲਵੋ, ਇਸ ਦਾ ਧਿਆਨ ਰੱਖੋ ਅਤੇ ਇਸ ਨੂੰ ਆਪਣੇ ਫ਼ੈਸਲੇ ਆਪ ਨਾ ਲੈਣ ਦਿਓ।"

ਇਸ ਲਈ ਕੀ ਪੋਰਨ ਉੱਤੇ ਪਾਬੰਦੀ ਲਗਾਉਣ ਦਾ ਤਰੀਕਾ ਹੀ ਇਸਦਾ ਹੱਲ ਹੈ?

ਪੋਰਨ ਉੱਤੇ ਪਾਬੰਦੀ

ਹਾਲ ਹੀ ਵਿੱਚ ਉੱਤਰਾਖੰਡ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਹਿੰਸਕ ਵੀਡੀਓ ਵਾਲੀਆਂ ਪੋਰਨ ਵੈੱਬਸਾਈਟਾਂ 'ਤੇ ਪਾਬੰਦੀ ਲਾਉਣ ਦਾ ਹੁਕਮ ਦਿੱਤਾ ਹੈ।

ਦੇਹਰਾਦੂਨ ਵਿੱਚ ਇੱਕ ਸਕੂਲ ਦੇ ਹੋਸਟਲ ਵਿੱਚ ਪੋਰਨ ਦੇਖਣ ਤੋਂ ਬਾਅਦ ਕੁਝ ਮੁੰਡਿਆਂ ਨੇ ਇੱਕ ਲੜਕੀ ਨਾਲ ਕਥਿਤ ਤੌਰ 'ਤੇ ਬਲਾਤਕਾਰ ਕੀਤਾ। ਲੜਕਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

ਉਤਰਾਖੰਡ ਹਾਈ ਕੋਰਟ ਨੇ ਇਸ ਦੀ ਹੀ ਉਦਾਹਰਣ ਦਿੰਦੇ ਹੋਏ ਸਰਕਾਰ ਨੂੰ ਕਿਹਾ ਹੈ ਕਿ ਹਿੰਸਕ ਪੋਰਨ ਦੇਖਣ ਨਾਲ ਔਰਤਾਂ ਦੇ ਖ਼ਿਲਾਫ ਜਿਨਸੀ ਹਿੰਸਾ ਨੂੰ ਉਤਸ਼ਾਹ ਮਿਲਦਾ ਹੈ ਇਸ ਲਈ ਪੋਰਨ ’ਤੇ ਪਾਬੰਦੀ ਜ਼ਰੂਰੀ ਹੈ।

ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਸੁਨੀਤਾ ਕ੍ਰਿਸ਼ਨਨ ਅਤੇ ਇੱਕ ਵਕੀਲ ਦੀਆਂ ਪਟੀਸ਼ਨਾਂ ਤੋਂ ਬਾਅਦ ਸਾਲ 2015 ਵਿੱਚ ਸਰਕਾਰ ਅੱਗੇ ਇਹ ਸਿਫਾਰਿਸ਼ ਕੀਤੀ ਸੀ।

ਉਸ ਸਮੇਂ ਤਕਨੀਕੀ ਮਾਹਿਰ ਸੁਰੇਸ਼ ਸ਼ੁਕਲਾ ਨੇ 857 ਪੋਰਨ ਵੈੱਬਸਾਈਟਾਂ ਦੀ ਸੂਚੀ ਬਣਾਈ ਅਤੇ ਅਦਾਲਤ ਨੂੰ ਦਿੱਤੀ ਸੀ। ਇਹੀ ਸੂਚੀ ਸਰਕਾਰ ਦੇ ਪੋਰਨ ਬੈਨ ਦਾ ਆਧਾਰ ਬਣੀ ਹੈ। ਪਰ ਲੋਕਾਂ ਦੇ ਵਿਰੋਧ ਤੋਂ ਬਾਅਦ ਕੁਝ ਦਿਨਾਂ ਦੇ ਅੰਦਰ ਹੀ ਇਹ ਪਾਬੰਦੀ ਹਟਾਈ ਗਈ ਸੀ। ਇਸ ਦਾ ਇਕ ਕਾਰਨ ਇਹ ਸੀ ਕਿ ਪਾਬੰਦੀ ਲਈ ਚੁਣੀ ਗਈ ਵੈੱਬਸਾਈਟ ਦਾ ਆਧਾਰ ਜਨਤਕ ਨਹੀਂ ਕੀਤਾ ਗਿਆ ਸੀ।

ਜਦੋਂ ਮੈਂ ਇਹ ਸਵਾਲ ਸੁਰੇਸ਼ ਸ਼ੁਕਲਾ ਦੇ ਸਾਹਮਣੇ ਰੱਖ ਦਿੱਤਾ ਤਾਂ ਉਹ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ, "ਅਸੀਂ ਉਹ ਵੈਬਸਾਈਟਾਂ ਚੁਣੀਆਂ ਜਿਨ੍ਹਾਂ ਦੀ ਵਰਤੋਂ ਬਹੁਤੇ ਲੋਕ ਕਰ ਰਹੇ ਸੀ। ਪਰ ਕੁਝ ਅਜਿਹੀਆਂ ਵੈਬਸਾਈਟਾਂ ਸਨ ਜਿਨ੍ਹਾਂ ਨੂੰ ਦੇਖਣ ਲਈ ਲੋਕ ਦੂਜੇ ਦੇਸ਼ਾਂ ਵਿਚ ਜਾਂਦੇ ਸਨ, ਤਾਂ ਇੱਕ ਤਰ੍ਹਾਂ ਨਾਲ ਇਹ ਬਹੁਤ ਵਿਗਿਆਨਕ ਨਹੀਂ ਹੈ ਪਰ ਇਹ ਸਭ ਪੋਰਨੋਗ੍ਰਾਫੀ ਹੀ ਹੈ।"

ਸੂਚੀ ਜਿਵੇਂ ਵੀ ਬਣਾਈ ਗਈ ਹੋਵੇ, ਇਸ ਦੀ ਵਰਤੋਂ ਬਹੁਤ ਹੀ ਸੰਜੀਦਗੀ ਨਾਲ ਹੋ ਰਹੀ ਹੈ। ਉੱਤਰਾਖੰਡ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਵੀ ਇਹੀ ਪਾਬੰਦੀ ਦਾ ਆਧਾਰ ਬਣੀ ਹੈ। ਅੱਜ ਕਰੀਬ 830 ਵੈਬਸਾਈਟਾਂ ਬੰਦ ਹੋ ਚੁੱਕੀਆਂ ਹਨ। ਪਰ ਇੰਟਰਨੈੱਟ ’ਤੇ ਪ੍ਰੌਕਸੀ ਵੈਬਸਾਈਟ ਬਣਾਉਣਾ ਮੁਸ਼ਕਲ ਨਹੀਂ ਹੈ, ਇਸ ਲਈ ਰੋਕ ਦੀ ਪ੍ਰਕਿਰਿਆ ਹਾਲੇ ਵੀ ਸਵਾਲਾਂ ਦੇ ਘੇਰੇ ਹੇਠ ਹੈ।

ਦੂਜਾ ਮੁੱਦਾ ਇਹ ਹੈ ਕਿ ਸੋਸ਼ਲ ਮੀਡੀਆ ਰਾਹੀਂ ਕਈ ਹਿੰਸਾ ਵਾਲੇ ਵੀਡੀਓ ਸ਼ੇਅਰ ਕੀਤੇ ਜਾ ਰਹੇ ਹਨ, ਜੋ ਕਿ ਵੈੱਬਸਾਈਟ 'ਤੇ ਪੋਰਨ ਦੇ ਘੇਰੇ ਤੋਂ ਬਾਹਰ ਹਨ। ਰਾਜੇਸ਼ ਛਾਰੀਆ 'ਇੰਟਰਨੈੱਟ ਸਰਵਿਸ ਪ੍ਰੋਵਾਈਡਰ ਆਫ਼ ਇੰਡੀਆ' ਦੇ ਪ੍ਰਧਾਨ ਹਨ। ਇਹ ਕੰਪਨੀ ਹੀ ਸਰਕਾਰ ਦੀ ਪਾਬੰਦੀ ਨੂੰ ਲਾਗੂ ਕਰਨ ਲਈ ਜ਼ਿੰਮੇਵਾਰ ਹੈ।

ਰਾਜੇਸ਼ ਛਾਰੀਆ ਮੁਤਾਬਕ ਰੋਕ ਨਾਲ ਬਹੁਤ ਘੱਟ ਹੀ ਸਿੱਟਾ ਹਾਸਿਲ ਹੋਵੇਗਾ, "ਅੱਜ-ਕੱਲ੍ਹ ਪੋਰਨ, ਬੱਚਿਆਂ ਦੇ ਖ਼ਿਲਾਫ਼ ਹਿੰਸਾ ਅਤੇ ਜਿਨਸੀ ਹਿੰਸਾ... ਇਹ ਸਭ ਵੀਡੀਓ ਕੰਪਿਊਟਰ 'ਤੇ ਵੇਖੇ ਜਾ ਰਹੇ ਹਨ ਨਾ ਕੇ ਮੋਬਾਈਲ ’ਤੇ। ਸਾਡਾ ਕਹਿਣਾ ਹੈ ਕਿ ਜੇਕਰ ਇਹ ਸਭ ਕੁਝ ਰੋਕਣਾ ਹੈ ਤਾਂ ਵੱਟਸਐਪ ’ਤੇ ਰੋਕ ਲਗਾ ਦਿੱਤੀ ਜਾਵੇ। ਪਰ ਦੇਸ ਵਿੱਚ ਇੰਨੀ ਮਸ਼ਹੂਰ ਐਪ ਨੂੰ ਰੋਕਣਾ ਬਹੁਤ ਮੁਸ਼ਕਲ ਹੈ।"

ਵੱਟਸਐਪ ਦੀ ਪ੍ਰਸਿੱਧੀ ਅਤੇ ਇਸ ਤਰ੍ਹਾਂ ਦੀ ਸਮੱਗਰੀ ਨੂੰ ਸਾਂਝਾ ਕਰਨ ਲਈ ਕੀਤੀ ਜਾਂਦੀ ਵਰਤੋਂ ਨੂੰ ਨਕਾਰਿਆ ਨਹੀਂ ਜਾ ਸਕਦਾ। ਅਸੀਂ ਉਨ੍ਹਾਂ ਨੂੰ ਪੁੱਛਿਆ ਕਿ ਉਹ ਅਜਿਹੇ ਵੀਡੀਓਜ਼ ਨੂੰ ਸਾਂਝਾ ਕਰਨ ’ਤੇ ਪਾਬੰਦੀ ਲਗਾਉਣ ਲਈ ਕੀ ਕਰ ਰਹੇ ਹਨ?

ਤਕਨੀਕੀ ਰਾਹ

ਵੱਟਸਐਪ ਨੇ ਸਾਨੂੰ ਇੱਕ ਲਿਖਤੀ ਬਿਆਨ ਦਿੱਤਾ, "ਬਲਾਤਕਾਰ ਦੇ ਵੀਡੀਓ ਅਤੇ ਬੱਚਿਆਂ ਦੇ ਪੋਰਨੋਗ੍ਰਾਫੀ ਲਈ ਸਾਡੇ ਪਲੇਟਫਾਰਮ ’ਤੇ ਕੋਈ ਜਗ੍ਹਾ ਨਹੀਂ ਹੈ। ਵੱਟਸਐਪ ਨੇ ਕਰੋੜਾਂ ਲੋਕਾਂ ਨੂੰ ਨਿੱਜੀ ਗੱਲਬਾਤ ਲਈ ਇੱਕ ਭਰੋਸੇਯੋਗ ਜਗ੍ਹਾ ਦਿੱਤੀ ਹੈ ਪਰ ਦੁੱਖ ਵਾਲੀ ਗੱਲ ਇਹ ਹੈ ਕਿ ਸਾਡੀ ਸੇਵਾ ਦੀ ਵਰਤੋਂ ਖ਼ਤਰਨਾਕ ਸਮੱਗਰੀ ਦੇ ਪ੍ਰਚਾਰ ਲਈ ਹੋ ਰਹੀ ਹੈ।"

"ਇਸ ਲਈ ਅਸੀਂ ਅਜਿਹੀਆਂ ਸਮੱਸਿਆਵਾਂ ਬਾਰੇ ਸ਼ਿਕਾਇਤ ਕਰਨ ਲਈ ਇੱਕ ਆਸਾਨ ਪ੍ਰਕਿਰਿਆ ਬਣਾਈ ਹੈ ਤਾਂ ਜੋ ਅਸੀਂ ਖਾਤੇ 'ਤੇ ਪਾਬੰਦੀ ਸਮੇਤ ਹੋਰ ਉਚਿਤ ਕਾਰਵਾਈ ਕਰ ਸਕੀਏ। ਅਪਰਾਧ ਦੀ ਪੜਤਾਲ ਕਰਨ ਦੇ ਟੀਚੇ ਨਾਲ ਭਾਰਤ ਦੇ ਕਾਨੂੰਨ ਲਾਗੂ ਕਰਨ ਵਾਲੇ ਅਦਾਰੇ ਸਾਨੂੰ ਜਾਣਕਾਰੀ ਲਈ ਅਰਜ਼ੀਆਂ ਭੇਜਦੇ ਰਹਿੰਦੇ ਹਨ। ਜੇਕਰ ਇਹ ਸਹੀ ਅਤੇ ਉਚਿੱਤ ਹੁੰਦੇ ਹਨ ਤਾਂ ਅਸੀਂ ਉਨ੍ਹਾਂ ਨੂੰ ਵੀ ਵਿਚਾਰਦੇ ਹਾਂ।"

ਅਜਿਹੇ ਵੀਡਿਓ ਨੂੰ ਵੱਟਸਐਪ, ਫੇਸਬੁਕ ਅਤੇ ਯੂ ਟਿਯੂਬ ਦੇ ਨਿੱਜੀ ਨਿਯਮਾਂ ਦੀ ਸਹਾਇਤਾ ਨਾਲ ਹਟਾਇਆ ਜਾ ਸਕਦਾ ਹੈ।

ਕਿਸਲਏ ਚੌਧਰੀ ਆਪਣੇ ਆਪ ਨੂੰ 'ਏਥਿਕਲ ਹੈਕਰ' ਜਿਸਦਾ ਮਤਲਬ ਹੈ ਨੈਤਿਕ ਕੰਮ ਲਈ ਕੰਪਿਊਟਰ ਹੈਕ ਕਰਨ ਵਾਲਾ ਕਹਿੰਦੇ ਹਨ। ਬਿਹਾਰ ਵਿੱਚ ਪਲੇ ਕਿਸਲਏ ਚੌਧਰੀ ‘ਇੰਡੀਅਨ ਸਾਈਬਰ ਆਰਮੀ' ਦੇ ਬਾਨੀ ਹਨ।

ਇੱਕ ਹੈਲਪਲਾਈਨ ਰਾਹੀਂ ਉਨ੍ਹਾਂ ਦੀ ਟੀਮ ਆਮ ਲੋਕਾਂ ਨੂੰ ਤਕਨੀਕੀ ਸਹਾਇਤਾ ਦਿੰਦੀ ਹੈ ਅਤੇ ਦਿੱਲੀ ਪੁਲਿਸ ਸਮੇਤ ਸਾਈਬਰ ਅਪਰਾਧ ਦੀ ਜਾਂਚ ਕਰਨ ਵਾਲੀਆਂ ਹੋਰ ਏਜੰਸੀਆਂ ਨਾਲ ਕੰਮ ਕਰਦੀ ਹੈ।

ਕਿਸਲਏ ਮੁਤਾਬਕ, ਜੇ ਪੀੜਤ ਦੀ ਸਹਿਮਤੀ ਦੇ ਬਗ਼ੈਰ ਕਿਸੇ ਵੀ ਵੀਡੀਓ ਨੂੰ ਅਪਲੋਡ ਕੀਤਾ ਜਾਂਦਾ ਹੈ ਤਾਂ ਇਹ ਉਨ੍ਹਾਂ ਦੀ ਨਿੱਜਤਾ ਦੀ ਉਲੰਘਣਾ ਹੈ ਅਤੇ ਇਸ ਆਧਾਰ ’ਤੇ ਹਟਾਇਆ ਜਾ ਸਕਦਾ ਹੈ। ਪਰ ਫਿਰ ਵੀ ਖ਼ਤਰਾ ਖ਼ਤਮ ਨਹੀਂ ਹੁੰਦਾ।

ਕਿਸਲਏ ਕਹਿੰਦੇ ਹਨ ਕਿ ਸਾਈਬਰ ਅਪਰਾਧ ਦੇ ਪੀੜਤਾਂ ਲਈ ਪੂਰੀ ਰਾਹਤ ਪ੍ਰਾਪਤ ਕਰਨਾ ਸੰਭਵ ਨਹੀਂ ਹੈ, "ਜਿਸ ਵਿਅਕਤੀ ਨੇ ਵੀਡੀਓ ਬਣਾਇਆ ਹੈ ਉਹ ਇਸ ਨੂੰ ਦੁਬਾਰਾ ਅਪਲੋਡ ਕਰ ਸਕਦਾ ਹੈ ਅਤੇ ਜਿਸ ਨੇ ਵੀ ਇਸ ਨੂੰ ਦੇਖਿਆ ਹੈ ਜੇ ਉਸ ਨੇ ਇਸ ਨੂੰ ਡਾਊਨਲੋਡ ਕਰ ਲਿਆ ਹੈ ਤਾਂ ਉਹ ਵੀ ਵੀਡੀਓ ਦੁਬਾਰਾ ਅਪਲੋਡ ਕਰ ਸਕਦਾ ਹੈ।”

ਕਿਸਲਏ ਅਨੁਸਾਰ, ਸਾਈਬਰ ਅਪਰਾਧ ਵਿੱਚ ਕੰਮ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਸਹੀ ਢੰਗ ਨਾਲ ਸਿਖਲਾਈ ਨਹੀਂ ਦਿੱਤੀ ਜਾ ਰਹੀ, ਜਿਸ ਕਾਰਨ ਸਬੂਤ ਠੀਕ ਢੰਗ ਨਾਲ ਇਕੱਠੇ ਨਹੀਂ ਕੀਤੇ ਜਾਂਦੇ ਤੇ ਨਾ ਹੀ ਗ੍ਰਿਫ਼ਤਾਰੀਆਂ ਹੁੰਦੀਆਂ ਹਨ।

ਪਰ ਮੁੱਢਲੀ ਗੱਲ ਇਹ ਹੈ ਕਿ ਇੰਟਰਨੈੱਟ ਤੋਂ ਹਰ ਚੀਜ਼ ਨੂੰ ਹਮੇਸ਼ਾ ਲਈ ਹਟਾਉਣਾ ਅਸੰਭਵ ਹੈ, ਖ਼ਾਸ ਕਰਕੇ ਜਦੋਂ ਉਸ ਨੂੰ ਦੇਖਣ ਵਾਲੇ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ।

ਸਮੱਸਿਆ ਦਾ ਹੱਲ?

ਸੈਕਸ ਬਾਰੇ ਖੁੱਲ੍ਹੀ ਗੱਲਬਾਤ ਨੂੰ ਉਤਸ਼ਾਹਿਤ ਕਰਨ ਵਾਲੀ ਪਾਰੋਮੀਤਾ ਵੋਹਰਾ ਅਨੁਸਾਰ ਇਸ ਇੱਛਾ ਨੂੰ ਖਾਰਜ ਕਰਨਾ ਸ਼ਾਇਦ ਸਾਡੀ ਸਭ ਤੋਂ ਵੱਡੀ ਗ਼ਲਤੀ ਹੈ। ਉਹ 'ਏਜੰਟ ਆਫ਼ ਇਸ਼ਕ' ਨਾਂ ਦੀ ਇਕ ਵੈਬਸਾਈਟ ਚਲਾਉਂਦੀ ਹੈ, ਜਿਸ ਦੀ ਟੈਗਲਾਈਨ ਹੈ, 'ਅਸੀਂ ਸੈਕਸ ਨੂੰ ਚੰਗਾ ਨਾਮ ਦਿੰਦੇ ਹਾਂ’।

ਪਾਰੋਮੀਤਾ ਦੇਸ ਭਰ ’ਚੋ ਵੱਖ-ਵੱਖ ਆਰਥਿਕ ਸਥਿਤੀਆਂ ਤੋਂ ਆਉਣ ਵਾਲੇ, ਲਿੰਗ ਭਿੰਨਤਾ ਵਾਲੇ ਵਿਅਕਤੀਆਂ ਦੇ ਤਜ਼ਰਬਿਆਂ ਨੂੰ ਇਕੱਠੇ ਕਰਦੀ ਹੈ ਅਤੇ ਆਪਣੀ ਵੈਬਸਾਈਟ ’ਤੇ ਗਾਣੇ, ਵੀਡੀਓ ਅਤੇ ਪੌਡਕਾਸਟ ਪਾਉਂਦੀ ਹੈ।

ਉਨ੍ਹਾਂ ਅਨੁਸਾਰ, ਜਦੋਂ ਸੈਕਸ ਦਾ ਹਿੰਸਕ ਰੂਪ ਦੇਖਿਆ ਜਾਂਦਾ ਹੈ ਤਾਂ ਇਨਸਾਨ ਇਹ ਮੰਨਣ ਲੱਗ ਜਾਂਦਾ ਹੈ ਕਿ ਹਿੰਸਾ ਹੀ ਸਭ ਤੋਂ ਜ਼ਿਆਦਾ ਮਜ਼ੇਦਾਰ ਹੈ ਅਤੇ ਉਹ ਅਸੰਵੇਦਨਸ਼ੀਲ ਬਣਦਾ ਚਲਾ ਜਾਂਦਾ ਹੈ, ਉਸ ਦੇ ਮਨ ਵਿਚ ਔਰਤ ਦੀ ਇੱਛਾ ਦਾ ਕੋਈ ਸਨਮਾਨ ਨਹੀਂ ਹੁੰਦਾ।

ਇਸੇ ਕਰਕੇ ਪਾਰੋਮੀਤਾ ਨੇ 'ਮਰਜ਼ੀ' ਜਾਂ 'ਮਨਜ਼ੂਰੀ' 'ਤੇ ਵੀਡੀਓ ਬਣਾਏ ਹਨ ਕਿਉਂਕਿ ਸੈਕਸ ਹਿੰਸਾ ਦਾ ਰੂਪ ਸਿਰਫ਼ ਉਦੋਂ ਲੈਂਦਾ ਹੈ ਜਦੋਂ ਇਹ ਮਰਜ਼ੀ ਨਾਲ ਨਹੀਂ ਹੁੰਦਾ।

ਪਾਰੋਮੀਤਾ ਕਹਿੰਦੀ ਹੈ, "ਮਰਜ਼ੀ ਅਸਲ ਵਿੱਚ ਇੰਨੀ ਆਸਾਨ ਨਹੀਂ ਹੁੰਦੀ ਹੈ ਕਿ ਹਾਂ ਦਾ ਮਤਲਬ ਹਾਂ ਹੈ ਅਤੇ ਨਾਂਹ ਦਾ ਮਤਲਬ ਨਾਂਹ ਹੈ। ਅਸਲੀ ਜ਼ਿੰਦਗੀ ਵਿੱਚ ਇਹ ਤੁਹਾਡੇ ਮਨ ਨੂੰ ਮਣਾਉਣ ਲਈ ਇੱਕ ਲੰਮੀ ਪ੍ਰਕਿਰਿਆ ਹੋ ਸਕਦੀ ਹੈ ਅਤੇ ਉਹ 'ਪਤਾ ਨਹੀਂ', ਹਾਂ ਵਿੱਚ ਵੀ ਬਦਲ ਸਕਦਾ ਹੈ ਜਾਂ ਨਾਂਹ ਵਿੱਚ ਵੀ।"

ਇਸ ਗੱਲਬਾਤ ਵਿੱਚ ਸਮਾਂ ਲੱਗੇਗਾ। ਜੇਕਰ ਡਾਕਟਰ ਬਾਂਸਲ ਦੀ ਗੱਲ ਨੂੰ ਮਨ ਵਿੱਚ ਰੱਖੋ ਕਿ ਉਨ੍ਹਾਂ ਕੋਲ 8-9 ਸਾਲ ਦੀ ਉਮਰ ਦੇ ਬੱਚੇ ਆ ਰਹੇ ਹਨ ਤਾਂ ਫਿਰ ਇਸ ਨੂੰ ਇੱਕ ਛੋਟੀ ਉਮਰ ਤੋਂ ਸ਼ੁਰੂ ਕਰਨਾ ਚਾਹੀਦਾ ਹੈ।

'ਏਜੰਟ ਆਫ਼ ਇਸ਼ਕ' ਆਨਲਾਈਨ ਦੁਨੀਆਂ ਤੋਂ ਵੱਖਰੇ, ਪੁਣੇ ਦੇ ਹੇਠਲੇ ਮੱਧ ਵਰਗ ਦੇ ਨੌਜਵਾਨਾਂ ਦੇ ਨਾਲ ਲੰਬੀਆਂ ਸਾਲਾਨਾ ਵਰਕਸ਼ਾਪਾਂ ਵੱਲੋਂ 'ਇਕੁਅਲ ਕਮਿਊਨਿਟੀ ਫਾਊਂਡੇਸ਼ਨ' ਵਲੋਂ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਨ੍ਹਾਂ ਵਰਕਸ਼ਾਪਾਂ ਵਿੱਚ ਪੋਰਨ ਤੋਂ ਇਲਾਵਾ ਬਹੁਤ ਸਾਰੇ ਮੁੱਦਿਆਂ ’ਤੇ ਗੱਲ ਹੁੰਦੀ ਹੈ। ਖ਼ਾਸ ਤੌਰ ’ਤੇ ਹਰ ਰੋਜ਼ ਦੀਆਂ ਚੀਜ਼ਾਂ ਬਾਰੇ, ਜਿਵੇਂ ਕਿ ਘਰ ਦੇ ਕੰਮ ਨੂੰ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ, ਕੁੜੀਆਂ ਨੂੰ ਵਿਆਹ ਬਾਰੇ ਆਪਣੇ ਫ਼ੈਸਲੇ ਆਪ ਲੈਂਣੇ ਚਾਹੀਦੇ ਹਨ, ਉਨ੍ਹਾਂ ਨਾਲ ਕਿਸ ਢੰਗ ਦਾ ਵਿਵਹਾਰ ਕਰਨਾ ਚਾਹੀਦਾ ਹੈ, ਕਿਵੇਂ ਲੜਕੀਆਂ ਉਨ੍ਹਾਂ ਦੇ ਨਾਲ ਹੋਣ ਵਾਲੀ ਹਿੰਸਾ ਲਈ ਦੋਸ਼ੀ ਨਹੀਂ ਹਨ, ਆਦਿ।

ਮੈਂ ਇੱਕ ਸਾਲ ਤੋਂ ਇੱਥੇ ਆਉਣ ਵਾਲੇ ਦੋ ਮੁੰਡਿਆਂ ਨਾਲ ਸਮਾਂ ਬਿਤਾਉਂਦੀ ਹਾਂ। ਇੱਕ ਦੱਸਦਾ ਹੈ ਕਿ ਇਸ ਤੋਂ ਪਹਿਲਾਂ ਉਸ ਨੂੰ ਲਗਦਾ ਸੀ ਕਿ ਘਰ ਦਾ ਕੰਮ ਸਿਰਫ਼ ਕੁੜੀਆਂ ਦਾ ਹੈ ਪਰ ਹੁਣ ਉਹ ਆਪਣਾ ਕੰਮ ਆਪ ਕਰਦਾ ਹੈ। ਉਹ ਬਰਤਨ ਅਤੇ ਕੱਪੜੇ ਧੋਂਦਾ ਹੈ ਤਾਂ ਜੋ ਭੈਣ ਬਾਹਰ ਜਾਕੇ ਖੇਡ ਸਕੇ।

ਦੂਜਾ ਕਹਿੰਦਾ ਹੈ ਕਿ ਉਹ ਆਪਣੇ ਦੋਸਤਾਂ ਨੂੰ ਦੇਖ ਕੇ ਸੋਚਦਾ ਸੀ ਕਿ ਲੜਕੀਆਂ ਨੂੰ ਕੁੱਟਣਾ ਮਾਰਨਾ ਸਹੀ ਹੈ, ਪਰ ਹੁਣ ਸਮਝਿਆ ਕਿ ਦੂਰ ਤੋਂ ਭੱਦੇ ਕਮੈਂਟ ਕਰਨਾ ਜਾਂ ਛੇੜਨਾ ਵੀ ਹਿੰਸਾ ਵਾਲੀ ਗੱਲ ਹੈ। ਇਹ ਉਦੋਂ ਹੀ ਠੀਕ ਹੈ ਜਦੋਂ ਕੁੜੀ ਇਸ ਨੂੰ ਪਸੰਦ ਕਰਦੀ ਹੈ, ਨਹੀਂ ਤਾਂ ਇਹ ਸਹਿਮਤੀ ਨਹੀਂ ਹੁੰਦੀ।

ਇਸ ਵੱਡੀ ਸਮੱਸਿਆ ਨਾਲ ਨਜਿੱਠਣ ਲਈ ਇਹ ਛੋਟੀਆਂ ਕੋਸ਼ਿਸ਼ਾਂ ਵੀ ਕੁਝ ਹੱਦ ਤੱਕ ਤਬਦੀਲੀ ਦੀ ਸ਼ੁਰੂਆਤ ਕਰ ਸਕਦੀਆਂ ਹਨ।

ਮੋਬਾਈਲ ਫੋਨਾਂ ’ਤੇ ਜਿਨਸੀ ਹਿੰਸਾ ਨਾਲ ਸੰਬੰਧਤ ਸਮੱਗਰੀ ਦੀ ਵੰਡ ਨੂੰ ਰੋਕਣ ਲਈ ਸਾਨੂੰ ਸਾਡੀ ਕਮਾਨ ’ਚੋਂ ਕਈ ਤੀਰ ਦਾਗਣੇ ਪੈਣਗੇ - ਤਕਨੀਕ, ਸੈਕਸ ਸਿੱਖਿਆ, ਖੁੱਲ੍ਹੀ ਗੱਲਬਾਤ ਇਹ ਸਭ ਇਕੱਠੇ ਮਿਲ ਕੇ ਕਰਨਾ ਪਏਗਾ।

ਇਸ ਨਾਲ ਔਰਤਾਂ ਪ੍ਰਤੀ ਬੁਨਿਆਦੀ ਸੋਚ ਵਿੱਚ ਬਦਲਾਅ ਆਏਗਾ। ਫਿਰ ਇਸ ਦੀ ਸ਼ੁਰੂਆਤ ਬੇਸ਼ੱਕ ਘਰ ਦੇ ਕੰਮ ਵਿੱਚ ਹਿੱਸਾ ਪਾਉਣ ਨਾਲ ਜਾਂ ਹਿੰਸਾ ਦੀ ਸਹੀ ਪਰਿਭਾਸ਼ਾ ਸਮਝਣ ਦੀ ਸ਼ੁਰੂਆਤ ਨਾਲ ਹੀ ਕਿਉਂ ਨਾ ਕੀਤੀ ਜਾਵੇ।

ਰਿਪੋਰਟਰ-ਦਿਵਿਆ ਆਰਿਆ
ਇਲਸਟ੍ਰੇਸ਼ਨਸ-ਪੁਨੀਤ ਬਰਨਾਲਾ
ਤਸਵੀਰਾਂ- ਕਾਸ਼ਿਫ਼ ਸਿੱਦੀਕੀ
ਸ਼ੋਰਟਹੈਂਡ- ਸ਼ਾਦਾਬ ਨਜ਼ਮੀ